Skip to content
Independent perspectives. Global stories.
BREAKING

ਫੌਜੀ ਮੁਖੀ ਦੀ ਸਿਆਸੀ ਬਿਆਨਬਾਜ਼ੀ

Share this story

ਭਾਰਤ ਦਾ ਗੁਆਂਢੀ ਦੇਸ਼ਾਂ ਖਾਸ ਕਰਕੇ ਪਾਕਿਸਤਾਨ ਨਾਲ ਟਕਰਾਅ ਦਿਨੋ-ਦਿਨ ਵੱਧ ਰਿਹਾ ਹੈ। ਅਜਿਹੇ ਮੌਕੇ ’ਤੇ ਵਿਸ਼ੇਸ਼ ਚੌਕਸੀ ਅਤੇ ਅਨੁਸਾਸ਼ਨ ਦੀ ਜ਼ਰੂਰਤ ਹੈ ਪ੍ਰੰਤੂ ਇਹ ਦੁੱਖ ਦੀ ਗੱਲ ਹੈ ਕਿ ਭਾਰਤੀ ਥੱਲ ਸੈਨਾ ਦੇ ਮੁਖੀ ਸ਼੍ਰੀ ਬਿਪਿਨ ਰਾਵਤ ਇਸ ਗੱਲ ਨੂੰ ਧਿਆਨ ਵਿੱਚ ਨਹੀਂ ਰੱਖ ਰਹੇ। ਉਹ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸਿਆਸੀ ਬਿਆਨਬਾਜ਼ੀ ਕਰਦੇ ਪ੍ਰਤੀਤ ਹੋ ਰਹੇ ਹਨ। ਲਾਜ਼ਮੀ ਤੌਰ ’ਤੇ ਇਸ ਕਰਕੇ ਗੁਆਂਢੀ ਦੇਸ਼ਾਂ ਨਾਲ ਸਬੰਧ ਹੋਰ ਵਿਗੜ ਰਹੇ ਹਨ ਅਤੇ ਤਣਾਅ ਪੈਦਾ ਹੋ ਰਿਹਾ ਹੈ। ਫੌਜੀ ਮੁਖੀ ਦੀ ਜ਼ਿੰਮੇਵਾਰੀ ਭੜਕਾਹਟ ਪੈਦਾ ਕਰਨਾ ਨਹੀਂ ਹੈ ਪਰ ਇਹ ਦੁੱਖ ਦੀ ਗੱਲ ਹੈ ਕਿ ਥੱਲ ਸੈਨਾ ਦੇ ਮੁਖੀ ਇਸ ਤਰ੍ਹਾਂ ਦੇ ਹਾਲਾਤ ਬਣਾ ਰਹੇ ਹਨ। ਪਾਕਿਸਤਾਨ ਵੱਲੋਂ ਵੀ ਫੌਜੀ ਮੁਖੀ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਵਿਰੋਧ ਕੀਤਾ ਗਿਆ ਹੈ। ਸਾਡੇ ਸਿਆਸੀ ਢਾਂਚੇ ਵਿੱਚ ਪੁਲਿਸ ਅਤੇ ਫੌਜ ਦੀ ਭੂਮਿਕਾ ਪਾਕਿਸਤਾਨ ਨਾਲੋਂ ਵੱਖਰੀ ਹੈ। ਦੇਸ਼ ਦੀ ਲੀਡਰਸ਼ਿਪ ਹੀ ਇਹ ਫੈਸਲਾ ਕਰਦੀ ਹੈ ਕਿ ਵੱਖ-ਵੱਖ ਮੌਕਿਆਂ ’ਤੇ ਕਿਸ ਤਰ੍ਹਾਂ ਦਾ ਪ੍ਰਤੀਕਰਮ ਦੇਣਾ ਹੈ। ਕੌਮਾਂਤਰੀ ਸਥਿਤੀਆਂ ਬਾਰੇ ਤਾਂ ਹੋਰ ਵੱਧ ਚੌਕਸੀ ਅਤੇ ਦੂਰਅੰਦੇਸ਼ੀ ਦੀ ਜ਼ਰੂਰਤ ਹੁੰਦੀ ਹੈ। ਪਰ ਇਹ ਦੁਖਦ ਸਥਿਤੀ ਹੈ ਕਿ ਭਾਰਤੀ ਫੌਜ ਦੇ ਮੁਖੀ ਕੌਮਾਂਤਰੀ ਸਥਿਤੀਆਂ ਬਾਰੇ ਵੀ ਲਗਾਤਾਰ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਫੌਜੀ ਮੁਖੀ ਵੱਲੋਂ ਪਹਿਲਾਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਬੇਹੱਦ ਇਤਰਾਜ਼ਯੋਗ ਬਿਆਨ ਦਿੱਤਾ ਗਿਆ। ਹੁਣ ਉਨ੍ਹਾਂ ਨੇ ਕਸ਼ਮੀਰ ਵਿੱਚ ਸ਼ਾਂਤੀ ਦੀ ਬਹਾਲੀ ਸਬੰਧੀ ਇਤਰਾਜ਼ਯੋਗ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਵਿੱਚ ਸ਼ਾਂਤੀ ਲਈ ਪਾਕਿਸਤਾਨ ਖਿਲਾਫ ਭਾਰਤੀ ਫੌਜ ਨੂੰ ‘ਹਮਲਾਵਰ ਰੁਖ’ ਅਖਤਿਆਰ ਕਰਨਾ ਚਾਹੀਦਾ ਹੈ। ਇਕ ਪਾਸੇ ਭਾਰਤ ਸਰਕਾਰ ਕਸ਼ਮੀਰ ਵਿੱਚ ਸ਼ਾਂਤੀ ਲਈ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰ ਚੁੱਕੀ ਹੈ। ਦੂਸਰੇ ਪਾਸੇ ਪਾਕਿਸਤਾਨ ਨਾਲ ਵੀ ਅੰਦਰਖਾਤੇ ਗੱਲਬਾਤ ਹੋ ਰਹੀ ਹੈ। ਅਜਿਹੇ ਮੌਕੇ ’ਤੇ ਥੱਲ ਸੈਨਾ ਦੇ ਮੁਖੀ ਵੱਲੋਂ ਦਿੱਤੇ ਜਾ ਰਹੇ ਇਸ ਤਰ੍ਹਾਂ ਦੇ ਬਿਆਨ ਇਸ ਪ੍ਰਕਿਰਿਆ ਨੂੰ ਤਾਰਪੀਡੋ ਕਰਨ ਦੇ ਤੁੱਲ ਹਨ। ਦੇਸ਼ ਦੇ ਰੱਖਿਆ ਮੰਤਰਾਲੇ ਨੂੰ ਚਾਹੀਦਾ ਹੈ ਕਿ ਉਹ ਥੱਲ ਸੈਨਾ ਦੇ ਮੁਖੀ ਨੂੰ ਇਸ ਤਰ੍ਹਾਂ ਦੀ ਇਤਰਾਜ਼ਯੋਗ ਬਿਆਨਬਾਜ਼ੀ ਤੋਂ ਵਰਜ਼ੇ। ਭਾਰਤੀ ਲੋਕਤੰਤਰੀ ਢਾਂਚੇ ਵਿੱਚ ਕਿਸੇ ਵੀ ਫੌਜੀ ਮੁਖੀ ਨੂੰ ਇਸ ਤਰ੍ਹਾਂ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਫੌਜੀ ਮੁਖੀ ਨੂੰ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ। ਬਿਆਨਬਾਜ਼ੀ ਕਰਨਾ ਫੌਜ ਦਾ ਕਾਰਜ ਨਹੀਂ ਹੈ। ਫੌਜੀ ਮੁਖੀ ਨੂੰ ਮੀਡੀਆ ਨਾਲ ਗੱਲਬਾਤ ਕਰਨ ਦਾ ਮੋਹ ਤਿਆਗਣਾ ਹੋਵੇਗਾ। ਇਹ ਕਾਰਜ ਸਿਵਲ ਅਧਿਕਾਰੀਆਂ ਅਤੇ ਸਿਆਸੀ ਨੇਤਾਵਾਂ ਨੂੰ ਹੀ ਕਰਨ ਦਿੱਤਾ ਜਾਣਾ ਚਾਹੀਦਾ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਫੌਜੀ ਮੁਖੀ ਸਥਿਤੀ ਨੂੰ ਭੜਕਾਉ ਬਣਾਉਣ ਦੀ ਥਾਂ ਆਪਣੀ ਉਸਾਰੂ ਭੂਮਿਕਾ ਨਿਭਾਉਣਗੇ।
– ਬਲਜੀਤ ਸਿੰਘ ਬਰਾੜ

WRITTEN BY