ਉਹ ਇਕ ਲੋਹਾਰ ਦਾ ਬੇਟਾ ਸੀ। ਲੋਹਾਰ ਨੂੰ ਇਕ ਬੀਮਾਰੀ ਨੇ ਘੇਰ ਲਿਆ। ਹੱਥੀਂ ਕੰਮ ਕਰਨ ਵਾਲਿਆਂ ਲਈ ਬੀਮਾਰੀ ਬਹੁਤ ਮਾੜੀ ਸ਼ੈਅ ਹੁੰਦੀ ਹੈ। ਬੀਮਾਰੀ ਨੇ ਗਰੀਬੀ ਨੂੰ ਦਾਅਵਤ ਦੇ ਦਿੱਤੀ ਸੀ। ਪਰਿਵਾਰ ਰੋਟੀ ਪਾਣੀ ਤੋਂ ਮੁਥਾਜ ਹੋ ਗਿਆ ਸੀ। ਅਜਿਹੀ ਹਾਲਤ ਵਿੱਚ ਉਸ ਬੱਚੇ ਦਾ ਸਕੂਲ ਜਾਣਾ ਔਖਾ ਹੋ ਗਿਆ ਸੀ। 12 ਵਰ੍ਹਿਆਂ ਦੀ ਉਮਰ ਵਿੱਚ ਬੱਚੇ ਨੂੰ ਸਕੂਲ ਛੱਡਣਾ ਪਿਆ ਅਤੇ ਬੀਮਾਰ ਪਿਤਾ ਅਤੇ ਪਰਿਵਾਰ ਦੀ ਮੱਦਦ ਲਈ ਅਖ਼ਬਾਰਾਂ ਦੀ ਰੱਦੀ ਖਰੀਦਣ ਵੇਚਣ ਦਾ ਧੰਦਾ ਕਰਨਾ ਪਿਆ। ਬੱਚੇ ਲਈ ਕੰਮ ਔਖਾ ਸੀ ਪਰ ਉਹ ਨਿਆਣਾ ਸਕਾਰਤਮਕ ਸੋਚ ਦਾ ਧਾਰਨੀ ਸੀ। ਪਰਿਵਾਰ ਉ¤ਤੇ ਆਏ ਕੁਦਰਤੀ ਸੰਕਟ ਨੂੰ ਬੜੀ ਹਿੰਮਤ ਅਤੇ ਹੌਂਸਲੇ ਨਾਲ ਜਰ ਰਿਹਾ ਸੀ। ਆਪਣੇ ਚਿਹਰੇ ’ਤੇ ਮੁਸਕਾਨ ਲਏ ਉਹ ਬੱਚਾ ਸਖ਼ਤ ਮਿਹਨਤ ਕਰਦਾ ਵਿਖਾਈ ਦਿੰਦਾ ਸੀ। ਕਈ ਵਾਰ ਤਾਂ ਲੋਕ ਉਸ ਨੂੰ ਵੇਖ ਕੇ ਹੈਰਾਨ ਹੁੰਦੇ ਸਨ ਕਿ ਅਜਿਹੀ ਵਿਪਰੀਤ ਪ੍ਰਸਿਥਤੀਆਂ ਵਿੱਚ ਵੀ ਉਹ ਚੜ੍ਹਦੀਕਲਾ ਵਿੱਚ ਕਿਵੇਂ ਵਿਚਰ ਰਿਹਾ ਹੈ। ਉਹ ਆਪ ਹੀ ਨਹੀਂ ਸਗੋਂ ਆਪਣੇ ਸਾਥੀਆਂ ਨੂੰ ਵੀ ਸਕਾਰਤਮਕ ਬਣਾਉਣ ਦਾ ਯਤਨ ਕਰਦਾ ਹੈ। ਜਿਸ ਪੁਸਤਕ ਵਿਕਰੇਤਾ ਨੂੰ ਉਹ ਆਪਣੀ ਰੱਦੀ ਵੇਚਦਾ ਸੀ, ਉਹ ਇਕ ਦਿਨ ਪੁਛਣ ਲੱਗਾ ਕਿ ਅਜਿਹੀ ਔਖੀ ਘੜੀ ਵਿੱਚ ਵੀ ਤੂੰ ਕਿਵੇਂ ਮੁਸਕਰਾ ਲੈਂਦਾ ਹੈ। ਉਦਾਸੀ ਤੇਰੇ ਨੇੜੇ ਵੀ ਨਹੀਂ ਖੜ੍ਹਦੀ। ਉਸ ਬੱਚੇ ਨੇ ਹੱਸਕੇ ਜਵਾਬ ਦਿੱਤਾ : ‘‘ਤੁਸੀਂ ਪੁੱਛ ਲਿਆ ਤਾਂ ਮੈਂ ਦੱਸ ਹੀ ਦਿੰਦਾ ਹਾਂ, ਮੈਂ ਰਿਹਰਸਲ ਕਰ ਰਿਹਾ ਹਾਂ ਮਹਾਨ ਵਿਅਕਤੀ ਬਣਨ ਦੀ। ਤੁਹਾਨੂੰ ਪਤਾ ਹੈ ਕਿ ਹਰ ਵੱਡੇ ਅਤੇ ਮਹਾਨ ਵਿਅਕਤੀ ਨੇ ਵੱਡੀਆਂ-ਵੱਡੀਆਂ ਮੁਸੀਬਤਾਂ ਦਾ ਮੁਕਾਬਲਾ ਕੀਤਾ ਹੈ। ਮੈਂ ਮੁਸੀਬਤਾਂ ਦਾ ਮੁਕਾਬਲਾ ਹੱਸਕੇ ਕਰ ਰਿਹਾ ਹਾਂ ਅਤੇ ਵੱਡਾ ਆਦਮੀ ਬਣਾਂਗਾ ਅਤੇ ਮਹਾਨ ਕੰਮ ਕਰਾਂਗਾ।’’ ਉਸ ਬੱਚੇ ਨੇ ਹੱਸਦੇ ਹੋਏ ਜਵਾਬ ਦਿੱਤਾ।
ਬੱਚੇ ਦੇ ਅੰਦਾਜ਼ ਨੇ ਉਸ ਪੁਸਤਕ ਵਿਕਰੇਤਾ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਨੇ ਬੱਚੇ ਨੂੰ ਪੇਸ਼ਕਸ਼ ਕੀਤੀ ਜੇ ਉਹ ਚਾਹੇ ਤਾਂ ਉਹ ਉਸਨੂੰ ਕਿਤਾਬਾਂ ਦੀਆਂ ਜਿਲਦਾਂ ਚੜ੍ਹਾਉਣ ਦਾ ਕੰਮ ਸਿੱਖਾ ਵੀ ਸਕਦਾ ਹਾਂ ਅਤੇ ਦਵਾ ਵੀ ਸਕਦਾ ਹਾਂ। ਇਸ ਤਰ੍ਹਾਂ ਤੇਰੀ ਆਮਦਨ ਦੁਗਣੀ ਹੋ ਜਾਵੇਗੀ। ਬੱਚੇ ਨੇ ਦੁਕਾਨਦਾਰ ਦੀ ਪੇਸ਼ਕਸ਼ ਨੂੰ ਕਬੂਲ ਕਰ ਲਿਆ ਅਤੇ ਬੁੱਕ ਬਾਇਡਿੰਗ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਬੱਚੇ ਨੂੰ ਜਿਥੇ ਆਮਦਨ ਹੋਣ ਲੱਗੀ ਉਥੇ ਮੁਫ਼ਤ ਵਿੱਚ ਕਿਤਾਬਾਂ ਪੜ੍ਹਣ ਨੂੰ ਮਿਲਣ ਲੱਗੀਆਂ। ਜਦੋਂ ਕੋਈ ਸੱਚੇ ਦਿਲੋਂ ਕੁਝ ਹਾਸਲ ਕਰਨਾ ਚਾਹੁੰਦਾ ਹੁੰਦਾ ਹੈ ਤਾਂ ਕੁਦਰਤ ਉਸ ਨੂੰ ਆਪ ਰਸਤਾ ਵਿਖਾਉਣ ਲਈ ਅੱਗੇ ਆ ਜਾਂਦੀ ਹੈ। ਇਥੇ ਵੀ ਇਵੇਂ ਹੀ ਵਾਪਰਿਆ। ਬੱਚੇ ਨੂੰ ਵਿਗਿਆਨ ਦੀਆਂ ਕਿਤਾਬਾਂ ਦੀਆਂ ਜਿਲਦਾਂ ਬਨਣ ਦਾ ਕੰਮ ਮਿਲਿਆ। ਉਸ ਨੇ ਸਾਰੀਆਂ ਕਿਤਾਬਾਂ ਨਾ ਸਿਰਫ ਪੜ੍ਹ ਲਈਆਂ ਬਲਕਿ ਉਨ੍ਹਾਂ ’ਤੇ ਅਮਲ ਕਰਦੇ ਹੋਏ ਖੋਜ ਸ਼ੁਰੂ ਕਰ ਦਿੱਤੀ ਅਤੇ ਉਹ ਪੁਰਾਣੀਆਂ ਤਾਰਾਂ ਅਤੇ ਬੋਤਲਾਂ ਆਦਿ ਦੀ ਮੱਦਦ ਨਾਲ ਜਰਨੇਟਰ ਦੀ ਖੋਜ ਕਰਨ ਵਿੱਚ ਕਾਮਯਾਬ ਹੋ ਗਿਆ। ਉਸ ਸਮੇਂ ਬਿਜਲੀ ਦੀ ਕਾਢ ਅਜੇ ਨਹੀਂ ਹੋਈ ਸੀ ਅਤੇ ਜਰਨੇਟਰ ਦੀ ਖੋਜ ਨੇ ਦੁਨੀਆਂ ਨੂੰ ਪ੍ਰਕਾਸ਼ ਹਾਸਲ ਕਰਨ ਦਾ ਇਕ ਵਧੀਆ ਮੌਕਾ ਦੇ ਦਿੱਤਾ।
ਜਰਨੇਟਰ ਦੀ ਖੋਜ ਤੋਂ ਬਾਅਦ ਬੱਚੇ ਦੇ ਆਤਮ ਵਿਸ਼ਵਾਸ ਵਿੱਚ ਹੋਰ ਵਾਧਾ ਹੋ ਗਿਆ। ਵਿਗਿਆਨੀਆਂ ਦੀ ਸੰਸਥਾ ਨੇ ਵੀ ਉਸ ਨੂੰ ਮਾਨਤਾ ਦੇ ਦਿੱਤੀ। ਇਕ ਦਿਨ ਰਾਇਲ ਇੰਸਟੀਚਿਊਟ ਵਿੱਚ ਉਸ ਨੂੰ ਪ੍ਰਸਿੱਧ ਵਿਗਿਆਨੀ ਸਰ ਹਮਫਰੀ ਹੇਲੀ ਦਾ ਭਾਸ਼ਣ ਸੁਣਨ ਦਾ ਮੌਕਾ ਮਿਲਿਆ। ਬੱਚੇ ਨੇ ਸਰ ਹੇਲੀ ਦੇ ਭਾਸ਼ਣ ਦੇ ਨੋਟਿਸ ਬਣਾ ਕੇ ਅਤੇ ਬਾਇੰਡ ਕਰਕੇ ਜਦੋਂ ਸਰ ਹੇਲੀ ਨੂੰ ਭੇਂਟ ਕੀਤੇ ਤਾਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਬੱਚੇ ਨੂੰ ਆਪਣਾ ਸਹਾਇਕ ਰੱਖ ਲਿਆ। ਇਹ ਬੱਚਾ ਵਿਗਿਆਨੀ ਬਣਨ ਲੱਗਾ ਅਤੇ ਹੇਲੀ ਨਾਲ ਵੱਖ-ਵੱਖ ਦੇਸ਼ਾਂ ਵਿੱਚ ਘੁੰਮਿਆ। ਇਸ ਬੱਚੇ ਤੋਂ ਵਿਗਿਆਨੀ ਬਣੇ ਖੋਜੀ ਨੇ ਚੁੰਬਕ ਨਾਲ ਬਿਜਲੀ ਪੈਦਾ ਕਰਨ ਦੀ ਵੀ ਖੋਜ ਕੀਤੀ। ਬਿਜਲੀ ਦੀ ਮੋਟਰ ਅਤੇ ਡਾਇਨਮੋ ਆਦਿ ਦੀਆਂ ਖੋਜਾਂ ਨੇ ਇਸ ਬੱਚੇ ਨੂੰ ਸੱਚ-ਮੁੱਚ ਮਹਾਨ ਵਿਗਿਆਨਕ ਦਾ ਦਰਜਾ ਦਿਵਾ ਦਿੱਤਾ ਸੀ।
ਇਸ ਵਿਗਿਆਨੀ ਦਾ ਨਾਮ ਸੀ ਮਾਈਕਲ ਫਰਾਡੈ। ਮਾਇਕਲ ਫਰਾਡੈ ਦੀ ਸਫ਼ਲਤਾ ਦਾ ਰਾਜ ਵੀ ਸਕਾਰਤਮਕ ਸੋਚ ਵਿੱਚ ਪਿਆ ਹੈ। ਜਦੋਂ ਤੁਸੀਂ ਸਕਾਰਤਮਕ ਸੋਚ ਦੇ ਧਾਰਨੀ ਹੋ ਜਾਂਦੇ ਹੋ ਤਾਂ ਹਰ ਮਾੜੇ ਚੰਗੇ ਹਲਾਤ ਵਿੱਚ ਚੰਗਾ ਸੋਚਦੇ ਹੋ। ਸਮਝ ਜਾਂਦੇ ਹੋ ਕਿ ਹਰ ਰਾਤ ਤੋਂ ਬਾਅਦ ਹਮੇਸ਼ਾ ਸਵੇਰਾ ਹੁੰਦਾ ਹੈ।
ਰਾਤ ਤੋਂ ਬਾਅਦ ਹਮੇਸ਼ਾਂ ਸਵੇਰਾ ਹੁੰਦੈ



