ਪੰਜਾਬ ਵਾਂਗ ਜਨਤ ਦੀ ਧਰਤੀ ਕਸ਼ਮੀਰ ਵੀ ਨਸ਼ਿਆਂ ਦੇ ਜਾਲ ਵਿੱਚ ਫਸਿਆ ਹੋਇਆ। ਕਸ਼ਮੀਰ ਨਾਲ ਲੱਗਦੀ ਕੰਟਰੋਲ ਰੇਖਾ ਰਾਹੀਂ ਨਸ਼ਿਆਂ ਦੀ ਖੁਲ੍ਹੇਆਮ ਤਸਕਰੀ ਹੋ ਰਹੀ ਹੈ। ਇਸ ਗੰਭੀਰ ਸਮੱਸਿਆ ਸਬੰਧੀ ਸੂਬਾ ਸਰਕਾਰ ਵੱਲੋਂ ਕੋਈ ਪੁਖਤਾ ਯਤਨ ਨਹੀਂ ਕੀਤੇ ਜਾ ਰਹੇ। ਵੱਡੀ ਗਿਣਤੀ ਵਿੱਚ ਕਸ਼ਮੀਰੀ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਕ ਪਾਸੇ ਕਸ਼ਮੀਰ ਵਿੱਚ ਗੜਬੜ ਵਾਲੇ ਹਾਲਾਤਾਂ ਕਾਰਨ ਲੋਕਾਂ ਦਾ ਮੰਦਾ ਹਾਲ ਹੈ। ਕਾਰੋਬਾਰ ਠੱਪ ਪਏ ਹਨ। ਪੁਲਿਸ, ਨੀਮ ਫੌਜੀ ਅਤੇ ਫੌਜੀ ਦਸਤਿਆਂ ਦੀਆਂ ਜ਼ਿਆਦਤੀਆਂ ਨਾਲ ਝੰਬੇ ਹੋਏ ਲੋਕ ਨਸ਼ਿਆਂ ਕਾਰਨ ਰੁਲਦੇ ਜਾ ਰਹੇ ਹਨ। ਸਮਾਜ ਵਿੱਚ ਤਣਾਅ ਵੱਧ ਰਿਹਾ ਹੈ। ਪਰਿਵਾਰਾਂ ਵਿੱਚ ਨਸ਼ਿਆਂ ਕਾਰਨ ਗਰੀਬੀ ਅਤੇ ਦਲਿਦਰਤਾ ਫੈਲ ਰਹੀ ਹੈ। ਸੂਬਾ ਪੁਲਿਸ ਦੇ ਮੁਖੀ ਸ਼੍ਰੀ ਐਸ.ਪੀ. ਵੈਦ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਆਮ ਲੋਕਾਂ ਅਤੇ ਮਾਪਿਆਂ ਤੋਂ ਸਹਿਯੋਗ ਮੰਗ ਰਹੇ ਹਨ, ਪਰ ਪੁਲਿਸ ਨਸ਼ਿਆਂ ਦੀ ਰੋਕਥਾਮ ਲਈ ਕੋਈ ਵੱਡਾ ਯਤਨ ਨਹੀਂ ਕਰ ਰਹੀ। ਉਂਝ ਪੁਲਿਸ ਨੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਿਥੇ ਨਸ਼ਿਆਂ ਦਾ ਸ਼ਿਕਾਰ ਨੌਜਵਾਨਾਂ ਦਾ ਇਲਾਜ ਕੀਤਾ ਜਾਂਦਾ ਹੈ। ਕਸ਼ਮੀਰ ਦੀ ਇੱਕ ਪੀੜ੍ਹੀ ਹਿੰਸਾ ਦੀ ਭੇਟ ਚੜ੍ਹ ਗਈ ਹੁਣ ਦੂਸਰੀ ਪੀੜ੍ਹੀ ਨੂੰ ਨਸ਼ਿਆਂ ਦੇ ਇਹ ਅੱਤਵਾਦ ਖਾ ਰਿਹਾ ਹੈ। ਇਹ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਸਥਿਤੀ ਹੈ। ਕਸ਼ਮੀਰ ਦੇ ਲੋਕਾਂ ਨੂੰ ਇਸ ਜਾਲ ਵਿੱਚੋਂ ਕੱਢਣ ਲਈ ਵਿਆਪਕ ਅਤੇ ਵੱਡੇ ਯਤਨਾਂ ਦੀ ਜ਼ਰੂਰਤ ਹੈ। ਇਸ ਮਕਸਦ ਲਈ ਸਿਰਫ ਸਰਕਾਰ ’ਤੇ ਟੇਕ ਨਹੀਂ ਰੱਖੀ ਜਾ ਸਕਦੀ। ਸੂਬੇ ਦੀਆਂ ਸਾਰੀਆਂ ਸਿਆਸੀ ਅਤੇ ਧਾਰਮਿਕ ਜਥੇਬੰਦੀਆਂ ਨੂੰ ਇਸ ਮਸਲੇ ’ਤੇ ਇਕਜੁੱਟ ਹੋ ਕੇ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਜੋ ਕਸ਼ਮੀਰ ਦੇ ਭਵਿੱਖ ਨੂੰ ਬਚਾਇਆ ਜਾ ਸਕੇ। ਕਸ਼ਮੀਰ ਦਾ ਭਵਿੱਖ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਵੇ ਇਸ ਲਈ ਨਸ਼ਿਆਂ ਦਾ ਖਾਤਮਾ ਬੇਹ¤ਦ ਜ਼ਰੂਰੀ ਹੈ। ਇਹ ਵੀ ਚਿੰਤਾਜਨਕ ਗੱਲ ਹੈ ਕਿ ਕਸ਼ਮੀਰ ਵਿੱਚ ਕੌਮਾਂਤਰੀ ਸਰਹੱਦ ਤੋਂ ਇਲਾਵਾ ਪੰਜਾਬ ਦੀ ਤਰਫ ਤੋਂ ਵੀ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਕਸ਼ਮੀਰ ਵਿੱਚ ਵਿਕਦੇ ਕੁਲ ਨਸ਼ਿਆਂ ’ਚੋਂ 20 ਤੋਂ 25 ਫੀਸਦੀ ਨਸ਼ੇ ਪੰਜਾਬ ਰਾਹੀਂ ਸਪਲਾਈ ਹੋ ਰਹੇ ਦੱਸੇ ਜਾ ਰਹੇ ਹਨ। ਇਸ ਸਾਲ ਸੂਬੇ ਵਿ¤ਚ 500 ਕਰੋੜ ਰੁਪਏ ਦੀ ਕੌਮਾਂਤਰੀ ਕੀਮਤ ਦੇ ਨਸ਼ੇ ਫੜੇ ਗਏ ਹਨ। ਕਸ਼ਮੀਰ ’ਚ 70 ਕਿਲੋ ਹੈਰੋਇਨ ਜਦਕਿ ਜੰਮੂ ’ਚ 25 ਕਿਲੋ ਦੇ ਕਰੀਬ ਨਸ਼ੀਲੇ ਪਦਾਰਥ ਫੜੇ ਗਏ ਹਨ। ਇਸ ਸਮ¤ਸਿਆ ਦੇ ਹ¤ਲ ਲਈ ਵੱਡੇ ਯਤਨਾਂ ਦੀ ਜ਼ਰੂਰਤ ਹੈ। ਸਾਰੀਆਂ ਧਿਰਾਂ ਦੇ ਸਹਿਯੋਗ ਨਾਲ ਹੀ ਇਸ ਲਾਹਨਤ ਤੋਂ ਛੁਟਕਾਰਾ ਮਿਲ ਸਕਦਾ ਹੈ।
– ਬਲਜੀਤ ਸਿੰਘ ਬਰਾੜ