ਉਸਤਾਦ ਆਖਰੀ ਸਾਹਾਂ ’ਤੇ ਸੀ, ਕੁੱਝ ਹੀ ਪਲਾਂ ਦਾ ਮਹਿਮਾਨ ਸੀ। ਇਹ ਇਕ ਸੂਫੀ ਸੰਤ ਸੀ ਅਤੇ ਸ੍ਯੂਫੀਆਂ ਦਾ ਵਿਸ਼ਵਾਸ ਹੈ ਕਿ ਤੁਹਾਡੀਆਂ ਸਮੱਸਿਆਵਾਂ ਉਦੋਂ ਤੱਕ ਹੱਲ ਨਹੀਂ ਹੋ ਸਕਦੀਆਂ ਜਦੋਂ ਤੱਕ ਉਸਤਾਦ, ਗੁਰੂ ਜਾਂ ਅਧਿਆਪਕ ਆਪਣੇ ਕਮਾਏ ਅਨੁਭਵ ਵਿੱਚੋਂ ਕੁੱਝ ਨਵਾਂ ਤੁਹਾਡੀ ਸਿਆਣਪ ਵਿੱਚ ਨਹੀਂ ਜੋੜਦਾ। ਦੁਨੀਆਂ ਤੋਂ ਰੁਖਸਤ ਹੋ ਰਹੇ ਸੰਤ ਦੀ ਇਹੀ ਚਿੰਤਾ ਸੀ ਕਿ ਉਸ ਤੋਂ ਬਾਅਦ ਉਸ ਦੇ ਤਿੰਨ ਚੇਲਿਆਂ ਦਾ ਮਾਰਗ ਦਰਸ਼ਕ ਕੌਣ ਬਣੇਗਾ। ਇਹ ਸੰਭਾਵਨਾ ਵੀ ਸੀ ਕਿ ਆਪਣੇ ਚੇਲਿਆਂ ਨੂੰ ਕਿਸੇ ਵੀ ਸਿਆਣੇ ਗੁਰੂ ਦੇ ਲੜ ਲਾ ਜਾਵੇ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ। ਇਸ ਪਿੱਛੇ ਉਸ ਦੀ ਸੋਚ ਸੀ ਕਿ ਅਸਾਨੀ ਨਾਲ ਮਿਲੀ ਚੀਜ਼ ਦੀ ਕੀਮਤ ਉ¤ਕਾ ਹੀ ਨਹੀਂ ਹੁੰਦੀ। ਦੂਜੇ ਪਾਸੇ ਜਦੋਂ ਕੋਈ ਵੀ ਚੀਜ਼ ਅਤੇ ਖਾਸ ਤੌਰ ’ਤੇ ਉਸਤਾਦ ਕੋਈ ਆਪਣੀ ਖੋਜ ਨਾਲ ਲਭਦਾ ਹੈ ਤਾਂ ਉਸ ਬੰਦੇ ਨੂੰ ਲੱਭੀ ਹੋਈ ਚੀਜ਼ ਦੀ ਵੱਡੀ ਕਦਰ ਹੁੰਦੀ ਹੈ। ਸਿੱਖ ਇਤਿਹਾਸ ਵਿੱਚ ਵੀ ‘ਗੁਰੂ ਲਾਧੋ ਰੇ’ ਦੇ ਬੋਲ ਬੇਹ¤ਦ ਕੀਮਤੀ ਹਨ। ਜਿਹੜੇ ਚੇਲੇ ਅਤੇ ਜਿਹੜੀਆਂ ਕੌਮਾਂ ਸਹੀ ਚੋਣ ਕਰ ਲੈਂਦੀਆਂ ਹਨ, ਉਹ ਇਤਿਹਾਸ ਵਿੱਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਣ ਯੋਗ ਬਣ ਜਾਂਦੀਆਂ ਹਨ।
ਇਤਿਹਾਸ ਅਤੇ ਮਿਥਹਾਸ ਦੇ ਵਰਕੇ ਫਰੋਲਿਆਂ ਪਤਾ ਲੱਗੇਗਾ ਕਿ ਵੱਡੇ-ਵੱਡੇ ਅਧਿਆਤਮਕ ਗੁਰੂਆਂ, ਪੀਰਾਂ, ਫ਼ਕੀਰਾਂ ਨੇ ਕਈ ਕਿਸਮ ਦੇ ਵਚਿੱਤਰ ਢੰਗਾਂ ਨਾਲ ਆਪਣੇ ਚੇਲਿਆਂ ਨੂੰ ਸਿ¤ਖਿਆ ਦਿੱਤੀ ਅਤੇ ਹਨੇਰੇ ਵਿੱਚੋਂ ਗੁਰੂ ਲੱਭਣ ਦੇ ਗੁਰ ਦੱਸੇ। ਇਸ ਸੂਫ਼ੀ ਸੰਤ ਨੇ ਵੀ ਇਕ ਅਜੀਬ ਨੀਤੀ ਉਲੀਕੀ। ਉਸ ਨੇ ਆਪਣੇ ਤਿੰਨਾਂ ਚੇਲਿਆਂ ਨੂੰ 17 ਊਠ ਦਿੱਤੇ ਅਤੇ ਹੁਕਮ ਕੀਤਾ, ‘‘ਤੁਸੀਂ ਇਹ ਸਾਰੇ ਊਠ ਆਪਣੇ ਤਿੰਨਾਂ ਵਿਚਕਾਰ ਇਸ ਤਰੀਕੇ ਨਾਲ ਵੰਡੋ ਕਿ ਉਮਰ ’ਚ ਸਭ ਤੋਂ ਵੱਡਾ ਚੇਲਾ ਉਨ੍ਹਾਂ ’ਚੋਂ ਅੱਧੇ ਰੱਖ ਲਵੇ, ਦਰਮਿਆਨੀ ਉਮਰ ਵਾਲਾ ਚੇਲਾ ਇਕ-ਤਿਹਾਈ ਰੱਖੇ ਅਤੇ ਸਭ ਤੋਂ ਛੋਟਾ ਆਪਣੇ ਕੋਲ 1/9 ਹਿੱਸਾ ਰੱਖੇ।
ਚੇਲਿਆਂ ਨੂੰ ਇਹ ਹੁਕਮ ਬਹੁਤ ਅਜੀਬ ਅਤੇ ਤਰਕਹੀਣ ਲੱਗਿਆ। ਅਧਿਆਤਮਵਾਦੀ ਤਰਕ ਦੀ ਜ਼ਿਆਦਾ ਪਰਵਾਹ ਨਹੀਂ ਕਰਦੇ ਹੁੰਦੇ। ਉਹ ਗੁੱਝੀਆਂ ਰਮਜ਼ਾਂ ਖੋਲ੍ਹਣ ਲਈ ਕਈ ਕਿਸਮ ਦੇ ਅਜੀਬੋ-ਗਰੀਬ ਸਵਾਲ ਕਰ ਜਾਂਦੇ ਹਨ ਅਤੇ ਢੰਗ ਵਰਤ ਲੈਂਦੇ ਹਨ। ਚੇਲਿਆਂ ਨੇ ਦੁਨਿਆਵੀ ਅਤੇ ਗਣਿਤ ਦੇ ਤਰੀਕੇ ਨਾਲ ਖੂਬ ਮਗਜ਼ ਖਪਾਈ ਕੀਤੀ ਪਰ ਕੋਈ ਹੱਲ ਨਹੀਂ ਨਿਕਲਿਆ। ਆਪਣੀ ਸਮੱਸਿਆ ਲੈ ਕੇ ਉਹ ਕਈ ਲੋਕਾਂ ਕੋਲ ਗਏ ਪਰ ਉਹ ਸਾਰੇ ਸਹੀ ਜਵਾਬ ਦੇਣ ਦੇ ਕਾਬਲ ਨਹੀਂ ਸਨ। ਅਸਲ ਵਿੱਚ ਇਹੀ ਤਾਂ ਸਹੀ ਗੁਰੂ ਦੀ ਤਲਾਸ਼ ਦਾ ਰਾਹ ਹੈ। ਇਸੇ ਤਲਾਸ਼ ਦੌਰਾਨ ਉਨ੍ਹਾਂ ਨੂੰ ਇਕ ਫ਼ਕੀਰ ਮਿਲਿਆ ਅਤੇ ਕਹਿਣ ਲੱਗਾ, ‘ਇਹ ਕੋਈ ਗੁੰਝਲਦਾਰ ਸਮੱਸਿਆ ਨਹੀਂ ਹੈ। ਮੈਂ 17 ਊਠਾਂ ਵਿੱਚ ਆਪਣਾ ਇਕ ਊਠ ਜੋੜ ਦਿੰਦਾ ਹਾਂ। ਹੁਣ ਇਨ੍ਹਾਂ 18 ਵਿੱਚੋਂ 9 ਊਠ ਸਭ ਤੋਂ ਵੱਡੇ ਚੇਲੇ ਦੇ, ਦਰਮਿਆਨੀ ਉਮਰ ਵਾਲੇ ਨੂੰ ਇਕ-ਤਿਹਾਈ ਮਤਲੱਬ 6 ਅਤੇ ਸਭ ਤੋਂ ਛੋਟੇ ਨੂੰ 1/9 ਭਾਵ 2 ਊਠ ਮਿਲਣਗੇ। ਇਹ ਕੁੱਲ 17 ਹੋਏ ਅਤੇ ਮੈਂ ਆਪਣਾ ਊਠ ਵਾਪਸ ਲੈਂਦਾ ਹਾਂ।’ ਇਉਂ ਉਸ ਫਕੀਰ ਨੇ ਇਸ ਸਮੱਸਿਆ ਦਾ ਸਮਾਧਾਨ ਦਿੱਤਾ।
ਇਹੀ ਤਰੀਕਾ ਹੁੰਦਾ ਹੈ ਇਕ ਚੰਗੇ ਉਸਤਾਦ ਦਾ, ਸਿਆਣੇ ਗੁਰੂ ਦਾ ਅਤੇ ਦੂਰਦਰਸ਼ੀ ਮਾਰਗ ਦਰਸ਼ਕ ਦਾ। ਸਿਆਣਾ ਗੁਰੂ ਅਤੇ ਅਧਿਆਪਕ ਗਿਆਨ ਦੇ ਸਮੁੰਦਰ ਵਿੱਚੋਂ ਕੁੱਝ ਮੋਤੀ ਚੁੱਗਕੇ ਚੇਲਿਆਂ ਦੀ ਝੋਲੀ ਵਿੱਚ ਪਾਉਂਦਾ ਹੈ। ਚੰਗਾ ਉਸਤਾਦ ਕਿਤਾਬਾਂ ਨਾਲ ਭਰੀ ਅਲਮਾਰੀ ਤੋਂ ਬੇਹਤਰ ਹੁੰਦਾ ਹੈ। ਇਕ ਚੰਗੇ ਅਧਿਆਪਕ ਜਾਂ ਉਸਤਾਦ ਦਾ ਕੰਮ ਸਿਰਫ਼ ਜਾਣਕਾਰੀ ਅਤੇ ਵਿਦਿਆ ਦੇਣਾ ਹੀ ਨਹੀਂ ਹੁੰਦਾ ਸਗੋਂ ਉਹ ਗਿਆਨ ਵੰਡਣ ਦੇ ਨਾਲ-ਨਾਲ ਆਪਣੇ ਚੇਲਿਆਂ ਅਤੇ ਵਿਦਿਆਰਥੀਆਂ ਨੂੰ ਬੁੱਧੀਮਾਨ ਅਤੇ ਪ੍ਰਬੁੱਧ ਵੀ ਬਣਾਉਂਦਾ ਹੈ। ਅੱਜ ਦਾ ਯੁੱਗ ਅਸਲ ਵਿੱਚ ਜਾਣਕਾਰੀ ਦਾ ਯੁੱਗ ਹੈ ਅਤੇ ਅੱਜ ਦਾ ਅਧਿਆਪਕ ਜਾਣਕਾਰੀ ਮੁਹੱਈਆ ਕਰਨ ਦਾ ਮਾਹਿਰ ਹੈ। ਗਿਣਤੀ ਦੇ ਅਧਿਆਪਕ ਹੀ ਹਨ ਜੋ ਜਾਣਕਾਰੀ ਦੇ ਨਾਲ-ਨਾਲ ਗਿਆਨ ਅਤੇ ਵਿਦਿਆ ਦਾ ਦਾਨ ਦੇ ਰਹੇ ਹਨ। ਆਪਣੇ ਚੇਲਿਆਂ ਨੂੰ ਜ਼ਿੰਦਗੀ ਵਿੱਚ ਪੰਡਿਤ, ਬੁੱਧੀਮਾਨ ਅਤੇ ਪ੍ਰਬੁੱਧ ਬਣਾਉਣ ਵਾਲੇ ਅਧਿਆਪਕਾਂ ਦੀ ਗਿਣਤੀ ਤਾਂ ਹੋਰ ਵੀ ਘੱਟ ਹੈ। ਇੱਕ ਉਸਤਾਦ ਅਤੇ ਚੰਗਾ ਅਧਿਆਪਕ ਅਨੰਤ ਤੱਕ ਪ੍ਰਭਾਵ ਪਾਉਂਦਾ ਹੈ। ਇਹ ਕੋਈ ਨਹੀਂ ਦੱਸ ਸਕਦਾ ਕਿ ਉਸਦਾ ਪ੍ਰਭਾਵ ਕਿਥੇ ਖਤਮ ਹੁੰਦਾ ਹੈ। ਸੋ, ਪ੍ਰਭਾਵਸ਼ਾਲੀ ਅਧਿਆਪਕਾਂ ਅਤੇ ਉਸਤਾਦਾਂ ਨੂੰ ਲੱਭਣ ਦੀ ਲੋੜ ਹੁੰਦੀ ਹੈ। ਇਹ ਗੱਲ ਵੀ ਸੱਚੀ ਹੈ ਕਿ ਜਿਸ ਨੂੰ ਗਿਆਨ ਦੀ ਭੁੱਖ ਹੁੰਦੀ ਹੈ, ਉਹ ਉਸਤਾਦ ਆਪਣੇ ਆਪ ਲੱਭ ਲਵੇਗਾ। ਯਾਦ ਰੱਖੋ, ਦਰਵਾਜ਼ੇ ਉਸਤਾਦ ਖੋਲ੍ਹਦੇ ਹਨ, ਪਰ ਅੰਦਰ ਤੁਹਾਨੂੰ ਆਪ ਹੀ ਵੜਨਾ ਪੈਂਦਾ ਹੈ। ਸਮਾਜ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਚੰਗੇ ਉਸਤਾਦਾਂ ਦੀ ਤਲਾਸ਼ ਕਰੀਏ ਤਾਂ ਜੋ ਉਹ ਗਿਆਨ ਅਤੇ ਬੁੱਧੀਮਤਾ ਦੇ ਦਰਵਾਜ਼ੇ ਖੋਲ੍ਹ ਸਕਣ।
ਹਨੇਰਿਆਂ ’ਚ ਰਾਹ ਵਿਖਾਉਣ ਵਾਲੇ



