ਸ਼੍ਰੋਮਣੀ ਅਕਾਲੀ ਦਲ ਵੱਲੋਂ ਫਾਜ਼ਿਲਕਾ ਵਿੱਚ ਇਕ ਭਰਵੀਂ ਰੈਲੀ ਕਰਕੇ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ‘ਪੋਲ ਖੋਲ੍ਹ’ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ‘ਪੋਲ ਖੋਲ੍ਹ’ ਰੈਲੀਆਂ ਕਰਕੇ ਸਾਰੇ ਪੰਜਾਬ ਵਿੱਚ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਧੋਖੇ ਨੂੰ ਜ਼ੋਰਦਾਰ ਢੰਗ ਨਾਲ ਨੰਗਾ ਕੀਤਾ ਜਾਵੇਗਾ। ਸੁਖਬੀਰ ਨੇ ਕਿਹਾ ਕਿ ਫਾਜ਼ਿਲਕਾ ਦੀ ਧਰਤੀ ਤੋਂ ਇਕ ਸਾਲ ਪਹਿਲਾਂ ਬਣੀ ਕੈਪਟਨ ਸਰਕਾਰ ਵਿਰੁੱਧ ਜੰਗ ਦੀ ਸ਼ੁਰੂਆਤ ਹੀ ਨਹੀਂ ਸਗੋਂ ਕਾਂਗਰਸ ਸਰਕਾਰ ਦਾ ਅੰਤ ਸ਼ੁਰੂ ਹੋ ਗਿਆ ਹੈ। ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਲੱਗਪਗ ਇਕ ਵਰ੍ਹੇ ਦਾ ਸਮਾਂ ਦਿੱਤਾ ਪਰ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਕਿ ਕਾਂਗਰਸ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਖਿਲਾਫ਼ ਅਕਾਲੀ ਦਲ ਨੂੰ ਸੂਬੇ ਭਰ ਵਿੱਚ ‘ਪੋਲ ਖੋਲ੍ਹ’ ਰੈਲੀਆਂ ਦੀ ਜੰਗ ਦਾ ਐਲਾਨ ਕਰਨਾ ਪਿਆ ਹੈ।
ਅਸਲ ਵਿੱਚ ‘ਪੋਲ ਖੋਲ੍ਹ’ ਰੈਲੀਆਂ ਦੀ ਸ਼ੁਰੂਆਤ ਨਾਲ ਸ਼੍ਰੋਮਣੀ ਅਕਾਲੀ ਦਲ ਇਕ ਤੀਰ ਨਾਲ ਦੋ ਸ਼ਿਕਾਰ ਫੁੰਡਣ ਦੀ ਤਾਕ ਵਿੱਚ ਹੈ। ਅਕਾਲੀ ਚੰਗੀ ਤਰ੍ਹਾਂ ਜਾਣ ਗਏ ਹਨ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਤੋਂ ਖੁਸ਼ ਨਹੀਂ ਹਨ ਖਾਸ ਤੌਰ ’ਤੇ ਕਿਸਾਨ। ਕਿਸਾਨਾਂ ਨੂੰ ਪੂਰਨ ਆਸ ਸੀ ਕਿ ਕੈਪਟਨ ਉਨ੍ਹਾਂ ਦੇ ਉਪਰ ਚੜ੍ਹੇ ਕਰਜ਼ੇ ’ਤੇ ਲੀਕ ਫੇਰੇਗਾ ਪਰ ਅਜਿਹਾ ਕੁੱਝ ਨਹੀਂ ਹੋਇਆ। ਅਕਾਲੀਆਂ ਵਾਂਗ ਕੁੱਝ ਕਿਸਾਨ ਵੀ ਸੜਕਾਂ ’ਤੇ ਉਤਰ ਆਏ ਅਤੇ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਕਰਜ਼ਾ ਮੁਕਤੀ ਘੋਲ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਬਜਟ ਸੈਸ਼ਨ ਦੇ ਪਹਿਲੇ ਦਿਨ ਤੋਂ ਵੱਖ-ਵੱਖ ਜ਼ਿਲ੍ਹਿਆਂ ’ਚ 13 ਇਤਿਹਾਸਕ ਥਾਵਾਂ ਤੋਂ ਪੰਜਾਬ ਵਿਧਾਨ ਸਭਾ ਵੱਲ ਜਥਾ ਮਾਰਚ ਕੀਤਾ ਜਾਵੇਗਾ। ਕਿਸਾਨਾਂ ਦੀ ਮੰਗ ਹੈ ਕਿ ਕਰਜ਼ੇ ਮੋੜਨੋ ਅਸਮਰੱਥ ਕਿਸਾਨ-ਮਜ਼ਦੂਰਾਂ ਸਿਰ ਚੜ੍ਹੇ ਸੂਦਖੋਰਾਂ ਸਮੇਤ ਸਾਰੇ ਕਰਜ਼ਿਆਂ ’ਤੇ ਲਕੀਰ ਮਾਰੀ ਜਾਵੇ। ਮੋਟਰਾਂ ’ਤੇ ਮੀਟਰ ਲਾਉਣ ਦਾ ਫੈਸਲਾ ਅਤੇ ਬਿਜਲੀ ਦਰਾਂ ’ਚ ਕੀਤਾ ਵਾਧਾ ਰੱਦ ਹੋਵੇ। ਅਕਾਲੀਆਂ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਆਪਣੀਆਂ ਮੰਗਾਂ ਬਣਾਕੇ ਪੇਸ਼ ਕੀਤਾ ਹੈ। ਇਉਂ ਅਕਾਲੀ ਦਲ ਸੱਤਾਧਾਰੀ ਧਿਰ ਦੀ ਸਿਰਦਰਦੀ ਵਧਾਉਣ ਵਿੱਚ ਕਾਮਯਾਬ ਹੋਵੇਗਾ।
ਦੂਜੇ ਪਾਸੇ ਵਿਧਾਨ ਸਭਾ ਚੋਣਾਂ ਦੌਰਾਨ ਗਵਾਚੀ ਆਪਣੀ ਸਿਆਸੀ ਜ਼ਮੀਨ ਨੂੰ ਤਲਾਸ਼ਣ ਦਾ ਯਤਨ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਰਖਵਾਲੇ ਦੇ ਤੌਰ ’ਤੇ ਪੇਸ਼ ਕਰਨ ਦੀ ਕੋਸ਼ਿਸ਼ ਵਿੱਚ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ’ਤੇ ਬੋਲਿਆ ਹੱਲਾ ਅਸਲ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਨੂੰ ਪਿੱਛੇ ਧੱਕਣ ਦੀ ਚਾਲ ਹੈ। ਇਨ੍ਹਾਂ ਰੈਲੀਆਂ ਤੋਂ ਬਾਅਦ ਮੀਡੀਆ ਵਿੱਚ ਅਕਾਲੀ ਆਪਣੇ ਆਪ ਨੂੰ ਕੈਪਟਨ ਸਰਕਾਰ ਦੇ ਮੁੱਖ ਵਿਰੋਧੀ ਦੇ ਤੌਰ ’ਤੇ ਅੱਗੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਭਾਵੇਂ ਸ. ਸੁਖਪਾਲ ਸਿੰਘ ਖਹਿਰਾ ਹਨ ਪਰ ਇਨ੍ਹਾਂ ‘ਪੋਲ ਖੋਲ੍ਹ’ ਰੈਲੀਆਂ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਵਿਰੋਧੀ ਨੇਤਾ ਵੱਲੋਂ ਉਭਾਰਨਾ ਸ਼ੁਰੂ ਕੀਤਾ ਹੈ। ਇਹ ਗੱਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਅਜਿਹੀਆਂ ‘ਪੋਲ ਖੋਲ੍ਹ’ ਰੈਲੀਆਂ ਦਾ ਫਾਇਦਾ ਅਕਾਲੀ ਦਲ ਨੂੰ ਹੋਵੇਗਾ ਅਤੇ ਨੁਕਸਾਨ ਕਾਂਗਰਸ ਦੇ ਨਾਲ-ਨਾਲ ਆਮ-ਆਦਮੀ ਪਾਰਟੀ ਨੂੰ ਵੀ।
ਪੋਲ ਖੋਲ੍ਹ ਰੈਲੀਆਂ ਦਾ ਕਾਂਗਰਸ ਦੇ ਨਾਲ-ਨਾਲ ‘ਆਪ’ ਨੂੰ ਵੀ ਨੁਕਸਾਨ



