May 17, 2026 1:28 pm

ਸਿੱਖ ਸੰਸਥਾਵਾਂ ਦੇ ਅਹੁਦੇਦਾਰਾਂ ਲਈ ਜ਼ਿੰਮੇਵਾਰੀ ਦਾ ਅਹਿਸਾਸ ਜ਼ਰੂਰੀ

ਆਧੁਨਿਕ ਪੰਜਾਬੀ ਸਾਹਿਤ ਦਾ ਵੱਡਾ ਨਾਮ ਹੈ ਭਾਈ ਵੀਰ ਸਿੰਘ। ਭਾਈ ਵੀਰ ਸਿੰਘ ਦੀ ਪਹਿਲਕਦਮੀ ’ਤੇ ਇਕ ਸਿੱਖ ਸੰਸਥਾ ਦਾ ਗਠਨ 1902 ਵਿੱਚ ਕੀਤਾ ਗਿਆ। ਇਸ ਸੰਸਥਾ ਦਾ ਨਾਮ ਚੀਫ ਖਾਲਸਾ ਦੀਵਾਨ ਰੱਖਿਆ ਗਿਆ। ਇਹ ਸੰਸਥਾ ਨਿਰੋਲ ਧਾਰਮਿਕ, ਵਿ¤ਦਿਅਕ ਅਤੇ ਸਭਿਆਚਾਰਕ ਉਦੇਸ਼ਾਂ ਨੂੰ ਲੈ ਕੇ ਕਾਰਜਸ਼ੀਲ ਰਹੀ ਹੈ। ਚੀਫ ਖਾਲਸਾ ਦੀਵਾਨ ਵੱਲੋਂ 42 ਸਕੂਲ ਚਲਾਏ ਜਾ ਰਹੇ ਹਨ। ਸਕੂਲਾਂ ਤੋਂ ਇਲਾਵਾ ਹਸਪਤਾਲ, ਬਿਰਧ ਘਰ ਅਤੇ ਯਤੀਮਖਾਨੇ ਵੀ ਚਲ ਰਹੇ ਹਨ। ਸੁੰਦਰ ਸਿੰਘ ਮਜੀਠੀਆ ਅਤੇ ਕ੍ਰਿਪਾਲ ਸਿੰਘ ਵਰਗੇ ਉ¤ਚੇ ਕੱਦ ਵਾਲੀਆਂ ਸਖਸ਼ੀਅਤਾਂ ਇਸ ਸੰਸਥਾ ਦੇ ਪ੍ਰਧਾਨਗੀ ਦੇ ਅਹੁੱਦੇ ’ਤੇ ਬਿਰਾਜਮਾਨ ਰਹੀਆਂ ਹਨ। ਅੱਜ ਕੱਲ੍ਹ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਹੈ ਅਤੇ ਸੋਸ਼ਲ ਮੀਡੀਆ ਵਿੱਚ ਉਸ ਦੀ ਚਰਚਾ ਜ਼ੋਰਾਂ ’ਤੇ ਹੈ। ਚੱਢਾ ਦੀ ਚਰਚਾ ਦਾ ਕਾਰਨ ਇਕ ਅਸ਼ਲੀਲ ਵੀਡੀਓ ਦਾ ਵਾਇਰਲ ਹੋਣਾ ਹੈ। ਚੀਫ ਖਾਲਸਾ ਦੀਵਾਨ ਦੇ 81 ਵਰ੍ਹਿਆਂ ਦੇ ਪ੍ਰਧਾਨ ਦੀ ਇਸ ਦੋ ਮਿੰਟ ਦੀ ਇਤਰਾਜ਼ਯੋਗ ਵੀਡੀਓ ਵਿੱਚ ਸੰਸਥਾ ਵੱਲੋਂ ਚਲਾਏ ਜਾ ਰਹੇ ਇਕ ਸਕੂਲ ਦੀ ਪ੍ਰਿੰਸੀਪਲ ਨਾਲ ਇਸ ਬਜ਼ੁਰਗ ਪ੍ਰਧਾਨ ਵੱਲੋਂ ਗਲਤ ਹਰਕਤਾਂ ਕਰਦੇ ਹੋਏ ਵਿਖਾਇਆ ਗਿਆ।
ਪੀੜਤ ਔਰਤ ਨੇ ਮੀਡੀਆ ਸਾਹਮਣੇ ਇਹ ਤੱਥ ਪ੍ਰਗਟ ਕੀਤੇ ਕਿ ਪ੍ਰਧਾਨ ਨੇ ਉਸ ਨੂੰ ਆਪਣੇ ਹੋਟਲ ਦੇ ਕਮਰੇ ਵਿੱਚ ਬੁਲਾਇਆ ਅਤੇ ਰੋਕਣ ਦੇ ਬਾਵਜੂਦ ਅਸ਼ਲੀਲ ਹਰਕਤਾਂ ਕੀਤੀਆਂ। ਔਰਤ ਦਾ ਕਹਿਣਾ ਸੀ ਇਹ ਉਨ੍ਹਾਂ ਦੇ ਦਾਦੇ ਦੀ ਉਮਰ ਦਾ ਇਨਸਾਨ ਹੈ ਅਤੇ ਮੂੰਹੋਂ ਇਹ ਕਹਿੰਦਾ ਹੈ ਕਿ ਤੁਸੀਂ ਮੇਰੀਆਂ ਬੱਚੀਆਂ ਹੋ ਪਰ ਅੰਦਰੋਂ ਅੰਦਰ ਇਸ ਦੇ ਪਾਪ ਹੈ। ਪ੍ਰਿੰਸੀਪਲ ਨੇ ਕਿਹਾ ਕਿ ਉਹ ਬਹੁਤ ਡਰੀ ਹੋਈ ਹੈ ਅਤੇ ਸਰਕਾਰ ਨੂੰ ਉਸ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਬਜ਼ੁਰਗ ਨੇ ਨਾ ਸਿਰਫ ਉਸ ਨੂੰ ਬਦਨਾਮ ਕਰਵਾਇਆ ਹੈ ਸਗੋਂ ਇਕ ਸਤਿਕਾਰਯੋਗ ਸੰਸਥਾ ਦੇ ਨਾਮ ’ਤੇ ਵੀ ਧੱਬਾ ਲਗਾਇਆ ਹੈ। ਉ¤ਧਰ ਚਰਨਜੀਤ ਸਿੰਘ ਚੱਢਾ ਦਾ ਕਹਿਣਾ ਕਿ ਗੁਰਸੇਵਕ ਸਿੰਘ ਨਾਮ ਦਾ ਬੰਦਾ ਉਸ ਨੂੰ ਬਲੈਕਮੇਲ ਕਰਦਾ ਰਿਹਾ ਹੈ। ਉਸ ਖਿਲਾਫ ਜਲੰਧਰ ਵਿੱਚ ਕੇਸ ਵੀ ਦਰਜ ਹੈ। ਗੁਰਸੇਵਕ ਸਿੰਘ ਦੇ ਵਕੀਲ ਪਰਮਿੰਦਰ ਸਿੰਘ ਢੀਂਗਰਾ ਦਾ ਕਹਿਣਾ ਹੈ ਕਿ ਗੁਰਸੇਵਕ ਸਿੰਘ ਖਿਲਾਫ਼ ਦਰਜ ਕੀਤਾ ਕੇਸ ਚੱਢਾ ਦੇ ਸਿਆਸੀ ਪ੍ਰਭਾਵ ਕਰਕੇ ਹੈ।
ਚਰਨਜੀਤ ਸਿੰਘ ਚੱਢਾ ਨੇ ਦੀਵਾਨ ਮੈਂਬਰਾਂ ਦੀ ਮੰਗ ਨੂੰ ਠੁਕਰਾਉਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉ¤ਧਰ ਮੈਂਬਰਾਂ ਨੇ ਦੀਵਾਨ ਦੇ ਸੰਵਿਧਾਨ ਮੁਤਾਬਿਕ ਪ੍ਰਧਾਨ ਦੀ ਗੈਰ ਹਾਜ਼ਰੀ ਵਿੱਚ ਧਨਰਾਜ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਧਨਰਾਜ ਸਿੰਘ ਨੇ ਕਿਹਾ ਹੈ ਕਿ ਚਰਨਜੀਤ ਸਿੰਘ ਚੱਢਾ ਦੀ ਇਸ ਕਾਰਵਾਈ ਨਾਲ ਸਦੀ ਪੁਰਾਣੀ ਸੰਸਥਾ ਦੀ ਸਾਖ ਨੂੰ ਢਾਹ ਲੱਗੀ ਹੈ। ਪ੍ਰਧਾਨ ਚੱਢਾ ਦੀ ਵਾਇਰਲ ਵੀਡੀਆ ਦਾ ਮਾਮਲਾ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਿਆ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਕਾਇਤ ਪੱਤਰ ਸੌਂਪ ਕੇ ਚੱਢਾ ਖਿਲਾਫ਼ ਮਰਿਆਦਾ ਅਨੁਸਾਰ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਪੰਜਾਬ ਦੀ ਸਿੱਖ ਸਿਆਸਤ ਵਿੱਚ ਅਜਿਹੀਆਂ ਅਸ਼ਲੀਲ ਵੀਡੀਓਜ਼ ਨੇ ਬਹੁਤ ਬਦਨਾਮੀ ਖੱਟਣੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਸ਼ੇਰ ਸਿੰਘ ਘੁਬਾਇਆ, ਫਿਰ ਸੁੱਚਾ ਸਿੰਘ ਲੰਗਾਹ ਅਤੇ ਹੁਣ ਚਰਨਜੀਤ ਸਿੰਘ ਚੱਢਾ। ਪਹਿਲੇ ਦੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਤੀਜਾ ਸਤਿਕਾਰਯੋਗ ਸਿੱਖ ਸੰਸਥਾ ਦਾ ਮੁਖੀ। ਸੱਚਮੁੱਚ ਹੀ ਇਹ ਇਕ ਚਿੰਤਾ ਦਾ ਵਿਸ਼ਾ ਹੈ। ਭਾਈ ਵੀਰ ਸਿੰਘ ਵਰਗੀ ਪਵਿੱਤਰ ਰੂਹ ਅੱਜ ਕੁਰਲਾਅ ਰਹੀ ਹੋਵੇਗੀ ਕਿ ਮੇਰੇ ਲਾਏ ਹੋਏ ਬੂਟੇ ਉ¤ਤੇ ਅਜਿਹੇ ਆਲ੍ਹਣੇ ਕਿਸ ਨੇ ਪਾ ਲਏ ਜੋ ਬਦਨਾਮੀ ਦਾ ਕਾਰਨ ਬਣ ਰਹੇ ਹਨ। 81 ਵਰ੍ਹਿਆਂ ਦੇ ਬਜ਼ੁਰਗ ਬਾਰੇ ਇਸ ਕਿਸਮ ਦੇ ਵਿਵਾਦ ਨਾਲ ਹਰ ਸੰਵੇਦਨਸ਼ੀਲ ਸਿੱਖ ਦਾ ਹਿਰਦਾ ਵਲੂੰਧਰਿਆ ਜਾ ਰਿਹਾ ਹੈ। ਸੰਸਥਾਵਾਂ ਦੇ ਉ¤ਚ ਅਹੁਦਿਆਂ ’ਤੇ ਬੈਠੇ ਲੋਕਾਂ ਨੂੰ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਜੇ ਇਸ ਪਿੱਛੇ ਦੀਵਾਨ ਦੇ ਮੈਂਬਰਾਂ ਦੀ ਸਿਆਸਤ ਕੰਮ ਕਰ ਰਹੀ ਹੈ ਤਾਂ ਉਹ ਵੀ ਨਿੰਦਣਯੋਗ ਹੈ।

Send this to a friend