ਸ਼੍ਰੀ ਰਾਹੁਲ ਗਾਂਧੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੇ ਪ੍ਰਧਾਨ ਬਣ ਹੀ ਗਏ ਹਨ ਜਾਂ ਕੁੱਝ ਦਿਨਾਂ ਵਿੱਚ ਬਣ ਹੀ ਜਾਣਗੇ। ਕਾਂਗਰਸ ਦੇ ਮੀਤ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਦਾ ਪਾਰਟੀ ਪ੍ਰਧਾਨ ਬਣਨਾ ਤੈਅ ਹੈ ਕਿਉਂਕਿ ਇਸ ਅਹੁਦੇ ਲਈ ਉਹ ਇਕਲੌਤੇ ਉਮੀਦਵਾਰ ਹਨ। ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨਾ ਆਪਣੇ ਆਪ ਵਿੱਚ ਵੱਡਾ ਰੁਤਬਾ ਹਾਸਲ ਕਰਨਾ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ 28 ਦਸੰਬਰ 1885 ਨੂੰ ਹੋਈ ਸੀ। ਇਸ ਦੇ ਬਾਨੀ ਏ. ਉ. ਹੀਉਮ, ਦਾਦਾ ਭਾਈ ਨਾਰੋਜੀ ਅਤੇ ਦਿਨਸ਼ਾ ਵਾਚਾ ਸਨ। ਇਹ ਪਾਰਟੀ ਹਿੰਦੋਸਤਾਨ ਦੀ ਇਕਲੌਤੀ ਸਿਆਸੀ ਪਾਰਟੀ ਸੀ ਜਿਸ ਨੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਨੂੰ ਮਹਾਤਮਾ ਗਾਂਧੀ ਵਰਗੇ ਨੇਤਾਵਾਂ ਦੀ ਅਗਵਾਈ ਵਿੱਚ ਲੜਿਆ। ਅਜ਼ਾਦੀ ਤੋਂ ਬਾਅਦ ਕਾਂਗਰਸ ਨੇ 15 ਚੋਣਾਂ ਲੜੀਆਂ ਅਤੇ ਦੇਸ਼ ਉਤੇ 49 ਵਰ੍ਹੇ ਰਾਜ ਕੀਤਾ। ਕਿਸੇ ਸਮੇਂ ਦੇਸ਼ ਦੀ ਸਭ ਤੋਂ ਮਜ਼ਬੂਤ ਰਹੀ ਕਾਂਗਰਸ ਪਾਰਟੀ ਪਿਛਲੀਆਂ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਪਛੜ ਗਈ। ਸ਼੍ਰੀ ਨਰਿੰਦਰ ਮੋਦੀ ਦੀ ਚੜ੍ਹਤ ਨੇ ਕਾਂਗਰਸ ਨੂੰ ਬੂਰੇ ਦਿਨਾਂ ਵੱਲ ਧਕੇਲ ਦਿੱਤਾ ਹੈ। ਪਾਰਟੀ ਦੇ ਅਜਿਹੇ ਮਾੜੇ ਦਿਨਾਂ ਵਿੱਚ ਕਾਂਗਰਸ ਦੀ ਅਗਵਾਈ ਸ਼੍ਰੀ ਰਾਹੁਲ ਗਾਂਧੀ ਦੇ ਹੱਥਾਂ ਵਿੱਚ ਆਈ ਹੈ। ਉਂਜ ਇਸ ਸਬੰਧੀ ਮੀਡੀਆ ਵਿੱਚ ਲੰਬੇ ਸਮੇਂ ਤੋਂ ਚਰਚਾ ਹੁੰਦੀ ਰਹੀ ਹੈ ਅਤੇ ਚਰਚਾਵਾਂ ਦਾ ਇਹ ਦੌਰ 11 ਦਸੰਬਰ ਨੂੰ ਖਤਮ ਹੋ ਜਾਵੇਗਾ। ਇਹ ਗੱਲ ਵੀ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਸ਼੍ਰੀ ਰਾਹੁਲ ਗਾਂਧੀ ਦੇ ਸਾਹਮਣੇ ਪਾਰਟੀ ਦੀ ਪ੍ਰਧਾਨਗੀ ਲਈ ਕਦੇ ਵੀ ਕੋਈ ਚੁਣੌਤੀ ਨਹੀਂ ਸੀ। ਪ੍ਰਧਾਨ ਦੇ ਰੂਪ ਵਿੱਚ ਉਹ ਸ਼੍ਰੀਮਤੀ ਸੋਨੀਆ ਗਾਂਧੀ ਦੇ ਉਸੇ ਦਿਨ ਵਾਰਿਸ ਬਣ ਗਏ ਸਨ, ਜਿਸ ਦਿਨ ਰਾਹੁਲ ਨੇ ਸਿਆਸਤ ਵਿੱਚ ਸਰਗਰਮ ਹੋਣ ਦਾ ਫੈਸਲਾ ਕੀਤਾ ਸੀ। ਇਹ ਵੀ ਸੱਚ ਹੈ ਕਿ ਉਹ ਅਜਿਹਾ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸ਼੍ਰੀਮਤੀ ਸੋਨੀਆ ਗਾਂਧੀ ’ਤੇ ਨਿਰਭਰ ਕਰ ਰਹੀ ਸੀ ਕਿਉਂਕਿ ਸ਼ਰਦ ਪਵਾਰ ਵਰਗੇ ਸੀਨੀਅਰ ਕਾਂਗਰਸੀ ਜੋ ਪ੍ਰਧਾਨਗੀ ਦਾ ਦਾਅਵਾ ਕਰ ਸਕਦੇ ਸਨ, ਕਾਂਗਰਸ ਤੋਂ ਬਾਹਰ ਜਾ ਚੁੱਕੇ ਸਨ। ਦੂਜੇ ਪਾਸੇ ਸ਼੍ਰੀ ਮਾਧਵ ਰਾਵ ਸਿੰਧੀਆ ਅਤੇ ਸ਼੍ਰੀ ਰਾਜੇਸ਼ ਪਾਇਲਟ ਵਰਗੇ ਨੇਤਾ ਤਾਂ ਦੁਨੀਆਂ ਨੂੰ ਹੀ ਅਲਵਿਦਾ ਕਹਿ ਚੁੱਕੇ ਸਨ।
ਸ਼੍ਰੀ ਰਾਹੁਲ ਗਾਂਧੀ ਬਹੁਤ ਵਾਰ ਆਪਣੇ ਬਚਗਾਨੇ ਬਿਆਨਾਂ ਕਾਰਨ ਮਜ਼ਾਕ ਦਾ ਮੌਜੂ ਬਣ ਚੁੱਕੇ ਹਨ ਅਤੇ ਉਸ ਦਿਨ ਵੀ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ ਸੀ ਜਦੋਂ ਉਨ੍ਹਾਂ ਇਹ ਬਿਆਨ ਦਿੱਤਾ ਸੀ ਕਿ ਜੇ ਉਹ ਚਾਹੁੰਦੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਸਨ। ਸ਼੍ਰੀ ਰਾਹੁਲ ਗਾਂਧੀ ਦਾ ਇਹ ਬਿਆਨ ਸਚਾਈ ਦੇ ਬਹੁਤ ਨੇੜੇ ਸੀ। ਰਾਹੁਲ ਦਾ ਇਸ਼ਾਰਾ 2004 ਦੀ ਕਾਂਗਰਸ ਜਿੱਤ ਵੇਲੇ ਦਾ ਸੀ ਜਦੋਂ ਸ਼੍ਰੀਮਤੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਠੁਕਰਾਕੇ ਡਾ. ਮਨਮੋਹਨ ਸਿੰਘ ਦੇ ਸਿਰ ਤਾਜ ਸਜਾਇਆ ਸੀ। ਜੇਕਰ ਸ਼੍ਰੀਮਤੀ ਗਾਂਧੀ ਚਾਹੁੰਦੀ ਤਾਂ ਉਸ ਵੇਲੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਸਕਦੀ ਸੀ ਅਤੇ ਕਿਸੇ ਵੀ ਨੇਤਾ ਵਿੱਚ ਉਸ ਦਾ ਵਿਰੋਧ ਕਰਨ ਦਾ ਹੌਂਸਲਾ ਨਹੀਂ ਸੀ। ਇਹ ਗੱਲ ਵੀ ਸੱਚ ਹੈ ਕਿ ਉਸ ਸਮੇਂ ਰਾਹੁਲ ਪਹਿਲੀ ਵਾਰ ਲੋਕ ਸਭਾ ਵਿੱਚ ਪਹੁੰਚਿਆ ਸੀ। ਇਸ ਗੱਲ ਦਾ ਕੋਈ ਫਰਕ ਨਹੀਂ ਪੈਣ ਲੱਗਾ ਸੀ ਕਿਉਂਕਿ ਜਦੋਂ ਰਾਹੁਲ ਦੇ ਪਿਤਾ ਰਾਜੀਵ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ, ਤਾਂ ਉਹ ਵੀ ਪਹਿਲੀ ਵਾਰ ਹੀ ਲੋਕ ਸਭਾ ਵਿੱਚ ਪਹੁੰਚੇ ਸਨ। ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਅਮੇਠੀ ਲੋਕ ਸਭਾ ਸੀਟ ਰਾਜੀਵ ਨੇ ਜਿੱਤੀ ਸੀ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜੀਵ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ ਅਤੇ ਪ੍ਰਣਾਬ ਮੁਖਰਜੀ ਵਰਗੇ ਨੇਤਾ ਵੱਲੋਂ ਵੀ ਕੋਈ ਵਿਰੋਧੀ ਸੁਰ ਸੁਣਾਈ ਨਹੀਂ ਦਿੱਤੀ ਸੀ। ਉਸ ਸਮੇਂ ਤਾਂ ਲੋਕ ਸਭਾ ਵਿੱਚ ਰਾਜੀਵ ਗਾਂਧੀ ਦੀ ਪਿੱਠ ਥਾਪੜਨ ਵਾਲਾ ਕੋਈ ਵੀ ਪਰਿਵਾਰਕ ਮੈਂਬਰ ਲੋਕ ਸਭਾ ਜਾਂ ਸਿਆਸਤ ਵਿੱਚ ਨਹੀਂ ਸੀ। ਦੂਜੇ ਪਾਸੇ ਜਦੋਂ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਬਹੁਮੱਤ ਹਾਸਲ ਕੀਤਾ ਸੀ ਤਾਂ ਉਸ ਸਮੇਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਤਾਂ ਸੋਨੀਆ ਲਈ ਬਹੁਤ ਸੌਖਾ ਸੀ। ਸ਼ਾਇਦ ਸੋਨੀਆ ਸਿਆਸਤ ਵਿੱਚ ਸਿਆਣੀ ਹੋ ਚੁੱਕੀ ਸੀ ਅਤੇ ਉਸ ਨੂੰ ਪਤਾ ਸੀ ਕਿ ਅਜੇ ਰਾਹੁਲ ਗਾਂਧੀ ਕਿਸੇ ਵੀ ਵੱਡੀ ਜ਼ਿੰਮੇਵਾਰੀ ਦੇ ਯੋਗ ਨਹੀਂ ਹੈ।
ਸਿਆਸੀ ਮਾਹਿਰਾਂ ਦਾ ਇਹ ਕਹਿਣਾ ਠੀਕ ਹੀ ਜਾਪਦਾ ਹੈ ਕਿ ਸੋਨੀਆ ਗਾਂਧੀ ਨੇ ਬਿਲਕੁਲ ਸਹੀ ਸਮੇਂ ਰਾਹੁਲ ਨੂੰ ਪਾਰਟੀ ਪ੍ਰਧਾਨ ਬਣਾਇਆ ਹੈ। ਸੋਨੀਆ ਦੀ ਨਜ਼ਰ ਵਿੱਚ ਹੁਣ ਉਸ ਦੇ ਸਪੁੱਤਰ ਨੂੰ ਸਿਆਸਤ ਦਾ ਕਾਫੀ ਅਨੁਭਵ ਹੋ ਚੁੱਕਾ ਹੈ। ਕਾਂਗਰਸ ਰਾਹੁਲ ਦੀ ਅਗਵਾਈ ਵਿੱਚ ਕਈ ਚੋਣਾਂ ਲੜ ਚੁੱਕੀ ਹੈ ਭਾਵੇਂ ਕੋਈ ਵੱਡੀ ਜਿੱਤ ਨਸੀਬ ਨਹੀਂ ਹੋਈ। ਪੰਜਾਬ ਵਿੱਚ ਕਾਂਗਰਸ ਦੀ ਜਿੱਤ ਵੀ ਅਸਿੱਧੇ ਤੌਰ ’ਤੇ ਰਾਹੁਲ ਦੇ ਖਾਤੇ ਵਿੱਚ ਪਾਈ ਜਾ ਰਹੀ ਹੈ। ਹੁਣ ਗੁਜਰਾਤ ਵਿੱਚ ਵੀ ਰਾਹੁਲ ਗਾਂਧੀ ਪੂਰੀ ਸਰਗਰਮੀ ਵਿਖਾ ਰਹੇ ਹਨ। ਸਿਆਸਤ ਵਿੱਚ ਹਾਰਾਂ ਜਿੱਤਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਜੋ ਨੇਤਾ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ, ਉਹੀ ਵੱਡਾ ਲੀਡਰ ਬਣਦਾ ਹੈ। ਦੇਖਣਾ ਇਹ ਹੈ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ ਦਾ ਪ੍ਰਧਾਨ ਤਾਂ ਬਣ ਹੀ ਗਿਆ ਹੈ ਪਰ ਕੀ ਉਹ ਲੋਕਾਂ ਦਾ ਨੇਤਾ ਵੀ ਬਣ ਸਕੇਗਾ।



