ਪੰਜਾਬ ਸਕੂਲ ਸਿੱਖਿਆ ਬੋਰਡ ਹਰ ਸਾਲ ਗੁਣਾਤਮਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਿੱਦਿਅਕ ਮੁਕਾਬਲਿਆਂ ਦਾ ਆਯੋਜਨ ਕਰਦਾ ਹੈ।ਇਹ ਮੁਕਾਬਲੇ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਦੇ ਮਸਕਦ ਦੀ ਵੀ ਪੂਰਤੀ ਕਰਦੇ ਹਨ।ਇਹ ਮੁਕਾਬਲੇ ਜ਼ਿਲ੍ਹਾ ਪੱਧਰ ਤੋਂ ਸ਼ੁਰੂ ਹੋ ਕੇ ਵਾਇਆ ਖੇਤਰ ਪੱਧਰ ਰਾਜ ਪੱਧਰ ਤੱਕ ਜਾਂਦੇ ਹਨ।ਇਹ ਮੁਕਾਬਲੇ ਪ੍ਰਾਇਮਰੀ ਪੱਧਰ ,ਮਿਡਲ ਪੱਧਰ ਅਤੇ ਸੈਕੰਡਰੀ ਪੱਧਰ ਤੱਕ ਤਿੰਨ ਪੱਧਰਾਂ ਤੇ ਕਰਵਾਏ ਜਾਂਦੇ ਹਨ।ਪ੍ਰਾਇਮਰੀ ਵਰਗ ਲਈ.ਮਿਡਲ ਵਰਗ ਲਈ 12 ਅਤੇ ਸੈਕੰਡਰੀ ਵਰਗ ਲਈ 17 ਵੰਨਗੀਆਂ ਮੁਕਾਬਲੇ ਲਈ ਰੱਖੀਆਂ ਗਈਆਂ ਹਨ।ਕੁਝ ਮੁਕਾਬਲੇ ਸਿੱਧੇ ਖੇਤਰ ਪੱਧਰ ਤੋਂ ਸ਼ੁਰੂ ਹੁੰਦੇ ਹਨ।ਬੋਰਡ ਨੇ ਇਹਨਾਂ ਮੁਕਾਬਲਿਆਂ ਨੂੰ ਯੂਨੀਵਰਸਿਟੀ ਪੱਧਰ ਤੇ ਹੁੰਦੇ ਯੁਵਕ ਮੇਲਿਆਂ ਦੇ ਬਰਾਬਰ ਦਾ ਦਰਜਾ ਦਿੱਤਾ ਹੈ।ਮੈ ਪਿਛਲੇ ਤਿੰਨ ਸਾਲਾਂ ਤੋਂ ਇਹਨਾਂ ਮੁਕਾਬਲਿਆਂ ਨਾਲ ਜੁੜਿਆ ਹਾਂ।ਜ਼ਿਲ੍ਹਾ ਪੱਧਰ ਤੇ ਜੇਤੂ ਰਹਿਣ ਦੇ ਨਾਲ-ਨਾਲ ਖੇਤਰ ਪੱਧਰ ਤੱਕ ਭਾਗੀਦਾਰੀ ਰਹੀ ਹੈ।ਭਾਵੇਂ ਮੈ ਗਣਿਤ ਮਾਸਟਰ ਹਾਂ ਪਰ ਐਮ.ਏ. ਅੰਗਰੇਜੀ ਤੇ ਪੰਜਾਬੀ ਕਰਨ ਕਰਕੇ ਸਾਹਿਤ ਦੀ ਸੋਝੀ ਹੈ।ਬਾਕੀ ਹੁਣ ਤੱਕ 700 ਰਚਨਾਵਾਂ ਪੰਜਾਬੀ ਦੇ ਮੁੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛੱਪਣ ਦੇ ਨਾਲ-ਨਾਲ ਤਿੰਨ ਮੌਲਿਕ ਕਿਤਾਬਾਂ ਨਿਬੰਧ ਸੰਗ੍ਰਹਿ, ਕਾਵਿ ਸੰਗ੍ਰਹਿ ਤੇ ਬਾਲ ਕਾਵਿ ਸੰਗ੍ਰਹਿ ਛੱਪ ਚੁੱਕੇ ਹਨ।ਮੇਰਾ ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਪ੍ਰਤੀ ਜੋ ਅਨੁਭਵ ਰਿਹਾ ਉਹ ਸਾਂਝਾ ਕਰ ਰਿਹਾ ਤਾਂ ਜੋ ਇਹ ਮੁਕਾਬਲੇ ਗੁਣਾਤਮਕ ਸੁਧਾਰ ਦੇ ਸੂਚਕ ਬਣ ਸਕਣ।
ਇਹਨਾਂ ਮੁਕਾਬਲਿਆਂ ਦਾ ਸਭ ਤੋਂ ਅਹਿਮ ਤੇ ਵਿਚਾਰਨ ਵਾਲਾ ਪੱਖ ਜੱਜਮੈਂਟ ਦਾ ਹੈ।ਮੈਨੂੰ ਲੱਗਦਾ ਕਿ ਵਿਦਿਆਰਥੀ ਦੀ ਸਮਰੱਥਾ ਨੂੰ ਆਂਕਣਾ ਸਭ ਤੋਂ ਔਖਾ ਤੇ ਮਹੱਤਵਪੂਰਨ ਹੈ।ਸਮਰੱਥਾ ਭਾਵੇਂ ਬੌਧਿਕ ਪੱਧਰ ਜਾਣੀ ਮਾਰਕਿੰਗ ਦੀ ਹੋਵੇ ਜਾਂ ਟੇਲੈਂਟ ਪਰਖ ਦੀ।ਇਹਨਾਂ ਪੱਖਾਂ ਤੇ ਥੋੜੀ ਜਿਹੀ ਅਣਗਹਿਲੀ ਵਿਦਿਆਰਥੀ ਦਾ ਭਵਿੱਖ ਖਰਾਬ ਕਰ ਸਕਦੀ ਹੈ।ਵਿਦਿਆਰਥੀ ਵਿੱਚ ਹੀਣ ਭਾਵਨਾ ਪੈਦਾ ਕਰਨੀ ਬਹੁਤ ਸੌਖੀ ਹੈ ਪਰ ਇਸਨੂੰ ਵਿਦਿਆਰਥੀ ਵਿੱਚੋਂ ਖਤਮ ਕਰਨਾ ਬੁਹਤ ਕਠਿਨ ਕਾਰਜ।ਜੱਜਮੈਂਟ ਦਾ ਕੰਮ ਬਹੁਤ ਹੀ ਸਮਝ ਭਰਿਆ ਹੁੰਦਾ ਹੈ।ਮੁਕਾਬਲੇ ਦੀ ਵੰਨਗੀ ਵਿੱਚ ਪ੍ਰਪੱਕ ਜੱਜ ਦਾ ਹੋਣਾ ਜਰੂਰੀ ਹੈ।ਬਹੁਤ ਸਾਰੇ ਪੱਖਾਂ ਤੇ ਬੋਰਡ ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਆਧਾਰ ਤੇ ਜੱਜਮੈਂਟ ਦਿੱਤੀ ਜਾਂਦੀ ਹੈ।ਬੋਰਡ ਵੱਲੋਂ ਜੋ ਵੀ ਜੱਜ ਇਹਨਾਂ ਮੁਕਾਬਲਿਆਂ ਲਈ ਨਿਯੁਕਤ ਕੀਤੇ ਜਾਂਦੇ ਹਨ ਉਹਨਾਂ ਲਈ ਵੀ ਮਾਪਦੰਡ ਤੈਅ ਹੋਣੇ ਜਰੁਰੀ ਹਨ।ਵਧੀਆ ਅਧਿਆਪਕ ਜਰੂਰੀ ਨਹੀਂ ਵਧੀਆ ਜੱਜ ਹੋਵੇ।ਪਰ ਮੈਂ ਵਾਚਿਆ ਕਿ ਵੰਨਗੀ ਦੀ ਬਹੁਤ ਘੱਟ ਸਮਝ ਵਾਲੇ ਜੱਜ ਬੋਰਡ ਵੱਲੋਂ ਨਿਯੁਕਤ ਹੋ ਰਹੇ ਹਨ।ਗਲਤ ਜੱਜਮੈਟ ਮੁਕਾਬਲੇ ਦੀ ਗਰਿਮਾ ਨੂੰ ਸੱਟ ਮਾਰਦੀ ਹੈ।ਗਲਤ ਜੱਜਮੈਂਟ ਕਾਰਨ ਬਹੁਤ ਸਾਰੇ ਸੁਹਿਰਦ ਅਧਿਆਪਕਾਂ ਨੇ ਇਹਨਾਂ ਮੁਕਾਬਲਿਆਂ ਦੀ ਤਿਆਰੀ ਕਰਵਾਉਣੀ ਹੀ ਛੱਡ ਦਿੱਤੀ ਹੈ।ਜੇ ਜ਼ਿਲ੍ਹਾ ਪੱਧਰ ਤੇ ਇਹਨਾਂ ਮੁਕਾਬਲਿਆਂ ਵਿੱਚ ਸਕੂਲਾਂ ਦੀ ਭਾਗੀਦਾਰੀ ਦੇਖੀਏ ਤਾਂ 20 ਤੋਂ ਘੱਟ ਹੀ ਰਹਿੰਦੀ ਹੈ।ਸਿੱਖਿਆ ਵਿਭਾਗ ਵਾਚ ਕਰੇ ਕਿ ਪੰਜਾਬ ਪੱਧਰ ਤੇ ਕਿੰਨੇ ਸਕੂਲਾਂ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ।ਗੱਲ ਕਰਨ ਤੇ ਜੱਜਮੈਂਟ ਮਸਲੇ ਤੇ ਅਧਿਆਪਕ ਨਿਰਾਸ਼ ਹੀ ਲੱਗੇ।
ਮੇਰੇ ਵਿਦਿਆਰਥੀ ਭਾਸ਼ਣ , ਕਵਿਤਾ ਉਚਾਰਣ ,ਚਿੱਤਰਕਲਾ , ਸੁੰਦਰ ਲਿਖਾਈ , ਮੌਲਿਕ ਲਿਖਤ , ਆਮ ਗਿਆਨ ਤੇ ਕਵਿਸ਼ਰੀ ਵੰਨਗੀਆਂ ਵਿੱਚ ਭਾਗ ਲੈਂਦੇ ਹਨ।ਹੌਲੀ-ਹੌਲੀ ਹੋਰ ਵੰਨਗੀਆਂ ਦੀ ਤਿਆਰੀ ਚੱਲ ਰਹੀ ਹੈ।ਭਾਸ਼ਣ ਤੇ ਕਵਿਤਾ ਉਚਾਰਣ ਲਈ ਜੋ ਜੱਜ ਲਗਾਏ ਜਾਂਦੇ ਹਨ ਉਹਨਾਂ ਲਈ ਮਾਪਦੰਡ ਜਰੂਰ ਤੈਅ ਹੋਣ। ਪਿਛਲੇ ਸਾਲ ਖੇਤਰ ਪੱਧਰ ਤੇ ਜੱਜਾਂ ਨਾਲ ਬਹੁਤ ਬਹਿਸ ਹੋਈ। ਪਹਿਲੀ ਸ਼ਰਤ ਤਿੰਨੇ ਜੱਜ ਅਲੱਗ-ਅਲੱਗ ਬੈਠਣ ਪਰ ਇਕੱਠੇ ਬੈਠਦੇ ਹਨ। ਭਾਸ਼ਣ ਚੱਲ ਰਿਹਾ ਸੀ ਇੱਕ ਜੱਜ ਅੱਖਾਂ ਮੀਚੀ ਬੈਠਾ ਸੀ ਅੱਧ ਸੁੱਤਾ। ਨਤੀਜਾ ਤਿਆਰ ਕਰਨ ਵੇਲੇ ਉਹਦੀ ਜੱਜਮੈਂਟ ਦਾ ਆਧਾਰ ਕੀ ਸੀ?ਜਦ ਅਸੀਂ ਇਹ ਪੁੱਛਿਆ ਤਾਂ ਜੱਜ ਚੁੱਪ ਸੀ।ਇਹਨਾਂ ਮੁਕਾਬਲਿਆਂ ਲਈ ਜੱਜ ਸਾਹਿਤ ਦੇ ਆਲੋਚਕ ਅਤੇ ਵਾਰਤਕ ਤੇ ਕਵਿਤਾ ਦੀ ਗਹਿਰੀ ਸਮਝ ਰੱਖਣ ਵਾਲੇ ਹੋਣੇ ਚਾਹੀਦੇ ਹਨ।ਗੰਢਤੁੱਪ ਦੀ ਚਰਚਾ ਵੀ ਸੁਣਨ ਨੂੰ ਮਿਲਦੀ ਰਹਿੰਦੀ ਹੈ।
ਇਸਵਾਰ ਜ਼ਿਲ੍ਹਾ ਪੱਧਰ ਤੇ ਭਾਗ ਲਿਆ। ਮੈਂ ਭਾਸ਼ਣ ਤੇ ਕਵਿਤਾ ਉਚਾਰਣ ਦੇ ਜੱਜਾਂ ਨੂੰ ਸਵਾਲ ਵੀ ਕੀਤਾ ਕਿ ਤੁਹਾਡਾ ਕਵਿਤਾ ਅਤੇ ਵਾਰਤਕ ਦੇ ਖੇਤਰ ਵਿੱਚ ਕੀ ਯੋਗਦਾਨ ਹੈ।ਉਹ ਅਧਿਆਪਕ ਵਧੀਆ ਹੋ ਸਕਦੇ ਹਨ ਪਰ ਵਧੀਆ ਜੱਜ ਹੋਣ ਜਰੂਰੀ ਨਹੀਂ। ਹੈਰਾਨੀ ਤਦ ਹੋਈ ਜਦ ਨਤੀਜਾ ਘੋਸ਼ਿਤ ਹੋਣ ਤੋਂ ਪਹਿਲਾਂ ਹੀ ਇੱਕ ਅਧਿਆਪਕ ਨੂੰ ਸਟੇਜ ਤੇ ਬੁਲਾ ਲਿਆ ਗਿਆ ਜਿਸਦੇ ਵਿਦਿਆਰਥੀ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਰਹੇ ਸਨ। ਮੈਨੂੰ ਨਾ ਉਸ ਅਧਿਆਪਕ ਦੀ ਕਾਬਲੀਅਤ ਤੇ ਸ਼ੱਕ ਹੈ ਨਾ ਉਸਦੇ ਵਿਦਿਆਰਥੀਆਂ ਦੀ ਤਿਆਰੀ ਉ¤ਤੇ। ਪਰ ਨਤੀਜਾ ਘੋਸ਼ਿਤ ਹੋਣ ਤੋਂ ਪਹਿਲਾਂ ਖਾਸ਼ ਵਿਸ਼ੇਸ਼ਣ ਲਗਾ ਕੇ ਉਸਨੂੰ ਸਟੇਜ ਤੇ ਬੁਲਾਉਣਾ ਗਲਤ ਸੁਨੇਹਾ ਜਰੂਰ ਦਿੰਦਾ। ਕਵਿਤਾ ਉਚਾਰਣ ਮੁਕਾਬਲੇ ਵਿੱਚ ਤੀਸਰੇ ਸਥਾਨ ਤੇ ਆਏ ਵਿਦਿਆਰਥੀ ਨੇ ਕਵਿਤਾ ਤਰੰਨਮ ’ਚ ਪੇਸ਼ ਕੀਤੀ।ਜੱਜਾਂ ਨੇ ਅਧਿਆਪਕ ਤੋਂ ਕਿਤਾਬ ਮੰਗਵਾ ਕੇ ਸਪੱਸ਼ਟ ਕੀਤਾ ਕਿ ਇਹ ਗੀਤ ਹੈ ਜਾਂ ਕਵਿਤਾ।ਕਮਾਲ ਹੈ ਜੱਜਾਂ ਨੂੰ ਗੀਤ ਤੇ ਕਵਿਤਾ ਵਿਚਲਾ ਅੰਤਰ ਪਤਾ ਨਹੀਂ।ਹੈਰਾਨੀ ਕਿ ਇੱਕ ਜੱਜ ਕਵਿਤਾ ਨੂੰ ਕਵੀਤਾ ਉਚਾਰ ਰਿਹਾ ਸੀ।ਇਹ ਮੈਂ ਨਹੀਂ ਹਾਜ਼ਰ ਅਧਿਆਪਕਾਂ ਦੀ ਤਸਦੀਕ ਹਾਂ।ਮੈਂ ਸ਼ਪੱਸ਼ਟ ਵਾਚ ਰਿਹਾ ਸੀ ਕਿ ਕਿਹੜਾ ਜੱਜ ਅੰਕ ਲਗਾ ਰਿਹਾ ਜਾਂ ਕਿੰਨਾ ਧਿਆਨ ਦੇ ਰਿਹਾ। ਹੋਰ ਮੁਕਾਬਲਿਆਂ ਦੀ ਜੱਜਮੈਂਟ ਵੀ ਦਰੁਸਤ ਹੋਵੇ।
ਮੇਰਾ ਇਹ ਲਿਖਣ ਦਾ ਮਕਸਦ ਕਿਸੇ ਦੀ ਸਮਰੱਥਾ ਘੱਟ ਆਂਕਣਾ ਨਹੀਂ। ਪਰ ਵਿਦਿਆਰਥੀਆਂ ਨਾਲ ਧੱਕਾ ਹੋਵੇ ਤਾਂ ਬਰਦਾਸ਼ਤ ਨਹੀਂ। ਸਕੂਲਾਂ ਅਤੇ ਕਾਲਿਜਾਂ ਦੇ ਮਾਹਿਰ ਬੰਦੇ ਇਹਨਾਂ ਮੁਕਾਬਲਿਆਂ ਲਈ ਜੱਜ ਲਗਾਏ ਜਾਣ ਤਾਂ ਜੋ ਇਹ ਮੁਕਾਬਲੇ ਆਪਣੇ ਅਸਲੀ ਮਕਸਦ ਦੀ ਪੂਰਤੀ ਕਰਦੇ ਹੋਏ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਕਰਨ।
ਵਿੱਦਿਅਕ ਮੁਕਾਬਲੇ ਸਾਰਥਿਕ ਬਣਾਏ ਜਾਣ



