ਸਫ਼ਲਤਾ ਦਾ ਵਡਾ ਮੰਤਰ ਨਵਾਂ ਵਿਚਾਰ ਅਤੇ ਨਵਾਂ ਸੋਚ ਹੈ। ਸਫ਼ਲਤਾ ਅਕਸਰ ਉਨ੍ਹਾਂ ਲੋਕਾਂ ਨੂੰ ਮਿਲਦੀ ਹੈ ਜੋ ਕਠਿਨਾਈ ਭਰੇ ਨਵੇਂ ਰਾਹ ਤਲਾਸ਼ਦੇ ਹਨ। ਅਜਿਹਾ ਹੀ ਇਕ ਨਾਮ ਕਿੰਗ ਸੀ ਜਿਲੇਟ ਦਾ ਆਉਂਦਾ ਹੈ। ਜਿਲੇਟ ਨੇ ਆਪਣੀ ਜ਼ਿੰਦਗੀ ਇਕ ਸਾਫ਼ਟਵੇਅਰ ਕੰਪਨੀ ਵਿਚ ਕਲਰਕ ਦੇ ਰੂਪ ਵਿਚ ਸ਼ੁਰੂ ਕੀਤੀ ਸੀ। ਉਸ ਸਮੇਂ ਉਸ ਦੀ ਉਮਰ ਸਿਰਫ਼ 21 ਸਾਲ ਦੀ ਸੀ ਅਤੇ ਉਹ 25 ਵਰ੍ਹੇ ਸੇਲਜਮੈਨ ਰਹੇ।
ਇਨ੍ਹਾਂ ਵਰ੍ਹਿਆਂ ਵਿਚ ਜਿਲੇਟ ਕੋਲ ਜ਼ਿਆਦਾ ਧਨ ਨਹੀਂ ਸੀ ਪਰ ਮਨ ਵਿਚ ਵਡੇ ਸੁਪਨੇ ਸਨ। ਉਹ ਅਮੀਰ ਬਣਨਾ ਚਾਹੁੰਦੇ ਸੀ ਪਰ ਨਾ ਸਾਧਨ ਸੀ ਅਤੇ ਨਾ ਹੀ ਕੋਈ ਨਵਾਂ ਵਿਚਾਰ। ਬਸ ਸੀ ਤਾਂ ਆਤਮ ਵਿਸ਼ਵਾਸ ਅਤੇ ਅਮੀਰ ਬਣਨ ਦਾ ਸੁਪਨਾ। ਸੁਪਨਾ ਉਦੋਂ ਹੀ ਜ਼ਿੰਦਗੀ ਵਿਚ ਹਾਸਲ ਕੀਤੇ ਜਾਣ ਵਾਲੇ ਨਿਸ਼ਾਨੇ ਵਿਚ ਤਬਦੀਲ ਹੁੰਦਾ ਹੈ ਜਦੋਂ ਇਸ ਦੀ ਪੂਰਤੀ ਲਈ ਕਦਮ ਚੁਕੇ ਜਾਣ ਅਤੇ ਜਿਲੇਟ ਨੇ ਵੀ ਕਈ ਕਦਮ ਚੁਕੇ। ਉਹ ਇਕ ਸੇਲਜਮੈਨ ਸੀ, ਉਸ ਦੇ ਮਨ ਵਿਚ ਇਕ ਖਿਆਲ ਆਇਆ ਕਿਉਂ ਨਾ ਅਜਿਹੀ ਚੀਜ਼ ਬਣਾਈ ਜਾਵੇ ਜੋ ਸਿਰਫ਼ ਇਕ ਵਾਰੀ ਹੀ ਪ੍ਰਯੋਗ ਵਿਚ ਆ ਸਕੇ। ਇਸ ਤਰੀਕੇ ਨਾਲ ਉਹ ਚੀਜ਼ ਜ਼ਿਆਦਾ ਗਿਣਤੀ ਵਿਚ ਵਿਕ ਸਕੇਗੀ। ਹੁਣ ਸਵਾਲ ਸੀ ਕਿ ਅਜਿਹੀ ਕਿਹੜੀ ਚੀਜ਼ ਬਣਾਈ ਜਾਵੇ। ਜਦੋਂ ਤੁਹਾਨੂੰ ਮੰਜ਼ਿਲ ਦਾ ਪਤਾ ਲਗ ਜਾਵੇ, ਉਦੋਂ ਮੰਜ਼ਿਲ ਹੀ ਦਸ ਦੇਵੇਗੀ ਕਿ ਉਥੇ ਤਕ ਪਹੁੰਚਣ ਲਈ ਕਿਹੜਾ ਰਾਹ ਜਾਂਦਾ ਹੈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਦਿਲੋਂ ਚਾਹੁੰਦੇ ਹੋ ਤਾਂ ਕੁਦਰਤ ਤੁਹਾਨੂੰ ਰਾਹ ਵੀ ਦਸਦੀ ਹੈ ਅਤੇ ਸਾਧਨ ਵੀ ਮੁਹਈਆ ਕਰਵਾ ਦਿੰਦੀ ਹੈ।
ਅਜਿਹਾ ਕਿੰਗ ਸੀ ਜਿਲੇਟ ਨਾਲ ਵੀ ਹੋਇਆ। 1895 ਦੀ ਗਲ ਹੈ ਕਿ ਇਕ ਦਿਨ ਜਿਲੇਟ ਆਪਣੀ ਦਾੜ੍ਹੀ ਬਣਾ ਰਿਹਾ ਸੀ, ਉਸਨੂੰ ਬਲੇਡ ਬਣਾਉਣ ਦੀ ਵਿਚਾਰ ਆਇਆ। ਵਿਚਾਰ ਭਾਵੇਂ ਬਹੁਤ ਦਮਦਾਰ ਸੀ ਪਰ ਜਿਲੇਟ ਕੋਲ ਸਾਧਨ ਨਹੀਂ ਸਨ। ਮਸ਼ੀਨ ਨਹੀਂ ਸੀ, ਪੁੰਜੀ ਨਹੀਂ ਸੀ, ਸਿਰਫ ਦ੍ਰਿੜ ਨਿਸ਼ਚਾ ਸੀ। 1902 ਵਿਚ ਉਸਨੇ ਬੋਸਟਨ ਦੇ ਇਕ ਕਰੋੜਪਤੀ ਜਾਨ ਜਾਇਅਸ ਤੋਂ ਕੁਝ ਫੰਡ ਲੈ ਕੇ ਆਪਣਾ ਕੰਮ ਚਲਾਇਆ। ਆਰੰਭ ਵਿਚ ਲੋਕਾਂ ਨੇ ਇਹ ਬਲੇਡ ਖਰੀਦਣ ਵਿਚ ਦਿਲਚਸਪੀ ਨਹੀਂ ਦਿਖਾਈ। ਇਕ ਸਾਲ ਵਿਚ ਸਿਰਫ 51 ਹਜ਼ਾਰ ਬਲੇਡ ਹੀ ਵਿਕ ਸਕੇ। ਸਫ਼ਲਤਾ ਅਸਲ ਵਿਚ ਇਕ ਦ੍ਰਿਸ਼ਟੀਕੋਣ ਹੈ। ਯਤਨ ਕਰਦੇ ਰਹਿਣ ਦਾ ਹੌਂਸਲਾ ਹੀ ਸਭ ਤੋਂ ਮਹਤਵਪੂਰਨ ਹੈ। ਜਿਲੇਟ ਨੂੰ ਪਤਾ ਸੀ ਕਿ ਮੰਜ਼ਿਲ ‘ਤੇ ਪਹੁੰਚਣ ਲਈ ਗਿਰਨਾ, ਗਿਰ ਕੇ ਉਠਣਾ ਅਤੇ ਉਠਕੇ ਚਲਣਾ ਜ਼ਰੂਰੀ ਹੈ। ਉਸਨੇ ਉਸੇ ਤਰ੍ਹਾਂ ਹੀ ਕੀਤਾ। ਖੁਸ਼ਕਿਸਮਤੀ ਨਾਲ ਅਮਰੀਕੀ ਪੇਟੈਂਟ ਦਫ਼ਤਰ ਨੇ ਜਿਲੇਟ ਨੂੰ ਰੇਜ਼ਰ ਦੇ ਅਧਿਕਾਰ ਦੇ ਦਿਤੇ। ਜਿਲੇਟ ਨੇ ਉਸੇ ਸਮੇਂ ਵਡੀ ਗਿਣਤੀ ਵਿਚ ਦੁਕਾਨਾਂ ‘ਤੇ ਆਪਣੇ ਬਲੇਡ ਰਖ ਦਿਤੇ ਅਤੇ ਉਹ ਧੜਾਧੜ ਵਿਕਣ ਲਗੇ। ਨਤੀਜੇ ਵਜੋਂ ਅਜ ਜਿਲੇਟ ਦੀ ਬਣਾਈ ਕੰਪਨੀ ਦਾ ਕਾਰੋਬਾਰ 200 ਤੋਂ ਵਧ ਦੇਸ਼ਾ ਵਿਚ ਫੈਲ ਚੁਕਾ ਹੈ। 49 ਵਰ੍ਹਿਆ ਦੀ ਉਮਰ ਵਿਚ ਗਰੀਬੀ ਨਾਲ ਜੂਝ ਰਹੇ ਜਿਲੇਟ ਨੇ 1932 ਵਿਚ ਜਦੋਂ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ, ਉਸ ਸਮੇਂ ਉਸ ਕੋਲ ਅਰਬਾਂ ਰੁਪਏ ਦੀ ਜਾਇਦਾਦ ਸੀ। ਕਿੰਗ ਸੀ ਜਿਲੇਟ ਦੀ ਸਫ਼ਲਤਾ ਦਾ ਰਾਜ ਉਸਨੇ ਮਨ ਵਿਚ ਉਪਜਿਆ ਨਵਾਂ ਵਿਚਾਰ ਸੀ ਅਤੇ ਉਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਆਤਮ ਵਿਸ਼ਵਾਸ਼, ਦ੍ਰਿੜ ਨਿਸ਼ਚਾ, ਮਿਹਨਤ ਕਰਨ ਦਾ ਜਜ਼ਬਾ ਅਤੇ ਅਸਫ਼ਲਤਾ ਨੂੰ ਹਿੰਮਤ ਨਾਲ ਜਰਨ ਦਾ ਜਜ਼ਬਾ ਸੀ।