Skip to content
Independent perspectives. Global stories.
BREAKING

ਜੀ ਸਾਨੂੰ ਵਰਦੀ ਕਿਉਂ ਨਹੀਂ ਮਿਲਣੀ

Share this story

ਕਿਸੇ ਐਮ.ਪੀ ਜਾਂ ਐਮ.ਐਲ.ਏ. ਦੀ ਚੋਣ ਸਮਾਜ ਦੇ ਸਾਰੇ ਵਰਗ ਰਲ ਕੇ ਤੇ ਜਾਤ-ਪਾਤ ਤੋਂ ਉਪਰ ਉਠ ਕੇ ਕਰਦੇ ਹਨ। ਪਰ ਜਦੋਂ ਸਮਾਜ ਵਿੱਚੋਂ ਚੁਣ ਕੇ ਇਹ ਵਿਅਕਤੀ ਸਰਕਾਰੀ ਸਹੂਲਤਾਂ ਦਾ ਅਨੰਦ ਮਾਣਦੇ ਹਨ ਤਾਂ ਇਹ ਸਭ ਕੁਝ ਭੁੱਲ ਜਾਦੇ ਹਨ ਤੇ ਸਾਡੇ ਸਮਾਜ ਨੂੰ ਜਾਤਾਂ-ਪਤਾਂ ਤੇ ਧਰਮਾਂ ਵਿੱਚ ਵੰਡ ਕੇ ਆਪ ਸਿਆਸਤ ਦੇ ਨਸ਼ੇ ਵਿੱਚ ਚੂਰ ਹੋ ਜਾਂਦੇ ਹਨ। ਬਿਲਕੁਲ ਇਸੇ ਤਰਾਂ ਦੀ ਉਦਾਹਰਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਵਰਦੀ ਤੋਂ ਹੈ। ਜੋ ਪਿਛਲੇ ਕਈ ਸਾਲਾਂ ਤੋਂ ਬੱਚਿਆਂ ਨੂੰ ਕੇਵਲ 400 ਰੁ: ਪ੍ਰਤੀ ਬੱਚੇ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਉਹ ਵੀ ਜਾਤਾਂ-ਪਾਤਾਂ ਵਿੱਚ ਵੰਡ ਕੇ।ਕਿਸ ਤਰਾਂ ਲੋਕਾਂ ਦੇ ਚੁਣੇ ਹੋਏ ਲੀਡਰਾਂ ਨੇ ਇਨਾਂ ਛੋਟੇ ਤੇ ਕੋਮਲ ਬਾਲਾਂ ਨੂੰ ਬਚਪਨ ਤੋਂ ਹੀ ਜਾਤਾਂ-ਪਾਤਾਂ ਵਿੱਚ ਵੰਡ ਦਿੱਤਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪਹਿਲੀਂ ਤੋਂ ਅੱਠਵੀਂ ਦੇ ਬੱਚਿਆਂ ਨੂੰ ਕੇਂਦਰ ਸਰਕਾਰ ਦੀ ਤਰਫੋਂ ਆਏ ਫੰਡਾਂ ਤਹਿਤ ਵਰਦੀਆਂ ਦਿੱਤੀ ਜਾ ਰਹੀਆਂ ਹਨ।ਉਹ ਵੀ ਪ੍ਰਤੀ ਬੱਚਾ ਕੇਵਲ 400 ਰੁਪਏ।ਜਿੰਨਾਂ ਵਿੱਚ ਸਾਰੀਆਂ ਲੜਕੀਆਂ (ਭਾਵੇ ਕੋਈ ਜਾਤ) ਐਸ.ਸੀ. ਲੜਕੇ ਤੇ ਬੀ.ਪੀ.ਐਲ ਪਰਿਵਾਰਾਂ ਦੇ ਲੜਕਿਆਂ ਨੂੰ ਵਰਦੀਆਂ ਦਿੱਤੀਆਂ ਜਾਣੀਆਂ ਹਨ।ਕੇਵਲ ਤੇ ਕੇਵਲ ਜ਼ਨਰਲ ਤੇ ਬੀ.ਸੀ. ਪਰਿਵਾਰਾਂ ਦੇ ਲੜਕਿਆਂ ਨੂੰ ਇਹ ਵਰਦੀਆਂ ਨਹੀਂ ਮਿਲਣੀਆਂ ਸ਼ਾਇਦ ਸਰਕਾਰ ਦਾ ਪੈਮਾਨਾਂ ਇਨਾਂ ਨੂੰ ਅਮੀਰ ਦੱਸਦਾ ਹੋਵੇਗਾ? ਅਧਿਆਪਕ ਆਪਣੇ ਉਦਮ ਤੇ ਦਲੇਰੀ ਸਦਕਾ ਬਿਨਾਂ ਸਰਕਾਰੀ ਵਸੀਲਿਆਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬਚਾਉਣ ਲਈ ਯਤਨਸ਼ੀਲ ਹਨ। ਅੱਜ ਦੇਖਿਆ ਜਾਵੇ ਸਰਕਾਰ ਤੇ ਸਰਕਾਰ ਦੇ ਉਚ ਅਧਿਕਾਰੀ ਹੇਠਲੇ ਪੱਧਰ ਤੇ ਸਮਾਜ ਵਿੱਚ ਵੰਡੀਆਂ ਪਾ ਰਹੇ ਹਨ। ਪਹਿਲੀ ਗੱਲ ਤਾਂ ਇਹ ਕਿ 400 ਰੁ: ਵਿੱਚ ਵਰਦੀ ਲੈਣਾ ਉਹ ਵੀ ਵਧੀਆਂ ਕੁਅਲਟੀ ਦੀ ਤੇ ਸਾਰੇ ਸਰਕਾਰੀ ਮਾਪਦੰਡਾਂ ਨੂੰ ਪੂਰਾ ਕਰਨਾ ਨਾਮੁਮਕਿਨ ਹੋਵੇਗਾ। ਉਸ ਤੋਂ ਵੀ ਨਲਾਇਕੀ ਕੇ 400 ਰੁ: ਵਿੱਚ (ਲੜਕੇ) ਪੈਟ- ਕਮੀਜ਼, ਸਵੈਟਰ, ਸਿੱਖ ਲੜਕਿਆਂ ਲਈ ਪਟਕਾ ਬਾਕੀਆਂ ਲਈ ਗਰਮ ਟੋਪੀ, ਜ਼ੁਰਾਬਾਂ ਤੇ ਬੂਟ, ਲੜਕੀਆਂ ਲਈ ਸਲਵਾਰ ਕਮੀਜ਼ ਤੇ ਦੁਪੱਟਾ, ਗਰਮ ਸਵੈਟਰ ਤੇ ਬੂਟ ਜ਼ੁਰਾਬਾਂ ਸਮਿਲ ਹਨ ਤੇ ਦੂਜਾ ਕਿ ਸਭ ਕੁੱਝ ਗੁਣਵੱਤਾ ਦੀ ਕਸੌਟੀ ਤੇ ਵੀ ਖਰੀ ਉਤਰਨੀ ਚਾਹੀਦੀ ਹੈ।
ਨੀਤੀ ਘਾੜਿਆਂ ਨੂੰ ਪੁੱਛਿਆਂ ਜਾਵੇ ਕਿ 400 ਰੁ: ਦੀ ਵਰਦੀ ਦੇ ਕੇ ਕਿਉਂ ਇਨਾਂ ਬੱਚਿਆਂ ਨਾਲ ਮਜ਼ਾਕ ਉਡਾਇਆ ਜਾਂਦਾ ਹੈ? ਫਿਰ ਉਨਾਂ ਬੱਚਿਆਂ ਦਾ ਕੀ ਕਸੂਰ ਜੋ (ਲੜਕੇ) ਜ਼ਨਰਲ ਜਾਂ ਬੀ.ਸੀ. ਜਾਤੀ ਵਿੱਚ ਆਉਂਦੇ ਹਨ। ਸਮੇਂ ਦੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਚਿੱਟੇ ਦਿਨ ਅਜਿਹੀ ਕਾਣੀ ਵੰਡ ਨੂੰ ਬੰਦ ਕੀਤਾ ਜਾਵੇ। ਜੇ ਵਰਦੀਆਂ ਦੇਣੀਆ ਹੀ ਹਨ ਤਾਂ ਬਿਨਾਂ ਕੋਈ ਜਾਤ-ਪਾਤ ਤੇ ਬਿਨਾਂ ਕਿਸੇ ਭੇਦ-ਭਾਵ ਦੇ ਸਾਰੇ ਬੱਚਿਆਂ ਨੂੰ ਦਿੱਤੀਆਂ ਜਾਣ। ਵਰਦੀਆਂ ਦੀ ਰਾਸ਼ੀ ਵੀ ਘੱਟੋਂ-ਘੱਟ 1000 ਰੁ: ਪ੍ਰਤੀ ਬੱਚਾ ਕੀਤਾ ਜਾਵੇ। ਤਾਂ ਕੀ ਬੱਚਿਆਂ ਨੂੰ ਵਰਦੀਆਂ ਜਾਤਾਂ-ਪਾਤਾਂ ਦੀਆਂ ਉਲਝਣਾਂ ਵਿੱਚ ਪਾ ਕੇਵਲ 400 ਰੁ: ਬੱਚਾ ਹੀ ਦਿੱਤੀ ਜਾਵੇਗੀ। ਸੋ ਸਮੇਂ ਦੀਆਂ ਸਰਕਾਰਾਂ ਇਨਾਂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੇ ਜਰੂਰ ਸਵੱਲੀ ਨਜ਼ਰ ਮਾਰਨ ਤਾਂ ਜੋ ਇਹ ਬੱਚੇ ਜਾਤ-ਪਾਤ ਤੋਂ ਉਪਰ ਉਠ ਕੇ ਸਮੇਂ ਦੇ ਹਾਣੀ ਬਣ ਆਪਣਾ ਭਵਿੱਖ ਸਵਾਰਨ ਵਿੱਚ ਕਾਮਯਾਬ ਹੋ ਸਕਣ। ਨਹੀਂ ਤਾਂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਇਸ ਸਵਾਲ ਦਾ ਜੁਆਬ ਦੇਣਾ ਔਖਾ ਹੋ ਜਾਵੇਗਾ ਕਿ ..ਜੀ ਸਾਨੂੰ ਵਰਦੀ ਕਿਉਂ ਨਹੀਂ ਮਿਲਣੀ?

WRITTEN BY