ਕਿਸੇ ਦੇਸ਼ ਜਾਂ ਕਿਸੇ ਸਮਾਜ ਦੀ ਪਹਿਚਾਣ ਉਥੋਂ ਦੇ ਸਭਿਆਚਾਰ, ਰਸਮਾਂ-ਰਿਵਾਜ਼ਾਂ ਅਤੇ ਲੋਕਾਂ ਦੀਆਂ ਸਮਾਜਿਕ ਕਿਰਿਆਵਾਂ ਨਾਲ ਉਨ੍ਹਾ ਦੇ ਜੀਵਨ ਰੂਪੀ ਚੱਜ-ਆਚਾਰ ਵਿਚੋਂ ਝਲਕਦੀ ਹੈ। ਸਮਾਜ ਵਿਚਲੇ ਲੋਕ ਕਿਸ ਤਰ੍ਹਾਂ ਦੇ ਹਨ ਇਸ ਦਾ ਪਤਾ ਸਮਾਜ ਵਿਚਲੀ ਬਣਤਰ ਤੇ ਸਮਾਜਿਕ ਸਰੋਕਾਰਾਂ ਤੋਂ ਲਗਦਾ ਹੈ। ਸਿਹਤਮੰਦ ਸਮਾਜ ਦੀ ਸਿਰਜਣਾ ਤਾਂ ਹੀ ਹੋ ਸਕਦੀ ਹੈ ਜੇਕਰ ਸਮਾਜ ਵਿਚ ਚੰਗੇ ਗੁਣਾਂ ਅਤੇ ਸਿੱਖਿਆਵਾਂ ਦਾ ਪਸਾਰਾ ਹੋ ਸਕੇ। ਜੋ ਅਸੀਂ ਅੱਜ ਸਮਾਜ ਨੂੰ ਦੇਣ ਦੇ ਰਹੇ ਹਾਂ ਕੁਝ ਸਮਾਂ ਚੱਲ ਕੇ ਜਾਂ ਫਿਰ ਕਿਸੇ ਨਾ ਕਿਸੇ ਰੂਪ ਵਿਚ ਸਮਾਜ ਵਿਚੋਂ ਉਸਦਾ ਵਾਪਸ ਸਾਨੂੰ ਮਿਲਣਾ ਨਿਸ਼ਚਿਤ ਹੁੰਦਾ ਹੈ। ਅੱਜ ਜੋ ਵੀ ਸਮਾਜ ਅੰਦਰ ਘਟਨਾਵਾਂ ਜਾਂ ਕਿਰਿਆਵਾਂ ਵਾਪਰ ਰਹੀਆਂ ਹਨ ਉਹ ਆਉਣ ਵਾਲੇ ਸਮੇਂ ਅਤੇ ਭਵਿੱਖ ਦੀ ਪੀੜ੍ਹੀ ਨੂੰ ਨਿਸ਼ਚਿਤ ਹੀ ਪ੍ਰਭਾਵਿਤ ਕਰਦੇ ਹਨ।
ਪੰਜਾਬ ਦੇ ਅਗਰ ਇਤਿਹਾਸ ਵੱਲ ਝਾਤ ਮਾਰੀਏ ਤਾਂ ਇਹ ਪੰਜਾਬ ਜੋ ਕਦੇ ਦੇਸ਼ ਪੰਜਾਬ ਵਜੋਂ ਜਾਣਿਆ ਜਾਂਦਾ ਸੀ ਅਤੇ ਇਸ ਦਾ ਵਿਸ਼ਾਲ ਖਿੱਤਾ ਇਸਦੀ ਸਰਦਾਰੀ ਦੀ ਗਵਾਹੀ ਭਰਦਾ ਸੀ। ਕਦੇ ਵੀ ਕਿਸੇ ਈਨ ਨਾ ਮੰਨਣ ਵਾਲਾ ਪੰਜਾਬ ਹਰ ਦੁਸ਼ਮਣ ਨੂੰ ਲੋਹੇ ਦੇ ਚਨੇ ਚਬਵਾ ਕੇ ਵਾਪਸ ਮੋੜਦਾ ਰਿਹਾ ਹੈ ਅਤੇ ਇਸ ਧਰਤੀ ਦੀ ਸ਼ਾਨ ਨੂੰ ਬਰਕਰਾਰ ਰੱਖਣ ਵਾਲੇ ਸਿਰਲੱਥ ਯੋਧਿਆਂ ਨੇ ਅਬਦਾਲੀ, ਮੁਗਲਾਂ ਅਤੇ ਅੰਗਰੇਜ਼ਾਂ ਜਿਹੇ ਹਮਲਾਵਰਾਂ ਨੂੰ ਇਹ ਭਲੀ ਭਾਂਤ ਦੱਸਿਆ ਕਿ ਸਾਰੀ ਦੁਨੀਆ ਨੂੰ ਜਿੱਤਣਾ ਬੇਸ਼ਕ ਆਸਾਨ ਹੋਵੇ ਪਰ ਗੁਰੂਆਂ ਪੀਰਾਂ ਦੇ ਵਰੋਸਾਏ ਅਤੇ ਮਹਾਨ ਸਿੰਘਾਂ ਸੂਰਮਿਆਂ ਨੂੰ ਜਨਮ ਦੇਣ ਵਾਲੇ ਇਸ ਪੰਜਾਬ ਨਾਮੀ ਖਿੱਤੇ ਨੂੰ ਸਰ ਕਰਨਾ ਸੋਖਾ ਨਹੀਂ ਹੈ। ਇਤਿਹਾਸ ਗਵਾਹੀ ਭਰਦਾ ਹੈ ਕਿ ਜਦ ਵੀ ਕੋਈ ਹਮਲਾਵਰ ਪੰਜਾਬ ਉਪਰ ਧਾੜਵੀ ਬਣ ਕੇ ਆਇਆ ਤਾਂ ਉਸ ਨੂੰ ਮੂੰਹ ਦੀ ਖਾਣੀ ਪਈ ਹੈ।
ਪਰ ਅੱਜ ਜਦੋਂ ਪੰਜਾਬ ਵੱਲ ਨਜ਼ਰ ਮਾਰੀਏ ਤਾਂ ਮੰਜ਼ਰ ਕੁਝ ਹੋਰ ਹੀ ਦਿਖਾਈ ਪੈਂਦਾ ਹੈ। ਜੋ ਪੰਜਾਬ ਕਿਸੇ ਸਮੇਂ ਦੁਸ਼ਮਣ ਦੇ ਹਰ ਹਮਲੇ ਨੂੰ ਭਾਂਪ ਕੇ ਉਸਦਾ ਮੂੰਹ ਤੋੜ ਜਵਾਬ ਦਿੰਦਾ ਸੀ, ਉਹ ਪੰਜਾਬ ਅੱਜ ਬਹੁਤ ਸਾਰੀਆਂ ਸਾਜ਼ਿਸ਼ਾਂ ਦੇ ਵੱਸ ਹੋ ਕੇ ਆਪਣੀ ਸ਼ਾਨ ਅਤੇ ਪਹਿਚਾਣ ਨੂੰ ਧੁੰਦਲਾ ਕਰਦਾ ਜਾ ਰਿਹਾ ਹੈ। ਅਜੋਕੇ ਪੰਜਾਬੀਆਂ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਇਸ ਕਦਰ ਬਦਲਾਅ ਵਿਚ ਆ ਚੁੱਕੇ ਹਨ ਕਿ ਆਪਣਾ ਵਿਰਸਾ, ਸਭਿਆਚਾਰ, ਰਹਿਣ-ਸਹਿਣ ਅਤੇ ਸਮਾਜਿਕ ਕਦਰਾ-ਕੀਮਤਾਂ ਸਭ ਨੂੰ ਤਿਲਾਂਜਲੀ ਦੇ ਕੇ ਆਧੁਨਿਕਤਾ ਦੇ ਲੜ ਲੱਗ ਕਿਸੇ ਅੰਧੇਰੇ ਰਸਤੇ ‘ਤੇ ਚਲਦੇ ਜਾ ਰਹੇ ਹਾਂ। ਆਧੁਨਿਕਤਾ ਤੋਂ ਭਾਵ ਪੁਰਾਤਨ ਕਾਲ ਤੋਂ ਸਿੱਖ ਕੇ ਨਵੀਂਆਂ ਪੁਲਾਘਾਂ ਪੁੱਟਦੇ ਹੋਏ ਆਧੁਨਿਕ ਕਾਲ ਵਿਚ ਜ਼ਿਆਦਾ ਤਰੱਕੀ ਅਤੇ ਖੁਸ਼ਹਾਲੀ ਨਾਲ ਜੀਵਨ ਬਸਰ ਕਰਨ ਦੇ ਮਨੋਰਥ ਨਾਲ ਆਧੁਨਿਕਤਾ ਦਾ ਪੱਲਾ ਫੜਨਾ ਸਮਝਿਆ ਜਾਣਾ ਚਾਹੀਦਾ ਹੈ ਨਾ ਕਿ ਆਧੁਨਿਕਤਾ ਦੇ ਨਾਮ ’ਤੇ ਵਡਮੁੱਲੀਆਂ ਬਜ਼ੁਰਗਾਂ ਦੀਆਂ ਕੁਰਬਾਨੀਆਂ, ਸਮਾਜਿਕ ਕਦਰਾਂ-ਕੀਮਤਾਂ ਨੂੰ ਭੁੱਲ ਕੇ ਅਵੇਸਲੇ ਹੋ ਜਾਣਾ। ਜੋ ਕੌਮਾਂ ਆਪਣਾ ਇਤਿਹਾਸ ਨਹੀਂ ਸੰਭਾਲਦੀਆਂ ਉਹ ਦੁਨੀਆ ਦੇ ਨਕਸ਼ੇ ਤੋਂ ਹਮੇਸ਼ਾ ਲਈ ਖਤਮ ਹੋ ਜਾਂਦੀਆਂ ਹਨ। ਕਿਸੇ ਵੇਲੇ ਵਿਲੱਖਣ ਸਭਿਆਚਾਰ ਅਤੇ ਅਮੀਰ ਵਿਰਸੇ ਲਈ ਜਾਣਿਆ ਜਾਂਦਾ ਸਾਡਾ ‘ਸੋਨੇ ਦੀ ਚਿੜੀ’ ਪੰਜਾਬ ਅੱਜ ਸਮਾਜਿਕ ਅਲਾਮਤਾਂ, ਨਸ਼ੇਬਾਜ਼ੀ, ਗੁੰਡਾਗਰਦੀ, ਬੇਰੁਜ਼ਗਾਰੀ, ਲੱਚਰ ਗਾਇਕੀ, ਪਤਿਤਪੁਣਾ ਅਤੇ ਖੁਦਕੁਸ਼ੀਆਂ ਜਿਹੀਆਂ ਮਿਸਾਲਾਂ ਨਾਲ ਜਾਣਿਆ ਜਾਣ ਲੱਗਾ ਹੈ। ਬੜੇ ਸ਼ਰਮ ਦੀ ਗੱਲ ਹੈ ਕਿ ਜਿਸ ਨਵੀਂ ਪੀੜ੍ਹੀ ਨੇ ਆਪਣੀ ਪੁਰਾਤਨ ਪੀੜ੍ਹੀ ਤੋਂ ਚੰਗੀ ਸਿੱਖਿਆ ਲੈ ਕੇ ਭਵਿੱਖ ਵਿਚ ਨਵੇਂ ਦਿਸਹੱਦੇ ਕਾਇਮ ਕਰਨੇ ਸਨ, ਉਹ ਅਜੋਕੀ ਪੀੜ੍ਹੀ ਆਧੁਨਿਕਤਾ ਦਾ ਮਖੋਟਾ ਪਹਿਨੀ ਆਪਣੀ ਆਉਣ ਵਾਲੀ ਪੀੜ੍ਹੀ ਲਈ ਡੂੰਘੀਆਂ ਹਨੇਰੀਆਂ ਖੱਡਾਂ ਪੁੱਟ ਰਹੀ ਹੈ।
ਕਿਸੇ ਸਮੇਂ ਪੰਜਾਬ ਦਾ ਸੰਗੀਤ ਲੋਕ ਗੀਤਾਂ, ਸਿੱਠਣੀਆਂ, ਸੁਹਾਗ, ਘੋੜੀਆਂ, ਕਵਿਤਾਵਾਂ ਅਤੇ ਗਜ਼ਲਾਂ ਆਦਿ ਜੋ ਕਿ ਸਮਾਜ ਨੂੰ ਆਪਸੀ ਪ੍ਰੇਮ ਅਤੇ ਰਿਸ਼ਤਿਆਂ ਦੀ ਅਹਿਮੀਅਤ ਦੇ ਨਾਲ ਸਮਾਜਿਕ ਸਰੋਕਾਰਾਂ ਬਾਰੇ ਜਾਣਕਾਰੀ ਦਿੰਦਾ ਸੀ, ਉਥੇ ਹੀ ਬੜੀ ਹੀ ਨਮੋਸ਼ੀ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਦਾ ਅਜੋਕਾ ਸੰਗੀਤ ਅਤੇ ਵੱਡੀ ਗਿਣਤੀ ਵਿਚ ਪੰਜਾਬੀ ਗੀਤਕਾਰਾਂ ਦੀ ਕਲਮ ਹਥਿਆਰਾਂ ਤੇ ਗੁੰਡਾਗਰਦੀ ਦਾ ਖੁੱਲਾ ਵਿਖਾਵਾ, ਕੁੜੀਆਂ ਬਾਰੇ ਭੱਦੀ ਸ਼ਬਦਾਵਲੀ, ਨਸ਼ਿਆਂ ਦੀ ਭਰਮਾਰ ਅਤੇ ਫੋਕੀ ਟੋਹਰ ਨੂੰ ਪ੍ਰਭਾਵੀ ਰੂਪ ਵਿਚ ਦਿਖਾਉਂਦੇ ਹੋਏ ਪੰਜਾਬ ਦੀਆਂ ਨਸਲਾਂ ਦਾ ਘਾਣ ਕਰ ਰਹੇ ਹਨ।
ਇਹ ਗਾਇਕ ਅਤੇ ਗੀਤਕਾਰ ਜਿਤਨੇ ਇਸ ਗੰਦਗੀ ਲਈ ਦੋਸ਼ੀ ਹਨ ਉਤਨੇ ਹੀ ਸਰੋਤੇ ਵੀ ਬਰਾਬਰ ਦੇ ਦੋਸ਼ੀ ਹਨ ਜੋ ਕਿ ਕੰਨ ਰਸ ਦੇ ਚੱਲਦੇ ਇਨ੍ਹਾ ਲੱਚਰ ਗੀਤਾਂ ਅਤੇ ਬਣਾਵਟੀ ਸੰਗੀਤਕ ਧੁਨਾਂ ਤੋਂ ਪ੍ਰਭਾਵਿਤ ਹੋ ਕੇ ਝੂਮਦੇ ਹਨ ਅਤੇ ਇਸ ਨਾਲ ਇਨ੍ਹਾ ਗਾਇਕਾਂ ਅਤੇ ਗੀਤਕਾਰਾਂ ਨੂੰ ਹੋਰ ਗੰਦਗੀ ਫੈਲਾਉਣ ਦਾ ਮੌਕਾ ਮਿਲਦਾ ਹੈ। ਰੋਜ਼ਾਨਾ ਵੱਧ ਰਹੀਆਂ ਲੁੱਟਾਂ-ਖੋਹਾਂ ਤੇ ਲੜਕੀਆਂ ਦੇ ਬਲਾਤਕਾਰ ਜਿਹੀਆਂ ਸਮਾਜ ਦੇ ਮੱਥੇ ਤੇ ਕਲੰਕ ਲਗਾਉਣ ਵਾਲੀਆਂ ਸ਼ਰਮਨਾਕ ਘਟਨਾਵਾਂ ਦਾ ਮੂਲ ਕਾਰਨ ਅਜੋਕੀ ਗਾਇਕੀ ਹੈ, ਜਿਸ ਉਪਰ ਸਰਕਾਰਾਂ ਦੀਆਂ ਕਿਸੇ ਪ੍ਰਕਾਰ ਨਾਲ ਕੋਈ ਠੋਸ ਤੇ ਸਖਤ ਨੀਤੀਆਂ ਲਾਗੂ ਨਹੀਂ ਹੁੰਦੀਆਂ। ਪੰਜਾਬ ਦੀ ਨੋਜਵਾਨੀ ਨੂੰ ਲੱਚਰਤਾ ਅਤੇ ਫੋਕੀ ਸ਼ੋਹਰਤ ਦਿਖਾ ਕੇ ਮੋਟੀ ਕਮਾਈ ਕਰਨ ਵਾਲੇ ਇਨ੍ਹਾ ਗਾਇਕਾਂ/ਗੀਤਕਾਰਾਂ ਨੂੰ ਪੰਜਾਬ ਵਿਚਲੀ ਸਹੀ ਤਸਵੀਰ ਨੂੰ ਪੇਸ਼ ਕਰਨ ਵੱਲ ਕਦਮ ਵਧਾਉਣੇ ਚਾਹੀਦੇ ਹਨ। ਪੰਜਾਬ ਦਾ ਨੋਜਵਾਨ ਭੜਕੀਲੀ ਗਾਇਕੀ ਵੱਸ ਹੋ ਕੇ ਕੋਈ ਗੈਂਗਸਟਰ ਜਾਂ ਅਪਰਾਧੀ ਬਣ ਕੇ ਅਣਿਆਈ ਮੌਤ ਮਰਨ ਦੀ ਬਜਾਇ ਆਪਣੇ ਮਾਪਿਆਂ ਦੀ ਇੱਜ਼ਤ ਮਾਣ ਵਿਚ ਵਾਧਾ ਕਰਕੇ ਸਮਾਜ ਵਿਚ ਸਫਲ ਨਾਗਰਿਕ ਬਣ ਕੇ ਵਿਚਰੇ ਅਤੇ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾ ਕੇ ਜੀਵਨ ਦੀ ਨਵੀਆਂ ਬੁਲੰਦੀਆਂ ਨੂੰ ਹਾਸਲ ਕਰੇ।
ਮਾਂ ਬੋਲੀ ਪੰਜਾਬੀ ਜੋ ਕਿ ਪੰਜਾਬ ਦੀ ਮਾਤਭਾਸ਼ਾ ਹੈ ਅਤੇ ਵਿਦੇਸ਼ਾਂ ਵਿਚ ਜਿੱਥੇ-ਜਿੱਥੇ ਵੀ ਪੰਜਾਬੀ ਬੈਠੇ ਹਨ ਪ੍ਰਫੁੱਲਿਤ ਹੋ ਰਹੀ ਹੈ ਪਰ ਪੰਜਾਬ ਅੰਦਰ ਇਸਦਾ ਹੋ ਰਿਹਾ ਘਾਣ ਇਸ ਲਈ ਹੈ ਕਿ ਅਸੀਂ ਖੁਦ ਆਪਣੀਆਂ ਜੜ੍ਹਾਂ ਵੱਢ ਰਹੇ ਹਾਂ ਅਤੇ ਮਾੜੇ ਨਤੀਜੇ ਭੁਗਤ ਰਹੇ ਹਾਂ। ਸਾਡੇ ਘਰਾਂ, ਕਾਰੋਬਾਰਾਂ, ਬੱਚਿਆਂ ਦੇ ਸਕੂਲਾਂ ਆਦਿ ਸਮਾਜ ਦੇ ਹੋਰ ਭਾਗਾਂ ਵਿਚੋਂ ਪੰਜਾਬੀ ਭਾਸ਼ਾ ਦਾ ਮਨਫੀ ਹੋਣਾ ਹੀ ਸਰਕਾਰਾਂ ਨੂੰ ਮੌਕੇ ਪ੍ਰਦਾਨ ਕਰਦਾ ਹੈ ਕੋਈ ਨਿਰਦੇਸ਼ ਜਾਰੀ ਕਰਨ ਲਈ। ਇਸ ਲਈ ਜਰੂਰੀ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜਿਸ ਦੇ ਨਾਲ ਜੋੜਿਆ ਸੀ ਉਸ ਗੁਰਬਾਣੀ, ਗੁਰਮੁਖੀ ਪੰਜਾਬੀ ਭਾਸ਼ਾ ਨੂੰ ਆਪਣੇ ਜੀਵਨ ਦਾ ਮੂਲ ਆਧਾਰ ਬਣਾਇਆ ਜਾਵੇ। ਆਪਣੇ ਪਰਿਵਾਰਾਂ, ਕੰਮਕਾਜ ਵਾਲੀਆਂ ਥਾਵਾਂ ’ਤੇ ਪੰਜਾਬੀ ਦੀ ਵਰਤੋਂ ਵਧੇਰੇ ਕੀਤੀ ਜਾਵੇ ਅਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਸੱਚਮੁੱਚ ਦਿੱਤਾ ਜਾਵੇ।
ਪੰਜਾਬ ਦੀ ਭਾਵੇਂ ਤ੍ਰਾਸਦੀ ਰਹੀ ਹੈ ਕਿ ਇਸ ਨੂੰ ਸਮੇਂ-ਸਮੇਂ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ ਹੈ ਪਰ ਪੰਜਾਬ ਜੋ ਕਿ ਜਿਊਂਦਾ ਹੀ ਗੁਰਾਂ ਦੇ ਨਾਂ ਤੇ ਹੈ ਉਸਦੀ ਵੱਖਰੀ ਪਛਾਣ ਅਤੇ ਚੜ੍ਹਦੀ ਕਲਾ ਲਈ ਅੱਜ ਹਰ ਪੰਜਾਬੀ ਨੂੰ ਲਾਜ਼ਮੀ ਤੌਰ ‘ਤੇ ਲਾਮਬੰਦ ਹੋਣਾ ਪਵੇਗਾ ਤਾਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਰਾਖੀ ਵਾਸਤੇ ਕਾਰਜਸ਼ੀਲ ਜੋ ਸੰਸਥਾਵਾਂ ਜਾਂ ਵਿਅਕਤੀ ਕਾਰਜ ਕਰ ਰਹੇ ਹਨ ਉਨ੍ਹਾ ਨੂੰ ਸ਼ਕਤੀ ਮਿਲੇਗੀ ਅਤੇ ਜਿੱਥੇ ਕਿਤੇ ਵੀ ਕੋਈ ਪੰਜਾਬੀ ਜਾਂ ਪੰਜਾਬ ਨਾਲ ਸਬੰਧਤ ਮਸਲਾ ਜਾਂ ਪ੍ਰੇਸ਼ਾਨੀ ਬਣਦੀ ਨਜ਼ਰ ਆਵੇਗੀ ਤਾਂ ਉਸਨੂੰ ਸੰਜੀਦਗੀ ਨਾਲ ਹੱਲ ਕੀਤਾ ਜਾਵੇਗਾ। ਅਗਰ ਅੱਜ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬ ਨੂੰ ਬਿਲਕੁਲ ਉਸੇ ਤਰ੍ਹਾਂ ਸਭਿਆਚਾਰ ਅਤੇ ਵਿਰਸੇ ਨਾਲ ਭਰਪੂਰ ਖੁਸ਼ਹਾਲ ਦੇਖਣ ਜਿਸ ਤਰ੍ਹਾਂ ਸਾਡੇ ਬਜੁਰਗਾਂ ਨੇ ਸਾਨੂੰ ਦਿੱਤਾ ਸੀ ਤਾਂ ਅੱਜ ਸਾਡਾ ਫਰਜ਼ ਬਣਦਾ ਹੈ ਕਿ ਲਾਮਬੰਦ ਹੋਈਏ ਅਤੇ ਇਸਦੇ ਇਤਿਹਾਸ, ਅਮੀਰ ਵਿਰਸੇ ਅਤੇ ਸਭਿਆਚਾਰ ਦੀ ਸੰਭਾਲ ਲਈ ਨਿਰੰਤਰ ਕਾਰਜ ਕਰੀਏ।



