ਪੰਜਾਬੀ ਸਭਿਆਚਾਰ ਵਿਚ ਪਰੁਚੀ ਅਤੇ ਪੰਜਾਬੀ ਵਿਰਸੇ ਉਪਰ ਪਹਿਰਾ ਦੇਣ ਲਈ ਨਵੀਂ ਨੌਜਵਾਨ ਪੀੜ੍ਹੀ ਨੂੰ ਆਪਣੇ ਪੁਰਾਤਨ ਵਿਰਸੇ ਤੋਂ ਜਾਣੂੰ ਕਰਵਾਕੇ ਉਸਦੀ ਸਾਂਭ ਸੰਭਾਲਣ ਦੀ ਪ੍ਰੇਰਨਾ ਦੇਣ ਦਾ ਹੰਭਲਾ ਮਾਰਨ ਵਾਲੀ ਗੁਰਵੰਤ ਕੌਰ ਢਿਲੋਂ ਨੌਜਵਾਨ ਲੜਕੀਆਂ ਲਈ ਮਾਰਗ ਦਰਸ਼ਕ ਬਣਕੇ ਲਗਪਗ ਅੱਧੀ ਸਦੀ ਤੱਕ ਵਿਚਰਦੀ ਰਹੀ ਹੈ। ਆਪਣੀ ਸਿੱਖਿਆ ਵਿਭਾਗ ਦੀ ਸਰਕਾਰੀ ਨੌਕਰੀ ਨੂੰ ਪੰਜਾਬੀ ਸਭਿਆਚਾਰ ਦੇ ਗਲੇਫ ਵਿਚ ਲਪੇਟਕੇ ਨਿਭਾਉਣ ਵਾਲੀ ਗੁਰਵੰਤ ਕੌਰ ਢਿਲੋਂ ਦਾ ਜਨਮ 11 ਅਗਸਤ 1937 ਨੂੰ ਆਪਣੇ ਨਾਨਕੇ ਲੁਧਿਆਣਾ ਜਿਲ੍ਹੇ ਦੇ ਪਿੰਡ ਅਯਾਲੀ ਕਲਾਂ ਵਿਖੇ ਸ੍ਰ.ਦਲੀਪ ਸਿੰਘ ਅਤੇ ਮਾਤਾ ਗੁਰਨਾਮ ਕੌਰ ਦੇ ਘਰ ਹੋਇਆ। ਆਪਦਾ ਜੱਦੀ ਪਿੰਡ ਬੱਦੋਵਾਲ ਹੈ। ਜਦੋਂ ਉਸਨੇ ਵਿਮੈਨ ਕਾਲਜ ਪਟਿਅਲਾ ਦੇ ਪ੍ਰਿੰਸੀਪਲ ਦਾ ਚਾਰਜ ਸੰਭਾਲਿਆ ਤਾਂ ਕਾਲਜ ਦਾ ਮੂੰਹ ਮਹਾਂਦਰਾ ਪੰਜਾਬੀ ਵਿਰਸੇ ਦਾ ਪ੍ਰਤੀਕ ਬਣਾ ਦਿੱਤਾ। ਉਨ੍ਹਾਂ ਦਿਨਾਂ ਵਿਚ ਕਾਲਜ ਦੇ ਹਰ ਸਮਾਗਮ ਵਿਚ ਅੰਗਰੇਜ਼ੀ ਸਭਿਆਚਾਰ ਤੇ ਅਧਾਰਤ ਪ੍ਰੋਗਰਾਮ ਕੀਤੇ ਜਾਂਦੇ ਸਨ। ਸ਼੍ਰੀਮਤੀ ਢਿਲੋਂ ਨੇ ਕਾਲਜ ਵਿਚ ਪੰਜਾਬੀ ਰੀਤੀ ਰਿਵਾਜ਼, ਪੰਰਪਰਾਵਾਂ ਅਤੇ ਪੇਂਡੂ ਰੰਗ ਵਿਚ ਰੰਗਕੇ ਪੇਸ਼ ਕਰਨਾ ਸ਼ੁਰੂ ਕੀਤਾ ਕਿਉਂਕਿ ਉਸਨੇ ਬਚਪਨ ਵਿਚ ਹੀ ਆਪਣੇ ਸਾਂਝੇ ਪਰਿਵਾਰ ਦੀਆਂ ਇਸਤਰੀਆਂ ਨੂੰ ਘਰ ਵਿਚ ਦਰੀਆਂ ਬੁਣਦੀਆਂ, ਫੁਲਕਾਰੀਆਂ ਅਤੇ ਚਾਦਰਾਂ ਕੱਢਦੀਆਂ, ਚਰਖੇ ਕੱਤਦੀਆਂ , ਸੋਪ ਪਾਉਂਦੀਆਂ, ਵਿਆਹਾਂ ਵਿਚ ਸਿੱਠਣੀਆਂ ਦਿੰਦੀਆਂ, ਜਾਗੋ ਕੱਢਦੀਆਂ, ਗਿੱਧਿਆਂ ਵਿਚ ਧਮਾਲਾਂ ਪਾਉਂਦੀਆਂ ਅਤੇ ਘੁਲਾੜੀਆਂ ‘ਤੇ ਰਸ ਪੀਂਦੀਆਂ ਨੂੰ ਪੰਜਾਬੀ ਸਭਿਅਚਾਰ ਦੇ ਪ੍ਰਤੀਕ ਗੀਤ ਅਤੇ ਬੋਲੀਆਂ ਪਾਉਂਦੀਆਂ ਨੂੰ ਵੇਖਿਆ ਤੇ ਸੁਣਿਆਂ ਸੀ। ਇਸੇ ਕਰਕੇ ਉਸਦੇ ਮਨ ਵਿਚ ਲੜਕੀਆਂ ਨੂੰ ਆਪਣੀ ਅਮੀਰ ਵਿਰਾਸਤ ਤੇ ਪਹਿਰਾ ਦੇਣ ਲਈ ਪ੍ਰੇਰਨ ਦੀ ਪ੍ਰਵਿਰਤੀ ਕੰਮ ਕਰ ਰਹੀ ਸੀ। ਵਿਮੈਨ ਕਾਲਜ ਦੀ ਹਰ ਲੜਕੀ ਪੰਜਾਬੀ ਸਭਿਆਚਾਰ ਦੇ ਰੰਗ ਵਿਚ ਰੰਗੀ ਹੋਈ ਮਿਲਦੀ ਸੀ। ਉਸਨੇ ਲੜਕੀਆਂ ਨੂੰ ਆਪਣੇ ਅਮੀਰ ਸਭਿਆਚਾਰ ਦੀ ਵਿਰਾਸਤ ਉਪਰ ਪਹਿਰਾ ਦੇਣ ਲਈ ਪ੍ਰੇਰਿਆ। ਉਸਨੇ ਲੜਕੀਆਂ ਨੂੰ ਪੱਛਵੀਂ ਸਭਿਆਚਾਰ ਦੇ ਆਧੁਨਿਕ ਪਹਿਰਾਵੇ ਵਿਚ ਜਾਣ ਤੋਂ ਰੋਕਣ ਲਈ ਉਨ੍ਹਾਂ ਦੀ ਕੌਂਸ¦ਿਗ ਕੀਤੀ ਤਾਂ ਜੋ ਉਹ ਪੰਜਾਬੀਅਤ ਦੀਆਂ ਪੁਰਾਤਨ ਪਰੰਪਰਾਵਾਂ ਨੂੰ ਬਰਕਰਾਰ ਰੱਖ ਸਕਣ। ਕਾਲਜ ਵਿਚ ਫੋਕ ਲੋਰ ਵਿਭਾਗ ਸਥਾਪਤ ਕਰਕੇ ਪੰਜਾਬੀ ਵਿਰਸੇ ਦੀ ਪੜ੍ਹਾਈ ਸ਼ੁਰੂ ਕਰਵਾਉਣ ਦਾ ਮਾਣ ਉਸਨੂੰ ਜਾਂਦਾ ਹੈ। ਪੰਜਾਬੀ ਵਿਰਸੇ ਦੀਆਂ ਪ੍ਰਤੀਕ ਵਸਤਾਂ ਰੱਥ, ਫੁਲਕਾਰੀਆਂ, ਬਾਗ, ਸਲਵਾਰਾਂ, ਘਗਰੇ, ਪੀਂਘ ਝੂਟਦੀਆਂ ਮੁਟਿਆਰਾਂ, ਨਾਲੇ, ਪਰਾਂਦੇ, ਗਹਿਣੇ ਜਿਨ੍ਹਾਂ ਵਿਚ ਸੱਗੀ ਫੁੱਲ, ਸਿੰਘ ਤਵੀਤ, ਕੈਂਠੇ, ਪਿਪਲਪੱਤੀਆਂ, ਗੁਲੂ ਬੰਦ, ਝਾਂਜਰਾਂ, ਆਰਸੀ, ਬਾਜੂਬੰਦ, ਅਹਿਲਕਾਰੀਆਂ, ਖੇਤੀ ਨਾਲ ਸੰਬੰਧਤ ਹਲ, ਪੰਜਾਲੀ, ਸੁਹਾਗਾ, ਸ¦ਘ, ਤੰਗਲੀ, ਟਿੰਡਾਂ, ਗੱਡੇ ਅਤੇ ਮਧਾਣੀ, ਚਰਖੇ, ਨਾਲੇ ਬਣਾਉਣਾ, ਮੰਜੇ, ਬੋਹੀਏ, ਭਾਂਡਿਆਂ ਵਿਚ ਪਰਾਤਾਂ, ਡੋਲੂ, ਬਲਟੋਹੀ, ਕੰਗਣੀ ਵਾਲੇ ਗਿਲਾਸ, ਘੜੇ, ਕੜਾਹੇ ਆਦਿ ਦੀਆਂ ਸਥਾਈ ਤੌਰ ਤੇ ਕਾਲਜ ਵਿਚ ਪ੍ਰਦਰਸ਼ਤ ਕਰਵਾਈਆਂ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਾਸਤ ਬਾਰੇ ਜਾਣਕਾਰੀ ਮਿਲਦੀ ਰਹੇ। ਉਹ ਹਰ ਮਹੱਤਵਪੂਰਣ ਸਮਾਗਮ ਉਪਰ ਲੜਕੀਆਂ ਦੇ ਗਿੱਧੇ ਦਾ ਪ੍ਰਦਰਸ਼ਨ ਕਰਵਾਉਂਦੇ ਰਹੇ। ਪੰਜਾਬ ਦੇ ਵਿਰਾਸਤੀ ਸਭਿਆਚਾਰਕ ਵਿਰਸੇ ਦੀ ਵਾਰਿਸ ਬਣਕੇ ਵਿਚਰਦੇ ਰਹੇ। ਸ਼ੁਰੂ ਵਿਚ ਪਿੰਡਾਂ ਦੀਆਂ ਲੜਕੀਆਂ ਤੋਂ ਉਨ੍ਹਾਂ ਦੇ ਘਰੋਂ ਦਰੀਆਂ ਘੇਸ, ਫੁਲਕਾਰੀਆਂ ਅਤੇ ਹੱਥਕਰਘੇ ਦਾ ਹੋਰ ਸਾਮਾਨ ਲਿਆਕੇ ਕਾਲਜ ਵਿਚ ਪ੍ਰਦਰਸ਼ਤ ਕਰਦੇ ਰਹੇ। ਸ਼ਹਿਰੀ ਲੜਕੀਆਂ ਨੂੰ ਇਨ੍ਹਾਂ ਵਸਤਾਂ ਦੀ ਬੁਣਾਈ ਸਿਖਾਉਂਦੇ ਰਹੇ ਕਿਉਂਕਿ ਆਮ ਤੌਰ ਤੇ ਸ਼ਹਿਰੀ ਲੋਕ ਬਣੀ ਬਣਾਈ ਮਸ਼ੀਨੀ ਚੀਜ਼ਾਂ ਦੀ ਹੀ ਵਰਤੋਂ ਕਰਦੇ ਸਨ। ਸਿਲਾਈ ਕਢਾਈ ਦੇ ਕੰਮ ਨੂੰ ਪੇਂਡੂ ਲੋਕਾਂ ਦਾ ਕੰਮ ਹੀ ਸਮਝਿਆ ਜਾਂਦਾ ਸੀ। ਜੇਕਰ ਇਹ ਵਸਤਾਂ ਨਾ ਪ੍ਰਾਪਤ ਹੋਣ ਤਾਂ ਇਨ੍ਹਾਂ ਦੇ ਮਾਡਲ ਅਤੇ ਪੇਂਟਿੰਗ ਰੱਖੀਆਂ ਜਾਂਦੀਆਂ ਸਨ। ਉਹ ਪੜ੍ਹਾਈ ਦੇ ਨਾਲ ਲੜਕੀਆਂ ਵਿਚ ਸਭਿਆਚਰਕ ਵਿਰਸੇ ਨਾਲ ਜੁੜੇ ਰਹਿਣ ਅਤੇ ਉਸ ਉਪਰ ਪਹਿਰਾ ਦੇਣ ਲਈ ਪ੍ਰੇਰਦੇ ਰਹੇ। ਆਧੁਨਿਕ ਫ਼ੈਸ਼ਨ ਅਤੇ ਪੱਛਵੀਂ ਸਭਿਆਚਾਰ ਦੀ ਅੰਧਾ ਧੁੰਦ ਨਕਲ ਕਰਨ ਤੋਂ ਵਰਜਦਿਆਂ ਆਪਣੀ ਅਮੀਰ ਵਿਰਾਸਤ ਦਾ ਪੱਲਾ ਫੜਕੇ ਰੱਖਣ ਨੂੰ ਤਰਜੀਹ ਦੇਣ ਲਈ ਉਤਸ਼ਾਹਤ ਕਰਦੇ ਰਹਿੰਦੇ ਸਨ। ਉਨ੍ਹਾਂ ਦਿਨਾ ਵਿਚ ਆਪ ਨੇ ਫੋਕ ਆਰਟ ਅਤੇ ਕਲਚਰ ਦਾ ਨਵਾਂ ਵਿਸ਼ਾ ਸਰਕਾਰੀ ਕਾਲਜ ਲੜਕੀਆਂ ਵਿਚ ਸ਼ੁਰੂ ਕਰਵਾਇਆ ਤਾਂ ਜੋ ਲੜਕੀਆਂ ਆਪੋ ਆਪਣੇ ਕੰਮ ਸ਼ੁਰੂ ਕਰਕੇ ਆਤਮ ਨਿਰਭਰ ਹੋ ਸਕਣ ਅਤੇ ਆਪਣੇ ਅਮੀਰ ਸਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ। ਆਪ ਦੇ ਕਾਲਜ ਦੀ ਗਿੱਧਾ ਟੀਮ ਹਮੇਸ਼ਾ ਪਹਿਲੇ ਨੰਬਰ ਤੇ ਆਉਂਦੀ ਰਹੀ। ਆਪ ਖ਼ੁਦ 1955 ਵਿਚ ਗਣਰਾਜ ਦਿਵਸ ਦੇ ਵਿਚ ਦਿੱਲੀ ਵਿਖੇ ਗਿੱਧਾ ਟੀਮ ਦੀ ਮੈਂਬਰ ਸੀ। ਆਪ ਨੇ ਆਪਣੀ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਬੀ.ਏ ਸਰਕਾਰੀ ਗਰਲਜ਼ ਕਾਲਜ ਲੁਧਿਆਣਾ ਤੋਂ ਕੀਤੀ। ਇਸ ਤੋਂ ਬਾਅਦ ਐਮ.ਏ.ਫਿਜੀਕਲ ਐਜੂਕੇਸ਼ਨ, ਐਮ.ਐਡ.ਅਤੇ ਪੀ.ਐਚ.ਡੀ ਕੀਤੀ। ਆਪ ਨੇ ਵਿਦਿਆ ਵਿਭਾਗ ਵਿਚ 1958 ਤੋਂ ਬਤੌਰ ਲੈਕਚਰਾਰ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਤੋਂ ਪੜ੍ਹਾਉਣਾ ਸ਼ੁਰੂ ਕੀਤਾ ਅਤੇ 1985 ਤੱਕ ਵੱਖ ਵੱਖ ਸਰਕਾਰੀ ਕਾਲਜਾਂ ਅੰਮ੍ਰਿਤਸਰ, ਚੰਡੀਗੜ੍ਹ, ਬਠਿੰਡਾ ਅਤੇ ਪਟਿਆਲਾ ਵਿਖੇ ਸੇਵਾ ਕੀਤੀ। ਆਪ ਨੇ ਬਤੌਰ ਪ੍ਰਿੰਸੀਪਲ ¦ਮਾ ਸਮਾਂ ਕਾਲਜਾਂ ਵਿਚ ਸਰਵਿਸ ਕੀਤੀ ਅਤੇ ਆਪਣੀ ਪ੍ਰਬੰਧਕੀ ਕਾਰਜਕੁਸ਼ਲਤਾਂ ਦੀ ਧਾਂਕ ਜਮ੍ਹਾਈ। ਇਨ੍ਹਾਂ ਕਾਲਜਾਂ ਵਿਚ ਫ਼ਿਜੀਕਲ ਕਾਲਜ ਪਟਿਆਲਾ, ਸਟੇਟ ਕਾਲਜ ਆਫ ਐਜੂਕੇਸ਼ਨ, ਪਟਿਆਲਾ, ਸਰਕਾਰੀ ਗਰਲਜ਼ ਕਾਲਜ ਪਟਿਆਲਾ, ਸਰਕਾਰੀ ਕਾਲਜ ਜ¦ਧਰ ਅਤੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਸ਼ਾਮਲ ਹਨ। ਇਸ ਸਮੇਂ ਦੌਰਾਨ ਆਪ ਨੇ ਸਿਹਤ ਅਤੇ ਸਰੀਰਕ ਸਿਖਿਆ ‘ਤੇ 5 ਪੁਸਤਕਾਂ, ਸਿਹਤ ਸਿਖਿਆ 1974, ਸਿਹਤ ਅਤੇ ਸਰੀਰਕ ਸਿਖਿਆ 1974, ਸਰੀਰਕ ਸਿਖਿਆ 1980, ਸਰੀਰਕ ਸਿਖਿਆ 1980 ਅਤੇ ਸਰੀਰਕ ਸਿਖਿਆ 1982, ਵੱਖ ਵੱਖ ਕਲਾਸਾਂ ਡੀ.ਪੀ.ਈ., ਬੀ.ਐਡ., ਜੇ.ਬੀ.ਟੀ., ਟੀ.ਡੀ.ਸੀ.ਭਾਗ ਪਹਿਲਾ, ਛੇਵੀਂ ਅਤੇ ਨੌਵੀਂ ਤੇ ਦਸਵੀਂ ਲਈ ਲਿਖੀਆਂ, ਜਿਹੜੀਆਂ ਸਾਰੀਆਂ ਹੀ ਪੰਜਾਬ ਯੂਨੀਵਰਸਿਟੀ ਟੈਕਸਟ ਬੋਰਡ, ਪੰਜਾਬ ਸਿਖਿਆ ਵਿਭਾਗ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਨੇ ਪ੍ਰਕਾਸ਼ਤ ਕੀਤੀਆਂ। ਆਪ ਦੀ ਖ਼ੂਬੀ ਰਹੀ ਕਿ ਆਪਨੇ ਕਾਲਜਾਂ ਵਿਚ ਅਨੁਸ਼ਾਸਨ ਨੂੰ ਬਹੁਤ ਹੀ ਸੁਚੱਜੇ ਢੰਗ ਅਤੇ ਸਖ਼ਤੀ ਨਾਲ ਲਾਗੂ ਕੀਤਾ। ਆਪ ਹਮੇਸ਼ਾ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਕਾਲਜਾਂ ਦਾ ਪ੍ਰਬੰਧ ਚਲਾਉਂਦੇ ਰਹੇ। ਆਪ ਇੱਕ ਦਲੇਰ ਅਤੇ ਸੁਲਝੇ ਹੋਏ ਪ੍ਰਬੰਧਕ ਸਨ। ਪੰਜਾਬ ਦੇ ਕਾਲੇ ਦਿਨਾ ਵਿਚ ਆਪ ਨੇ ਕਦੀਂ ਵੀ ਆਪਣਾ ਕਾਲਜ ਹੜਤਾਲਾਂ ਕਰਕੇ ਬੰਦ ਨਹੀਂ ਹੋਣ ਦਿੱਤਾ ਸਗੋਂ ਬੰਦ ਦਾ ਸੱਦਾ ਦੇਣ ਵਾਲਿਆਂ ਨਾਲ ਵੀ ਦਲੇਰੀ ਨਾਲ ਉਨ੍ਹਾਂ ਨੂੰ ਸਮਝਾ ਬੁਝਾ ਕੇ ਕੰਮ ਕਰਦੇ ਰਹੇ। ਇੱਕ ਵਾਰ ਉਸਨੂੰ ਸਰਕਾਰੀ ਲੜਕੀਆਂ ਦੇ ਕਾਲਜ ਪਟਿਆਲਾ ਵਿਖੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ, ਆਪ ਦਲੇਰੀ ਤੋਂ ਕੰਮ ਲੈਂਦਿਆਂ ਹਿੱਕ ਤਾਣਕੇ ਖੜ੍ਹ ਗਈ ਕਿ ਜੇ ਹਿੰਮਤ ਹੈ ਤਾਂ ਮਾਰੋ ਮੇਰੇ ਗੋਲੀ ਪ੍ਰੰਤੂ ਮੈਂ ਲੜਕੀਆਂ ਦਾ ਵਾਲ ਵਿੰਗਾ ਨਹੀਂ ਹੋਣ ਦਿਆਂਗੀ। ਉਸਦੀ ਪ੍ਰਬੰਧਕੀ ਕਾਰਜਕੁਸ਼ਲਤਾ ਦੀ ਖਾਸੀਅਤ ਇਹ ਰਹੀ ਕਿ ਉਸਨੇ ਲੜਕੀਆਂ ਨੂੰ ਆਪਣੀ ਪੁਰਖਿਆਂ ਦੀ ਵਿਰਾਸਤ ਤੇ ਪਹਿਰਾ ਦੇ ਕੇ ਰੱਖਣ ਲਈ ਪ੍ਰੇਰਿਆ। ਲੜਕੀਆਂ ਲਈ ਆਤਮ ਵਿਸ਼ਵਾਸ਼ ਦੀ ਪ੍ਰਤੀਕ ਬਣਕੇ ਵਿਚਰਦੇ ਰਹੇ। ਮਜਾਲ ਹੈ ਕਿ ਲੜਕੀਆਂ ਦੀ ਪੜ੍ਹਾਈ ਵਿਚ ਕੋਈ ਦਖ਼ਲਅੰਦਾਜ਼ੀ ਕਰ ਸਕੇ। ਲੜਕੀਆਂ ਵਿਚ ਵੀ ਆਪ ਆਤਮ ਵਿਸ਼ਵਾਸ਼ ਅਤੇ ਦਲੇਰੀ ਲਈ ਸਿਖਿਆ ਦਿੰਦੇ ਰਹੇ। ਆਪ ਨੇ ਬਹੁਤ ਸਾਰੇ ਦੇਸ਼ਾਂ ਵਿਚ ਸਭਿਆਚਾਰਕ ਸਰਗਰਮੀਆਂ ਵਿਚ ਹਿੱਸਾ ਲਿਆ ਅਤੇ ਯਾਤਰਾ ਕੀਤੀ ਜਿਨ੍ਹਾਂ ਵਿਚ ਮੁਖ ਤੌਰ ਤੇ ਤਨਜਾਨੀਆਂ, ਪਾਕਿਸਤਾਨ, ਅਮਰੀਕਾ, ਫਿਲਪਾਈਨ, ਸਿੰਘਾਪੁਰ, ਯੂ.ਕੇ., ਕੈਨੇਡਾ, ਫਰਾਂਸ, ਜਾਪਾਨ ਅਤੇ ਮਰਾਕੋ ਸ਼ਾਮਲ ਹਨ। ਇੰਸਟੀਚਿਊਟ ਆਫ਼ ਇਨਟੈਗਰਲ ਸਟੱਡੀਜ਼ ਸਨਫਰਾਂਸਿਸਕੋ ਵਿਚ ‘ ਫੋਕ ਆਰਟ ਫਰੌਮ ਪੰਜਾਬ ’ ਨੁਮਾਇਸ ਲਗਵਾਈ ਅਤੇ ਬੈਕਟਲ ਇੰਟਰਨੈਸ਼ਨਲ ਸੈਂਟਰ ਸਟੈਨਫੋਰਡ ਯੂਨੀਵਰਸਿਟੀ ਵਿਚ ‘ਟਰੈਡੀਸ਼ਨਲ ਆਰਟ ਕਰਾਫਟ ਆਫ਼ ਪੰਜਾਬ ’ ਦੀ ਪ੍ਰਦਰਸ਼ਨੀ ਲਗਵਾਈ। ਆਪਦਾ ਵਿਆਹ ਸ੍ਰ.ਈਸ਼ਵਰ ਸਿੰਘ ਢਿਲੋਂ ਨਾਲ ਹੋਇਆ। ਆਪਦੇ ਦੋ ਸਪੁੱਤਰੀਆਂ ਅਤੇ ਇਕ ਸਪੁੱਤਰ ਹੈ। ਇਕ ਸਪੁੱਤਰੀ ਅਤੇ ਸਪੁੱਤਰ ਵਿਦੇਸ਼ ਵਿਚ ਰਹਿੰਦੇ ਹਨ।
ਪੰਜਾਬੀ ਸਭਿਆਚਾਰ ਦੀ ਪਹਿਰੇਦਾਰ : ਪ੍ਰਿੰ.ਜੀ.ਕੇ. ਢਿਲੋਂ



