ਸ. ਸੁਖਬੀਰ ਸਿੰਘ ਬਾਦਲ ਵੱਲੋਂ ਮੰਗਾਂ ਮੰਨੇ ਜਾਣ ਦਾ ਦਾਅਵਾ
ਚੰਡੀਗੜ੍ਹ/ਤਰਨਤਾਰਨ, 8 ਦਸੰਬਰ- ਬੀਤੇ ਦਿਨੀਂ ਕਾਂਗਰਸ ਤੇ ਅਕਾਲੀ ਵਰਕਰਾਂ ਦਰਮਿਆਨ ਹੋਈ ਝੜਪ ਤੋਂ ਬਾਅਦ ਸਰਕਾਰ ‘ਤੇ ਧਕੇਸ਼ਾਹੀ ਦਾ ਇਲਜ਼ਾਮ ਲਾਉਂਦਿਆਂ ਹਰੀਕੇ ਪਤਣ ‘ਤੇ ਸੁਖਬੀਰ ਬਾਦਲ ਵਲੋਂ ਸ਼ੁਰੂ ਕੀਤਾ ਧਰਨਾ ਅਜ ਦੇਰ ਸ਼ਾਮ ਖ਼ਤਮ ਹੋ ਗਿਆ ਹੈ।ਸ਼ਾਮ ਫ਼ਿਰੋਜ਼ਪੁਰ ਦੇ ਡੀ.ਆਈ.ਜੀ. ਰਾਜਿੰਦਰ ਸਿੰਘ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਪਹੁੰਚੇ ਸਨ, ਇਸ ਤੋਂ ਬਾਅਦ ਸ. ਬਾਦਲ ਨੇ ਲੋਕਾਂ ਦਰਪੇਸ਼ ਆਈਆਂ ਪ੍ਰੇਸ਼ਾਨੀਆਂ ਦੀ ਮੁਆਫੀ ਮੰਗਦਿਆਂ ਧਰਨਾ ਖ਼ਤਮ ਕਰ ਦਿਤਾ।ਡੀ.ਆਈ.ਜੀ. ਨੇ ਧਰਨੇ ‘ਤੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨ ਹੋਈ ਝੜਪ ਕਾਰਨ ਸਬੰਧਤ ਥਾਣਾ ਮੁਖੀ ਤੇ ਡੀ.ਐਸ.ਪੀ. ਦਾ ਤਬਾਦਲਾ ਕਰ ਦਿਤਾ ਗਿਆ ਹੈ ਅਤੇ ਦਰਜ ਕੇਸਾਂ ਵਿਚੋਂ ਧਾਰਾ 307 ਖ਼ਤਮ ਕਰ ਦਿਤੀ ਗਈ ਹੈ।ਉਨ੍ਹਾਂ ਦਸਿਆ ਕਿ ਦੂਜੀ ਪਾਰਟੀ ‘ਤੇ ਵੀ ਕਰਾਸ ਕੇਸ ਕਰ ਦਰਜ ਕਰ ਦਿਤੇ ਗਏ ਹਨ ਤੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁਕਿਆ ਹੈ। ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਦੀ ਖ਼ਾਸ ਟੀਮ ਕਰੇਗੀ, ਇਸ ਗਲ ਦਾ ਐਲਾਨ ਵੀ ਡੀ.ਆਈ.ਜੀ. ਨੇ ਕੀਤਾ।ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਹੰਕਾਰੀ ਹੋਈ ਹੈ।ਸਾਬਕਾ ਉਪ ਮੁਖ ਮੰਤਰੀ ਨੇ ਇਸ ਦੇ ਨਾਲ ਹੀ ਪੰਜਾਬ ਦੀ ਜਨਤਾ ਤੋਂ ਮੁਆਫੀ ਵੀ ਮੰਗੀ। ਬਾਦਲ ਨੇ ਕਿਹਾ ਕਿ ਲੋਕਾਂ ਨੂੰ ਪਰੇਸ਼ਾਨੀ ਹੋਈ, ਪਰ ਸਾਡੀ ਮਜਬੂਰੀ ਸੀ। ਉਨ੍ਹਾਂ ਇਸ ਦੇ ਨਾਲ ਹੀ ਧਰਨਾ ਖ਼ਤਮ ਕਰਨ ਦਾ ਐਲਾਨ ਵੀ ਕਰ ਦਿੱਤਾ।



