ਤੁਰਨਾ, ਉਡਣਾ ਤੇ ਵਗਦੇ ਰਹਿਣ ਦਾ ਅਹਿਸਾਸ ਕਾਫ਼ਲੇ ਦੀਆਂ ਪੰਜਾਬ ਫੇਰੀਆਂ ਦੇ ਦੌਰਾਨ ਉਨ੍ਹਾਂ ਬੱਚਿਆਂ ਨੇ ਕਰਵਾ ਦਿੱਤਾ ਸੀ, ਜਿਨ੍ਹਾਂ ਦੇ ਮਨਾਂ ਦੇ ਉਪਰ ਦਹਿਸ਼ਤ ਨੇ ਧੂੜ ਪਾ ਦਿੱਤੀ ਸੀ। ਉਨ੍ਹਾਂ ਦੇ ਅੰਦਰ ਛੁਪੀ ਪ੍ਰਤਿਭਾ ਇਹ ਸੰਕੇਤ ਦਿੰਦੀ ਸੀ ਕਿ ਜੇਕਰ ਬੱਚਿਆਂ ਨੂੰ ਆਪਣੀ ਕਲਾ ਵਿਖਾਉਣ ਦਾ ਮੌਕਾ ਮਿਲੇ ਤਾਂ ਉਹ ਕਈ ਵਾਰ ਤੁਹਾਡੀ ਸੋਚ ਤੋਂ ਕਈ ਕਦਮ ਅੱਗੇ ਲੰਘ ਜਾਂਦੇ ਹਨ। ਲੋੜ ਤਾਂ ਪਛਾਣਨ ਤੇ ਸੰਭਾਲਣ ਦੀ ਹੁੰਦੀ ਹੈ। ਆਮ ਤੌਰ ਤੇ ਉਨ੍ਹਾ ਸਮਿਆਂ ਵਿੱਚ ਡਰ, ਮੌਤ, ਧਮਾਕਿਆਂ ਤੇ ਧਮਕੀਆਂ ਦੀ ਧੁੰਦ ਏਨੀ ਸੰਘਣੀ ਹੋ ਗਈ ਸੀ, ਸੱਜੇ ਹੱਥ ਨੂੰ ਖੱਬੇ ਹੱਥ ਦੇ ਉਪਰ ਵਿਸ਼ਵਾਸ ਨਹੀਂ ਸੀ ਰਿਹਾ ਪਰ ਲੋਕਾਂ ਦੀ ਭਾਈਚਾਰਕ ਸਾਂਝ ਏਨੀ ਪੀਡੀ ਸੀ, ਉਸ ਨੂੰ ਤੋੜਣ ਲਈ ਯਤਨ ਤਾਂ ਬਹੁਤ ਹੁੰਦੇ ਰਹੇ ਪਰ ਲੋਕਾਂ ਨੇ ਹਾਰ ਨਾ ਮੰਨੀ। ਲੋਕ ਮੌਤ ਦੇ ਸਾਏ ਹੇਠ ਤੁਰ ਰਹੇ ਸੀ, ਘਰਾਂ ਅੰਦਰ ਹੀ ਆਪਣੀਆਂ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ ਨੂੰ ਇੱਕ ਦੂਜੇ ਨਾਲ ਸਾਂਝੇ ਕਰ ਰਹੇ ਸੀ।
ਕਾਫ਼ਲੇ ਦਾ ਮਕਸਦ ਤਾਂ ਪੰਜਾਬ ਵਿੱਚ ਪੁਸਤਕ ਸੱਭਿਆਚਾਰ ਪੈਦਾ ਕਰਨਾ ਤੇ ਬੱਚਿਆਂ ਅੰਦਰ ਛੁਪੀ ਕਲਾ ਨੂੰ ਜਗਾਉਣਾ, ਵਿਖਾਉਣਾ ਤੇ ਸੰਭਾਲਣਾ ਸੀ। ਭਾਵੇਂ ਸੱਭਿਆਚਾਰ ਨੂੰ ਗਾਇਕਾਂ ਨੇ ਹਥਿਆ ਲਿਆ ਸੀ। ਗਿੱਧਾ, ਭੰਗੜਾ ਤੇ ਗੀਤ ਸੰਗੀਤ ਹੀ ਸੱਭਿਆਚਾਰ ਦਾ ਪ੍ਰਤੀਕ ਬਣ ਕੇ ਰਹਿ ਗਿਆ ਸੀ। ਸੱਭਿਆਚਾਰ ਦੀ ਬਹੁਪੱਖੀ ਪ੍ਰੀਭਾਸ਼ਾ ਨੂੰ ਪੈਰੀਂ ਰੋਲਣ ਲਈ ਯਤਨ ਹੋ ਰਹੇ ਸਨ। ਪਰ ਬਾਲਪ੍ਰੀਤ ਮਿਲਣੀ ਕਾਫ਼ਲੇ ਦੀ ਪਹਿਲੀ ਸਫਲ ਫੇਰੀ ਨੇ ਬੱਚਿਆਂ ਦੇ ਅੰਦਰ ਛੁਪੀ ਕਲਾ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਬਸ ਲੋੜ ਤਾਂ ਉਨ੍ਹਾਂ ਨੂੰ ਮੌਕੇ ਮੁਹੱਈਆ ਕਰਨ ਦੀ ਸੀ। ਜਿਸ ਨੂੰ ਕਾਫ਼ਲਾ ਆਪਣੀ ਪਹੁੰਚ ਅਨੁਸਾਰ ਕਰ ਰਿਹਾ ਸੀ।
ਕਿਤਾਬਾਂ ਦਾ ਪਾਠਕ ਕੋਲ ਖ਼ੁਦ ਚੱਲ ਕੇ ਜਾਣਾ, ਮਹਿਜ਼ ਇੱਕ ਘਟਨਾ ਨਹੀਂ ਸੀ, ਇਸ ਦੇ ਅੰਦਰ ਉਹ ਵਿਚਾਰਧਾਰਾ ਵੀ ਸੀ, ਜਿਹੜੀ ਉਸ ਮਿੱਥ ਨੂੰ ਤੋੜਦੀ ਸੀ। ਅਸੀਂ ਅਕਸਰ ਹੀ ਇਹ ਆਖਦੇ ਹਾਂ ਕਿ ‘ਬੰਦੇ ਨੂੰ ਬੰਦਾ ਮਿਲ ਜਾਂਦਾ ਹੈ, ਪਰ ਖੂਹ ਨੂੰ ਖੂਹ ਨਹੀਂ ਮਿਲਦੇ।’ ਪਰ ਕਾਫ਼ਿਲੇ ਦੀਆਂ ਫੇਰੀਆਂ ਨੇ ਇਸ ਮਿੱਥ ਨੂੰ ਤੋੜਿਆ ਹੀ ਨਹੀਂ ਸਗੋਂ ਹੱਥਾਂ ’ਤੇ ਸਰ੍ਹੋਂ ਜੰਮਾਅ ਕੇ ਵਿਖਾਈ। ਕਾਫ਼ਲੇ ਦੇ ਨਾਲ ਜਿੰਨੇ ਵੀ ਤੁਰ ਰਹੇ ਸਨ, ਕਿਸੇ ਨਾ ਕਿਸੇ ਕਲਾ ਦੇ ਮਹਾਂਰਥੀ ਸਨ, ਜਿਹੜੇ ਆਪਣੀ ਕਲਾ ਦਾ ਜੌਹਰ ਵਿਖਾ ਰਹੇ ਸਨ। ਇਸ ਦੇ ਨਾਲ ਹੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਪ੍ਰਕਾਸ਼ਕ ਵੀ ਸਨ।
ਸਮਾਗਮ ਦੌਰਾਨ ਹਰ ਸ਼ਹਿਰ ਤੇ ਕਸਬੇ ਵਿੱਚ ਪਹਿਲਾਂ ਨਗਰ ਫੇਰੀ ਹੁਮਦੀ ਸੀ। ਫੇਰੀ ਦੌਰਾਨ ਸਕੂਲਾਂ ਦੇ ਬੱਚਿਆਂ ਦੇ ਹੱਥਾਂ ਵਿੱਚ ਪੁਸਤਕਾਂ ਦੀ ਸਾਰਥਿਕਤਾ ਨੂੰ ਦਰਸਾਉਂਦੇ ਬੈਨਰ ਤੇ ਮਾਟੋ ਹੁੰਦੇ ਸਨ। ਹਰਮੀਤ ਵਿਦਿਆਰਥੀ, ਕੇਵਲ ਧਾਲੀਵਾਲ, ਡਾ: ਕੰਵਲਜੀਤ ਕੌਰ ਢਿੱਲੋਂ, ਅਮਰਜੀਤ ਕੌਰ ਤੇ ਹੋਰ ਸਾਥੀ ਵਾਰੀ ਵਾਰੀ ਲਾਊਡ ਸਪੀਕਰ ਦੇ ਰਾਹੀਂ ਪੁਸਤਕਾਂ ਦੀ ਮਹੱਤਤਾ ਦੇ ਨਾਅਰਿਆਂ ਨੂੰ ਪਹਿਲਾਂ ਬੋਲਦੇ, ਬਾਅਦ ਵਿੱਚ ਬੱਚੇ ਉਸ ਨੂੰ ਲਗਾਤਾਰ ਬੋਲਦੇ, ਹਰ ਸ਼ਬਦ ਨੂੰ ਧੀਮੀ ਤੇ ਸਾਫ਼ ਆਵਾਜ਼ ਵਿੱਚ ਬੋਲਿਆ ਜਾਂਦਾ ਸੀ ਤਾਂਕਿ ਆਲੇ ਦੁਆਲੇ ਖੜ੍ਹੇ ਲੋਕਾਂ ਨੂੰ ਉਸ ਨਾਅਰੇ ਦੇ ਸ਼ਬਦ ਸ਼ਬਦ ਸਮਝ ਆ ਸਕਣ।
ਸਮਾਗਮ ਵਾਲੀ ਥਾਂ ਉਤੇ ਪਹਿਲਾਂ ਹੀ ਕਮਲਜੀਤ ਨੀਲੋਂ ਤੇ ਬੱਚੇ ਆਪਣੀ ਪੂਰੀ ਤਿਆਰੀ ਨਾਲ ਕਾਫ਼ਲੇ ਦੇ ਪੰਡਾਲ ’ਚ ਦਾਖ਼ਲ ਹੋਣ ਦੀ ਉਡੀਕ ਵਿੱਚ ਬਾਹਰ ਮੁੱਖ ਦਰਵਾਜ਼ੇ ਵੱਲ ਨਜ਼ਰਾਂ ਗੱਡੀ ਖੜ੍ਹੇ ਹੁੰਦੇ ਸਨ। ਪੰਡਾਲ ਦੇ ਆਲੇ ਦੁਆਲੇ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ ਦੀ ਸਮੁੱਚੀ ਟੀਮ ਡਾ: ਬਲਦੇਵ ਸਿੰਘ ਬੱਦਨ ਦੀ ਅਗਵਾਈ ਵਿੱਚ ਦੇਸ਼ ਦੀਆਂ ਬੇਹਤਰੀਨ ਕਿਤਾਬਾਂ ਦੀ ਸਟਾਲ ਸਜਾਈ ਬੈਠੀ ਹੁੰਦੀ ਸੀ। ਪੰਜਾਬ ਬੁੱਕ ਸੈਂਟਰ ਚੰਡੀਗੜ੍ਹ ਵਾਲੇ ਵਿਨੋਦ ਦੀ ਦੇਖ ਰੇਖ ਹੇਠ ਵੱਖ ਵੱਖ ਤਰ੍ਹਾਂ ਦੀਆਂ ਕਿਤਾਬਾਂ ਨਾਲ ਲਗਾਤਾਰ ਤੁਰ ਰਹੇ ਸਨ। ਇਸ ਤੋਂ ਇਲਾਵਾ ਚਿਲਡਰਨ ਬੁੱਕ ਟਰੱਸਟ ਆਫ਼ ਇੰਡੀਆ ਦੇ ਹੋਰ ਕਈ ਪ੍ਰਕਾਸ਼ਕ ਵੱਖ ਵੱਖ ਸਾਹਿਤ ਦੀਆਂ ਵੰਨਗੀਆਂ ਦੀਆਂ ਕਿਤਾਬਾਂ ਲੈ ਕੇ ਹਾਜ਼ਰ ਹੁੰਦੇ ਸਨ।
ਕਾਫ਼ਲੇ ਦੀ ਨਗਰ ਫੇਰੀ, ਸਾਹਿਤਕ ਮੁਕਾਬਲੇ, ਗੀਤ ਸੰਗੀਤ ਤੇ ਤਕਰੀਰਾਂ ਦਾ ਮੁੱਖ ਉਦੇਸ਼ ਪੁਸਤਕਾਂ ਦੀ ਮਹੱਤਤਾ ਦੁਆਲੇ ਹੀ ਹੁੰਦਾ ਸੀ। ਰਾਜਸਥਾਨੀ ਕਲਾਕਾਰ ਜੇ ਪੁਤਲੀਆਂ ਦਾ ਨਾਚ ਦਿਖਾਉਂਦੇ ਤਾਂ ਉਹ ਮਾਈਕ ’ਤੇ ਕਿਤਾਬਾਂ ਦੀਆਂ ਗੱਲਾਂ ਕਰਦੇ। ਕਮਲਜੀਤ ਨੀਲੋਂ ਦੇ ਤਾਂ ਸਾਰੇ ਹੀ ਗੀਤ ਪੁਸਤਕਾਂ ਦੀ ਮਹੱਤਤਾ ਦੇ ਦੁਆਲੇ ਘੁੰਮਦੇ ਸਨ। ਕੇਵਲ ਧਾਲੀਵਾਲ ਦੀ ਨਾਟ ਮੰਡਲੀ ਹਮੇਸ਼ਾ ਹਰ ਥਾਂ ਖਿੱਚ ਦਾ ਕੇਂਦਰ ਬਣਦੀ। ਬਾਂਸ ਦੀਆਂ ਸੋਟੀਆਂ ’ਤੇ ਚੜ੍ਹੇ ਕਲਾਕਾਰ ਵੱਖ-ਵੱਖ ਮੁਖੋਟਿਆਂ, ਪ੍ਰਤੀਕਾਂ ਦੇ ਨਾਲ ਪੁਸਤਕਾਂ ਦੀਆਂ ਝਾਕੀਆਂ ਪੇਸ਼ ਕਰਦੇ ਸਨ। ਲੋਕਾਂ ਦੀ ਖਿੱਚ ਦਾ ਕੇਂਦਰ ਬਣਦੇ।
ਕਾਫ਼ਲੇ ਦੀ ਫੇਰੀ ਦੌਰਾਨ ਹਰ ਥਾਂ ’ਤੇ ਨਵੇਂ ਨਵੇਂ ਲੋਕ ਤੇ ਬੱਚੇ ਆਉਂਦੇ ਜਿਨ੍ਹਾਂ ਲਈ ਕਿਤਾਬਾਂ ਦੀਆਂ ਦੁਕਾਨਾਂ ਅਚੰਭਾ ਸਨ। ਉਹ ਕਿਤਾਬਾਂ ਨੂੰ ਵੇਖਦੇ, ਫਰੋਲਦੇ, ਪੜ੍ਹਦੇ ਤੇ ਖਰੀਦਦੇ। ਕਾਫ਼ਲੇ ਵਲੋਂ ਇਸ ਗੱਲ ਉਤੇ ਜ਼ੋਰ ਦਿੱਤਾ ਜਾਂਦਾ ਸੀ, ਤੁਸੀਂ ਕਿਤਾਬਾਂ ਨੂੰ ਦੇਖੋ, ਪੜ੍ਹੋ ਤੇ ਚੰਗੀ ਲੱਗੀ ਤਾਂ ਖ਼ਰੀਦੋ। ਦੂਜੀ ਫੇਰੀ ਦੌਰਾਨ ਕਾਫ਼ਲੇ ਵਲੋਂ ਇੱਕ ਪੰਡਾਲ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਵੰਨਗੀਆਂ ਦੀਆਂ ਰੰਗ ਰੰਗ ਬਿਰੰਗੀਆਂ ਕਿਤਾਬਾਂ ਨੂੰ ਰੱਖਿਆ ਗਿਆ। ਜਿਸ ਦੇ ਬਾਹਰ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ-‘ਬੱਚਿਓ, ਤੁਸੀਂ ਕਿਤਾਬਾਂ ਨੂੰ ਦੇਖੋ, ਪੜ੍ਹੋ ਤੇ ਚੰਗੀ ਲੱਗਦੀ ਹੈ ਤਾਂ ਦੱਸ ਕੇ ਲੈ ਜਾਓ।’ ਬੱਚੇ ਕਿਤਾਬਾਂ ਨੂੰ ਦੇਖਦੇ, ਪੜ੍ਹਦੇ, ਆਪਣੀਆਂ ਕਲਪਨਾਵਾਂ ਦੇ ਸਹਾਰੇ ਕਹਾਣੀਆਂ ਬਣਾਉਂਦੇ, ਖ਼ੁਸ਼ ਹੁੰਦੇ, ਚਾਂਗਰਾਂ ਮਾਰਦੇ, ਚੋਲ੍ਹਰ ਪਾਉਂਦੇ।
ਕਿਤਾਬਾਂ ਦਾ ਇਸ ਤਰ੍ਹਾਂ ਪਾਠਕਾਂ ਕੋਲ ਖ਼ੁਦ ਚੱਲ ਕੇ ਜਾਣਾ, ਪੰਜਾਬ ਲਈ ਇਹ ਪਹਿਲੀ ਅਨੋਖੀ ਘਟਨਾ ਸੀ। ਆਮ ਤੌਰ ਤੇ ਪਾਠਕ ਆਪਣੀ ਰੁਚੀ ਤੇ ਪਸੰਦੀਦਾ ਕਿਤਾਬਾਂ ਸ਼ਹਿਰ ਵਿੱਚੋਂ ਖ਼ਰੀਦਣ ਦੁਕਾਨਾਂ ’ਤੇ ਜਾਂਦਾ ਸੀ ਪਰ ਕਾਫ਼ਲੇ ਵਾਲਿਆਂ ਨੇ ਲੋਕਾਂ ਦੇ ਘਰਾਂ ਦੇ ਬੂਹਿਆਂ ਤੱਕ ਕਿਤਾਬਾ ਨੂੰ ਲੇ ਕੇ ਜਾਣ ਦੇ ਮਕਸਦ ਨੇ ਉਨ੍ਹਾਂ ਨੂੰ ਤੋੜਿਆ ਕਿ ਪਿਆਸਾ ਖੂਹ ਕੋਲ ਚੱਲ ਕੇ ਜਾਂਦਾ ਹੈ, ਖੂਹ ਪਿਆਸੇ ਦੇ ਕੋਲ ਨਹੀਂ ਜਾਂਦਾ। ਪਰ ਕਿਤਾਬਾਂ ਦਾ ਪਾਠਕਾਂ ਕੋਲ ਚੱਲ ਕੇ ਜਾਣਾ ਇਸ ਨੂੰ ਨਕਾਰਦਾ ਸੀ, ਲੋੜ ਤਾਂ ਬੱਸ ਮੌਕਿਆਂ ਦੀ ਸੀ, ਜਿਸ ਨੂੰ ਕਾਫ਼ਿਲੇ ਵਾਲਿਆਂ ਨੇ ਸੰਭਾਲਿਆ ਸੀ। ਲੋਕ ਕਿਤਾਬਾਂ ਦੇਖਦੇ ਹੀ ਨਹੀਂ ਸਨ, ਸਗੋਂ ਭਾਰੀ ਗਿਣਤੀ ਵਿੱਚ ਖ਼ਰੀਦਦੇ ਵੀ ਸਨ। ਕਾਫ਼ਲੇ ਦੇ ਨਾਲ ਤੁਰਨ ਵਾਲੇ ਪ੍ਰਕਾਸ਼ਕਾਂ ਦੇ ਹੁਣ ਤੱਕ ਵੀ ਇਹ ਖ਼ਤ ਆਉਂਦੇ ਰਹਿੰਦੇ ਹਨ ਕਿ ਇਸ ਤਰ੍ਹਾਂ ਕਾਫ਼ਲਾ ਫਿਰ ਤੋਰਿਆ ਜਾਵੇ।
ਪਰ ਤੁਰਨ ਲਈ ਸ਼ਕਤੀ ਤੇ ਵਿਚਾਰਧਾਰਾ ਦੀ ਲੋੜ ਹੁੰਦੀ ਹੈ। ਜਦੋਂ ਸ਼ਬਦ ਤੋਂ ਬੇਮੁੱਖ ਕਰਨ ਤੇ ਹੋਣ ਦੇ ਵਿੱਚ ਦੋਵੇਂ ਧਿਰਾਂ ਸ਼ਾਮਿਲ ਹੋ ਜਾਣ ਤਾਂ ਵਗਦਾ ਪਾਣੀ ਝੀਲ ਬਣ ਜਾਂਦਾ ਹੈ, ਉਡਦੇ ਪੰਛੀਆਂ ਦੇ ਜਦੋਂ ਪਰ ਕੁਤਰਨ ਵਾਲੇ ਕੈਂਚੀਆਂ ਚੁੱਕੀ ਫਿਰਨ ਤਾਂ ਪੰਛੀ ਆਲ੍ਹਣੇ ਛੱਡ ਜਾਂਦੇ ਹਨ। ਜਦੋਂ ਕੰਨਾਂ ਵਿੱਚ ਸਿੱਕਾ ਤੇ ਜੀਭਾਂ ਟੁੱਕਣ ਤੇ ਅੱਖਾਂ ਵਿੱਚ ਸ਼ਰਧਾ ਦੀ ਧੂੜ ਚਟਾਉਣ ਦਾ ਮਾਹੌਲ ਬਣ ਜਾਵੇ ਤਾਂ ਅਜਿਹੇ ਕਾਫ਼ਲਿਆਂ ਦਾ ਤੁਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਗਰਜ਼ਾਂ ਦੇ ਨਾਲੋਂ ਫ਼ਰਜ਼ਾਂ ਦੀ ਪਛਾਣ ਕਰਨੀ, ਉਨ੍ਹਾਂ ਚਿੰਤਕਾਂ ਦੀ ਹ ੁੰਦੀ ਹੈ, ਜਿਹੜੇ ਸਮਾਜ ਦੇ ਰਾਹ ਦਿਸੇਰਾ ਹੁੰਦੇ ਹਨ। ਇਨ੍ਹਾਂ ਸਮਿਆਂ ਵਿੱਚ ਪੁਸਤਕਾਂ ਤੇ ਲੇਖਕਾਂ ਦੀੌ ਭੀੜ ਵਧ ਰਹੀ ਹੈ। ਕਿਤਾਬਾਂ ਦਾ ਹੜ੍ਹ ਆ ਰਿਹਾ ਹੈ, ਪਰ ‘ਸ਼ਬਦ’ ਗੁਆਚ ਰਹੇ ਹਨ। ਹਵਾ ’ਚ ਹਰਫ਼ ਲਿਖੇ ਜਾ ਰਹੇ ਹਨ ਤੇ ਵਗਦੇ ਪਾਣੀਆਂ ਤੇ ਤਸਵੀਰਾਂ ਬਣਾ ਕੇ, ਲੋਕਾਂ ਦੀ ਸੋਚ ਨੂੰ ‘ਖੂਹ’ ਦੇ ਕੋਲ ਜਾਣ ਦੀ ਤੜਫ ਵਧਾਈ ਜਾ ਰਹੀ ਹੈ। ਪਰ ਕਾਫ਼ਲਾ ਕਿਤਾਬਾਂ ਲੈ ਕੇ ਪਾਠਕਾਂ ਤੱਕ ਖ਼ੁਦ ਗਿਆ। ਲੋੜ ਹੈ, ਇਹੋ ਜਿਹੇ ਕਾਫ਼ਲਿਆਂ ਦੀ, ਜਿਹੜੇ ਸਾਨੂੰ ਵਿਰਸੇ ਤੇ ਵਿਰਾਸਤ ਨਾਲ ਜੋੜਦੇ ਹਨ।
ਜਦੋਂ ਖੂਹ ਚੱਲ ਕੇ ਪਿਆਸਿਆਂ ਕੋਲ ਗਏ



