Skip to content
Independent perspectives. Global stories.
BREAKING

ਵਿਕਾਸ ਵਿਨਾਸ਼ ਵੱਲ

Share this story

ਕਹਿੌਦੇ ਨੇ ਜੇ ਟੈਕਨਾਲਜੀ ਦਾ ਵਿਕਾਸ ਮਨੁੱਖੀ ਮਾਨਸਿਕਤਾ ਦੇ ਵਿਕਾਸ ਤੋਂ ਜ਼ਿਆਦਾ ਹੋ ਜਾਵੇ ਅਤੇ ਮਨੁੱਖੀ ਮਾਨਸਿਕਤਾ ਟੈਕਨਾਲਜੀ ਜਿੰਨੀ ਤੇਜ਼ੀ ਨਾਲ ਵਿਕਾਸ ਕਰਨ ਜੋਗੀ ਨਾ ਹੋਵੇ ਤਾਂ ਉਥੇ ਟੈਕਨਾਲਜੀ ਵਿਨਾਸ਼ਕਾਰੀ ਸਿੱਧ ਹੁੰਦੀ ਹੈ। ਬਜ਼ੁਰਗਾਂ ਕੋਲੋ ਸੁਣਦੇ ਹਾਂ ਜਦੋ ਸਭ ਕੁਝ ਕੁਦਰਤੀ ਹੁੰਦਾ ਸੀ।ਭਾਵ ਰੋਸ਼ਨੀ ਵੀ ਕੁਦਰਤੀ,ਹਵਾ ਵੀ ਕੁਦਰਤੀ, ਗੱਲਬਾਤ ਵੀ ਕੁਦਰਤੀ ਉਦੋਂ ਆਪਸੀ ਸਾਂਝ ਜ਼ਿਆਦਾ ਹੁੰਦੀ ਸੀ। ਕਈ ਸੱਜਣਾਂ ਨੇ ਤਾਂ ਇਸਨੂੰ ਇਸ ਤਰੀਕੇ ਨਾਲ ਵੀ ਲਿਖਿਆ ਹੈ ਜਦੋਂ ਘਰ ਕੱਚੇ ਹੁੰਦੇ ਸੀ ਉਦੋਂ ਰਿਸ਼ਤੇ ਪੱਕੇ ਹੁੰਦੇ ਸਨ। ਖੈਰ ਗੱਲ ਤਾਂ ਇੱਥੇ ਆ ਕੇ ਹੀ ਮੁੱਕਦੀ ਹੈ ਕਿ ਜਿੱਥੇ-ਜਿੱਥੇ ਮਨੁੱਖ ਨੇ ਆਪਣਾ ਦਿਮਾਗ ਵਰਤਣਾ ਸ਼ੁਰੂ ਕੀਤਾ ਉਥੇ-ਉਥੇ ਮਨੁੱਖ-ਮਨੁੱਖ ਤੋਂ ਹੀ ਦੂਰ ਹੁੰਦਾ ਨਜ਼ਰ ਆਇਆ।ਦੁਨੀਆਂ ਨੂੰ ਨੇੜੇ ਕਰਨ ਦੀ ਯੋਜਨਾ ਦੁਨੀਆਂ ਨੂੰ ਹੋਰ ਦੂਰ ਕਰ ਗਈ।ਜਾਂ ਇਸ ਤਰਾਂ ਕਹਿ ਲਈਏ ਕਿ ਦੁਨੀਆਂ ਨੂੰ ਛੋਟੇ ਕਰਨ ਦੀ ਤਰਕੀਬ ਦੁਨੀਆਂ ਨੂੰ ਹੋਰ ਵੱਡਿਆਂ ਕਰ ਗਈ। ਕੁਦਰਤੀ ਰੌਸ਼ਨੀ ਨੂੰ ਵੀ ਦਿਮਾਗ਼ ਨਾਲ ਬਦਲੀ ਕੀਤਾ ਗਿਆ ਪਰ ਦਿਮਾਗ਼ ਨਾਲ ਤਿਆਰ ਕੀਤੀ ਬਿਜਲੀ ਆਤਮਹੱਤਿਆਵਾਂ ਦੇ ਕੰਮ ਵੀ ਆਉਣ ਲੱਗੀ। ਸਭ ਤੌਂ ਖਾਸ ਗੱਲ ਕੋਲ ਬੈਠ ਕੇ ਕੁਦਰਤੀ ਗੱਲਬਾਤ ਨੂੰ ਵੀ ਬਦਲ ਦਿੱਤਾ ਉਸਦੀ ਜਗ੍ਹਾਂ ਮੋਬਾਇਲ ਫੌਨਾਂ ਨੇ ਲੈ ਲਈ। ਘਰਾਂ ਵਿੱਚ ਲੱਗੇ ਤਾਰਾਂ ਵਾਲੇ ਫੋਨ ’ਤੇ ਚਲੋ ਇੱਕ ਪ੍ਰਮਾਣਿਕਤਾ ਤਾਂ ਹੁੰਦੀ ਸੀ ਕਿ ਬੰਦਾ ਝੂਠ ਨਹੀ ਬੋਲ ਸਕਦਾ।ਪਰ ਮੋਬਾਇਲ ਫੋਨਾਂ ਨੇ ਤਾਂ ਇਹ ਵਿਸ਼ਵਾਸ਼ ਵੀ ਨਹੀ ਰਹਿਣ ਦਿੱਤਾ। ਇੱਕ ਘੰਟੇ ਦੀ ਵਾਟ ਨੂੰ ਬੰਦਾ ਪੰਜ ਮਿੰਟਾ ਚ ਨਾਪ ਦਿੰਦਾ। ਚੱਲ ਇੱਥੇ ਤੱਕ ਵੀ ਠੀਕ ਸੀ।ਪਰ ਇਸ ਤੋਂ ਅੱਗੇ ਵਿਗਿਆਨ ਨੇ ਹੋਰ ਤਰੱਕੀ ਕੀਤੀ।ਸ਼ੋਸ਼ਲ ਮੀਡੀਆ ਨਾਮ ਦੀ ਇੱਕ ਨਵੀਂ ਸ਼ੈਅ ਦੀ ਖੋਜ਼ ਕੀਤੀ ਗਈ।ਹਰ ਇੱਕ ਘਰ ਬੈਠਾ ਆਪਣੇ ਆਪ ਵਿੱਚ ਪੱਤਰਕਾਰ ਬਣ ਗਿਆ।ਚਲੋ ਪੱਤਰਕਾਰੀ ਵਾਲੀ ਡਿਗਰੀ ਤਾਂ ਠੀਕ ਸੀ। ਪਰ ਹੌਲੀ ਹੌਲੀ ਉਹਨਾਂ ਨਵੇਂ ਬਣੇ ਪੱਤਰਕਾਰਾਂ ਨੇ ਆਪਣੇ ਆਪਣੇ ਚੈਨਲ ਹੀ ਖੋਲ ਲਏ।ਉਨ੍ਹਾਂ ਚੈਨਲਾਂ ਤੋਂ ਇੱਕ ਪਾਸੜ ਹੋ ਕੇ ਖਬਰਾਂ ਪਾਉਣ ਲੱਗੇ। ਇਹ ਸ਼ੋਸ਼ਲ ਮੀਡੀਆ ਤੇ ਬਣੇ ਆਪਣੇ ਆਪਣੇ ਖਾਤਿਆਂ ਰੂਪੀ ਚੈਨਲ ਦੁਨੀਆਂ ਨੂੰ ਵੰਡਣ ਵਿੱਚ ਤਾਂ ਪ੍ਰਭਾਵਸ਼ਾਲੀ ਹੋਏ ਹੀ ਪਰ ਇਨ੍ਹਾਂ ਨੇ ਹੌਲੀ ਹੌਲੀ ਆਪਣਿਆਂ ਨੂੰ ਵੀ ਨਾ ਬਖਸ਼ਿਆ। ਰਿਸ਼ਤੇ ਨਾਮ ਦੀ ਚੀਜ਼ ਤਾਂ ਹੁਣ ਬਹੁਤ ਪੁਰਾਣਾ ਇਤਿਹਾਸ ਲੱਗਦੀ ਹੈ। ਇੱਕ ਇਸ ਤਰਾਂ ਦਾ ਇਤਿਹਾਸ ਜਿਸਨੂੰ ਸਾਡੇ ਬਜੁਰਗਾਂ ਨੇ ਕੇਵਲ ਹੰਡਾਇਆ ਹੈ। ਲਿਖਿਆ ਨਹੀਂ। ਅਸਲ ਵਿੱਚ ਇਸਨੂੰ ਲਿਖਿਆ ਜਾ ਵੀ ਨਹੀਂ ਸਕਦਾ। ਰਿਸ਼ਤਿਆਂ ਪੱਖੋੰ ਤਾਂ ਇੰਨ੍ਹੇਂ ਦੂਰ ਹੋ ਗਏ ਕਿ ਇੱਕੋ ਮੰਜੇ ਤੇ ਬੈਠੇ ਦੋ ਸਕੇ ਭਰਾਵਾਂ ਨੂੰ ਕਈ ਵਾਰ ਇਹ ਵੀ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਵੀ ਮੇਰੀ ਮਾਂ ਦਾ ਜਾਇਆ ਬੈਠਾ ਜਾਂ ਕੋਈ ਹੋਰ। ਹਾਂ! ਅਸੀਂ ਅਜਨਬੀਆਂ ਨਾਲ ਜਾਣ ਪਹਿਚਾਣ ਜਰੂਰ ਵਧਾਈ। ਜਿਹੜੀ ਕਦੇ ਕਦੇ ਸਾਡੇ ਲਈ ਹੀ ਖਤਰਾ ਬਣ ਗਈ। ਰਾਜਨੀਤਿਕ ਲੋਕਾਂ ਨੇ ਤਾਂ ਆਪਣਾ ਪ੍ਰਚਾਰ ਕਰਨ ਲਈ ਇਸਦਾ ਬਹੁਤ ਫਾਇਦਾ ਲਿਆ । ਇਹੀ ਨਹੀਂ ਜਿਨ੍ਹਾਂ ਨੂੰ ਕਦੇ ਘਰ ਘਰ ਜਾਕੇ ਵਸਤੂਆਂ ਵੇਚਣੀਆਂ ਪੈਦੀਆਂ ਸਨ ਉਨ੍ਹਾ ਨੇ ਸ਼ੋਸ਼ਲ ਮੀਡੀਏ ਤੇ ਦੁਕਾਨਾਂ ਖੋਲ ਲਈਆਂ ।ਵਿੱਕਰੀ ਚੰਗੀ ਹੋਣ ਲੱਗੀ। ਟੀ.ਵੀ. ਦੀ ਸਕਰੀਨ ਤੇ ਆਉਣ ਦਾ ਹਰ ਇੱਕ ਦਾ ਸ਼ੌਂਕ ਮੋਬਾਇਲ ਦੀ ਸਕਰੀਨ ਤੇ ਆ ਕੇ ਪੂਰਾ ਹੋਣ ਲੱਗਾ। ਟੀ.ਵੀ. ਉਤੇ ਚੱਲ ਰਹੀਆਂ ਫਿਲਮਾਂ ਵਿੱਚ ਹੁੰਦੀ ਨਕਲੀ ਲੜਾਈ ਸ਼ੋਸ਼ਲ ਮੀਡੀਆ ਤੇ ਆ ਕੇ ਅਸਲੀ ਵਿੱਚ ਬਦਲ ਗਈ। ਜਿਹੜੀ ਭਾਸ਼ਾ ਕਦੇ ਦੁਸ਼ਮਣ ਨੂੰ ਵੀ ਨਹੀੰ ਬੋਲੀ ਜਾਂਦੀ ਸੀ ਉਹ ਭਾਸ਼ਾ ਆਪਣਿਆਂ ਨੂੰ ਸੁਣਾਈ ਜਾਣ ਲੱਗੀ । ਬਹੁਤ ਸਾਰੀਆਂ ਮੁਹਿੰਮਾਂ ਵੀ ਸ਼ੋਸ਼ਲ ਮੀਡੀਆ ਰਾਹੀਂ ਚੱਲੀਆਂ। ਕੁਝ ਸਫਲ ਹੋਈਆਂ ਕੁਝ ਅਸਫਲ। ਖੈਰ ਸਭ ਕੁਝ ਤੋਂ ਬਾਅਦ ਅਖੀਰ ਤਾਂ ਇਹੀ ਸਵਾਲ ਬਚਦਾ ਹੈ ਕਿ ਜੋ ਕੁਝ ਅਸੀਂ ਵਿਗਿਆਨਿਕ ਪੱਖ ਤੋਂ ਬਣਾਇਆ ਕੀ ਅਸੀਂ ਆਪ ਮਾਨਸਿਕ ਪੱਖ ਤੋਂ ਉਹ ਬਣ ਸਕੇ ਹਾਂ ਜਾਂ ਸਿਰਫ ਬਣਾਉਣ ਵਿੱਚ ਹੀ ਰੁੱਝੇ ਹੋਏ ਹਾਂ।

WRITTEN BY