ਪਤਾ ਨਹੀਂ ਕਿਓਂ ਸਾਡਾ ਅੱਜ ਦਾ ਸਮਾਜ ਤੇ ਅਸੀਂ ਮਾਨਸਿਕ ਬਿਮਾਰ ਹੋ ਚੁੱਕੇ ਹਾਂ।ਅੱਜ ਸੱਚਾਈ ਕੀ ਹੈ ,ਇਸਦਾ ਵਜੂਦ ਕੀ ਹੈ , ਸਭ ਇਸ ਤੋਂ ਮੁਨਕਰ ਹੋ ਚੁੱਕੇ ਹਨ।ਅੱਜ ਜੇਕਰ ਕੋਈ ਬਿਮਾਰ ਹੁੰਦਾ ਹੈ ਤਾਂ ਡਾਕਟਰ ਕੋਲ ਵੀ ਸਿਫਾਰਸ਼ ਕਰਵਾਉਣੀ ਪੈਂਦੀ ਹੈ ਕਿ ਇਲਾਜ ਵਧੀਆ ਕਰ ਦਿਓ ਜੀ, ਜੇ ਕਿਸੇ ਸਕੂਲ ਵਿੱਚ ਆਪਣਾ ਬੱਚਾ ਪੜਾਉਣਾ ਹੈ ਤਾਂ ਵੀ ਅਧਿਆਪਕ ਨੂੰ ਸਿਫਾਰਸ਼ ਕਰਨੀ ਪੈਂਦੀ ਹੈ ਕਿ ਵਧੀਆ ਪੜਾ ਦਿਓ ਜੀ ।ਸਾਨੂੰ ਸਾਡੇ ਮੌਲਿਕ ਅਧਿਕਾਰਾਂ ਲਈ ਵੀ ਜੱਦੋ ਜਹਿਦ ਕਰਨੀ ਪੈ ਰਹੀ ਹੈ।ਸਿੱਖਿਆ ਤੇ ਸਿਹਤ ਕਿਸੇ ਵੀ ਦੇਸ਼ ਸੂਬੇ ਸ਼ਹਿਰ ਤੇ ਸਮਾਜ ਦਾ ਅਣਿੱਖੜਵਾਂ ਅੰਗ ਹਨ ,ਪਰ ਅੱਜ ਇਹ ਆਮਦਨ ਦਾ ਸਭ ਤੋਂ ਵੱਧ ਲਾਹੇਵੰਦ ਧੰਦਾ ਬਣ ਚੁੱਕੇ ਹਨ।ਥੋੜਾ ਇਸ ਤੋਂ ਅੱਗੇ ਵੱਧਦੇ ਹਾਂ ਸੁਰੱਖਿਆ ਤੇ ਸਮਾਜ ਭਲਾਈ ਸਾਡੇ ਸਿਆਸਤਦਾਨਾਂ ਦੇ ਕਠਪੁਤਲੀ ਤੋਂ ਸਿਵਾ ਕੁਝ ਵੀ ਨਹੀਂ।ਸਰਕਾਰਾਂ ਨਾਲ ਇਹਨਾਂ ਦੇ ਅਫਸਰ ਬਦਲਦੇ ਹਨ ਨੀਤੀਆਂ ਵਿੱਚ ਬਦਲਾਅ ਆਉਂਦਾ ਹੈ। ਅਸੀਂ ਸਿਫਾਰਸ਼ੀ ਤੇ ਨਿੱਜੀ ਸੁਆਰਥੀ ਬਣ ਚੁੱਕੇ ਹਾਂ। ਸਰਕਾਰਾਂ ਦਾ ਕੋਈ ਅਜਿਹਾ ਵਿਭਾਗ ਨਹੀਂ ਜਿੱਥੇ ਤੁਸੀਂ ਬਿਨਾਂ ਸਿਫਾਰਸ਼ ਦੇ ਕੰਮ ਕਰਵਾ ਸਕੋ।ਅਸੀਂ ਖੁਦ ਹੀ ਆਪਣਾ ਕੰਮ ਤੇਜੀ ਨਾਲ ਕਰਵਾਉਣ ਲਈ ਓਹਨਾਂ ਨੂੰ ਸਿਫਾਰਸ਼ੀ ਤੇ ਰਿਸ਼ਵਤਖੋਰ ਬਣਾ ਦਿੱਤਾ। ਇਹ ਸਭ ਖੁਦ ਤੇ ਸਮਾਜ ਦੇ ਮਾਨਸਿਕ ਬਿਮਾਰ ਹੋਣ ਦੇ ਪੁਖਤਾ ਸਬੂਤ ਹਨ।
ਸਾਡੀ ਮਾਨਸਿਕਤਾ ਇਹ ਹੈ ਕਿ ਜੇਕਰ ਓਹ ਗੰਦਗੀ ਫੈਲਾਅ ਰਿਹਾ ਹੈ ਤਾਂ ਮੈਨੂੰ ਵੀ ਗੰਦਗੀ ਫੈਲਾਉਣ ਤੋਂ ਨਾ ਰੋਕੋ , ਇਸ ਲਈ ਕਰਖਾਨਿਆਂ ਦੀ ਰੀਸ ਨਾਲ ਖੇਤਾਂ ਵਾਲੇ ਵੀ ਅੱਗ ਲਾਉਣ ਦੀ ਦੌੜ ਵਿੱਚ ਸ਼ਮਿਲ ਹੋ ਗਏ ਹਨ ।ਜੇਕਰ ਓਹਨਾਂ ਨੂੰ ਅੱਗ ਲਾਉਣ ਤੋਂ ਰੋਕੋ ਤਾਂ ਸਭ ਤੋਂ ਪਹਿਲਾਂ ਓਹਨਾਂ ਦਾ ਤਰਕ ਇਹੋ ਹੋਵੇਗਾ ਕਿ ਪਹਿਲਾ ਫੈਕਟਰੀਆਂ ਵਾਲਿਆਂ ਤੇ ਹੋਰਨਾਂ ਨੂੰ ਪ੍ਰਦੂਸ਼ਣ ਫੈਲਾਉਣ ਤੋਂ ਰੋਕੋ। ਪੁਰਾਣਿਆਂ ਸਮਿਆਂ ਦੀ ਕਹਾਵਤ ਹੈ ਕਿ ਜੇ ਅਸੀ ਕੁਝ ਸੁਧਾਰਣਾ ਚਾਹੁੰਦੇ ਹਾਂ ਤਾਂ ਸ਼ੁਰੂਆਤ ਖੁਦ ਤੋਂ ਕਰਨੀ ਹੋਵੇਗੀ। ਪਰ ਨਹੀਂ ਅਸੀਂ ਤਾਂ ਆਪਣਾ ਨਿੱਜੀ ਫਾਇਦਾ ਵੇਖਣਾ। ਇਸ ਆਪਣੇ ਕੁਝ ਕੁ ਨਿੱਜੀ ਫਇਦੇ ਦੀ ਦੌੜ ਵਿੱਚ ਆਪਣਾ ਆਪ ਤੇ ਆਪਣਾ ਆਲਾ ਦੁਆਲਾ ਭੁੱਲ ਚੁੱਕੇ ਹਾਂ। ਕੁਦਰਤ ਨੇ ਬਹੁਤ ਖੂਬਸੂਰਤ ਸ੍ਰਿਸ਼ਟੀ ਦਾ ਸਾਜਨਾ ਕੀਤੀ ਹੈ ਬਹੁਤ ਹੀ ਸੋਹਣੇ ਤੇ ਸਿਆਣੇ ਮਨੁੱਖ ਨੂੰ ਇਸ ਕਾਇਨਾਤ ਦੇ ਸਭ ਤੋਂ ਵੱਧ ਕਰੀਬ ਰੱਖਿਆ ਹੈ । ਪਰ ਅੱਜ ਅਸੀ ਇਸ ਸਭ ਤੋਂ ਦੂਰ ਮਾਨਸਿਕ ਬਿਮਾਰ ਹੋ ਚੁੱਕੇ ਹਾਂ।
ਮੇਰੇ ਗੁਆਂਢੀਆਂ ਨੇ ਇਕ ਕੁੱਤਾ ਰੱਖਿਆ ਹੋਇਆ ਹੈ ਓਹ ਨਾ ਕਿਸੇ ਨੂੰ ਗਲੀ ਵਿੱਚੋਂ ਲੰਘਣ ਦਿੰਦਾ ਹੈ ਤੇ ਨਾ ਕਿਸੇ ਹੋਰ ਕੁੱਤੇ ਨੂੰ ਗੰਦ ਪਾਉਣ ਦਿੰਦਾ ਹੈ, ਸਗੋਂ ਸਾਰਾ ਦਿਨ ਗਲੀ ਵਿੱਚ ਗੰਦ ਪਾਉਣ ਦਾ ਤੇ ਲੋਕਾਂ ਨੂੰ ਭੌਂਕਣ ਤੇ ਵੱਡਣ ਦਾ ਠੇਕਾ ਓਹਨਾਂ ਦੇ ਕੁੱਤੇ ਨੇ ਹੀੋ ਲਿਆ ਹੋਇਆ ਹੈ।ਇਸ ਸਬੰਧੀ ਮੈਂ ਇਕ ਦੋ ਵਾਰ ਓਹਨਾਂ ਨੂੰ ਬੜੇ ਸਤਿਕਾਰ ਨਾਲ ਕਿਹਾ ਵੀ ਪਰ ਓਹਨਾਂ ਅਣ-ਸੁਣਿਆ ਜਿਹਾ ਕਰ ਦਿੱਤਾ ਤੇ ਮੁੜ ਮੈਂ ਕਦੀ ਨਹੀ ਕਿਹਾ। ਭਲਿਓ ਮਾਨਸੋਂ ਮੇਰੇ ਵੱਲੋ ਕੁੱਤੇ ਦਸ ਰੱਖ ਲਵੋ ਪਰ ਕੁਝ ਜਿੰਮੇਵਾਰੀ ਤਾਂ ਰੱਖੋ , ਪਰ ਨਹੀਂ ਜੀ ।ਹੁਣ ਸਵਾਲ ਏਥੇ ਸਾਡੀ ਮਾਨਸਿਕਤਾ ਦਾ ਹੈ ਅਸੀਂ ਕਿੰਨਾ ਕੁ ਕਿਸੇ ਨੂੰ ਵੇਖ ਕੇ ਖੁਸ਼ ਹੁਣੇ ਹਾਂ ਜਾਂ ਕਿੰਨਾ ਕੁ ਆਪਣੇ ਆਲੇ – ਦੁਆਲੇ ਦੀ ਪਰਵਾਹ ਕਰਦੇ ਹਾਂ। ਇਕ ਲਿਖਤ ਏ ਠ ਖੁਸ਼ੀਆਂ ਬੀਜ ਜਵਾਨਾਂ ਹਾਸੇ ਉ¤ਗਣਗੇ ਹਾਸੇ3ੂ ਭਾਵ ਅਰਥ ਆਪਣਾ ਆਲਾ ਦੁਆਲਾ ਖੁਸ਼ਹਾਲ ਤੇ ਸੁਹਾਵਣਾ ਰੱਖੋ ਤੇ ਦਾਅਵੇ ਨਾਲ ਤੁਹਾਡਾ ਪਰਿਵਾਰ ਸਭ ਤੋਂ ਵੱਧ ਖੁਸ਼ੀਆਂ ਮਾਣੇਗਾ।
ਅੱਜ ਲੋੜ ਹੈ ਸਾਨੂੰ ਸਾਡੀ ਅਸਲੀਅਤ ਤੋਂ ਜਾਣੂ ਹੋਣ ਦੀ ਗੱਲਾਂ ਖਰੀਆਂ ਤੇ ਕੌੜੀਆਂ ਜਰੂਰ ਹਨ ਪਰ ਅੱਜ ਦਾ ਸੱਚ ਹਨ।ਸਾਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਤੇ ਹੋਰਨਾਂ ਨੂੰ ਵੀ ਕਰਨਾ ਚਾਹੀਦਾ ਹੈ।ਆਪਣੇ ਨਿੱਜੀ ਸੁਆਰਥ ਤੋਂ ਉ¤ਪਰ ਉ¤ਠ ਕੇ ਜਿੰਦਗੀਆਂ ਦੀਆਂ ਕਦਰਾਂ ਕੀਮਤਾ ਨਾਲ ਇਸ ਸਮਾਜ ਵਿੱਚ ਰਹਿਣਾ ਚਾਹੀਦਾ ਹੈ ਤਾਂ ਜੋ ਅਸੀ ਖੁਦ, ਸਾਡਾ ਪਰਿਵਾਰ,ਸਾਡਾ ਸਮਾਜ, ਸਾਡਾ ਸੂਬਾ ਸਾਡਾ ਦੇਸ਼ ਹੱਸਦਾ ਵੱਸਦਾ ਤੇ ਖੁਸ਼ਹਾਲ ਰਹੇ।