ਪੰਜਾਬੀ ਗਾਇਕੀ ‘ਚ ਕੁਝ ਗਿਣਵੇਂ-ਚੁਣਵੇ ਨਾਮ ਹੀ ਇਹੋ ਜਿਹੇ ਹਨ, ਜਿਹੜੇ ਸਚੀਂ-ਮੁਚੀਂ ਪੰਜਾਬੀ ਸਭਿਆਚਾਰ ਦੀ ਸਹੀ ਅਰਥਾਂ ਵਿਚ ਤਰਜ਼ਮਾਨੀ ਕਰਦੇ ਹਨ ਜਾਂ ਜਿਹਨਾ ਸਾਫ਼ ਸੁਥਰੀ ਗਾਇਕੀ ਦੇ ਬਲਬੂਤੇ ਪੰਜਾਬੀ ਜਗਤ ਵਿਚ ਨਾਮਣਾ ਖਟਿਆ ਹੈ। ਭਾਵੇਂ ਬਹੁਤੇ ਦੌੜ-ਦੌੜਕਾ ਕਰਕੇ ਬੇ-ਸੁਰਾ, ਲਚਰ ਗਾਉਂਦੇ ਗਾਇਕਾਂ ਨੇ ਪੰਜਾਬੀ ਦਾ ਵਿਸ਼ਵ ਭਰ ਵਿਚ ਨਾਮ ਨੀਵਾਂ ਕੀਤਾ ਹੈ, ਪਰ ਕੁਝ ਇਹੋ ਜਿਹੇ ਵੀ ਹਨ, ਜਿਹਨਾ ਪੰਜਾਬੀ ਗਾਇਕੀ ‘ਚ ਨਿਵੇਕਲੀਆਂ ਪੈਂੜਾਂ ਪਾਈਆਂ ਹਨ।
ਕੁਝ ਸਮਾਂ ਪਹਿਲਾਂ ਸੰਜੀਦਾ ਗਾਇਕੀ ‘ਚ ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਦੇ ਮੁਦਈ ਪ੍ਰਸਿਧ ਪਤਰਕਾਰ ਅਤੇ ਲੇਖਕ ਬਰਜਿੰਦਰ ਹਮਦਰਦ ਦੀ ਆਮਦ ਨੇ ਇਕ ਵਖਰੇਵਾਂ ਲਿਆਂਦਾ ਸੀ ਅਤੇ ਹੁਣ ਅਮਰੀਕਾ ਵਸਦੇ ਅਟਾਰਨੀ ਜਸਪ੍ਰੀਤ ਸਿੰਘ ਨੇ ਇਸ ਖੇਤਰ ‘ਚ ਪਹਿਲਕਦਮੀ ਕਰਦਿਆਂ ਠਪਤ ਰਖਿਓ ਮੇਰੀਠ ਗੀਤ ਗਾਕੇ ਇਕ ਵਖਰਾ ਰੰਗ ਪੇਸ਼ ਕੀਤਾ ਹੈ। ਖੁਸ਼ਕ ਜਿਹੇ ਕਿਤੇ ਨਾਲ ਜੁੜੇ ਜਸਪ੍ਰੀਤ ਸਿੰਘ ਅਟਾਰਨੀ ਨੇ ਪੰਜਾਬ ਦੇ ਇਤਹਾਸਿਕ ਪਿਛੋਕੜ ‘ਚ ਜਾਂਦਿਆਂ, ਪੰਜਾਬੀਆਂ ਦੀ ਸ਼ਰਧਾ ਅਤੇ ਕੁਰਬਾਨੀਆਂ ਨਾਲ ਜੁੜੇ ਇਤਿਹਾਸ ਉਤੇ ਪੰਛੀ ਝਾਤ ਪਾਉਂਦਿਆਂ, ਇਕ ਇਹੋ ਜਿਹਾ ਲਾਸਾਨੀ ਗੀਤ ਲੋਕ- ਅਰਪਿਤ ਕੀਤਾ ਹੈ, ਜਿਸ ਵਿਚ ਪੰਜਾਬ ਦਾ ਮਾਣ-ਮਤਾ ਗੌਰਵਮਈ ਇਤਿਹਾਸ ਝਲਕਾਂ ਮਾਰਦਾ ਹੈ। ਆਪੇ ਲਿਖਣਾ ਅਤੇ ਆਪੇ ਗਾਉਣਾ ਕੁਝ ਗੀਤਕਾਰਾਂ ਹਿਸੇ ਆਉਂਦਾ ਹੈ, ਜਸਪ੍ਰੀਤ ਸਿੰਘ ਨੇ ਇਹ ਗੀਤ ਆਪੇ ਲਿਖਿਆ ਅਤੇ ਆਪੇ ਗਾਇਆ ਹੈ ਅਤੇ ਉਹ ਵੀ ਇਹੋ ਜਿਹੀ ਦਿਲ ਟੁੰਬਵੀਂ, ਟੁਣਕਵੀਂ ਅਤੇ ਸੁਤੰਲਿਤ ਆਵਾਜ਼ ਵਿਚ ਕਿ ਪੰਜਾਬੀ ਗਾਇਕੀ ਦੇ ਪਾਰਖੂ ਜਿਵੇਂ ਇਸ ਤੋਂ ਆਚੰਭਿਤ ਹੋਕੇ ਰਹਿ ਗਏ ਹਨ।
ਪੰਜਾਬੀ ਗਾਇਕੀ ‘ਚ, ਕੁਝ ਗਾਇਕਾਂ ਲੋਕ ਗੀਤ ਗਾਏ ਅਤੇ ਆਪਣੀ ਥਾਂ ਬਣਾਈ, ਕੁਝ ਗਾਇਕਾਂ ਦੋ-ਗਾਣੇ ਗਾਏ ਅਤੇ ਜਿਵੇਂ ਅਮਰ ਹੀ ਹੋ ਗਏ, ਕੁਝ ਗਾਇਕ ਪੰਜਾਬ ਦੇ ਸਭਿਆਚਾਰਕ, ਸਮਾਜਿਕ ਪਖ ਨੂੰ ਲੈ ਕੇ ਲਿਖੇ ਗੀਤਾਂ ਨਾਲ ਲੋਕ-ਮਨਾਂ ‘ਚ ਥਾਂ ਕਰ ਗਏ। ਪਰ ਬਹੁਤ ਘਟ ਇਹੋ ਜਿਹੇ ਗਾਇਕ ਸਾਹਮਣੇ ਆਏ ਹਨ ਜਿਹਨਾ ਆਪਣੇ ਪਹਿਲੇ ਹਲੇ, ਸੁਰ-ਤਾਲ, ਲੈਅ ਨਾਲ ਗਾਇਕੀ ਦਾ ਇਤਿਹਾਸਿਕ ਪਿੜ ਮਲਿਆ ਅਤੇ ਕਾਮਯਾਬੀ ਹਾਸਲ ਕੀਤੀ ਹੈ। ਜਸਪ੍ਰੀਤ ਸਿੰਘ ਅਟਾਰਨੀ ਇਹੋ ਜਿਹਾ ਹੀ ਸੰਜੀਦਾ ਗਾਇਕ ਅਤੇ ਗੀਤਕਾਰ ਹੈ। ਆਸ ਕਰਾਂਗੇ ਪੰਜਾਬ ਦੇ ਇਤਿਹਾਸ ਦੇ ਪੰਨੇ ਫਰੋਲਕੇ, ਉਹ ਗੀਤਾਂ ਰਾਹੀਂ, ਵਿਦੇਸ਼ ਵਸਦੀ ਨੌਜਵਾਨ ਪੀੜ੍ਹੀ ਦਾ ਪ੍ਰੇਰਨਾ ਸਰੋਤ ਬਣਦਿਆਂ, ਪੰਜਾਬੀਆਂ ਖਾਸ ਕਰਕੇ ਸਿਖਾਂ ਦੇ ਮਾਣ-ਮਤੇ ਇਤਿਹਾਸ ਨਾਲ ਉਹਨਾ ਨੂੰ ਜੋੜੇਗਾ ਅਤੇ ਅਣਖੀ ਕੌਮ ਦੀ ਬੁਝ ਰਹੀ ਅਣਖ ਜਗਾਉਣ ਦਾ ਠਗਾਇਕੀ ਦੀਵਾਠ ਆਪਣੀ ਵਕਾਲਤ ਵਾਲੀ ਨੋਕ ਨਾਲ ਮੁੜ ਜਗਾਏਗਾ।
– ਆਸ਼ਾ ਸ਼ਰਮਾ ਕੈਲੇਫੋਰਨੀਆਂ
ਨਿਵੇਕਲੀਆਂ ਪੈਂੜਾਂ ਪਾਉਂਦਾ ਸੰਜੀਦਾ ਗਾਇਕ, ਗੀਤਕਾਰ : ਸ. ਜਸਪ੍ਰੀਤ ਸਿੰਘ ਅਟਾਰਨੀ



