May 24, 2026 11:30 am

ਸੰਸਦ ਦੇ ਸਰਦ ਰੁਤ ਸੈਸ਼ਨ ਦਾ ਪਹਿਲਾ ਦਿਨ ਹੰਗਾਮੇ ਦੀ ਭੇਟ ਚੜ੍ਹਿਆ

ਕਾਂਗਰਸ ਪ੍ਰਧਾਨ ਮੰਤਰੀ ਤੋਂ ਮੁਆਫੀ ਮੰਗਾਉਣ ਲਈ ਅੜੀ

ਨਵੀਂ ਦਿੱਲੀ, 15 ਦਸੰਬਰ- ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ ਵਿਰੋਧੀ ਧਿਰ ਦੇ ਹੰਗਾਮੇ ਦੀ ਭੇਟ ਚੜ੍ਹ ਗਿਆ। ਵਿਰੋਧੀ ਧਿਰ ਦੇ ਰਵੱਈਏ ਤੋਂ ਲਗਦਾ ਹੈ ਕਿ ਸਰਦ ਰੁਤ ਸੈਸ਼ਨ ਗਰਮ ਰਹੇਗਾ। ਵਿਰੋਧੀ ਧਿਰ ਨੇ ਸ਼ਰਧਾਂਜਲੀਆਂ ਦੇ ਕਾਰਜ ਤੋਂ ਫੌਰੀ ਬਾਅਦ ਸ਼ੋਰ ਸ਼ਰਾਬਾ ਕਰਨਾ ਸ਼ੁਰੂ ਕਰ ਦਿਤਾ।ਪਹਿਲੇ ਦਿਨ ਸੰਸਦ ਦੇ ਦੋਵੇਂ ਸਦਨਾਂ ਵਿਚ ਮਰਹੂਮ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਸ਼ਰਧਾਂਜਲੀ ਦੇਣ ਤੋਂ ਬਾਅਦ ਲੋਕ ਸਭਾ ਨੂੰ 18 ਦਸੰਬਰ ਤਕ ਦੇ ਲਈ ਮੁਲਤਵੀ ਕਰ ਦਿਤਾ ਗਿਆ। ਹੰਗਾਮੇ ਕਾਰਨ ਰਾਜ ਸਭਾ ਦਾ ਸੈਸ਼ਨ ਵੀ ਮੁਲਤਵੀ ਕਰ ਦਿਤਾ ਗਿਆ ਹੈ।ਰਾਜ ਸਭਾ ਵਿਚ ਹੋਏ ਭਾਰੀ ਹੰਗਾਮੇ ਦੌਰਾਨ ਕਾਂਗਰਸ ਨੇ ਆਖਿਆ ਕਿ ਜਦੋਂ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਆਫ਼ੀ ਨਹੀਂ ਮੰਗਦੇ ਉਦੋਂ ਤੱਕ ਸਦਨ ਨੂੰ ਨਹੀਂ ਚਲਣ ਦਿਤਾ ਜਾਵੇਗਾ।ਕਾਂਗਰਸ ਨੇ ਇਸ ਗਲ ਨੂੰ ਜ਼ੋਰ ਦੇ ਕੇ ਆਖਿਆ ਕਿ ਗੁਜਰਾਤ ਚੋਣ ਮੁਹਿੰਮ ਦੌਰਾਨ ਆਪਣੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ’ਤੇ ਹਮਲਾ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਗਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਅਰਜੁਨ ਖੜਗੇ ਨੇ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀਆਂ ’ਤੇ ਸਾਜਿਸ਼ ਕਰਨ ਦਾ ਦੋਸ਼ ਲਗਾਇਆ ਹੈ ਅਤੇ ਹੁਣ ਉਹ ਇਸ ਨੂੰ ਸਾਬਤ ਕਰਕੇ ਦਿਖਾਉਣ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੀ ਸਰਦ ਰੁਤ ਸੈਸ਼ਨ ਵਿਚ ਹਿਸਾ ਲੈਣ ਲਈ ਪਹੁੰਚੇ ਸਨ। ਬਤੌਰ ਰਾਜ ਸਭਾ ਸੰਸਦ ਸ਼ਾਹ ਪਹਿਲੀ ਵਾਰ ਅਜ ਸੰਸਦ ਦੇ ਕਿਸੇ ਸੈਸ਼ਨ ਵਿਚ ਹਿਸਾ ਲੈਣ ਲਈ ਪਹੁੰਚੇ ਹਨ।ਸਰਕਾਰ ਨੇ ਇਸ ਸੈਸ਼ਨ ਦੇ ਲਈ 9 ਨਵੇਂ ਬਿਲ ਲਿਸਟ ਕੀਤੇ ਹਨ, ਜਿਸ ਵਿਚ ਟ੍ਰਿਪਲ ਤਲਾਕ ਦਾ ਅਪਰਾਧ ਐਲਾਨ ਵਰਗਾ ਬਿਲ ਵੀ ਸ਼ਾਮਲ ਹੈ। ਉਥੇ 24 ਅਜਿਹੇ ਬਿਲ ਵੀ ਹਨ ਜੋ ਜਾਂ ਤਾਂ ਲੋਕ ਸਭਾ ਵਿਚ ਜਾਂ ਫਿਰ ਰਾਜ ਸਭਾ ਟਕੇ ਹੋਏ ਹਨ।

Send this to a friend