ਸ਼ਹੀਦ ਭਾਈ ਗੁਰਬਖ਼ਸ ਸਿੰਘ ਦੇ ਫੁੱਲਾਂ ਦੀ ਰਸਮ ’ਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਧੜੇਬੰਦੀ ਤੋਂ ਉਪਰ ਉਠਕੇ ਪਹੁੰਚਣ

ਫ਼ਤਹਿਗੜ੍ਹ ਸਾਹਿਬ – ‘‘ਜਦੋਂ ਅੱਜ ਖ਼ਾਲਸਾ ਪੰਥ ਨੂੰ ਹਿੰਦੂਤਵ ਹੁਕਮਰਾਨਾਂ, ਉਨ੍ਹਾਂ ਦੀਆਂ ਸਿੱਖ ਵਿਰੋਧੀ ਸਾਜ਼ਿਸਾਂ ਦੀ ਚੁਣੋਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਖ਼ਾਲਸਾ ਪੰਥ ਸਾਹਮਣੇ ਅਤਿ ਗੰਭੀਰ ਮਸਲੇ ਜਿਊ ਦੇ ਤਿਊ ਖੜ੍ਹੇ ਹਨ, ਤਾਂ ਉਸ ਸਮੇਂ ਸਾਨੂੰ ਸਭਨਾਂ ਨੂੰ ‘ਰੁੱਖਾਂ ਦੀ ਜਿਰਾਂਦ’ ਵਰਗਾਂ ਸਹਿਜ਼ ਭਰਿਆ ਜੇਰਾ ਕਰਕੇ ਅਤੇ ਦੂਰਅੰਦੇਸ਼ੀ ਨੂੰ ਮੁੱਖ ਰੱਖਦੇ ਹੋਏ ਛੋਟੇ-ਛੋਟੇ ਗਰੁੱਪਾਂ, ਪਾਰਟੀਬਾਜ਼ੀਆਂ ਦੀ ਸੋਚ ਤੋਂ ਉਪਰ ਉਠਕੇ ਸੰਬੰਧਤ ਕੌਮੀ ਮਸਲਿਆਂ ਤੇ ਇਕ ਰੂਪ, ਇਕ ਤਾਕਤ ਹੋ ਕੇ ਆਵਾਜ਼ ਵੀ ਉਠਾਉਣੀ ਬਣਦੀ ਹੈ ਅਤੇ ਆਪਣੇ ਕੌਮੀ ਸੰਘਰਸ਼ ਨੂੰ ਦ੍ਰਿੜਤਾ ਨਾਲ ਮੰਜ਼ਿਲ ਵੱਲ ਵਧਾਉਣ ਦੀ ਜਿੰਮੇਵਾਰੀ ਵੀ ਨਿਭਾਉਣੀ ਬਣਦੀ ਹੈ । ਜਦੋਂ ਸ਼ਹੀਦ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਨੇ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮਸਲਿਆਂ ਨੂੰ ਮੁੱਖ ਰੱਖਕੇ ਆਪਣੀ ਕੁਰਬਾਨੀ ਦੇ ਦਿੱਤੀ ਹੈ ਅਤੇ ਸ਼ਹਾਦਤ ਪ੍ਰਾਪਤ ਕਰ ਲਈ ਹੈ ਤਾਂ ਘੱਟੋ-ਘੱਟ ਅਜਿਹੇ ਗੰਭੀਰ ਮਸਲੇ ਉਤੇ ਤਾਂ ਸਮੁੱਚੇ ਸਿੱਖਾਂ ਦੀ ਇਕ ਸਾਂਝੀ ਰਾਏ ਬਣਨੀ ਅਤਿ ਜ਼ਰੂਰੀ ਹੈ ਤਾਂ ਕਿ ਦੁਸ਼ਮਣ ਤਾਕਤਾਂ ਸਾਡੀ ਕੌਮ ਵਿਚ ਵੱਖਰੇਵੇ ਖੜ੍ਹੇ ਕਰਕੇ ਅਤੇ ਵੰਡੀਆਂ ਪਾ ਕੇ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕਣ । ਆਉਣ ਵਾਲੇ ਕੱਲ੍ਹ ਮਿਤੀ 27 ਮਾਰਚ 2018 ਨੂੰ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਜੀ ਦੇ ਫੁੱਲਾਂ ਦੀ ਰਸਮ ਹੈ, ਸਭ ਪੰਥਕ ਆਗੂ ਇਸ ਸ਼ਹਾਦਤ ਨੂੰ ਨਤਮਸਤਕ ਹੋਣ ਅਤੇ ਆਪਣੀ ਰਿਵਾਇਤ ਅਨੁਸਾਰ ਸ਼ਹੀਦੀ ਰਸ਼ਮਾਂ ਪੂਰੀਆਂ ਕਰਨ ਲਈ ਪਿੰਡ ਠਸਕਾ ਜ਼ਿਲ੍ਹਾ ਕੁਰੂਕਸੇਤਰ ਹਰਿਆਣਾ ਵਿਖੇ ਆਪਣੀ ਇਖ਼ਲਾਕੀ ਅਤੇ ਕੌਮੀ ਜ਼ਿੰਮੇਵਾਰੀ ਸਮਝਕੇ ਪਹੁੰਚਣ ਤਾਂ ਕਿ ਜਿਸ ਮਕਸਦ ਦੀ ਪ੍ਰਾਪਤੀ ਲਈ ਖ਼ਾਲਸਾ ਜੀ ਸ਼ਹਾਦਤ ਪਾ ਗਏ ਹਨ ਅਤੇ ਹੋਰ ਗੰਭੀਰ ਮਸਲਿਆ ਨੂੰ ਮੁੱਖ ਰੱਖਕੇ ਅਗਲਾ ਫੈਸਲਾਕੁੰਨ ਸੰਘਰਸ਼ ਵੀ ਵਿੱਢਿਆ ਜਾ ਸਕੇ ਅਤੇ ਕੌਮ ਨੂੰ ਏਕਤਾ ਦਾ ਰੂਪ ਵੀ ਦਿੱਤਾ ਜਾ ਸਕੇ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ, ਪੰਜਾਬ ਵਿਚ ਵਿਚਰ ਰਹੇ ਵੱਖ-ਵੱਖ ਪੰਥਕ ਗਰੁੱਪਾਂ, ਪਾਰਟੀਆਂ ਅਤੇ ਸੰਗਠਨਾਂ ਦੇ ਆਗੂਆਂ ਨੂੰ ਆਉਣ ਵਾਲੇ ਕੱਲ੍ਹ ਭਾਈ ਗੁਰਬਖ਼ਸ ਸਿੰਘ ਖ਼ਾਲਸਾ ਜੀ ਦੇ ਫੁੱਲਾਂ ਦੀ ਰਸਮ ਉਤੇ ਪਹੁੰਚਣ ਅਤੇ ਫਿਰ 29 ਮਾਰਚ 2018 ਨੂੰ ਗੁਰਦੁਆਰਾ ਪੰਜੋਖਰਾ ਸਾਹਿਬ, ਅੰਬਾਲਾ ਵਿਖੇ ਭੋਗ ਸਮਾਗਮ ਉਤੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸਮੁੱਚੇ ਸਿੱਖ ਅਤੇ ਸਿੱਖ ਲੀਡਰਸ਼ਿਪ ਸੰਜ਼ੀਦਗੀ ਨਾਲ ਆਪਣੀਆ ਕੌਮੀ ਜ਼ਿੰਮੇਵਾਰੀਆਂ ਨੂੰ ਪੂਰਨ ਕਰਨ ਅਤੇ ਦੁਸ਼ਮਣ ਦੀਆਂ ਕਾਰਵਾਈਆ ਉਤੇ ਬਾਜ਼ ਨਜ਼ਰ ਰੱਖਦੇ ਹੋਏ ਸਮੂਹਿਕ ਤੌਰ ਤੇ ਦੁਸ਼ਮਣ ਨੂੰ ਚੁਣੋਤੀ ਦੇਣ ਦੇ ਅਮਲ ਕਰਨ ਦੀ ਏਕਤਾ ਦੇ ਰੂਪ ਵਿਚ ਕਾਰਵਾਈ ਕਰਾਂਗੇ, ਤਾਂ ਨਿਸਚ੍ਹੇ ਹੀ ਅਸੀਂ ਆਪਣੇ ਪੁਰਾਤਨ ਅਤੇ ਅਜੋਕੇ ਸ਼ਹੀਦਾਂ ਦੀਆਂ ਆਤਮਾਵਾਂ ਨਾਲ ਇਨਸਾਫ਼ ਕਰਨ ਜਾ ਰਹੇ ਹੋਵਾਂਗੇ । ਇਸ ਲਈ ਹਰ ਗੁਰਸਿੱਖ ਲਈ ਇਹ ਜ਼ਰੂਰੀ ਹੈ ਕਿ ਜੋ ਅੱਜ ਹਰ ਗਲੀ, ਹਰ ਪਿੰਡ ਸ਼ਹਿਰ ਵਿਚ ਪੰਥਕ ਏਕਤਾ ਦੀ ਗੱਲ ਉਠ ਰਹੀ ਹੈ ਅਤੇ ਪੂਰੀ ਸਿੱਦਤ ਨਾਲ ਹਰ ਗੁਰਸਿੱਖ ਕੌਮ ਨਾਲ ਹੋ ਰਹੀਆ ਜਿਆਦਤੀਆ ਨੂੰ ਖ਼ਤਮ ਕਰਨ ਲਈ ਗੰਭੀਰ ਹੈ, ਤਾਂ ਸਮੁੱਚੀ ਲੀਡਰਸ਼ਿਪ ਦਾ ਵੀ ਅਜਿਹੇ ਸਮੇਂ ਫਰਜ ਬਣ ਜਾਂਦਾ ਹੈ ਕਿ ਉਹ ਇਸ ਏਕਤਾ ਨੂੰ ਅਮਲੀ ਰੂਪ ਵਿਚ ਦੇਖਣ ਲਈ ਕਿਸੇ ਤਰ੍ਹਾਂ ਦੀ ਕਸਰ ਨਾ ਛੱਡਣ ਅਤੇ ਇਮਾਨਦਾਰੀ ਨਾਲ ਆਪਣੀ ਮੰਜ਼ਿਲ ਅਤੇ ਨਿਸ਼ਾਨੇ ਦੀ ਪ੍ਰਾਪਤੀ ਲਈ ਇਕ-ਦੂਸਰੇ ਨੂੰ ਸਹਿਯੋਗ ਵੀ ਕਰਨ । ਜੋ ਧਾਰਮਿਕ ਪ੍ਰਚਾਰਕਾਂ ਜਾਂ ਅਖੋਤੀ ਜਥੇਦਾਰਾਂ ਵਿਚਕਾਰ ਕਿਸੇ ਵੀ ਮੁੱਦੇ ਉਤੇ ਖਿੱਚੋਤਾਣ ਵੱਧਦੀ ਜਾ ਰਹੀ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਇਸ ਨਾਲ ਕੋਈ ਸੰਬੰਧ ਨਹੀਂ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਿਸੇ ਇਕ ਧਿਰ ਦਾ ਪੱਖ ਪੂਰਕੇ ਅਜਿਹੀ ਲੜਾਈ ਨੂੰ ਵਧਾਉਣ ਦੇ ਹੱਕ ਵਿਚ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਉਠੇ ਵਿਵਾਦਾ ਨੂੰ ਆਪਸੀ ਟੇਬਲਟਾਕ ਅਤੇ ਸਮਝਦਾਰੀ ਨਾਲ ਨਿਭਾਉਣ ਦੀ ਤਾਂ ਹਾਮੀ ਭਰਦਾ ਹੈ ਲੇਕਿਨ ਪੰਥਕ ਗਰੁੱਪਬਾਜ਼ੀ ਨੂੰ ਮਜ਼ਬੂਤ ਕਰਨ ਦੇ ਮੰਦਭਾਗੇ ਭਰੇ ਅਮਲਾਂ ਦੀ ਕਤਈ ਵੀ ਹਾਮੀ ਨਹੀਂ ਭਰੇਗਾ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਿਥੇ ਕਿਤੇ ਵੀ ਪੰਥਕ ਗਰੁੱਪਾਂ ਜਾਂ ਪ੍ਰਚਾਰਕਾਂ ਜਾਂ ਹੋਰ ਸਿੱਖ ਸਖਸ਼ੀਅਤਾਂ ਵਿਚ ਕਿਸੇ ਮੁੱਦੇ ਅਤੇ ਵਿਚਾਰ ਉਤੇ ਵਖਰੇਵੇ ਹਨ, ਉਨ੍ਹਾਂ ਨੂੰ ਉਹ ਜਨਤਕ ਲੜਾਈ ਵਿਚ ਨਾ ਲਿਜਾਕੇ ਆਪਸ ਵਿਚ ਮਿਲ ਬੈਠਕੇ ਗੁਰਬਾਣੀ ਦੇ ਉਨ੍ਹਾਂ ਮਹਾਨ ਸ਼ਬਦਾਂ ‘ਹੋਇ ਇਕੱਤਰ ਮਿਲਹੋ ਮੇਰੇ ਭਾਈ, ਦੁਬਿਧਾ ਦੂਰਿ ਕਰੋ ਲਿਵ ਲਾਇ’ ਤੋਂ ਅਗਵਾਈ ਲੈਦੇ ਹੋਏ ਆਪਣੇ ਕੌਮੀ ਅੰਦਰੂਨੀ ਮਸਲਿਆ ਨੂੰ ਹੱਲ ਵੀ ਕਰਨਗੇ ਅਤੇ ਇਕ ਤਾਕਤ ਹੋ ਕੇ ਦ੍ਰਿੜਤਾ ਨਾਲ ਨਿਸ਼ਾਨੇ ਵੱਲ ਵੀ ਵੱਧਣਗੇ।

 

Send this to a friend