ਇਕ ਆਦਮੀ ਨੂੰ ਸਾਰੀ ਉਮਰ ਇਕ ਆਪਣਾ ਘਰ ਬਣਾਉਣ ਦੀ ਚਿੰਤਾ ਲਗੀ ਰਹਿੰਦੀ ਹੈ। ਲਗਭਗ ਹਰ ਆਮ ਇਨਸਾਨ ਦੀ ਇਹੋ ਹੀ ਕਹਾਣੀ ਹੈ ਕਿ ਪਹਿਲਾਂ ਉਹ ਧਰਤੀ ਤੇ ਆਉਂਦਾ ਹੈ, ਫਿਰ ਉਹ ਵਡਾ ਹੁੰਦਾ ਹੈ, ਫਿਰ ਆਪਣੇ ਲਈ ਪੈਸੇ ਕਮਾਉਣ ਲਗ ਜਾਂਦਾ ਹੈ, ਅਤੇ ਸਾਰੀ ਉਮਰ ਆਪਣਾ ਇਕ ਛੋਟਾ ਜਿਹਾ ਘਰ ਪਾਉਣ ਲਈ ਪੈਸੇ ਜੋੜਦਾ ਰਹਿੰਦਾ ਹੈ। ਜਦੋਂ ਉਸਦਾ ਆਪਣਾ ਘਰ ਪੈਂਦਾ ਹੈਂ ਤਾਂ ਉਸਦੀ ਖੁਦ ਦੀ ਉਮਰ ਘਰ ਹੰਡਾਉਣ ਲਈ ਟਪ ਚੁਕੀ ਹੁੰਦੀ ਹੈ। ਜੇ ਅਸੀੰ ਆਮ ਇਨਸਾਨ ਦੀ ਗਲ ਕਰੀਏ ਤਾਂ ਇਹੋ ਹੀ ਪਤਾ ਲਗਦਾ ਹੈ ਕਿ ਇਕ ਆਦਮੀ ਦੀ ਜ਼ਿੰਦਗੀ ਵਿਚ ਆਪਣਾ ਘਰ ਬਣਾਉਣਾ ਹੀ ਸਭ ਤੋਂ ਵਡੀ ਚਿੰਤਾ ਹੈ। ਜੇ ਕਿਸੇ ਦੀ ਤਨਖਾਹ ਦਸ ਹਜ਼ਾਰ ਹੈ ਤਾਂ ਫਿਰ ਉਸਦਾ ਘਰ ਤਾਂ ਕੀ ਬਣਨਾ ਹੈ, ਪਰ ਜੇ ਕਿਸੇ ਦੀ ਤਨਖਾਹ ਤੀਹ ਹਜ਼ਾਰ ਰੁਪਈਏ ਹਨ, ਤਾਂ ਫਿਰ ਉਸਦਾ ਇਕ ਦਿਨ ਘਰ ਤਾਂ ਜਰੂਰ ਬਣ ਜਾਵੇਗਾ ਪਰ ਸਿਰਫ ਉਦੋਂ ਜਦੋਂ ਉਹ ਬੁਢਾ ਹੋ ਜਾਵੇਗਾ।
ਜੇ ਘਰ ਬਣਾਉਣ ਦੀ ਚਿੰਤਾ ਨੂੰ ਆਮ ਇਨਸਾਨ ਦੀ ਜ਼ਿੰਦਗੀ ਵਿਚੋਂ ਕਢ ਦਿਤਾ ਜਾਵੇ, ਤਾਂ ਮੈਨੂੰ ਨਹੀਂ ਲਗਦਾ ਕਿ ਫਿਰ ਉਸਦੀ ਜ਼ਿੰਦਗੀ ਵਿਚ ਕੋਈ ਵਡੀ ਸਮਸਿਆ ਰਹਿ ਜਾਵੇਗੀ। ਜੇ ਕੋਈ ਇਨਸਾਨ ਗਰੀਬੋ ਗਰੀਬੀ ਵੀਹ ਲਖ ਦਾ ਵੀ ਘਰ ਬਣਾਉਂਦਾ ਹੈ, ਜੇ ਆਪਾਂ ਧਿਆਨ ਨਾਲ ਦੇਖੀਏ ਤਾਂ ਅਜ ਦੇ ਜ਼ਮਾਨੇ ਵਿਚ ਵੀ ਵੀਹ ਲਖ ਰੁਪਈਏ ਦੀ ਲਗਭਗ ਦਸ ਹਜ਼ਾਰ ਰੁਪਏ ਮਹੀਨਾ ਤਾਂ ਵਿਆਜ ਹੀ ਹੈ।
ਜੇ ਆਦਮੀ ਆਪਣਾ ਘਰ ਲੈਣ ਦੀ ਥਾਂ ਤੇ ਪੰਜ ਹਜ਼ਾਰ ਰੁਪਏ ਦਾ ਕਿਰਾਏ ਤੇ ਘਰ ਵੀ ਲੈ ਲਵੇ ਤਾਂ ਵੀ ਉਸਦਾ ਪੰਜ ਹਜ਼ਾਰ ਰੁਪਏ ਮਹੀਨਾ ਵਿਆਜ ਬਚਦੀ ਹੈ ਅਤੇ ਵੀਹ ਲਖ ਦਾ ਮੂਲ ਵੀ ਬਚਦਾ ਹੈ। ਸੋ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਆਪਣਾ ਘਰ ਕਿਰਾਏ ਦੇ ਘਰ ਤੋਂ ਮਹਿੰਗਾ ਪੈਂਦਾ ਹੈ। ਫਿਰ ਆਪਣੇ ਘਰ ਦੀ ਕੁਝ ਸਾਲਾਂ ਬਾਅਦ ਰਿਪੇਅਰ ਵੀ ਕਰਵਾਉਣੀ ਪੈਂਦੀ ਹੈ। ਉਸਦਾ ਅਲਗ ਖਰਚਾ ਹੁੰਦਾ ਹੈ।
ਮੇਰੇ ਹਿਸਾਬ ਨਾਲ ਜੇ ਕਿਸੇ ਕੋਲ ਪੈਸੇ ਘਟ ਹਨ ਤਾਂ ਉਸਨੂੰ ਆਪਣਾ ਘਰ ਬਣਾਉਣ ਦਾ ਪੰਗਾ ਨਹੀਂ ਲੈਣਾ ਚਾਹੀਦਾ।ਕਈ ਲੋਕ ਵਡੇ ਵਡੇ ਕਰਜੇ ਚੁਕ ਕੇ ਆਪਣਾ ਘਰ ਬਣਾਉਂਦੇ ਹਨ। ਇਹ ਗਲ ਬਹੁਤ ਹੀ ਮੂਰਖਤਾ ਭਰੀ ਹੈ। ਅਕਸਰ ਲੋਕ ਕਹਿੰਦੇ ਹਨ “ਆਪਣਾ ਘਰ ਆਪਣਾ ਹੀ ਹੁੰਦਾ ਹੈ, ਇਸ ਲਈ ਮੈਂ ਕਰਜਾ ਚੁਕ ਕੇ ਆਪਣਾ ਘਰ ਪਾ ਲਿਆ।” ਕਰਜੇ ਤੇ ਪਾਇਆ ਮਕਾਨ ਕਦੀ ਵੀ ਆਪਣਾ ਨਹੀਂ ਹੁੰਦਾ।ਅਜਿਹਾ ਮਕਾਨ ਸਿਰਫ ਬੈਂਕ ਦਾ ਹੀ ਹੁੰਦਾ ਹੈ ? ਰਬ ਨਾ ਕਰੇ ਜੇ ਕੋਈ ਵਡੀ ਸਮਸਿਆ ਆ ਜਾਂਦੀ ਹੈ ਅਤੇ ਬੈਂਕ ਦੀ ਕਿਸ਼ਤ ਨਹੀਂ ਤਾਰੀ ਜਾਂਦੀ, ਤਾਂ ਬੈਂਕ ਨੇ ਇਕ ਮਿੰਟ ਲਗਾਉਣਾ ਹੈ ਅਜਿਹੇ ਘਰ ਤੇ ਕਬਜਾ ਕਰਨ ਲਈ। ਬਾਕੀ ਗਲ ਰਹਿ ਜਾਂਦੀ ਹੈ ਕਿ ਕਿਰਾਏ ਦੇ ਘਰ ਤੇ ਨੌਕਾ ਟੋਕੀ ਹੁੰਦੀ ਹੈ। ਹਾਂ ਇਹ ਗਲ ਤਾਂ ਬਿਲਕੁਲ ਸਚ ਹੈ। ਪਰ ਜੇ ਬਣੇ ਬਣਾਏ ਅਪਾਰਟਮੈਂਟ ਮਿਲ ਜਾਣ, ਜੋ ਸਿਰਫ ਕਿਰਾਏ ਤੇ ਦੇਣ ਲਈ ਹੀ ਬਣਾਏ ਜਾਂਦੇ ਹਨ, ਤਾਂ ਫਿਰ ਇਹ ਦਿਕਤ ਵੀ ਨਹੀਂ ਬਚੇਗੀ। ਜੇ ਏਦਾਂ ਦੇ ਅਪਾਰਟਮੈਂਟ ਸਰਕਾਰ ਬਣਾ ਕੇ ਕਿਰਾਏ ਤੇ ਦੇਵੇ ਤਾਂ ਇਸ ਨਾਲ ਸਰਕਾਰ ਦਾ ਵੀ ਫਾਇਦਾ ਹੋਵੇਗਾ ਅਤੇ ਆਮ ਨਾਗਿਰਕਾਂ ਦਾ ਵੀ ਕਿਉਂਕਿ ਫਿਰ ਘਟ ਰੇਟਾਂ ਤੇ ਆਮ ਨਾਗਿਰਕਾਂ ਨੂੰ ਰਹਿਣ ਵਾਸਤੇ ਇਕ ਛਤ ਮਿਲ ਜਾਵੇਗੀ ਅਤੇ ਸਰਕਾਰ ਨੂੰ ਕੁਝ ਪੈਸੇ।
ਮਕਾਨ ਬਣਾਉਣ ਦੇ ਵੱਡੇ ਖਰਚੇ ਤੋਂ ਕਿਵੇਂ ਬਚਿਆ ਜਾਵੇ



