Skip to content
Independent perspectives. Global stories.
BREAKING

ਕਿਸਾਨਾਂ ਨੂੰ ਅਵਾਰਾ ਪਸ਼ੂਆਂ ਦੀ ਦੂਹਰੀ ਮਾਰ

Share this story

ਪੰਜਾਬ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਇਸ ਸਮੱਸਿਆ ਕਾਰਨ ਪੂਰੇ ਸਮਾਜ ਵਿੱਚ ਡਰ ਦੀ ਭਾਵਨਾ ਪੈਦਾ ਹੁੰਦੀ ਜਾ ਰਹੀ ਹੈ। ਅਵਾਰਾ ਪਸ਼ੂ ਅਕਸਰ ਹੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਇਹਨਾਂ ਅਵਾਰਾ ਪਸ਼ੂਆਂ ਵਿੱਚੋਂ ਗਾਵਾਂ, ਬਾਂਦਰ ਅਤੇ ਕੁੱਤੇ ਸਭ ਤੋਂ ਵੱਧ ਸ਼ਾਮਿਲ ਹਨ। ਪੰਜਾਬ ਵਿੱਚ ਸਭ ਤੋਂ ਵੱਧ ਸਮੱਸਿਆ ਅਵਾਰਾ ਫਿਰਦੇ ਗਾਵਾਂ ਅਤੇ ਢੱਠਿਆਂ ਕਰਕੇ ਹੈ। ਇਹਨਾਂ ਅਵਾਰਾ ਫਿਰਦੇ ਢੱਠਿਆਂ ਕਾਰਨ ਐਕਸੀਡੈਂਟਾਂ ਵਿੱਚ ਬਹੁਤ ਸਾਰੇ ਲੋਕ ਜਾਨਾਂ ਗੁਆ ਚੁੱਕੇ ਹਨ ਅਤੇ ਬਹੁਤ ਸਾਰੇ ਹੱਡੀਆਂ ਤੁੜਾ ਬੈਠਦੇ ਹਨ ਅਤੇ ਲੰਮਾ ਸਮਾਂ ਦੁੱਖ ਭੋਗਦੇ ਹਨ ਇਸ ਨਾਲ ਜਿੱਥੇ ਵੱਡੀ ਪੱਧਰ ਤੇ ਆਰਥਿਕ ਨੁਕਸਾਨ ਹੁੰਦਾ ਹੈ ਉਥੇ ਹੱਡੀਆਂ ਅਤੇ ਗੱਡੀਆਂ ਦੋਨੋਂ ਹੀ ਟੁੱਟ ਜਾਂਦੀਆਂ ਹਨ।
ਸ਼ਹਿਰਾਂ ਵਿੱਚ ਥਾਂ-ਥਾਂ ਘੁੰਮਦੇ ਇਹ ਬੇਸਹਾਰਾ ਪਸ਼ੂਆਂ ਦੇ ਲਈ ਖਾਣ-ਪੀਣ ਦਾ ਵੀ ਕੋਈ ਜਰੀਆ ਨਹੀਂ ਹੁੰਦਾ ਤੇ ਕੂੜੇ ਦੇ ਢੇਰਾਂ ਤੇ ਮੂੰਹ ਮਾਰ ਕੇ ਆਪਣੇ ਲਈ ਕੁੱਝ ਖਾਣ ਨੂੰ ਲੱਭਦੇ ਇਹ ਪਸ਼ੂ ਸਾਰਾ ਕੂੜਾ ਖਿਲਾਰ ਕੇ ਹੋਰ ਗੰਦ ਪਾ ਦਿੰਦੇ ਹਨ ਅਤੇ ਲੰਘਣ ਵਾਲੇ ਰਾਹਗੀਰ ਮੂੰਹ ਤੇ ਰੁਮਾਲ ਰੱਖਕੇ ਆਪਣੇ ਕੰਮ ਲਈ ਅੱਗੇ ਲੰਘ ਜਾਂਦੇ ਹਨ। ਜਨਤਕ ਥਾਵਾਂ ਤੇ ਇਹਨਾਂ ਪਸ਼ੂਆਂ ਦਾ ਮਲ ਮੂਤਰ ਮੁਸ਼ਕ ਪੈਦਾ ਕਰਦਾ ਅਤੇ ਬਿਮਾਰੀਆਂ ਫੈਲਣ ਦਾ ਸਬੱਬ ਬਣਦਾ ਹੈ।
ਭਾਰਤ ਵਿੱਚ ਜਿਸ ਗਊ ਦੀ ਪੂਜਾ ਕੀਤੀ ਜਾਂਦੀ ਸੀ ਉਸਦਾ ਆਧਾਰ ਧਾਰਮਿਕ ਨਾ ਹੋ ਕੇ ਵਿਵਹਾਰਕ ਸੀ ਕਿਉਂਕਿ ਉਸ ਸਮੇਂ ਖੇਤੀ ਅਤੇ ਢੋਆ ਢੁਆਈ ਲਈ ਬਲਦਾਂ ਦੀ ਲੋੜ ਹੁੰਦੀ ਸੀ। ਗਾਂ ਦੁੱਧ ਦਿੰਦੀ ਸੀ ਅਤੇ ਮਰਨ ਤੋਂ ਬਾਅਦ ਚਮੜਾ ਦੇਂਦੀ ਸੀ। ਇਸ ਲਈ ਇਸਦੀ ਮਹੱਤਤਾ ਬਣੀ ਹੋਈ ਸੀ। ਪਰ ਮਸ਼ੀਨੀ ਯੁੱਗ ਨਾਲ ਗਾਂ ਦੀ ਕਦਰ ਘੱਟ ਗਈ ਅਤੇ ਦੇਸੀ ਗਾਂ ਦਾ ਦੁੱਧ ਵਲੈਤੀ ਗਾਂ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ। ਇਹੀ ਕਾਰਨ ਹੈ ਕਿ ਲੋਕ ਫੰਡਰ ਗਾਂ ਨੂੰ ਸੋਟੀ ਮਾਰ ਕੇ ਘਰੋਂ ਕੱਢ ਦਿੰਦੇ ਹਨ। ਇਸ ਸਮੱਸਿਆ ਦਾ ਇੱਕ ਹੋਰ ਕਾਰਨ ਆਪਣੇ ਆਪ ਨੂੰ ਗਊ-ਭਗਤ ਅਖਵਾਉਣ ਵਾਲੇ ਲੋਕ ਵੀ ਹਨ ਕਿਉਂਕਿ ਗਊਆਂ ਅਤੇ ਵੱਛਿਆਂ ਨੂੰ ਜੇਕਰ ਕੋਈ ਘਰ ਪਾਲਦਾ ਹੈ ਅਤੇ ਵੇਚਣ ਲਈ ਮੰਡੀਆਂ ਵਿੱਚ ਲਿਜਾਂਦਾ ਹੈ ਤਾਂ ਇਸਨੂੰ ਧਾਰਮਿਕ ਮਸਲੇ ਨਾਲ ਜੋੜ ਕੇ ਪਸ਼ੂ ਲਿਜਾਣ ਵਾਲੇ ਵਹੀਕਲਾਂ ਦੀ ਭੰਨ ਤੋੜ ਕੀਤੀ ਜਾਂਦੀ ਹੈ ਅਜਿਹੇ ਵਿੱਚ ਇਨ੍ਹਾਂ ਪਸ਼ੂਆਂ ਨੂੰ ਕੋਈ ਵੀ ਪਾਲ ਕੇ ਰਾਜ਼ੀ ਨਹੀਂ, ਜਿਸ ਕਾਰਨ ਇਨ੍ਹਾਂ ਪਸ਼ੂਆਂ ਨੂੰ ਅਵਾਰਾ ਹੀ ਛੱਡ ਦਿੱਤਾ ਜਾਂਦਾ ਹੈ। ਇਹ ਅਵਾਰਾ ਪਸ਼ੂ ਕਿਸਾਨਾਂ ਦੀਆਂ ਨਕਦੀ ਫਸਲਾਂ ਤਾਂ ਖਰਾਬ ਕਰਦੇ ਹੀ ਹਨ ਪਾਲਤੂ ਪਸ਼ੂਆਂ ਦੇ ਚਾਰੇ ਨੂੰ ਵੀ ਖਤਮ ਕਰ ਦਿੰਦੇ ਹਨ। ਕਿਸਾਨਾਂ ਨੂੰ ਇਨ੍ਹਾਂ ਤੋਂ ਬਚਣ ਲਈ ਦਿਨ ਰਾਤ ਫਸਲਾਂ ਦੀ ਰਾਖੀ ਕਰਨੀ ਪੈਂਦੀ ਹੈ। ਕਈ ਵਾਰੀ ਕਿਸਾਨਾਂ ਨੂੰ ਤਨਖਾਹ ਤੇ ਰਾਖਾ ਵੀ ਰੱਖਣਾ ਪੈਂਦਾ ਹੈ। ਬਹੁਤ ਸਾਰੇ ਕਿਸਾਨਾਂ ਨੇ ਸਾਂਝੇ ਤੌਰ ਤੇ ਰਾਖੇ ਰੱਖੇ ਹੋਏ ਹਨ ਜਿਹੜੇ ਕਿੱਲੇ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ ਸੋ ਕਿਸਾਨਾਂ ਉਪਰ ਬਿਜਲੀ ਦੇ ਬਿੱਲਾਂ ਦੇ ਸੈਸ ਤੋਂ ਪਹਿਲਾਂ ਇੱਕ ਹੋਰ ਸੈਸ ਵੀ ਲੱਗਾ ਹੋਇਆ ਹੈ। ਇਹਨਾਂ ਅਵਾਰਾ ਪਸ਼ੂਆਂ ਕਾਰਨ ਆਪਸੀ ਸਾਂਝ ਵਿੱਚ ਵੀ ਤਰੇੜਾਂ ਲਿਆ ਦਿੱਤੀਆਂ ਹਨ ਕਿਉਂਕਿ ਕਈ ਵਾਰ ਜਦੋਂ ਕਿਸਾਨ ਆਪਣੀ ਫਸਲ ਵਿੱਚ ਪਸ਼ੂ ਕੱਢਦੇ ਹਨ ਤਾਂ ਆਂਢ-ਗੁਆਂਢ ਜਾਂ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨਾਲ ਮਾਮਲਾ ਲੜਾਈ ਝਗੜੇ ਤੱਕ ਵੀ ਪਹੁੰਚਦਾ ਹੈ। ਕੁੱਟਮਾਰ ਵੀ ਹੋ ਜਾਂਦੀ ਹੈ ਅਤੇ ਥਾਣਿਆਂ ਤੱਕ ਵੀ ਗੱਲ ਪਹੁੰਚ ਜਾਂਦੀ ਹੈ।
ਚਾਹੇ ਸ਼ਹਿਰਾਂ ਵਿੱਚ ਥਾਂ-ਥਾਂ ਤੇ ਗਊਸ਼ਾਲਾਵਾਂ ਬਣ ਚੁੱਕੀਆਂ ਹਨ ਪਰ ਇਹਨਾਂ ਵਿੱਚ ਵੀ ਅਵਾਰਾ ਪਸ਼ੂਆਂ ਨੂੰ ਨਹੀਂ ਰੱਖਿਆ ਜਾਂਦਾ ਹੈ ਕਿਉਂਕਿ ਗਊਸ਼ਾਲਾਵਾਂ ਵਿੱਚ ਸਿਰਫ ਮੁਨਾਫਾ ਦੇਣ ਵਾਲੇ ਜਾਂ ਦੁੱਧ ਦੇਣ ਵਾਲੇ ਪਸ਼ੂ ਹੀ ਰੱਖੇ ਜਾਂਦੇ ਹਨ। ਜੋ ਪਸ਼ੂ ਕਿਸੇ ਤਰ੍ਹਾਂ ਦਾ ਮੁਨਾਫਾ ਨਹੀਂ ਦਿੰਦੇ ਉਹਨਾਂ ਨੂੰ ਬਾਹਰ ਛੱਡ ਦਿੱਤਾ ਜਾਂਦਾ ਹੈ। ਅਕਸਰ ਗਊਸ਼ਾਲਾਵਾਂ ਦੇ ਬਾਹਰ ਇਹ ਅਵਾਰਾ ਪਸ਼ੂ ਬੈਠੇ ਨਜ਼ਰ ਆਉ ਹਨ। ਇਹਨਾਂ ਅਵਾਰਾ ਫਿਰਦੇ ਪਸ਼ੂਆਂ ਦੇ ਡਰ ਕਾਰਨ ਲੋਕ ਘਰੋਂ ਨਿਕਲਣ ਤੋਂ ਵੀ ਡਰਦੇ ਹਨ। ਡਰਦੇ ਮਾਰੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਵੀ ਬੰਦ ਰੱਖਦੇ ਹਨ।
ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ। ਹਰ ਇੱਕ ਵਿਅਕਤੀ ਨੂੰ ਆਜਾਦੀ ਹੈ ਕਿ ਆਪਣੇ ਧਾਰਮਿਕ ਅਕੀਦੇ ਤੇ ਵਿਸ਼ਵਾਸ ਅਨੁਸਾਰ ਜ਼ਿੰਦਗੀ ਜੀਵੇ, ਇਸ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਗਾਵਾਂ ਅਤੇ ਬਾਂਦਰਾਂ ਨਾਲ ਭਾਰਤ ਦੇ ਬਹੁ-ਗਿਣਤੀ ਫਿਰਕੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਲਈ ਇਹਨਾਂ ਨੂੰ ਕਾਬੂ ਕਰਨਾ ਮੁਸ਼ਕਿਲ ਹੈ। ਭਾਰਤ ਦੇ ਬਹੁ-ਗਿਣਤੀ ਧਾਰਮਿਕ ਫਿਰਕੇ ਨੂੰ ਜੇ ਇਹ ਪਸ਼ੂ ਪੂਜਣਯੋਗ ਲੱਗਦੇ ਹਨ ਤਾਂ ਉਸਨੂੰ ਪੂਜਣ ਦੀ ਖੁੱਲ ਹੋਣੀ ਚਾਹੀਦੀ ਹੈ ਪਰ ਬਾਕੀਆਂ ਉਪਰ ਇਹ ਵਿਸ਼ਵਾਸ ਆਰੋਪਿਤ ਕਰਨਾ ਗਲਤ ਹੈ। ਜਿਹੜੇ ਲੋਕਾਂ ਨੂੰ ਕੋਈ ਵਿਸ਼ੇਸ ਜਾਨਵਰ ਪੂਜਣ ਯੋਗ ਲੱਗਦਾ ਹੈ। ਉਸਦੀ ਸਾਂਭ-ਸੰਭਾਲ ਦਾ ਜ਼ਿੰਮਾ ਵੀ ਉਸ ਵਰਗ ਜਾਂ ਧਾਰਮਿਕ ਫਿਰਕੇ ਦਾ ਹੋਣਾ ਚਾਹੀਦਾ ਹੈ।ਜੇ ਇਹਨਾਂ ਪਸ਼ੂਆਂ ਦੀ ਸਾਂਭ ਸੰਭਾਲ ਹੀ ਨਹੀਂ ਕਰਨੀ ਤਾਂ ਸਭ ਲੋਕਾਂ ਤੋਂ ਟੈਕਸ ਲੈਣਾ ਨਾਵਾਜਬ ਹੈ। ਇਸ ਟੈਕਸ ਤੋਂ ਸਾਰੇ ਵਰਗ ਹੀ ਨਾ ਖੁਸ਼ ਹਨ ਪਰ ਇਸਦੇ ਵਿਰੁੱਧ ਕੋਈ ਵੀ ਸਿਆਸੀ ਪਾਰਟੀ ਨਹੀਂ ਬੋਲਦੀ ਕਿਉਂਕਿ ਸਭ ਪਾਰਟੀਆਂ ਨੂੰ ਡਰ ਲੱਗਦਾ ਹੈ ਕਿ ਕਿਤੇ ਇਹ ਧਾਰਮਿਕ ਮੁੱਦਾ ਨਾ ਬਣ ਜਾਵੇ। ਕਿਸਾਨ ਤਾਂ ਇਸ ਸਮੱਸਿਆ ਤੋਂ ਦੂਹਰੇ ਰੂਪ ਵਿੱਚ ਪੀੜਤ ਹਨ ਕਿਉਂਕਿ ਇਕ ਪਾਸੇ ਤਾਂ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਦੂਜੇ ਪਾਸੇ ਉਹਲਾਂ ਨੂੰ ਬਿਜਲੀ ਬਿੱਲ ਉਪਰ ਗਊ ਸੈਸ ਲੱਗ ਰਿਹਾ ਹੈ। ਦਿਲਚਸਪ ਗੱਲ ਹੈ ਕਿ ਛੱਤੀ ਪ੍ਰਕਾਰ ਦੀਆਂ ਕਿਸਾਨ ਯੂਨੀਅਨਾਂ ਵੀ ਚੁੱਪ ਹਨ। ਇਸਦਾ ਅਸਲ ਕਾਰਨ ਧਾਰਮਿਕ ਸੰਸਕਾਰਾਂ ਤੋਂ ਵੱਧ ਲੋਕ ਕੀ ਕਹਿਣਗੇ ਦੀ ਧਾਰਨਾ ਹੈ। ਕਿਸੇ ਬੇਜ਼ੁਬਾਨ ਜਾਨਵਰ ਨੂੰ ਮਾਰਨਾ ਜਾਂ ਤੰਗ ਪੇਰਸ਼ਾਨ ਕਰਨਾ ਗਲਤ ਹੈ ਪਰ ਜਦੋਂ ਅਵਾਰਾ ਜਾਨਵਰ ਇਨਸਾਨਾਂ ਨੂੰ ਬੇਵਜ੍ਹਾ ਮਾਰਨ ਅਤੇ ਤੰਗ ਕਰਨ ਤਾਂ ਘੱਟੋ ਘੱਟ ਜਾਨਵਰਾਂ ਨੂੰ ਮਾਰਨਾ ਨਹੀਂ ਤਾਂ ਇਨ੍ਹਾਂ ਨੂੰ ਕਾਬੂ ਵਿੱਚ ਰੱਖਣ ਦਾ ਪ੍ਰਬੰਧ ਤਾਂ ਕਰਨਾ ਹੀ ਚਾਹੀਦਾ ਹੈ। ਅੱਜ ਲੋੜ ਹੈ ਪੰਜਾਬ ਦੇ ਇਸ ਮਹੱਤਵਪੂਰਨ ਮਸਲੇ ਬਾਰੇ ਆਵਾਜ਼ ਉਠਾਈ ਜਾਵੇ ਅਤੇ ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇ ਕਿ ਅਵਾਰਾ ਪਸ਼ੂਆਂ ਦਾ ਕੋਈ ਪ੍ਰਬੰਧ ਕਰੇ ਅਤੇ ਜੇ ਕੋਈ ਪ੍ਰਬੰਧ ਨਹੀਂ ਹੁੰਦਾ ਤਾਂ ਗਊ ਸੈਸ ਨੂੰ ਹਟਾਇਆ ਜਾਵੇ। ਸਰਕਾਰ ਨੂੰ ਇਸ ਸਮੱਸਿਆ ਵੱਲ ਧਿਆਨ ਦੇਣ ਦੀ ਬਹੁਤ ਜਿਆਦਾ ਲੋੜ ਹੈ। ਸਰਕਾਰ ਨੂੰ ਚਾਹੀਦਾ ਏ ਕਿ ਗਊਸ਼ਾਲਾਵਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਕਿ ਗਊਸ਼ਾਲਾ ਵਾਲੇ ਵੱਡੇ ਮੈਦਾਨਾਂ ਦਾ ਪ੍ਰਬੰਧ ਕਰ ਸਕਣ ਅਤੇ ਲੋਕ ਦੁਰਘਟਨਾਵਾਂ ਤੋਂ ਬਚ ਸਕਣ। ਮਨੁੱਖੀ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।

WRITTEN BY