ਪਾਣੀ ਦਾ ਗੰਭੀਰ ਸੰਕਟ:ਸੁਚੇਤ ਹੋਣ ਦੀ ਲੋੜ

ਪਾਣੀ ਸਾਨੂੰ ਕੁਦਰਤ ਵਲੋਂ ਬਖਸਿਆ ਅਜਿਹਾ ਅਨਮੋਲ ਅੰਮ੍ਰਿਤ ਹੈ ਜਿਸ ਦੇ ਕਰਕੇ ਹੀ ਧਰਤੀ ਤੇ ਜੀਵਨ ਪਾਇਆ ਜਾਂਦਾ ਹੈ, ਪਾਣੀ ਦੀ ਅਣਹੋਂਦ ਕਰਕੇ ਹੋਰ ਗ੍ਰਹਿਆਂ ਤੇ ਜੀਵਨ ਨਹੀਂ ਲਭਿਆ ਜਾ ਸਕਿਆ। ਪਾਣੀ ਸਾਡੇ ਜੀਵਨ ਦੀਆਂ ਮੁਢਲੀਆਂ ਜ਼ਰੂਰਤਾਂ ਵਿਚੋਂ ਇਕ ਅਤਿ ਜ਼ਰੂਰੀ ਤਰਲ ਪਦਾਰਥ ਹੈ ਜਿਸ ਤੋਂ ਬਿਨਾਂ ਕੋਈ ਵੀ ਪ੍ਰਾਣੀ ਜੀਵਿਤ ਨਹੀਂ ਰਹਿ ਸਕਦਾ । ਪਾਣੀ ਪੀਣ ਤੋਂ ਬਿਨਾ ਹੋਰ ਅਨੇਕਾਂ ਹੀ ਰੋਜ਼-ਮਰਾ ਦੇ ਕੰਮਾਂ ਲਈ ਵਰਤਿਆ ਜਾਂਦਾ ਹੈ। ਹੁਣ ਦੇਸ਼ ਭਰ ਵਿਚ ਜਿਉਂ-ਜਿਉਂ ਗਰਮੀ ਜੋਰ ਫੜ੍ਹਦੀ ਜਾ ਰਹੀ ਹੈ, ਤਿਉਂ-ਤਿਉਂ ਪਾਣੀ ਦੇ ਸੰਕਟ ਉਪਰ ਵੀ ਵਿਚਾਰਾ ਵੀ ਹੋਣ ਲਗ ਪਈਆ ਹਨ । ਖ਼ਾਸ ਕਰਕੇ ਵਡੇ-ਵਡੇ ਸਹਿਰਾਂ ਵਿਚ ਪਾਣੀ ਦੀ ਸਮਸਿਆ ਉਤਪੰਨ ਹੋਣ ਲਗੀ ਹੈ ਜਿਸ ਸਬੰਧੀ ਆਏ ਦਿਨ ਅਖਬਾਰਾਂ ਵਿਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਉਥੇ ਹੀ ਪਾਣੀ ਦੇ ਸੰਕਟ ਨੂੰ ਲੈ ਕੇ ਕੁਝ ਖੋਜੀ ਸੰਸਥਾਵਾ ਅਤੇ ਵਖ-ਵਖ ਮਾਹਿਰਾਂ ਵਲੋਂ ਸਮੇਂ-ਸਮੇਂ ਤੇ ਚਿਤਾਵਨੀਆਂ ਵੀ ਜਾਰੀ ਕੀਤੀਆ ਜਾਂਦੀਆ ਹਨ ਕਿ ਜੇਕਰ ਅਸੀਂ ਪਾਣੀ ਦੀ ਇਵੇਂ ਹੀ ਦੁਰਵਰਤੋਂ ਕਰਦੇ ਰਹੇ ਅਤੇ ਪਾਣੀ ਦੀ ਸਹੀਂ ਸੰਭਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਪੀਣ ਵਾਲੇ ਪਾਣੀ ਦਾ ਗਭੀਰ ਸੰਕਟ ਪੈਦਾ ਹੋ ਸਕਦਾ ਹੈ। ਉਪਗ੍ਰਹਿ ਪ੍ਰਣਾਲੀ ਦੇ ਅਧਿਆਨ ਪਰ ਆਧਾਰਿਤ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਬਹੁਤ ਛੇਤੀ ਪਾਣੀ ਦੀ ਭਾਰੀ ਸਮਸਿਆ ਵਿਚੋਂ ਗੁਜਰ ਸਕਦਾ ਹੈ।
ਦੁਨੀਆ ਭਰ ਦੇ 500,000 ਬੰਨਾਂ ਉਪਰ ਕੀਤੇ ਇਕ ਅਧਿਐਨ ਦੇ ਅਨੁਸਾਰ ਭਾਰਤ, ਪਾਕਿਸਤਾਨ, ਇਰਾਕ ਅਤੇ ਸਪੇਨ ਆਦਿ ਦੇਸ਼ਾਂ ਵਿਚ ਪੀਣ ਵਾਲੇ ਪਾਣੀ ਦਾ ਗੰਭੀਰ ਸੰਕਟ ਪੈਂਦਾ ਹੋ ਸਕਦਾ ਹੈ। ਧਰਤੀ ਹੇਠਲੇ ਜਲ-ਭੰਡਾਰਾਂ ਵਿਚ ਪਾਣੀ ਲਗਾਤਾਰ ਘਟ ਰਿਹਾ ਹੈ ਕਿਉਂਕਿ ਇਕ ਪਾਸੇ ਧਰਤੀ ਵਿਚੋਂ ਬੇਹਤਾਸ਼ਾਂ ਪਾਣੀ ਕਢਿਆ ਜਾ ਰਿਹਾ ਹੈ। ਦੂਜੇ ਪਾਸੇ ਦਰਖਤਾਂ ਦੀ ਅਨ੍ਹੇਵਾਹ ਕਟਾਈ ਅਤੇ ਜੰਗਲਾਂ ਹੇਠ ਰਕਬਾ ਦਿਨੋ-ਦਿਨ ਘਟ ਰਿਹਾ ਜਿਸ ਕਾਰਨ ਮੀਂਹ ਪੈਣੇ ਬਹੁਤ ਘਟ ਗਏ ਹਨ। ਮੀਂਹ ਘਟਣ ਕਰਕੇ ਅਜ-ਕਲ੍ਹ ਖੇਤੀ ਵੀ ਜਿਆਦਾਤਰ ਧਰਤੀ ਹੇਠਲੇ ਪਾਣੀ ਨਾਲ ਹੀ ਕੀਤੀ ਜਾਣ ਲਗੀ ਹੈ। । ਮਕਾਨ ਉਸਾਰੀ ਵਾਲੀਆ ਕੰਪਨੀਆ ਅਤੇ ਕਈ ਫੈਕਟਰੀਆਂ ਦੀ ਪਾਣੀ ਦੇ ਸੰਕਟ ਨੂੰ ਵਧਾਉਣ ਵਿਚ ਪੂਰਾ ਯੋਗਦਾਨ ਪਾ ਰਹੀਆ ਹਨ।
ਵਰਲਡ ਰਿਸੋਰਸਸ ਇੰਸਟੀਚਿਊਟ (ਡਬਲਿਊ.ਆਰ.ਆਈ ) ਦੇ ਅਨੁਸਾਰ ਵਧਦੀ ਮੰਗ, ਕੁਪ੍ਰਬੰਧ ਅਤੇ ਜਲਵਾਯੂ ਦੀ ਤਬਦੀਲੀ ਦੇ ਕਾਰਨ ਕਈ ਦੇਸ਼ ਪਾਣੀ ਦੇ ਸੰਕਟ ਨਾਲ ਜੂਝ ਸਕਦੇ ਹਨ। ਅਮਰੀਕਾ ਸਥਿਤ ਵਾਤਾਵਰਨਣ ਸੰਗਠਨ, ਡੇਲਟਾਰੇਸ, ਡਚ ਸਰਕਾਰ ਅਤੇ ਹੋਰ ਸਾਝੇਦਾਰਾ ਨਾਲ ਮਿਲਕੇ ਪਾਣੀ ਅਤੇ ਸੁਰਖਿਆ ਸਬੰਧੀ ਮਿਲੀ ਪੂਰਵ ਚਿਤਾਵਨੀ ਉਤੇ ਕੰਮ ਕਰ ਰਿਹਾ ਹੈ ਜਿਸਦਾ ਮਕਸਦ ਸਮਾਜਿਕ ਸਥਿਰਤਾ, ਆਰਥਕ ਨੁਕਸਾਨ ਅਤੇ ਸੀਮਾ ਪਾਰ ਘੂਸਪੈਠ ਦਾ ਅੰਕਲਨ ਕਰਨਾ ਹੈ। ਇੱਕ ਰਿਪੋਰਟ ਵਿਚ ਦਸਿਆ ਗਿਆ ਹੈ ਕਿ ਪਿਛਲੇ ਸਾਲ ਘਟ ਮੀਂਹ ਦੀ ਵਜ੍ਹਾ ਕਰਨ ਮਧ ਪ੍ਰਦੇਸ਼ ਦੇ ਬੰਨ੍ਹ ਇੰਦਰਾ ਸਾਗਰ ਦੇ ਊਪਰੀ ਹਿਸੇ ਵਿਚ ਪਾਣੀ ਆਪਣੇ ਸਭ ਤੋਂ ਹੇਠਲੇ ਹਿਸੇ ਵਿਚ ਪਹੁੰਚ ਗਿਆ ਹੈ। ਜਦੋਂ ਇਸਦੀ ਭਰਪਾਈ ਲਈ ਹੇਠਲੇ ਖੇਤਰ ਵਿਚ ਸਥਿਤ ਸਰਦਾਰ ਸਰੋਵਰ ਜਲ-ਭੰਡਾਰ ਵਿਚੋਂ ਪਾਣੀ ਲਿਆ ਗਿਆ ਤਾਂ ਇਸਨ੍ਹੂੰ ਲੈ ਕੇ ਵੀ ਕਾਫ਼ੀ ਬਵਾਲ ਮਚ ਗਿਆ। ਦਰਅਸਲ ਇਸ ਜਲ ਭੰਡਾਰ ਵਿਚੋਂ ਲਗਭਗ 30 ਕਰੋੜ ਲੋਕਾਂ ਦੇ ਪੀਣ ਦਾ ਪਾਣੀ ਪ੍ਰਬੰਧ ਕੀਤਾ ਜਾਂਦਾ ਹੈ। ਪੰਜਾਬ, ਹਰਿਆਣਾ, ਦਿਲੀ, ਰਾਜਸਥਾਨ ਆਦਿ ਭਾਰਤ ਦੇ ਰਾਜਾ ਵਿਚ ਪਾਣੀ ਨੂੰ ਲੈ ਕੇ ਅਕਸਰ ਰਾਜਨੀਤਕ ਜੰਗ ਚਲਦੀ ਰਹਿੰਦੀ ਹੈ ਕਿਉਂਕਿ ਪਾਣੀ ਨਾਲ ਸਥਾਨਿਕ ਲੋਕਾਂ ਦੀ ਜ਼ਿੰਦਗੀ ਜੁੜੀ ਹੈ।
ਸਮਾਜ ਸੇਵੀ ਸੰਸਥਾਵਾ ਪਾਣੀ ਦੀ ਸਾਭ-ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰ ਰਹੀਆ ਹਨ। ਪਿਛੇ ਜਿਹੇ ਗੁਜਰਾਤ ਸਰਕਾਰ ਨੇ ਵੀ ਕਿਸਾਨਾਂ ਨੂੰ ਝੋਨੇ ਦੀ ਫਸਲ ਨਾ ਲਗਾਉਣ ਦੀ ਅਪੀਲ ਕੀਤੀ ਸੀ। ਪੰਜਾਬ ਵਿਚ ਵੀ ਅਜਿਹੀਆ ਅਪੀਲਾ ਅਕਸਰ ਹੁੰਦੀਆ ਹਨ ਅਤੇ ਫ਼ਸਲੀ ਚਕਰ ਨੂੰ ਤੋੜਨ ਦੀ ਗਲ ਕਰੀ ਜਾਂਦੀ ਹੈ ਪਰ ਜਿਸ ਦਾ ਅਸਰ ਘਟ ਹੀ ਹੁੰਦਾ ਹੈ।‘ ਪਾਣੀ ਸੰਕਟ ਦਾ ਇਕਮਾਤਰ ਕਾਰਨ ਇਹ ਨਹੀਂ ਹੈ ਕਿ ਮੀਂਹ ਦੀ ਮਾਤਰਾ ਘਟ ਹੁੰਦੀ ਜਾ ਰਹੀ ਹੈ। ਇਜਰਾਇਲ ਜਿਹੇ ਦੇਸ਼ਾਂ ਵਿਚ ਜਿਥੇ ਵਰਖਾ ਦਾ ਔਸਤ 25 ਸੈਂ.ਮੀ. ਤੋਂ ਵੀ ਘਟ ਹੈ, ਉਥੇ ਵੀ ਜੀਵਨ ਚਲ ਰਿਹਾ ਹੈ। ਉਥੇ ਪਾਣੀ ਦੀ ਇਕ ਬੂੰਦ ਵੀ ਵਿਅਰਥ ਨਹੀਂ ਜਾਂਦੀ। ਉਥੇ ਪਾਣੀ ਦੀ ਪਬੰਧ ਤਕਨੀਕ ਅਤਿ ਵਿਕਸਿਤ ਹੋਣ ਕਰਕੇ ਪਾਣੀ ਦੀ ਕਮੀ ਦਾ ਅਹਿਸਾਸ਼ ਨਹੀਂ ਹੋਣ ਦਿੰਦੀ। ਭਾਰਤ ਵਿਚ 15 ਫ਼ੀਸਦੀ ਪਾਣੀ ਦਾ ਵਰਤੋ ਹੁੰਦਾ ਹੈ , ਬਾਕੀ ਪਾਣੀ ਰੁੜ੍ਹਕੇ ਸਮੁੰਦਰ ਵਿਚ ਚਲਾ ਜਾਂਦਾ ਹੈ। ਸ਼ਹਿਰਾਂ ਅਤੇ ਉਦਯੋਗਾਂ ਵਿਚੋਂ ਨਿਕਲਣ ਵਾਲੇ ਹਾਨੀਕਾਰਕ ਪਦਾਰਥ ਨੂੰ ਨਦੀਆ ਵਿਚ ਡੇਗ ਦਿਤਾ ਜਾਂਦਾ ਹੈ ਜੋ ਕਿ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਪੀਣ ਲਾਇਕ ਨਹੀਂ ਰਹਿਣ ਦਿੰਦਾ। ਪਾਣੀ ਦੇ ਵਧਦੇ ਸੰਕਟ ਨੂੰ ਵੇਖਦੇ ਕਿਹਾ ਜਾ ਸਕਦਾ ਹੈ ਕਿ ਜਿਵੇਂ ਅਜ ਸੰਸਾਰ ਵਿਚ ਤੇਲ ਲਈ ਲੜਾਈ ਹੋ ਰਿਹਾ ਹੈ। ਭਵਿਖ ਵਿਚ ਕਿਤੇ ਅਜਿਹਾ ਨਾ ਹੋਵੇ ਕਿ ਸੰਸਾਰ ਵਿਚ ਪਾਣੀ ਲਈ ਲੜਾਈ ਹੋ ਜਾਵੇ।
– ਮਨਦੀਪ ਗਿਲ
ਸੰਪਰਕ : 99881-11134

Send this to a friend