ਜਲੰਧਰ -ਸਮੂਹ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਐਸੋਸੀਏਸ਼ਨ ਨੇ ਸਰਕਾਰੀ ਸਹਾਇਤਾ ਪ੍ਰਾਪਤ ਗ੍ਰਾਂਟ ਇਨ ਏਡ ਸਕੀਮ ਅਧੀਨ ਮਨਜੂਰਸ਼ੁਦਾ 1926 ਅਸਾਮੀਆਂ ਕਾਲਜਾਂ ਵਿੱਚ ਕੰਟਰੈਕਟ ’ਤੇ ਭਰਤੀ ਕੀਤੇ ਅਸਿਸਟੈਂਟ ਪ੍ਰੋਫੈਸਰਾਂ ਨੂੰ ਪੂਰੀ ਤਨਖਾਹ ਦੇਣ ਦੀ ਮੰਗ ਕੀਤੀ ਹੈ। ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦਸਿਆ ਕਿ ਪ੍ਰਿੰਸੀਪਲਾਂ ਦੀ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿੱਚ ਉਚੇਰੀ ਸਿੱਖਿਆ ਨਾਲ ਸੰਬੰਧਤ ਗੰਭੀਰ ਮੁੱਦਿਆ ‘ਤੇ ਵਿਚਾਰ ਚਰਚਾ ਹੋਈ। ਉਹਨਾਂ ਨੇ ਸਰਕਾਰ ਦੁਆਰਾ ਸਰਕਾਰੀ ਹਸਪਤਾਲਾਂ ਵਿੱਚ ਨਵੇਂ ਭਰਤੀ ਹੋਣ ਵਾਲੇ ਡਾਕਟਰਾਂ ਨੂੰ ਪੂਰੀ ਤਨਖਾਹ ਦੇਣ ਦੇ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਸਮਾਜ ਦੀਆਂ ਮੁਢਲੀਆਂ ਲੋੜਾਂ ਹਨ। ਇਹਨਾਂ ਦੀ ਪੂਰਤੀ ਨਾਲ ਹੀ ਸਮਾਜ ਸਰੀਰਿਕ ਅਤੇ ਬੌਧਿਕ ਪੱਧਰ ’ਤੇ ਤੰਦਰੁਸਤ ਰਹਿ ਸਕਦਾ ਹੈ। ਉਹਨਾਂ ਇਹ ਵੀ ਕਿਹਾ ਕਿ ਕਾਲਜਾਂ ਵਿੱਚ ਪੱਕੇ ਅਤੇ ਰੈਗੂਲਰ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।ਅਧਿਆਪਕ ਇਸ ਖੇਤਰ ਨੂੰ ਛੱਡ ਰਹੇ ਹਨ। ਜੇਕਰ ਅਜਿਹੀ ਹਾਲਤ ਰਹੀ ਤਾਂ ਕਾਲਜ ਯੋਗ ਅਤੇ ਵਿਦਵਾਨ ਤੋਂ ਸੱਖਣੇ ਰਹਿ ਜਾਣਗੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਕਾਲਜਾਂ ਵਿੱਚ ਗ੍ਰਾਂਟ-ਇਨ-ਏਡ ਸਕੀਮ ਅਧੀਨ ਕੰਟਰੈਕਟ ‘ਤੇ ਭਰਤੀ ਕੀਤੇ ਅਸਿਸਟੈਂਟ ਪ੍ਰੋਫੈਸਰਾਂ ਨੂੰ ਪੱਕੇ ਅਤੇ ਰੈਗੂਲਰ ਕਰਕੇ ਪੂਰੀ ਤਨਖਾਹ ਦਿੱਤੀ ਜਾਵੇ ਅਤੇ ਅੱਗੇ ਤੋਂ ਇਹ ਬਰਤੀ ਕੰਟਰੈਕਟ ਦੀ ਥਾਂ ਪੱਕੀ ਅਤੇ ਰੈਗੂਲਰ ਅਧਾਰ ‘ਤੇ ਕੀਤੀ ਜਾਵੇ। ਉਹਨਾਂ ਕਿਹਾ ਕਿ ਪੱਕੇ ਅਤੇ ਰੈਗੁਲਰ ਅਧਿਆਪਕ ਮਿਹਨਤ, ਲਗਨ, ਅਤੇ ਇਮਾਨਦਾਰੀ ਨਾਲ ਸਿੱਖਿਆ ਅਤੇ ਵਿਦਿਆਰਥੀਆਂ ਅਤੇ ਸਮਾਜ ਪ੍ਰਤੀ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇ ਸਕਦੇ ਹਨ। ਇਸ ਨਾਲ ਹੀ ਸਾਡਾ ਸੂਬਾ ਸਿੱਖਿਆ ਦੇ ਖੇਤਰ ਵਿੱਚ ਸ੍ਰੇਸ਼ਠ ਸੂਬਾ ਬਣ ਸਕਦਾ ਹੈ।
ਪ੍ਰਿੰਸੀਪਲ ਐਸੋਸੀਏਸ਼ਨ ਵੱਲੋਂ ਗ੍ਰਾਂਟ ਇਨ ਏਡ ਸਕੀਮ ਅਧੀਨ ਭਰਤੀ ਅਸਿਸਟੈਂਟ ਪ੍ਰੋਫੈਸਰਾਂ ਨੂੰ ਪੂਰੀ ਤਨਖਾਹ ਦੇਣ ਦੀ ਮੰਗ



