ਪੰਜਾਬ ਦੇ ਕਿਸਾਨਾ ਦੀ ਆਰਥਕ ਹਾਲਤ ਨੂੰ ਮਜ਼ਬੂਤ ਕਰਨ ਦੇ ਸੁਪਨੇ ਨੂੰ ਅਮਲੀ ਰੂਪ ਵਿਚ ਲਿਆਉਣ ਲਈ ਤਤਪਰ ਰਹਿਣ ਵਾਲਾ ਭਗਵਾਨ ਦਾਸ ਹਮੇਸ਼ਾ ਇੱਕੋ ਕੰਮ ਵਿਚ ਲੱਗਿਆ ਰਹਿੰਦਾ ਹੈ ਕਿ ਕਿਸਾਨਾ ਨੂੰ ਆਪਣੇ ਪੈਰਾਂ ਤੇ ਕਿਹੜੇ ਸਾਧਨ ਵਰਤਕੇ ਖੜ੍ਹਾ ਕੀਤਾ ਜਾ ਸਕਦਾ ਹੈ। ਖੇਤੀਬਾੜੀ ਨਾਲ ਸੰਬੰਧਤ ਭਾਰਤ ਵਿਚ ਜਿਤਨੀਆਂ ਵੀ ਸੰਸਥਾਵਾਂ ਅਤੇ ਸਰਕਾਰੀ ਅਦਾਰੇ ਜੁੜੇ ਹੋਏ ਹਨ, ਉਹ ਉਨ੍ਹਾਂ ਸਾਰੀਆਂ ਸੰਸਥਾਵਾਂ ਅਤੇ ਅਦਾਰਿਆਂ ਨਾਲ ਬਾਵਾਸਤਾ ਹੈ। ਖੇਤੀਬਾੜੀ ਨਾਲ ਸੰਬੰਧਤ ਉਸਨੇ ਹਰ ਤਰ੍ਹਾਂ ਦੀ ਆਧੁਨਿਕ ਸਿਖਿਆ ਪ੍ਰਾਪਤ ਕੀਤੀ ਹੋਈ ਹੈ। ਐਮ.ਐਸ.ਸੀ ਕਰਦਿਆਂ ਉਸਦਾ ਤਾਲਮੇਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਦੋਂ ਦੇ ਉਪਕੁਲਪਤੀ ਸ੍ਰ.ਅਮਰੀਕ ਸਿੰਘ ਚੀਮਾ ਨਾਲ ਅਜਿਹਾ ਬਣਿਆਂ ਜੋ ਸਥਾਈ ਸੰਬੰਧਾਂ ਵਿਚ ਬਦਲ ਗਿਆ। ਅਮਰੀਕ ਸਿੰਘ ਚੀਮਾ ਦੀ ਸ਼ਾਗਿਰਦੀ ਉਸਨੂੰ ਕਿਸਾਨੀ ਨਾਲ ਜੋੜਨ ਵਿਚ ਸਾਰਥਕ ਸਾਬਤ ਹੋਈ। ਸਿਖਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਪੰਜਾਬ ਦੇ ਦਿਹਾਤੀ ਵਿਕਾਸ ਵਿਭਾਗ ਵਿਚ ਬਤੌਰ ਬਲਾਕ ਅਤੇ ਵਿਕਾਸ ਅਧਿਕਾਰੀ ਦੇ ਤੌਰ ਤੇ ਭਰਤੀ ਹੋ ਗਿਆ। ਇਸ ਸਮੇਂ ਦੌਰਾਨ ਉਸਨੇ ਕਿਸਾਨੀ ਦੇ ਵਿਕਾਸ ਦੀਆਂ ਸਾਰੀਆਂ ਸਕੀਮਾ ਦਾ ਡੂੰਘਾ ਅਧਿਐਨ ਕੀਤਾ, ਜਿਸ ਕਰਕੇ ਉਸਨੂੰ ਪੰਜਾਬ ਦੀ ਕਿਸਾਨੀ ਨੂੰ ਆਪਣੇ ਪੈਰਾਂ ਤੇ ਖੜ੍ਹਾ ਕਰਨ ਦਾ ਚਸਕਾ ਲੱਗ ਗਿਆ। ਇਸ ਸਮੇਂ ਦੌਰਾਨ ਕਿਸਾਨੀ ਦੇ ਰਸਤੇ ਵਿਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਉਸਨੂੰ ਜਾਣਕਾਰੀ ਪ੍ਰਾਪਤ ਹੋਈ। ਸਰਕਾਰੀਤੰਤਰ ਦੇ ਕੰਮ ਕਾਜ਼ ਦਾ ਤਾਣਾ ਬਾਣਾ ਇਤਨਾ ਕਠਨ ਅਤੇ ਗੁਝਲਦਾਰ ਸੀ, ਜਿਸ ਕਰਕੇ ਉਹ ਇਹ ਸੋਚਣ ਲਈ ਮਜ਼ਬੂਰ ਹੋ ਗਿਆ ਕਿ ਇਕੱਲੀ ਸਰਕਾਰ ਅਤੇ ਸਰਕਾਰੀ ਸਕੀਮਾ ਕਿਸਾਨੀ ਦੀ ਆਰਥਕ ਹਾਲਤ ਮਜ਼ਬੂਤ ਨਹੀਂ ਕਰ ਸਕਦੀਆਂ, ਜਿਤਨੀ ਦੇਰ ਕਿਸਾਨ ਆਪਣੀ ਸੋਚ ਬਦਲਕੇ ਆਧੁਨਿਕ ਢੰਗਾਂ ਨਾਲ ਖੇਤੀ ਕਰਨ ਨੂੰ ਤਰਜੀਹ ਨਹੀਂ ਦਿੰਦੇ। ਇਸ ਲਈ ਉਨ੍ਹਾਂ ਨੂੰ ਜਾਗ੍ਰਤ ਕਰਨ ਦੀਆਂ ਸਕੀਮਾਂ ਬਣਾਈਆਂ ਜਾਂਣ। ਪੰਜਾਬ ਦੇ ਕਿਸਾਨ ਉਨ੍ਹਾਂ ਦਿਨਾਂ ਵਿਚ ਪੁਰਾਤਨ ਪਰੰਪਰਾਵਾਂ ਅਨੁਸਾਰ ਖੇਤੀਬਾੜੀ ਕਰਦੇ ਸਨ। ਆਧੁਨਿਕ ਤਕਨੀਕਾਂ ਨੂੰ ਅਪਨਾਉਣ ਤੋਂ ਗੁਰੇਜ ਕਰਦੇ ਸਨ ਪ੍ਰੰਤੂ ਆਧੁਨਿਕ ਐਸ਼ ਆਰਾਮ ਦੀਆਂ ਸਹੂਲਤਾਂ ਦਾ ਆਨੰਦ ਮਾਨਣ ਦੇ ਇੱਛਕ ਸਨ। ਪੰਜਾਬ ਦਾ ਕਿਸਾਨ ੍ਰਿਮਹਨਤੀ ਅਤੇ ਉਦਮੀ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਭਾਵੇਂ ਹੁਣ ਕਿਸਾਨ ਹੱਥੀਂ ਖੇਤੀ ਕਰਨ ਤੋਂ ਪਾਸਾ ਵੱਟਣ ਲੱਗ ਗਏ ਹਨ, ਜਿਸ ਕਰਕੇ ਆਰਥਿਕ ਮਸਲਿਆਂ ਵਿਚ ਫਸ ਗਏ ਹਨ। ਸਰਕਾਰੀ ਸਕੀਮਾਂ ਅਤੇ ਕਾਨੂੰਨ ਗੁੰਝਲਦਾਰ ਹੋਣ ਕਰਕੇ ਕਿਸਾਨੀ ਦੇ ਰਾਹ ਵਿਚ ਰੁਕਾਵਟ ਬਣ ਰਹੇ ਸਨ। ਰਵਾਇਤੀ ਕਿਸਾਨ ਸਰਕਾਰ ਉਪਰ ਵਿਸ਼ਵਾਸ ਨਹੀਂ ਕਰਦੇ ਸਨ। ਸ੍ਰ.ਅਮਰੀਕ ਸਿੰਘ ਚੀਮਾ ਦੀ ਸਲਾਹ ਅਤੇ ਅਗਵਾਈ ਨਾਲ ਭਗਵਾਨ ਦਾਸ ਨੇ ‘‘ ਯੰਗ ਫਾਰਮਰਜ਼ ਐਸੋਸੀਏਸ਼ਨ’’ ਦੀ ਸਥਾਪਨਾ ਕੀਤੀ ਅਤੇ ਉਸਨੇ ਸਰਕਾਰੀ ਨੌਕਰੀ ਤੋਂ ਤਿਲਾਂਜਲੀ ਲੈ ਲਈ। ਕਿਸਾਨਾ ਦੀ ਭਲਾਈ ਲਈ ਉਸਨੇ ਸਰਕਾਰੀ ਨੌਕਰੀ ਨੂੰ ਲੱਤ ਮਾਰ ਦਿੱਤੀ। ਆਮ ਤੌਰ ਤੇ ਲੋਕ ਸਰਕਾਰੀ ਨੌਕਰੀ ਲੈਣ ਦੇ ਇਛਕ ਹੁੰਦੇ ਹਨ ਅਤੇ ਨੌਕਰੀ ਮਿਲਣ ਤੋਂ ਬਾਅਦ ਬਣਦੀ ਤਨਖ਼ਾਹ ਲੈ ਕੇ ਆਰਾਮਪ੍ਰਸਤੀ ਦਾ ਜੀਵਨ ਜਿਓਣ ਵਿਚ ਵਿਸ਼ਵਾਸ ਕਰਦੇ ਹਨ। ਭਗਵਾਨ ਦਾਸ ਨੂੰ ਕਿਸਾਨੀ ਦੀ ਆਰਥਿਕ ਹਾਲਤ ਬਿਹਤਰ ਬਣਾਉਣ ਦਾ ਜਨੂੰਨ ਚੜ੍ਹਿਆ ਹੋਇਆ ਸੀ। ਉਹ ਖੇਤੀਬਾੜੀ ਦੀ ਉਪਜ ਵਧਾਉਣ ਲਈ ਜਿਹੜੀਆਂ ਨਵੀਂਆਂ ਖੋਜਾਂ ਦੇਸ਼ ਵਿਚ ਹੋ ਰਹੀਆਂ ਹੁੰਦੀਆਂ ਹਨ, ਉਨ੍ਹਾਂ ਦੀ ਜਾਣਕਾਰੀ ਕਿਸਾਨਾ ਤੱਕ ਪਹੁੰਚਾਉਣ ਦਾ ਕਾਰਜ ਕਰਦੇ ਰਹਿੰਦੇ ਹਨ। ਉਸ ਦਿਨ ਤੋਂ ਅੱਜ ਤੱਕ ਲਗਾਤਾਰ ਉਹ ਸਾਲ ਵਿਚ ਦੋ ਵਾਰ ਹਾੜ੍ਹੀ ਸੌਣੀ ਪਟਿਆਲਾ ਜਿਲ੍ਹੇ ਵਿਚ ਸਥਿਤ ਯੰਗ ਫਾਰਮਰਜ਼ ਫਾਰਮ ਵਿਚ ਰੱਖੜਾ ਵਿਖੇ ਕਿਸਾਨ ਮੇਲੇ ਆਯੋਜਤ ਕਰਦਾ ਹੈ। ਇਨ੍ਹਾਂ ਕਿਸਾਨ ਮੇਲਿਆਂ ਵਿਚ ਪੰਜਾਬ ਭਰ ਤੋਂ ਕਿਸਾਨ ਅਤੇ ਕੌਮੀ ਪੱਧਰ ਦੇ ਖੇਤੀਬਾੜੀ ਵਿਗਿਆਨੀ ਆ ਕੇ ਨਵੀਂਆਂ ਤਕਨੀਕਾਂ, ਨਵੇਂ ਬੀਜਾਂ, ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੰਦੇ ਹਨ। ਦਿਹਾਤੀ ਵਿਕਾਸ ਵਿਭਾਗ ਵਿਚ ਨੌਕਰੀ ਕਰਨ ਕਰਕੇ ਸਰਕਾਰੀ ਤਾਣੇ ਬਾਣੇ ਦੇ ਸਾਰੇ ਦਾਅ ਪੇਚ ਉਸਨੂੰ ਆਉਂਦੇ ਹਨ। ਉਹ ਪੰਜਾਬ ਦੇ ਖੇਤੀਬਾੜੀ ਵਿਭਾਗ ਅਤੇ ਕੇਂਦਰ ਸਰਕਾਰ ਦੀਆਂ ਖੇਤੀ ਨਾਲ ਸੰਬੰਧਤ ਸੰਸਥਾਵਾਂ ਨਾਲ ਹਮੇਸ਼ਾ ਬਾਵਾਸਤਾ ਰਹਿੰਦਾ ਹੈ। ਇਸ ਮੇਲੇ ਵਿਚ ਫਸਲਾਂ ਦੀਆਂ ਨਵੀਆਂ ਕਿਸਮਾਂ ਦੇ ਬੀਜ ਵੀ ਕਿਸਾਨਾ ਨੂੰ ਤਕਸੀਮ ਕੀਤੇ ਜਾਂਦੇ ਹਨ। ਇਸ ਮੇਲੇ ਵਿਚ ਵੱਖ-ਵੱਖ ਖੋਜਾਂ ਅਤੇ ਪ੍ਰਾਪਤੀਆਂ ਦੀਆਂ ਨੁਮਾਇਸ਼ਾਂ ਵੀ ਲਗਾਈਆਂ ਜਾਂਦੀਆਂ ਹਨ। ਉਹ ਕਿਸਾਨਾ ਦੇ ਪ੍ਰਤੀਨਿਧ ਮੰਡਲ ਲੈ ਕੇ ਵਿਦੇਸ਼ਾਂ ਤੋਂ ਵੀ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਰਹਿੰਦਾ ਹੈ। ਕਿਸਾਨਾ ਨੂੰ ਨਵੀਆਂ ਖੋਜਾਂ ਅਤੇ ਨਵੇਂ ਕੀਰਤੀਮਾਨਾ ਬਾਰੇ ਜਾਣਕਾਰੀ ਦੇਣ ਲਈ ਉਸਨੇ ਅੰਗਰੇਜ਼ੀ ਅਤੇ ਪੰਜਾਬੀ ਦੇ ਅਖ਼ਬਾਰਾਂ ਵਿਚ ਖੇਤੀਬਾੜੀ ਪ੍ਰਤੀਨਿਤ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਉਸਦੇ ਲੇਖ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੁੰਦੇ ਰਹਿੰਦੇ ਸਨ, ਜਿਸਦਾ ਕਿਸਾਨਾ ਨੂੰ ਲਾਭ ਹੁੰਦਾ ਹੈ। ਉਸਦੀ ਖੇਤੀਬਾੜੀ ਪ੍ਰਤੀਨਿਧ ਦੇ ਤੌਰ ਤੇ ਉਸਾਰੂ ਪੱਤਰਕਾਰੀ ਕਰਕੇ ਬਹੁਤ ਸਾਰੇ ਕੌਮੀ ਪੱਧਰ ਦੇ ਅਵਾਰਡ ਉਸਨੂੰ ਮਿਲ ਚੁੱਕੇ ਹਨ, ਜਿਨ੍ਹਾਂ ਵਿਚ ਇੰਡੀਅਨ ਕਾਊਂਸਲ ਐਗਰੀਕਲਚਰਲ ਰਿਸਰਚ ਵੱਲੋਂ 2014 ਵਿਚ ਚੌਧਰੀ ਚਰਨ ਸਿੰਘ ਅਵਾਰਡ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰਦਾਨ ਕੀਤਾ ਸੀ। ਆਪ ਇੰਡੀਅਨ ਐਗਰੀਕਲਚਰਲ ਰਿਸਰਚ ਇਨਸਟੀਚਿਊਟ ਦੇ ਫੈਲੋ ਵੀ ਹਨ। ਆਪ ਨੇ ਦੇਸ਼ ਵਿਦੇਸ਼ ਦੀਆਂ ਖੇਤੀਬਾੜੀ ਨਾਲ ਸੰਬੰਧਤ ਸੰਸਥਾਵਾਂ ਵਿਚੋਂ ਪੜ੍ਹਾਈ ਕੀਤੀ ਹੋਈ ਹੈ। ਆਪਦੇ ਖੇਤੀਬਾੜੀ ਨਾਲ ਸੰਬੰਧਤ ਲੇਖ ਬਹੁਤ ਹੀ ਜਾਣਕਾਰੀ ਭਰਪੂਰ ਹੁੰਦੇ ਹਨ ਕਿਉਂਕਿ ਆਪ ਇੱਕ ਖੋਜੀ ਪੱਤਰਕਾਰ ਹੋਣ ਦੇ ਨਾਲ ਨਾਲ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਮਾਹਿਰ ਹਨ। ਆਪ ਪੰਜਾਬ ਯੰਗ ਫਾਰਮਰਜ਼ ਐਸੋੀਏਸ਼ਨ ਅਤੇ ਪੰਜਾਬ ਸਟੇਟ ਚੈਂਬਰ ਆਫ ਐਗਰੀਕਲਚਰ ਦੇ 1973 ਤੋਂ ਹੁਣ ਤੱਕ ਲਗਾਤਾਰ ਸਕੱਤਰ ਜਨਰਲ ਹਨ।
ਇਸ ਤੋਂ ਇਲਾਵਾ ਪੰਜਾਬ ਯੰਗ ਫਾਰਮਰਜ਼ ਟ੍ਰੇਨਿੰਗ ਸੈਂਟਰ ਰੱਖੜਾ ਦੇ ਪ੍ਰਿੰਸੀਪਲ ਵੀ ਹਨ।