Skip to content
Independent perspectives. Global stories.
BREAKING

ਸਾਧਨ ਸਭੀ ਜੁਟ ਜਾਏਂਗੇ ਸੰਕਲਪ ਕਾ ਧਨ ਚਾਹੀਏ

Share this story

ਜਿਸ ਮਨੁੱਖ ਕੋਲ ਪੈਸਾ ਨਾ ਹੋਵੇ ਅਤੇ ਨਾ ਹੀ ਸਿਖਿਆ ਹੋਵੇ, ਕੀ ਉਹ ਵੀ ਦੁਨੀਆਂ ਵਿੱਚ ਸਫ਼ਲ ਅਤੇ ਅਮੀਰ ਲੋਕਾਂ ਦੀ ਸੂਚੀ ’ਚ ਸ਼ਾਮਲ ਹੋ ਸਕਦਾ ਹੈ? ਜੀ ਹਾਂ, ਉਹ ਵੀ ਅਮੀਰ ਹੋ ਸਕਦਾ ਹੈ, ਦੋਲਤਮੰਦ ਹੋ ਸਕਦਾ ਹੈ ਅਤੇ ਕਾਮਯਾਬ ਇਨਸਾਨ ਬਣ ਸਕਦਾ ਹੈ, ਪਰ ਕਾਮਯਾਬੀ ਦਾ ਇਕ ਸੂਤਰ ਉਸ ਕੋਲ ਜ਼ਰੂਰ ਹੋਵੇ। ਉਹ ਹੈ ਸਫ਼ਲ ਅਤੇ ਕਾਮਯਾਬ ਇਨਸਾਨ ਬਣਨ ਦਾ ਸੁਪਨਾ। ਜੇ ਮਨ ਵਿੱਚ ਸਫਲ ਹੋਣ ਦਾ ਸੁਪਨਾ ਹੋਵੇ ਤਾਂ ਕੁਦਰਤ ਵੱਲੋਂ ਉਸ ਨੂੰ ਅਨੇਕਾਂ ਰਾਹ ਮਿਲ ਜਾਣੇ ਸੁਭਾਵਿਕ ਹਨ। ਜੋ ਜਿੱਤਣ ਦਾ ਮਨ ਬਣਾ ਕੇ ਮੈਦਾਨ ਵਿੱਚ ਨਿਤਰਦੇ ਹਨ, ਜਿੱਤ ਉਨ੍ਹਾਂ ਨੂੰ ਹੀ ਨਸੀਬ ਹੁੰਦੀ ਹੈ। ਹਮੇਸ਼ਾਂ ਜਿੱਤਣ ਲਈ ਖੇਡਣਾ ਚਾਹੀਦਾ ਹੈ ਹਾਰ ਤੋਂ ਬਚਣ ਲਈ ਨਹੀਂ। ਕੁਦਰਤ ਵੀ ਉਨ੍ਹਾਂ ਦਾ ਸਾਥ ਦਿੰਦੀ ਹੈ ਜੋ ਪੂਰੇ ਮਨ ਨਾਲ ਜਿੱਤ ਦੀ ਇਬਾਰਤ ਲਿਖਣ ਦੀ ਹਿੰਮਤ ਕਰਦੇ ਹਨ। ਗਰੀਬੀ, ਸਿਖਿਆ ਦੀ ਕਮੀ ਅਤੇ ਸਰੀਰਕ ਕੰਮਜ਼ੋਰੀ ਕਦੇ ਵੀ ਤੁਹਾਡੀ ਸਫ਼ਲਤਾ ਦੇ ਰਾਹ ਵਿੱਚ ਰੋੜਾ ਨਹੀਂ ਬਣਦੀ ਜੇ ਤੁਹਾਡੇ ਮਨ ਵਿੱਚ ਜਿੱਤ ਦਾ ਜਨੂੰਨ ਹੋਵੇ।
ਕੁੱਛ ਕਰਨੇ ਕੇ ਲਿਏ
ਮੌਸਮ ਨਹੀਂ ਮਨ ਚਾਹੀਏ
ਸਾਧਨ ਸਭੀ ਜੁੱਟ ਜਾਏਂਗੇ
ਸੰਕਲਪ ਕਾ ਧਨ ਚਾਹੀਏ।
ਸੰਸਾਰ ਦੇ ਇਤਿਹਾਸ ਵਿੱਚ ਇਸ ਕਿਸਮ ਦੇ ਸਫਲ ਇਨਸਾਨਾਂ ਦੀਆਂ ਸੈਂਕੜੇ ਉਦਾਹਰਣ ਮੌਜੂਦ ਹਨ। ਆਪਣੇ ਸਮੇਂ ਦੇ ਸਭ ਤੋਂ ਅਮੀਰ ਅਮਰੀਕੀ ਉਦਯੋਗਪਤੀ ਐਡਰਿਉ ਕਾਰਨੇਗੀ ਦੀ ਜੀਵਨ ਕਥਾ ਇਸ ਪੱਖੋਂ ਇਕ ਵਧੀਆ ਉਦਾਹਰਣ ਹੈ। 25 ਨਵੰਬਰ 1835 ਨੂੰ ਸਕਾਟਲੈਂਡ ਵਿੱਚ ਜਨਮੇ ਕਾਰਨੇਗੀ ਨੇ ਇਕ ਸੂਤੀ ਮਿਲ੍ਹ ਦੀ ਮਜ਼ਦੂਰੀ ਤੋਂ ਸਟੀਲ ਕਿੰਗ ਕਹਾਉਣ ਤੱਕ ਦਾ ਸਫ਼ਰ ਮਿਹਨਤ, ਹਿੰਮਤ, ਆਤਮ ਵਿਸ਼ਵਾਸ ਅਤੇ ਲਕਸ਼ ਪ੍ਰਤੀ ਇਕਾਗਰਤਾ ਅਤੇ ਪ੍ਰਤੀਬੱਧਤਾ ਦੇ ਗੁਣਾਂ ਕਾਰਨ ਤਹਿ ਕੀਤਾ। ਆਪਣੇ ਯੁੱਗ ਦੇ ਸਭ ਤੋਂ ਧਨਵਾਨ ਉਦਯੋਗਪਤੀ ਕਾਰਨੇਗੀ ਨੂੰ ਸਕੂਲੀ ਸਿੱਖਿਆ ਨਸੀਬ ਨਹੀਂ ਹੋਈ ਸੀ। 13 ਸਾਲ ਦੀ ਉਮਰ ਵਿੱਚ ਉਹ ਆਪਣੇ ਮਾਪਿਆਂ ਨਾਲ ਸਕਾਟਲੈਂਡ ਤੋਂ ਪਰਵਾਸ ਕਰਕੇ ਅਮਰੀਕਾ ਆ ਗਿਆ ਸੀ। ਪਰਵਾਸੀ ਮਜ਼ਦੂਰ ਦੇ ਤੌਰ ’ਤੇ ਕਾਰਨੇਗੀ ਨੇ ਪੇਨਸਿਲਵੇਨਿਆਂ ਦੀ ਇਕ ਸੂਤੀ ਮਿਲ੍ਹ ਵਿੱਚ 1.20 ਡਾਲਰ ਪ੍ਰਤੀ ਹਫਤਾ ਨੌਕਰੀ ਕੀਤੀ। ਕਾਰਨੇਗੀ ਮਜ਼ਦੂਰ ਤਾਂ ਬਣ ਗਿਆ ਸੀ ਪਰ ਉਸ ਦੇ ਮਨ ਵਿੱਚ ਵੱਡਾ ਆਦਮੀ ਬਣਨ ਦਾ ਸੁਪਨਾ ਮਚਲ ਰਿਹਾ ਸੀ। ਇਸੇ ਕਾਰਨ ਉਹ ਹਰ ਰੋਜ਼ ਕੁੱਝ ਨਵਾਂ ਕਰਨ ਅਤੇ ਨਵਾਂ ਸਿੱਖਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਸੀ। ਇਨ੍ਹਾਂ ਦਿਨਾਂ ਵਿੱਚ ਉਸ ਨੂੰ ਟੇਲੀਗਰਾਫੀ ਸਿੱਖਣ ਦਾ ਮੌਕਾ ਮਿਲਿਆ। ਸੁਭਾਅ ਵੱਲੋਂ ਕਾਰਨੇਗੀ ਬਹੁਤ ਮਿਹਨਤੀ ਸੀ ਅਤੇ ਉਹ ਜਲਦੀ ਹੀ ਟੇਲੀਗਰਾਫੀ ਵਿੱਚ ਮਾਹਿਰ ਹੋ ਗਿਆ। ਉਸ ਨੂੰ ਪੇਨਸਿਲਵੇਨੀਆਂ ਰੇਲ ਰੋਡ ਵਿੱਚ ਟੇਲੀਗਰਾਫਰ ਦੀ ਨੌਕਰੀ ਮਿਲ ਗਈ। ਕਾਰਨੇਗੀ ਦੀ ਲਗਨ, ਮਿਹਨਤ ਅਤੇ ਸੁਹਿਰਦਤਾ ਕਾਰਨ ਉਹ ਤਰੱਕੀ ਕਰਦਾ ਕਰਦਾ ਪੀਟਰਜ਼ਬਰਗ ਖੇਤਰ ਦਾ ਸੁਪਰਡੈਂਟ ਬਣ ਗਿਆ।
ਨੌਕਰੀ ਤੋਂ ਉਸ ਨੂੰ ਅੱਛੀ ਖਾਸੀ ਆਮਦਨ ਤਾਂ ਹੋਣ ਲੱਗੀ ਪਰ ਉਸ ਦਾ ਸੁਪਨਾ ਤਾਂ ਢੇਰ ਸਾਰੀ ਦੌਲਤ ਕਮਾਉਣ ਦਾ ਸੀ। ਆਪਣੇ ਸੁਪਨੇ ਨੂੰ ਪੂਰਾ ਕਰਨ ਹਿੱਤ ਕਾਰਨੇਗੀ ਨੇ ਥੋੜ੍ਹੇ ਪੈਸੇ ਬਚਾ ਕੇ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨੇ ਸ਼ੁਰੂ ਕੀਤੇ। ਕਾਰਨੇਗੀ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਜ਼ਿਆਦਾ ਪੈਸਾ ਨੌਕਰੀ ਵਿੱਚੋਂ ਨਹੀਂ ਸਗੋਂ ਵਪਾਰ ਅਤੇ ਸਨਅਤ ਵਿੱਚੋਂ ਹੀ ਮਿਲ ਸਕੇਗਾ। ਕਾਰਨੇਗੀ ਨੂੰ ਪੈਲੇਸ ਕਾਰ ਕੰਪਨੀ ਅਤੇ ਤੇਲ ਦੇ ਖੇਤਰ ਵਿੱਚੋਂ ਬਹੁਤ ਆਮਦਨ ਹੋਈ। ਉਸ ਨੇ ਨੌਕਰੀ ਛੱਡ ਕੇ ਆਪਣੀ ਸਟੀਲ ਕੰਪਨੀ ਸ਼ੁਰੂ ਕਰ ਲਈ। ਕਾਰਨੇਗੀ ਸਮੇਂ ਦੇ ਹਾਣ ਦਾ ਬਣਕੇ ਜਿਊਣ ਵਾਲਾ ਮਨੁੱਖ ਸੀ। ਉਸ ਨੇ ਹਰ ਨਵੀਂ ਤਕਨੀਕ ਨੂੰ ਅਪਣਾਇਆ। ਨਵੀਆਂ ਮਸ਼ੀਨਾਂ ਅਤੇ ਨਵੀਆਂ ਤਕਨੀਕਾਂ ਸਹਾਰੇ ਕਾਰਨੇਗੀ ਨੇ ਬੜੀ ਤੇਜ਼ੀ ਨਾਲ ਤਰੱਕੀ ਕੀਤੀ ਅਤੇ ਸਟੀਲ ਕੰਪਨੀ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਖੋਲ੍ਹ ਲਈਆਂ।
ਇਨ੍ਹਾਂ ਕੰਪਨੀਆਂ ਦੀ ਆਮਦਨ ਕਾਰਨ ਕਾਰਨੇਗੀ ਆਪਣੇ ਸਮੇਂ ਦਾ ਸਭ ਤੋਂ ਦੌਲਤਮੰਦ ਅਮਰੀਕਨ ਬਣ ਗਿਆ। ਉਸ ਨੇ ਅਮਰੀਕਨ ਸਟੀਲ ਇੰਡਸਟਰੀ ਨੂੰ ਨਵੀਆਂ ਸਿਖਰਾਂ ’ਤੇ ਪਹੁੰਚਾਇਆ। 1901 ਵਿੱਚ ਕਾਰਨੇਗੀ ਨੇ ਆਪਣੀ ਕੰਪਨੀ 480 ਮਿਲੀਅਨ ਡਾਲਰ ਵੇਚ ਦਿੱਤੀ ਅਤੇ ਰਿਟਾਇਰ ਹੋਣ ਦਾ ਐਲਾਨ ਕਰ ਦਿੱਤਾ।
ਬਿਜਨਿਸ ਤੋਂ ਰਿਟਾਇਰ ਹੋ ਕੇ ਐਂਡਰਿਉ ਕਾਰਨੇਗੀ ਨੇ ਲੋਕ ਭਲਾਈ ਦੇ ਕੰਮਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਕਾਰਨੇਗੀ ਨੇ ਸਿੱਖਿਆ, ਧਰਮ ਵਿਸ਼ਵ ਸ਼ਾਂਤੀ ਲਈ ਵੱਡੇ ਪੱਧਰ ’ਤੇ ਦਾਨ ਦਿੱਤਾ। ਉਸ ਦੇ ਦਿੱਤੇ ਦਾਨ ਨਾਲ ਸਕੂਲ, ਕਾਲਜ ਅਤੇ ਲਾਇਬ੍ਰੇਰੀਆਂ ਖੋਲ੍ਹੀਆਂ ਗਈਆਂ। ਉਸ ਦੇ ਪੈਸੇ ਨਾਲ ‘ਦੀ ਕਾਰਨੇਗੀ ਟਰੱਸਟ ਫਾਰ ਦੀ ਯੂਨੀਵਰਸਿਟੀ ਆਫ ਸਕਾਟਲੈਂਡ,’ ਕਾਰਨੇਗੀ ਇੰਸਟੀਚਿਊਸ਼ਨ ਆਫ਼ ਸਾਇੰਸ ਅਤੇ ਕਾਰਨੇਗੀ ਫਾਉਂਡੇਸ਼ਨ ਆਦਿ ਅਨੇਕਾਂ ਸੰਸਥਾਵਾਂ ਬਣੀਆਂ, ਜਿਨ੍ਹਾਂ ਰਾਹੀਂ ਲੋਕ ਸੇਵਾ ਦੇ ਕੰਮ ਹੋਣ ਲੱਗੇ। ਕਾਰਨੇਗੀ ਦੀ ਜੀਵਨ ਕਹਾਣੀ ਇਹ ਸਪੱਸ਼ਟ ਕਰਦੀ ਹੈ ਕਿ ਜੋ ਵਿਅਕਤੀ ਲਗਾਤਾਰ ਸਿਖਣ ਵਿੱਚ ਰੁਚੀ ਰੱਖਦੇ ਹਨ ਅਤੇ ਆਪਣੇ ਆਪ ਨੂੰ ਭਵਿੱਖ ਲਈ ਤਿਆਰ ਕਰਦੇ ਰਹਿੰਦੇ ਹਨ, ਉਹ ਹਰ ਹਾਲਤ ਵਿੱਚ ਸਫਲ ਹੁੰਦੇ ਹਨ। ਐਡਰਿਊ ਕਾਰਨੇਗੀ ਨੇ ਆਪਣੀ ਸਫ਼ਲਤਾ ਦਾ ਸੂਤਰ ਦੱਸਦੇ ਹੋਏ ਲਿਖਿਆ ਸੀ-
‘‘ਮੇਰਾ ਸੂਤਰਵਾਕ ਹੈ – ਪਹਿਲਾਂ ਇਮਾਨਦਾਰੀ, ਫਿਰ ਮਿਹਨਤ, ਫਿਰ ਇਕਾਗਰਤਾ।’’

WRITTEN BY