‘‘ਮੈਨੂੰ ਕੁੜੀਆਂ ਤੋਂ ਬਹੁਤ ਡਰ ਲਗਦਾ ਹੈ। ਮੈਂ ਕਿਸੇ ਵੀ ਪੜ੍ਹੀ ਲਿਖੀ, ਖੂਬਸੂਰਤ ਅਤੇ ਅਮੀਰ ਜਵਾਨ ਔਰਤ ਨਾਲ ਗੱਲ ਨਹੀਂ ਕਰ ਸਕਦਾ। ਮੇਰੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਹਨ। ਜ਼ੁਬਾਨ ਥੁੱਥਲਾ ਜਾਂਦੀ ਹੈ। ਮੈਂ ਅੱਖਾਂ ਮਿਲਾਕੇ ਗੱਲ ਕਰਨ ਤੋਂ ਗੁਰੇਜ਼ ਕਰਦਾ ਹਾਂ। ਜੇ ਕੁੜੀ ਅੰਗਰੇਜ਼ੀ ਬੋਲਦੀ ਹੋਵੇ ਤਾਂ ਮੇਰੀ ਤਾਂ ਜਾਨ ਹੀ ਨਿਕਲ ਜਾਂਦੀ ਹੈ।’’
‘‘ਮੇਰਾ ਕਾਲਾ ਰੰਗ ਮੈਨੂੰ ਸੁਪਨੇ ਵਿੱਚ ਵੀ ਡਰਾਉਂਦਾ ਹੈ। ਮੈਂ ਕਿਸੇ ਵੀ ਸਮਾਜਿਕ ਫੰਕਸ਼ਨ ਵਿੱਚ ਵਿਸ਼ਵਾਸ ਨਾਲ ਸ਼ਿਰਕਤ ਨਹੀਂ ਕਰ ਸਕਦਾ।’’
‘‘ਮੇਰੇ ਸਾਂਵਲੇ ਰੰਗ ਨੇ ਮੇਰੇ ਸਾਰੇ ਅਰਮਾਨ ਮਾਰ ਦਿੱਤੇ ਹਨ। ਮੈਂ ਹੋਰਨਾਂ ਦੇ ਮੁਕਾਬਲੇ ਆਪਣੇ ਆਪ ਨੂੰ ਬਹੁਤ ਹੀਣ ਅਤੇ ਘਟੀਆ ਮਹਿਸੂਸ ਕਰਦੀ ਹਾਂ। ਸ਼ਾਇਦ ਇਸੇ ਕਾਰਨ ਮੈਨੂੰ ਕੋਈ ਪਸੰਦ ਨਹੀਂ ਕਰਦਾ।’’
‘‘ਮੇਰਾ ਕੀ ਕਸੂਰ ਹੈ ਕਿ ਮੈਂ ਅਜਿਹੇ ਘਰ ਪੈਦਾ ਹੋਈ ਜਿਸ ਨੂੰ ਪੱਛੜੀ ਜਾਤ ਨਾਲ ਜੋੜਕੇ ਵੇਖਿਆ ਜਾਂਦਾ ਹੈ। ਕਾਲਜ ਦੇ ਦਾਖਲੇ ਵਾਲੇ ਫਾਰਮ ਭਰਨ ਸਮੇਂ ਹੀ ਇਸ ਜਾਤੀ ਭਾਵ ਨੇ ਮੇਰੇ ਮਨ ਵਿੱਚ ਹੀਣਤਾ ਦਾ ਅਹਿਸਾਸ ਪੈਦਾ ਕਰ ਦਿੱਤਾ।’’
‘‘ਮੇਰੀ ਸਰੀਰਕ ਬਣਤਰ ਅਤੇ ਛੋਟੇ ਕੱਦ ਨੇ ਮੇਰੇ ਵਿੱਚ ਹੀਣਤਾ ਦਾ ਭਾਵ ਸੁਰਤ ਸੰਭਾਲਣ ਸਾਰ ਹੀ ਭਰ ਦਿੱਤਾ ਸੀ। ਇਸ ਹੀਣਭਾਵਨਾ ਕਾਰਨ ਜੀਉਣਾ ਮੈਨੂੰ ਬਹੁਤ ਔਖਾ ਲੱਗ ਰਿਹਾ ਹੈ।’’
‘‘ਮੈਂ ਇਕ ਗਰੀਬ ਘਰ ਵਿੱਚ ਪੈਦਾ ਹੋਈ ਹਾਂ। ਮੇਰੇ ਨਾਲ ਦੀਆਂ ਬਰੈਂਡਡ ਕੱਪੜੇ ਪਹਿਨਦੀਆਂ ਹਨ ਅਤੇ ਮੇਰੇ ਕੋਲ ਨਾ ਵਧੀਆ ਕੱਪੜੇ ਹਨ, ਨਾ ਮੋਬਾਇਲ, ਨਾ ਸਕੂਟਰ ਅਤੇ ਨਾ ਹੀ ਕੋਈ ਹੋਰ ਐਸ਼ੋ ਇਸ਼ਰਤ ਦਾ ਸਮਾਨ। ਕਦੇ-ਕਦੇ ਮੇਰਾ ਮਨ ਭਟਕ ਜਾਂਦਾ ਹੈ। ਫਿਰ ਮੈਂ ਹੋਰ ਵੀ ਹੀਣਭਾਵਨਾ ਦੀ ਸ਼ਿਕਾਰ ਹੋ ਜਾਂਦੀ ਹਾਂ।’’
ਉਕਤ ਕਿਸਮ ਦੀਆਂ ਸਾਰੀਆਂ ਟਿੱਪਣੀਆਂ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀਆਂ ਹਨ। ਇਨ੍ਹਾਂ ਟਿੱਪਣੀਆਂ ਅਤੇ ਭਾਵਨਾਵਾਂ ਰਾਹੀਂ ਅਸੀਂ ਅਨੇਕਾਂ ਉਨ੍ਹਾਂ ਨੌਜਵਾਨ ਕੁੜੀਆਂ ਅਤੇ ਮੁੰਡਿਆਂ ਦੀ ਮਾਨਸਿਕਤਾ ਨੂੰ ਭਲੀਭਾਂਤ ਸਮਝ ਸਕਦੇ ਹਾਂ ਜੋ ਕਿਸੇ ਨਾ ਕਿਸੇ ਕਾਰਨ ਅਹਿਸਾਸ-ਏ-ਕੰਮਤਰੀ ਦਾ ਸ਼ਿਕਾਰ ਹਨ। ਇਹ ਗੱਲ ਵੀ ਸਪੱਸ਼ਟ ਹੈ ਕਿ ਜਦੋਂ ਤੁਸੀਂ ਹੀਣਭਾਵਨਾ ਦਾ ਸ਼ਿਕਾਰ ਹੋਵੋਗੇ ਤਾਂ ਸਫ਼ਲਤਾ ਤੁਹਾਡੇ ਕੋਲੋਂ ਹਜ਼ਾਰਾਂ ਕੋਹ ਦੂਰ ਭੱਜ ਜਾਵੇਗੀ। ਦੁਨੀਆਂ ਦੇ ਹਰ ਖੇਤਰ ਦੇ ਮਹਾਨ ਲੋਕਾਂ ਵਿੱਚ ਇਕ ਗੱਲ ਸਾਂਝੀ ਵੇਖੀ ਜਾ ਸਕਦੀ ਹੈ ਕਿ ਉਨ੍ਹਾਂ ਹਰ ਪ੍ਰਸਥਿਤੀ ਵਿੱਚ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਿਆ। ਇਕ ਸਧਾਰਨ ਸੰਗਤਰਾਸ਼ ਦਾ ਪੁੱਤਰ ਸੁਕਰਾਤ ਜੋ ਖੁਦ ਵੀ ਸਰੀਰ ਵਜੋਂ ਕਰੂਪ ਸੀ, ਦੁਨੀਆਂ ਦਾ ਮਹਾਨ ਫਿਲਾਸਫਰ ਬਣਿਆ। ਸਧਾਰਨ ਪਰਿਵਾਰ ਵਿੱਚ ਜਨਮਿਆਂ ਨਿਪੋਲੀਅਨ ਬਹੁਤ ਛੋਟੇ ਕੱਦ ਦਾ ਬੰਦਾ ਸੀ। ਲਾਲ ਬਹਾਦਰ ਸ਼ਾਸਤਰੀ ਵੀ ਛੋਟੇ ਕੱਦ ਦੇ ਵੱਡੇ ਲੀਡਰ ਹੋਏ ਹਨ ਅਤੇ ਸ਼ਾਸਤਰੀ ਜੀ ਵੀ ਆਮ ਪਰਿਵਾਰ ਵਿੱਚੋਂ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਇਬਰਾਹੀਨ ਲਿੰਕਨ ਵੀ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਸੀ। ‘ਪੁਲਿੰਗ ਟੂ ਦਾ ਫਰੰਟ’ ਸਮੇਤ 50 ਪੁਸਤਕਾਂ ਦੇ ਅਮਰੀਕਨ ਲੇਖਕ ਉਡੀਸ਼ਨ ਸਵੇਟ ਮਾਰਟਨ ਦੀ ਕਹਾਣੀ ਵੀ ਫਰਸ਼ ਤੋਂ ਅਰਸ਼ ਤੱਕ ਜਾਣ ਵਾਲੇ ਸਫ਼ਲ ਮਨੁੱਖ ਦੀ ਕਹਾਣੀ ਹੈ। ਹੈਰੀ ਪੋਰਟਰ ਦੀ ਲੇਖਿਕਾ ਜੇ ਕੇ ਰੋਲਿੰਗ ਕਿਸੇ ਸਮੇਂ ਰੋਟੀ ਤੋਂ ਵੀ ਮੁਥਾਜ ਸੀ। ਹਿੰਦੋਸਤਾਨ ਦੇ ਸਾਬਕਾ ਰਾਸ਼ਟਰਪਤੀ ਡਾ. ਅਬਦੁਲ ਕਲਾਮ ਨੇ ਆਪਣਾ ਬਚਪਨ ਗਰੀਬੀ ਵਿੱਚ ਗੁਜਾਰਿਆ ਸੀ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਆਪਣੀ ਮਿਹਨਤ ਅਤੇ ਹਿੰਮਤ ਨਾਲ ਅੱਗੇ ਵੱਧੇ। ਓਮ ਪੁਰੀ ਦੀ ਸ਼ਕਲ ਮਾਤਾ ਦੇ ਦਾਗਾਂ ਨਾਲ ਭਰੀ ਹੋਈ ਸੀ ਪਰ ਉਹ ਆਪਣੀ ਕਲਾ ਦੇ ਕਮਾਲ ਨਾਲ ਸਿਖਰ ’ਤੇ ਪਹੁੰਚਿਆ। ਪੰਜਾਬੀ ਫਿਲਮਾਂ ਦੇ ਅਦਾਕਾਰ ਰਾਣਾ ਰਣਵੀਰ ਨੇ ਆਪਣੇ ਛੋਟੇ ਕੱਦ ਨੂੰ ਕਦੇ ਵੀ ਆਪਣੀ ਸਫ਼ਲਤਾ ਦੇ ਰਸਤੇ ਵਿੱਚ ਨਹੀਂ ਆਉਣ ਦਿੱਤਾ। ਰਿਕਸ਼ਾ ਚਾਲਕ ਦਾ ਬੇਟਾ ਗੋਬਿੰਦ ਜਾਏਸਵਾਲ ਪਹਿਲੇ ਕੋਸ਼ਿਸ਼ ਵਿੱਚ ਆਈ.ਏ.ਐਸ. ਬਣਿਆ। ਲੋਕਾਂ ਦੇ ਬਰਤਨ ਸਾਫ ਕਰਨ ਵਾਲੀ ਮਾਂ ਦਾ ਪੁੱਤਰ ਸੰਦੀਪ ਆਈ.ਏ.ਐਸ. ਦਾ ਇਮਤਿਹਾਨ ਪਾਸ ਕਰਦਾ ਹੈ। ਸਿਪਾਹੀ ਦਾ ਮੁੰਡਾ ਕਪਿਲ ਸ਼ਰਮਾ ਆਪਣੀ ਕਲਾ ਦੇ ਜ਼ੋਹਰ ਵਿਖਾਕੇ ਕਰੋੜਾਂ ਕਮਾ ਰਿਹਾ ਹੈ। ਇਸ ਕਿਸਮ ਦੀਆਂ ਸੈਂਕੜੇ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਵੱਡਾ ਨਾਮ ਕਮਾਇਆ ਹੈ ਅਤੇ ਹੀਣਭਾਵਨਾ ਨੂੰ ਆਪਣੀ ਸਖਸੀਅਤ ਤੋਂ ਦੂਰ ਰੱਖਿਆ ਹੈ। ਜੇ ਤੁਸੀਂ ਵੀ ਅਜਿਹੇ ਕਿਸੇ ਅਹਿਸਾਸ ਦੇ ਸ਼ਿਕਾਰ ਹੋ ਤਾਂ ਹੁਣੇ ਤੋਂ ਸੁਚੇਤ ਹੋ ਜਾਵੋ ਅਤੇ ਸਫ਼ਲਤਾ ਲਈ ਹੋਰ ਮਿਹਨਤ ਕਰੋ। ਯਾਦ ਰੱਖੋ ਇਹ ਦੁਨੀਆਂ ਜ਼ੋਰਾਂ ਨੂੰ ਮੰਨਦੀ ਹੈ :
ਇਹ ਦੁਨੀਆਂ ਮੰਨਦੀ ਜ਼ੋਰਾਂ ਨੂੰ
ਇੱਥੇ ਕੰਮ ਨਹੀਂ ਕੰਮਜ਼ੋਰਾਂ ਨੂੰ
ਜੇ ਜ਼ਿੰਦਗੀ ਵਿੱਚ ਕੁੱਝ ਕਰਨ ਦਾ ਨਿਰਣਾ ਲੈ ਲਿਆ ਹੈ ਤਾਂ ਹਰ ਕਿਸਮ ਦੀ ਹੀਣ ਭਾਵਨਾ ਨੂੰ ਗਟਰ ਵਿੱਚ ਸੁੱਟ ਦਿਓ। ਉਸ ਕੁੜੀ ਦੀ ਕਹਾਣੀ ਸੁਣੋ ਜੋ ਮੇਰੇ ਕੋਲ ਆ ਕੇ ਕਹਿਣ ਲੱਗੀ ‘‘ਮੇਰਾ ਰੰਗ ਕਾਲਾ, ਮੇਰਾ ਪਿਉ ਗਰੀਬ ਮਜ਼ਦੂਰ ਹੈ। ਮੈਂ ਮੋਟੀ ਹਾਂ। ਸਰਕਾਰੀ ਸਕੂਲ ’ਚ ਪੜ੍ਹੀ ਹਾਂ। ਅੰਗਰੇਜ਼ੀ ਆਉਂਦੀ ਨਹੀਂ। ਪੈਸੇ ਹੈ ਨਹੀਂ। ਜੀਊਣ ਨੂੰ ਦਿਲ ਨਹੀਂ ਕਰਦਾ। ਮੈਂ ਕਿਵੇਂ ਕਾਮਯਾਬ ਹੋ ਸਕਦੀ ਹਾਂ?’’ ਮੈਂ ਉਸ ਨੂੰ ਕਿਹਾ ਸੀ ਕਿ ਉਸ ਗੁਬਾਰੇ ਵਾਲੇ ਦੀ ਕਹਾਣੀ ਯਾਦ ਕਰ। ‘‘ਇਕ ਗੁਬਾਰੇ ਵਾਲਾ ਆਪਣੇ ਗੁਬਾਰਿਆਂ ਵਿੱਚ ਗੈਸ ਭਰਕੇ ਉਚੇ ਉਡਾ ਰਿਹਾ ਸੀ। ਇੱਕ ਬੱਚਾ ਉਸ ਨੂੰ ਪੁੱਛਦਾ ਹੈ ਕਿ ਅੰਕਲ ਤੁਹਾਡੇ ਲਾਲ ਗੁਬਾਰੇ ਵਾਂਗ ਮੇਰਾ ਕਾਲਾ ਗੁਬਾਰਾ ਵੀ ਉਚਾ ਉਡ ਸਕਦਾ ਹੈ। ਗੁਬਾਰੇ ਵਾਲੇ ਦਾ ਜਵਾਬ ਸੀ, ‘‘ਬੇਟਾ, ਗੁਬਾਰੇ ਨੂੰ ਰੰਗ ਨਹੀਂ ਗੈਸ ਉਂਡਾਉਂਦੀ ਹੈ।’’ ਸੋ ਤੇਰੇ ਰੰਗ, ਤੇਰੇ ਭਾਰ ਅਤੇ ਤੇਰੇ ਕੱਦ ਨਾਲ ਸਫਲਤਾ ਦਾ ਕੋਈ ਲੈਣ ਦੇਣ ਨਹੀਂ। ਮਿਹਨਤ ਕਰ, ਖੂਬ ਮਿਹਨਤ ਕਰ, ਚੰਗੇ ਨੰਬਰ ਲੈ। ਕੋਈ ਮੁਕਾਬਲੇ ਦੀ ਪ੍ਰੀਖਿਆ ਪਾਸ ਕਰ, ਪੱਕਾ ਕਾਮਯਾਬ ਹੋਵੇਂਗੀ।
ਜੇ ਤੁਹਾਡੇ ਵਿੱਚ ਕੋਈ ਰੰਗ, ਕੱਦ, ਜਾਤ ਜਾਂ ਅਮੀਰੀ-ਗਰੀਬੀ ਦੀ ਭਾਵਨਾ ਹੈ ਤਾਂ ਤੁਹਾਨੂੰ ਹੋਰ ਵੀ ਵੱਧ ਮਿਹਨਤ ਕਰਨੀ ਚਾਹੀਦੀ ਹੈ। ਕਾਲੇ ਰੰਗ ਵਾਲੇ ਚੰਗੇ ਗਾਇਕ ਬੜੇ ਹਰਮਨ ਪਿਆਰੇ ਹਨ। ਗੁਲਾਮ ਅਲੀ ਵਿਸ਼ਵ ਭਰ ਵਿੱਚ ਪਿਆਰ ਖੱਟ ਰਿਹਾ ਹੈ। ਸੋ ਆਪਣੀ ਕਮੀ ਨੂੰ ਹੋਰ ਜ਼ਿਆਦਾ ਮਿਹਨਤ ਨਾਲ ਪੂਰਾ ਕਰੋ। ਘੱਟੋ-ਘੱਟ ਕਿਸੇ ਇਕ ਖੇਤਰ ਵਿੱਚ ਆਪਣਾ ਨਾਮ ਬਣਾਉਣ ਦਾ ਜ਼ੇਰਾ ਕਰੋ ਕਿਉਂਕਿ ਇਹ ਦੁਨੀਆਂ ਮੰਨਦੀ ਜ਼ੋਰਾਂ ਨੂੰ।



