ਭਾਰਤ ਨੇ ਦੁਨੀਆਂ ਦਾ ਸਭ ਤੋਂ ਉਚਾ ਰੇਲਵੇ ਪੁਲ ਬਣਾਉਣ ਦਾ ਰਿਕਾਰਡ ਕਾਇਮ ਕੀਤਾ ਹੈ।ਜੰਮੂ ਕਸ਼ਮੀਰ ਦੇ ਜਿਲ੍ਹਾ ਰਿਆਸੀ ਵਿਚ ਚਿਨਾਬ ਦਰਿਆ ਤੇ ਊਧਮਪੁਰ-ਸ਼੍ਰੀ ਨਗਰ-ਬਾਰਾਮੂਲਾ ਰੇਲਵੇ ਲਾਈਨ ਤੇ ਬਕਾਲ ਅਤੇ ਕੌੜੀ ਵਿਚਕਾਰ ਇਹ ਪੁਲ ਉਸਾਰਿਆ ਜਾ ਰਿਹਾ ਹੈ।2004 ਵਿਚ ਬਣਨਾ ਸ਼ੁਰੂ ਹੋਏ ਇਸ ਰੇਲਵੇ ਪੁਲ ਤੇ 512 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਲਗਾਇਆ ਗਿਆ ਸੀ।ਇਹ ਪੜ੍ਹ ਕੇ ਬਹੁਤ ਹੈਰਾਨੀ ਹੋਵੇਗੀ ਕਿ ਇਸ ਪੁਲ ਨੂੰ 8.0 ਰਿਐਕਟਰ ਪੈਮਾਨੇ ਦਾ ਭੂਚਾਲ਼ ਵੀ ਕੋਈ ਨੁਕਸਾਨ ਨਹੀਂ ਪਹੁੰਚਾ ਸਕੇਗਾ ਅਤੇ ਪਾਕਿਸਤਾਨ ਬਾਰਡਰ ਤੋਂ ਮਹਿਜ 50 ਕਿਲੋਮੀਟਰ ਦੂਰੀ ਤੇ ਬਣੇ ਇਸ ਪੁਲ ਤੇ ਬੰਬ ਬਲਾਸਟ ਦਾ ਵੀ ਕੋਈ ਅਸਰ ਨਹੀਂ ਹੋਵੇਗਾ।ਇਸ ਪੁਲ ਵਿਚ ਫਿਟ ਕੀਤੇ ਵਿਸ਼ੇਸ਼ ਉਪਕਰਣ ਨਾਲ ਭੂਚਾਲ ਆਉਣ ਤੇ ਆਲਾਰਮ ਵਜੇਗਾ,ਜੋ ਬਚਾਅ ਲਈ ਸੂਚਨਾ ਦੇਵੇਗਾ। ਸਟੀਲ ਅਥਾਰਟੀ ਆਫ ਇੰਡੀਆ ਦੇ ਭਿਲਾਈ ਪਲਾਂਟ ਚ ਤਿਆਰ ਕੀਤੇ ਸਟੀਲ ਅਤੇ ਕੰਕਰੀਟ ਨਾਲ ਬਣੇ ਇਸ ਪੁਲ ਦੀ ਉਚਾਈ 359 ਮੀਟਰ ਜਾਂ 1178 ਫੁਟ ਹੈ ਜੋ ਫਰਾਂਸ ਦੇ ਦੁਨੀਆਂ ਦੇ ਸਭ ਤੋਂ ਉਚੇ ਆਈਫਲ ਟਾਵਰ ਤੋਂ ਵੀ 30 ਮੀਟਰ ਉਚਾ ਹੈ।ਅਤੇ ਇਹ ਪੁਲ ਦਿਲੀ ਦੇ ਕੁਤਬ ਮੀਨਾਰ ਤੋਂ ਵੀ ਪੰਜ ਗੁਣਾਂ ਉਚਾ ਹੈ।ਇਸ ਨਾਲ ਫਰਾਂਸ ਵਿਚ ਟਾਰ ਨਦੀ ਤੇ ਬਣੇ ਰੇਲਵੇ ਦੇ 340 ਮੀਟਰ ਉਚਾਈ ਵਾਲੇ ਸਭ ਤੋਂ ਉਚੇ ਪੁਲ ਦਾ ਰਿਕਾਰਡ ਵੀ ਟੁਟ ਜਾਵੇਗਾ।ਜੰਮੂ ਕਸ਼ਮੀਰ ਦੇ ਬਾਰਾਮੂਲਾ ਨੂੰ ਰੇਲਵੇ ਰਾਹੀਂ ਭਾਰਤ ਦੇ ਹੋਰਨਾਂ ਹਿਸਿਆਂ ਨਾਲ ਜੋੜਨ ਲਈ ਹੁਣ 1250 ਕ੍ਰੋੜ ਰੁਪਏ ਦੀ ਲਾਗਤ ਨਾਲ ਇਹ ਪੁਲ ਮਈ 2019 ਵਿਚ ਬਣ ਕੇ ਤਿਆਰ ਹੋ ਜਾਵੇਗਾ। ਸਿਵਲ ਇੰਜੀਨੀਅਰਾਂ ਦੀ ਮਿਹਨਤ ਦਾ ਇਹ ਨਮੂਨਾ ਕਿਸੇ ਕ੍ਰਿਸ਼ਮੇ ਤੋਂ ਘਟ ਨਹੀਂ ਹੋਵੇਗਾ ਜਦੋਂ ਰੇਲ ਗਡੀ 90 ਕਿਲੋਮੀਟਰ ਪ੍ਰਤੀ ਘੰਟਾ ਦੀ ਪੂਰੀ ਰਫਤਾਰ ਨਾਲ ਨਦੀ ਦੇ ਵਗਦੇ ਪਾਣੀ ਦੇ ਤਲ ਤੋਂ 1178 ਫੁਟ ਦੀ ਉਚਾਈ ਤੇ ਗੁਜਰੇਗੀ।ਦਿਲ ਦੇ ਮਰੀਜ਼ ਇਸਤੋਂ ਥਲੇ ਡੂੰਘਾਈ ਤਕ ਨਹੀਂ ਦੇਖ ਪਾ ਸਕਣਗੇ ਅਤੇ ਟ੍ਰੇਨ ਆਸਮਾਨ ਵਿਚ ਉਡਦੀ ਨਜ਼ਰ ਆਵੇਗੀ।ਇਹ ਨਜ਼ਾਰਾ ਕਿਸੇ ਹਵਾਈ ਜਹਾਜ਼ ਦੇ ਸਫ਼ਰ ਤੋਂ ਘਟ ਨਹੀਂ ਹੋਵੇਗਾ ।ਜੇਕਰ ਗਡੀ ਦੀ ਸਪੀਡ ਇਸਤੋਂ ਜਿਆਦਾ ਹੋਵੇਗੀ ਤਾਂ ਪੁਲ ਵਿਚ ਫਿਟ ਕੀਤੀ ਨਵੀਂ ਤਕਨੀਕ ਦੇ ਉਪਕਰਣ ਨਾਲ ਲਾਲ ਰੰਗ ਦੀ ਬਤੀ ਜਗਣ ਨਾਲ ਟ੍ਰੇਨ ਰੁਕ ਜਾਵੇਗੀ।ਰੇਲਵੇ ਪੁਲ ਦੀ ਕੁਲ ਲੰਬਾਈ 1375 ਮੀਟਰ ਹੈ ਅਤੇ ਪੁਲ ਦਾ 476 ਮੀਟਰ ਹਿਸਾ ਦਰਿਆ ਚਿਨਾਬ ਉਪਰ ਬਣਾਇਆ ਗਿਆ ਹੈ।ਇਸ ਪੁਲ ਨੂੰ ਮਿਥੇ ਸਮੇਂ ਚ ਪੂਰਾ ਕਰਨ ਲਈ 300 ਇੰਜੀਨੀਅਰਾਂ ਦੀ ਟੀਮ ਅਤੇ 1300 ਤਜਰਬੇਕਾਰ ਮਜਦੂਰ, ਮਸ਼ੀਨਾਂ ਦੇ ਡਰਾਈਵਰ ਦਿਨ ਰਾਤ ਕੰਮ ਕਰ ਰਹੇ ਹਨ।ਇਸ ਪੁਲ ਨੂੰ ਬਣਾਊਣਾ ਸ਼ੁਰੂ ਕਰਨ ਤੋਂ ਪਹਿਲਾਂ ਜਿਊਲੌਜ਼ੀਕਲ ਅਤੇ ਇੰਜਨੀਰਿੰਗ ਪਖ ਤੋਂ ਇਸ ਥਾਂ ਅਤੇ ਮੌਸਮ ਦੇ ਮਦੇਨਜ਼ਰ ਬਹੁਤ ਸਾਰੇ ਟੈਸਟ ਕੀਤੇ ਗਏ ਸਨ, ਜਿਸ ਲਈ ਇੰਜੀਨੀਅਰ ਸਾਇੰਸ, ਜਿਊਲੌਜੀਕਲ, ਟੈਕਨਾਲੋਜੀ ਮਾਹਰਾਂ ਦੀ ਮਦਦ ਲਈ ਗਈ।ਇਸ ਪੁਲ ਤੋਂ ਟ੍ਰੇਨ ਦੇ ਗੁਜਰਦੇ ਸਮੇਂ ਰੇਲਗਡੀ ਤੇ ਹੋਣ ਵਾਲੇ ਹਵਾ ਦੇ ਦਬਾਅ ਤੋਂ ਬਚਾਅ ਲਈ ਡਿਜ਼ਾਈਨ ਸਮੇਂ ਆਈ.ਟੀ.ਰੁੜਕੀ ਅਤੇ ਆਈ.ਟੀ. ਕਾਨ੍ਹਪੁਰ ਦੇ ਮਾਹਰਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈਆਂ ਗਈਆਂ ਹਨ ।ਇਸ ਵਿਸ਼ੇਸ਼ ਅਤੇ ਅਦਭੁਤ ਤਕਨੀਕ ਦੇ ਪੁਲ ਦਾ ਡਿਜ਼ਾਈਨ ਫਿਨਲੈਂਡ ਦੀ ਕੰਪਨੀ ਨੇ ਤਿਆਰ ਕੀਤਾ ਹੈ।ਭਿਲਾਈ ਸਟੀਲ ਪਲਾਂਟ ਤੋਂ ਸ਼ਪੈਸ਼ਲ ਤਿਆਰ ਕਰਵਾਇਆ ਸਟੀਲ ਇਸ ਪੁਲ ਦੀ ਉਸਾਰੀ ਲਈ ਵਰਤਿਆ ਗਿਆ ਹੈ।ਪੁਲ ਦੇ ਸਥਾਨ ਦੇ ਨੇੜੇ ਹੀ ਇਕ ਪੂਰੀ ਫੈਕਟਰੀ ਬਣਾਈ ਗਈ ਹੈ ,ਜਿਸ ਵਿਚ ਪੁਲ ਦੇ ਵਖ ਵਖ ਹਿਸੇ ਤਿਆਰ ਕੀਤੇ ਜਾਂਦੇ ਹਨ । ਹਵਾਈ ਜਹਾਜ਼ ਅਤੇ ਆਧੁਨਿਕ ਤਕਨੀਕ ਦੀਆਂ ਸਪੈਸ਼ਲ ਮਸ਼ੀਨਾਂ ਨਾਲ ,ਪੁਲ ਦੇ ਤਿਆਰ ਕੀਤੇ ਹਿਸਿਆਂ ਨੂੰ ਜੋੜਿਆ ਜਾਂਦਾ ਹੈ।ਇਸ ਪੁਲ ਦੀ ਹਰ ਗਤੀਵਿਧੀ ਤੇ ਨਜ਼ਰ ਰਖਣ ਲਈ ਅਧੁਨਿਕ ਤਕਨੀਕ ਵਾਲੇ 100 ਦੇ ਲਗਭਗ ਸੀਸੀਟੀਵੀ ਕੈਮਰੇ ਲਗਾਏ ਜਾਣੇ ਹਨ,ਜਿੰਨਾਂ ਰਾਹੀਂ ਭਾਰਤ ਅਤੇ ਸੰਸਾਰ ਵਿਚ ਕਿਤੇ ਵੀ ਨੈਟਵਰਕ ਦੇ ਜ਼ਰੀਏ ਰਿਕਾਰਡ ਰਖਿਆ ਜਾ ਸਕੇਗਾ। ਇਸ ਰੇਲਵੇ ਪੁਲ ਦੇ ਬਣਨ ਅਤੇ ਰੇਲਵੇ ਲਾਈਨ ਚਾਲੂ ਹੋ ਜਾਣ ਨਾਲ ਜੰਮੂ ਤੋਂ ਬਾਰਾਮੂਲਾ ਤਕ ਦਾ 13 ਘੰਟੇ ਦਾ ਇਹ ਸਫਰ ਮਹਿਜ ਸਾਢੇ ਛੇ ਘੰਟੇ ਦਾ ਰਹਿ ਜਾਵੇਗਾ।ਸਰਦੀਆਂ ਵਿਚ ਬਰਫ ਪੈ ਜਾਣ ਤੇ ਜੰਮੂ-ਸ਼੍ਰੀਨਗਰ ਸੜਕ ਦਾ ਰਸਤਾ ਬੰਦ ਹੋ ਜਾਂਦਾ ਹੈ, ਪਰ ਰੇਲਵੇ ਸਫਰ ਸਾਰਾ ਸਾਲ ਕੀਤਾ ਜਾ ਸਕੇਗਾ।ਇਸ ਕੰਮ ਲਈ ਉਥੇ ਸਿਰੜੀ ਹੋਕੇ ਦਿਨ ਰਾਤ ਕੰਮ ਕਰਦੇ ਇੰਜੀਨੀਅਰਾਂ ਅਤੇ ਹੋਰ ਸਹਾਇਕਾਂ ਨੂੰ ਸਲੂਟ ਕਰਨਾ ਬਣਦਾ ਹੈ ਜੋ ਜ਼ੀਰੋ ਤੋਂ ਘਟ ਡਿਗਰੀ ਤਾਪਮਾਨ ਵਿਚ,ਔਕੜਾਂ ਨੂੰ ਝਲਦਿਆਂ ਅਤੇ ਹਾਲਾਤਾਂ ਨਾਲ ਝੂਦਦਿਆਂ ਇਸ ਕੰਮ ਨੂੰ ਪੂਰਾ ਕਰਨ ਵਿਚ ਲਗੇ ਹੋਏ ਹਨ। ਇਹ ਭਾਰਤ ਅਤੇ ਭਾਰਤ ਵਾਸੀਆਂ ਲਈ ਬੜੇ ਹੀ ਮਾਣ ਵਾਲੀ ਗਲ ਹੈ।।
ਦੁਨੀਆਂ ਦਾ ਸਭ ਤੋਂ ਉਚਾ ਰੇਲਵੇ ਪੁਲ



