ਕਾਮਯਾਬੀ ਦੀ ਚਾਹਤ ਵਾਲੀ ਪ੍ਰਸਥਿਤੀਆਂ ਅੱਗੇ ਗੋਡੇ ਨਹੀਂ ਟੇਕਦੇ ਸਗੋਂ ਅਜਿਹੇ ਲੋਕ ਤਾਂ ਵਿਰੋਧੀ ਵਕਤ ਦੀ ਪ੍ਰੀਖਿਆ ਦੀ ਆਵੀ ਵਿੱਚੋਂ ਪੱਕ ਕੇ ਸਫ਼ਲ ਇਨਸਾਨਾਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਂਦੇ ਹਨ। ਕੁਝ ਵੱਡਾ ਕਰ ਗੁਜ਼ਰਨ ਦੀ ਇੱਛਾ ਰੱਖਣ ਵਾਲੇ ਲੱਗੇ ਰਹਿੰਦੇ ਹਨ ਅਤੇ ਕਠਿਨਾਈਆਂ ਤੋਂ ਡਰਕੇ ਹਿੰਮਤ ਨਹੀਂ ਹਾਰਦੇ। ਜੋ ਵੱਡੇ ਸੁਪਨੇ ਸਿਰਜਦੇ ਹਨ, ਜੋ ਸਿਖਰ ’ਤੇ ਪਹੁੰਚਣ ਦੀ ਤਮੰਨਾ ਦਿਲਾਂ ਵਿੱਚ ਪਾਲਦੇ ਹਨ, ਉਹ ਇਕ ਦਿਨ ਜ਼ੋਖਮਾਂ ਵਿੱਚੋਂ ਲੰਘਕੇ ਆਪਣੀ ਮੰਜ਼ਿਲ ਦੇ ਰੂ-ਬ-ਰੂ ਹੁੰਦੇ ਹਨ। ਨਾ ਉਹ ਮੁਸ਼ਕਿਲਾਂ ਤੋਂ ਡਰਦੇ ਹਨ ਅਤੇ ਨਾ ਹੀ ਅਸਫਲਤਾਵਾਂ ਤੋਂ ਘਬਰਾਉਂਦੇ ਹਨ। ਅਜਿਹੇ ਲੋਕਾਂ ਬਾਰੇ ਹੀ ਸ਼ਾਇਰ ਹਰੀਬੰਸ ਰਾਏ ਬਚਨ ਨੇ ਲਿਖਿਆ ਸੀ:
ਅਸਫ਼ਲਤਾ ਏਕ ਚੁਣੌਤੀ ਹੈ,
ਇਸੇ ਸਵੀਕਾਰ ਕਰੋ।
ਕਿਆ ਕਮੀ ਰਹਿ ਗਈ,
ਦੇਖੋ ਔਰ ਸੁਧਾਰ ਕਰੋ।
ਜਬ ਤਕ ਨਾ ਸਫ਼ਲ ਹੋ,
ਨੀਦ ਚੈਨ ਕੋ ਤਿਆਗੋ ਤੁਮ,
ਸੰਘਰਸ਼ ਕਾ ਮੈਦਾਨ ਛੋੜ ਕਰ
ਮਤ ਭਾਗੋ ਤੁਮ।
ਕੁਛ ਕਿਯੇ ਬਿਨਾਂ ਹੀ,
ਜੈ ਜੈਕਾਰ ਨਹੀਂ ਹੋਤੀ।
ਕੋਸ਼ਿਸ਼ ਕਰਨੇ ਵਾਲੋਂ ਕੀ,
ਕਭੀ ਹਾਰ ਨਹੀਂ ਹੋਤੀ।
ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ਵਿੱਚ 1970 ਵਿੱਚ ਪੈਦਾ ਹੋਈ ਜੋਈਥੀ ਰੈਡੀ ਅਜਿਹੇ ਸੰਘਰਸ਼ਸ਼ੀਲ ਲੋਕਾਂ ਦੀ ਪ੍ਰੇਰਨਾਮਈ ਉਦਾਹਰਣ ਹੈ, ਜਿਸ ਨੇ ਖੇਤ ਮਜ਼ਦੂਰੀ ਤੋਂ ਅਮਰੀਕੀ ਸਾਫਟਵੇਅਰ ਕੰਪਨੀ ਦੇ ਸੀਈਓ ਤੱਕ ਦਾ ਸਫ਼ਰ ਤਹਿ ਕਰਕੇ ਆਪਣਾ ਨਾਮ ਸਫ਼ਲ ਉਦਮੀਆਂ ਦੀ ਸੂਚੀ ਵਿੱਚ ਦਰਜ ਕਰਵਾਇਆ ਹੈ। ਜੋਈਥੀ ਰੈਡੀ ਗਰੀਬ ਪਰਿਵਾਰ ਵਿੱਚ ਪੈਦਾ ਹੋਈਆਂ ਪੰਜ ਭੈਣਾਂ ਵਿੱਚੋਂ ਦੂਜੇ ਨੰਬਰ ’ਤੇ ਸੀ। ਗਰੀਬੀ ਦੇ ਨਾਲ-ਨਾਲ ਪਰਿਵਾਰ ’ਤੇ ਉਸ ਵੇਲੇ ਵੱਡਾ ਸੰਕਟ ਆ ਪਿਆ ਜਦੋਂ ਜੋਈਥੀ ਦੀ ਮਾਂ ਚਲ ਵੱਸੀ। ਉਸ ਵੇਲੇ ਜੋਈਥੀ ਨੂੰ ਯਤੀਮਖਾਨੇ ਨੂੰ ਸੰਭਾਲ ਦਿੱਤਾ ਗਿਆ। ਯਤੀਮਖਾਨੇ ਵਿੱਚ ਹੀ ਉਸ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ। ਜਦੋਂ ਉਹ 16 ਵਰ੍ਹਿਆਂ ਦੀ ਹੀ ਹੋਈ ਤਾਂ ਉਸ ਦੇ ਪਿਤਾ ਨੇ ਕਿਸੇ ਦੂਰ ਦੀ ਰਿਸ਼ਤੇਦਾਰੀ ਵਿੱਚ ਜੋਈਥੀ ਦੀ ਇੱਛਾ ਦੇ ਵਿਰੁੱਧ ਜਾ ਕੇ ਵਿਆਹ ਕਰ ਦਿੱਤਾ। ਵਿਆਹ ਦੇ ਪਹਿਲੇ ਦੋ ਸਾਲਾਂ ਵਿੱਚ ਉਹ ਦੋ ਬੱਚਿਆਂ ਦੀ ਮਾਂ ਬਣ ਗਈ। ਉਹ ਗਰੀਬੀ ਵਿੱਚ ਜ਼ਿੰਦਗੀ ਨਹੀਂ ਕੱਟਣਾ ਚਾਹੁੰਦੀ ਸੀ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਗਰੀਬੀ ਵਿੱਚ ਵਿਚਰਨ ਲਈ ਮਜ਼ਬੂਰ ਕਰਨਾ ਚਾਹੁੰਦੀ ਸੀ। ਉਸ ਨੇ ਮਜ਼ਦੂਰੀ ਦੇ ਨਾਲ-ਨਾਲ ਹੋਰ ਨੌਕਰੀਆਂ ਕਰਨ ਦੀ ਕੋਸ਼ਿਸ਼ ਆਰੰਭ ਕਰ ਦਿੱਤੀ। 1988 ਵਿੱਚ ਉਸ ਨੂੰ ਬਾਲਗ ਸਿਖਿਆ ਅਧਿਆਪਕ ਦੀ ਨੌਕਰੀ ਮਿਲ ਗਈ ਜਿਸ ਦੇ ਸੇਵਾਫਲ ਵਜੋਂ ਉਸ ਨੂੰ 120 ਰੁਪਏ ਮਹੀਨਾ ਮਿਲਦੇ ਸਨ। ‘‘ਇਨ੍ਹਾਂ ਰੁਪਿਆਂ ਨਾਲ ਮੇਰੇ ਬੱਚਿਆਂ ਨੂੰ ਦੁੱਧ ਅਤੇ ਫਲ ਤਾਂ ਮਿਲਣ ਲੱਗੇ ਸਨ।’’ ਜੋਇਥੀ ਦਾ ਕਹਿਣਾ ਸੀ। ਉਸ ਦੀ ਅਗਲੀ ਨੌਕਰੀ 200 ਰੁਪਏ ਮਹੀਨੇ ਵਾਲੀ ਸੀ। ਆਪਣੇ ਪਤੀ ਦੇ ਵਿਰੋਧ ਦੇ ਬਾਵਜੂਦ ਉਸ ਨੇ ਪਿੰਡ ਛੱਡਕੇ ਹਾਨਾਮਕੋਂਡਾ ਨਾਮ ਦੇ ਕਸਬੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਇਥੇ ਉਸ ਨੇ ਟਾਈਪਿੰਗ ਆਦਿ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਆਮਦਨ ਵਧਾਉਣ ਲਈ ਜੋਈਥੀ ਨੇ ਇਕ ਰੁਪਈਏ ਪ੍ਰਤੀ ਪੇਟੀਕੋਟ ਦੇ ਹਿਸਾਬ ਨਾਲ ਪੇਟੀਕੋਟਾਂ ਦੀ ਸਿਲਾਈ ਸ਼ੁਰੂ ਕਰ ਦਿੱਤੀ। ਉਹ ਹਰ ਰੋਜ਼ 20-25 ਰੁਪਏ ਵਾਧੂ ਕਮਾਉਣ ਲੱਗੀ। ਹੁਣ ਉਸ ਨੂੰ ਇਕ ਲਾਇਬਰੇਰੀਅਨ ਦੀ ਨੌਕਰੀ ਵੀ ਮਿਲ ਗਈ ਸੀ। ਜਦੋਂ ਮਨ ਵਿੱਚ ਕੁਝ ਕਰਨ ਦੀ ਇੱਛਾ ਹੁੰਦੀ ਹੈ ਤਾਂ ਬੰਦਾ ਹਰ ਵਕਤ ਆਪਣੇ ਉਦੇਸ਼ ਦੀ ਪੂਰਤੀ ਲਈ ਮਿਹਨਤ ਕਰਨ ਦੀ ਆਦਤ ਪਾ ਲੈਂਦਾ ਹੈ। ਜੋਈਥੀ ਵੀ ਅਜਿਹੀ ਹੀ ਮਿੱਟੀ ਦੀ ਬਣੀ ਹੋਈ ਸੀ। ਬੱਚੇ ਵੀ ਪਾਲ ਰਹੀ ਸੀ, ਨੌਕਰੀ ਵੀ ਕਰ ਰਹੀ ਸੀ ਅਤੇ ਪੇਟੀਕੋਟਾਂ ਦੀ ਸਿਲਾਈ ਵੀ ਕਰ ਰਹੀ ਸੀ। ਹੁਣ ਉਸ ਨੇ ਅਗਲੇਰੀ ਪੜ੍ਹਾਈ ਲਈ ਉਪਨ ਸਕੂਲ ਵਿੱਚ ਦਾਖਲਾ ਵੀ ਲੈ ਲਿਆ ਸੀ। ਹਰ ਐਤਵਾਰ ਉਹ ਓਪਨ ਸਕੂਲ ਵਿੱਚ ਕਲਾਸਾਂ ਲਾਉਣ ਲੱਗੀ। 1992 ਵਿੱਚ ਉਸ ਨੂੰ ਉਸ ਦੀ ਰਿਹਾਇਸ਼ ਵਾਲੇ ਕਸਬੇ ਤੋਂ 70 ਕਿਲੋਮੀਟਰ ਦੂਰ ਅਧਿਆਪਕ ਦੀ ਨੌਕਰੀ ਮਿਲ ਗਈ। ਇਹ ਤਾਂ ਉਸ ਦੀ ਲੰਬੀ ਮੰਜ਼ਿਲ ਦਾ ਇੱਕ ਛੋਟਾ ਮੀਲ ਪੱਥਰ ਸੀ। ਉਸ ਨੇ ਰੋਜ਼ਾਨਾ ਸਫ਼ਰ ਦਾ ਖਰਚਾ ਪੂਰਾ ਕਰਨ ਲਈ ਰੇਲ ਗੱਡੀ ਵਿੱਚ ਸਾੜੀਆਂ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ।
ਜਦੋਂ ਤੁਹਾਡੇ ਮਨ ਵਿੱਚ ਵੱਡੀਆਂ ਤਮੰਨਾਵਾਂ ਮਚਲ ਰਹੀਆਂ ਹੋਣ ਤਾਂ ਛੋਟੀਆਂ-ਛੋਟੀਆਂ ਉਪਲੱਬਧੀਆਂ ਤੁਹਾਨੂੰ ਸੰਤੁਸ਼ਟ ਨਹੀਂ ਕਰਦੀਆਂ। ਇਨ੍ਹਾਂ ਹੀ ਦਿਨਾਂ ਵਿੱਚ ਜੋਈਥੀ ਦਾ ਇਕ ਰਿਸ਼ਤੇਦਾਰ ਅਮਰੀਕਾ ਤੋਂ ਆਇਆ ਅਤੇ ਉਸ ਨੇ ਅਮਰੀਕੀ ਜੀਵਨ ਬਾਰੇ ਜੋ ਤਸਵੀਰ ਪੇਸ਼ ਕੀਤੀ, ਉਸ ਨਾਲ ਜੋਈਥੀ ਰੈਡੀ ਦੇ ਮਨ ਵਿੱਚ ਅਮਰੀਕਾ ਜਾਣ ਦਾ ਸੁਪਨਾ ਮਚਲਣ ਲੱਗਾ। ਉਸ ਨੇ ਨੌਕਰੀ ਤੋਂ ਛੁੱਟੀ ਲਈ ਅਤੇ ਹੈਰਦਾਬਾਦ ਪਹੁੰਚ ਕੇ ਕੰਪਿਊਟਰ ਸਾਫਟਵੇਅਰ ਦੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਅਤੇ ਨਾਲ ਪਾਸਪੋਰਟ ਆਦਿ ਬਣਾ ਕੇ ਵੀਜ਼ਾ ਅਪਲਾਈ ਕਰ ਦਿੱਤਾ। ਉਹ ਆਪਣੀ ਆਤਮ ਕਥਾ ਵਿਚ ਦਸਦੀ ਹੈ ਕਿ ਅਮਰੀਕਾ ਜਾ ਕੇ ਉਸ ਨੇ ਕਈ ਕਿਸਮ ਦੇ ਛੋਟੇ ਛੋਟੇ ਕੰਮ ਕੀਤੇ। ਉਥੇ ਇਕ ਹੋਰ ਸਮੱਸਿਆ ਨਾਲ ਵੀ ਉਸ ਨੇ ਨਜੀਠਿਆ, ਉਹ ਸਮੱਸਿਆ ਅੰਗਰੇਜ਼ੀ ਬੋਲਣ-ਲਿਖਣ ਦੀ ਸੀ। ਇਉਂ ਆਖਰ ਉਸ ਨੂੰ ਇਕ ਸਾਫਟਵੇਅਰ ਕੰਪਨੀ ਵਿੱਚ ਨੌਕਰੀ ਮਿਲ ਗਈ। ਆਪਣੇ ਤਜ਼ਰਬੇ ਦਾ ਲਾਹਾ ਲੈਂਦੇ ਹੋਏ ਉਸ ਨੇ ਆਪਣੀ ਕੰਪਨੀ ‘ਕੀ ਸਾਫਟਵੇਅਰ ਸਲਿਊਸ਼ਨਜ਼’ ਖੋਲ੍ਹ ਲਈ। ਕਿਸੇ ਸਮੇਂ ਪੰਜ ਰੁਪਏ ਰੋਜ਼ਾਨਾ ਕਮਾਉਣ ਵਾਲੀ ਜੋਈਥੀ ਰੈਡੀ ਅੱਜ ਕਰੋੜਾਂ ਦੀ ਮਾਲਕ ਹੈ। ਇਹ ਸਭ ਕੁੱਝ ਉਸ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।
ਕੁਛ ਕਿਯੇ ਬਿਨਾਂ ਹੀ ਜੈ ਜੈਕਾਰ ਨਹੀਂ ਹੋਤੀ



