Skip to content
Independent perspectives. Global stories.
BREAKING

ਤਾਪ ਬਿਜਲੀ ਘਰਾਂ ਦਾ ਬਦਲ ਜ਼ਰੂਰੀ

Share this story

ਬਦਲਦੇ ਮੌਸਮੀ ਹਾਲਾਤਾਂ ਵਿੱਚ ਤਾਪ ਬਿਜਲੀ ਘਰਾਂ ਦਾ ਬਦਲ ਲੱਭਣਾ ਜ਼ਰੂਰੀ ਹੋ ਗਿਆ ਹੈ। ਤਾਪ ਬਿਜਲੀ ਘਰ ਵਾਤਾਵਰਣ ਲਈ ਵੀ ਵੱਡਾ ਖਤਰਾ ਬਣ ਗਏ ਹਨ। ਤਾਪ ਬਿਜਲੀ ਘਰਾਂ ਤੋਂ ਉਤਪਾਦਨ ਹੋਣ ਵਾਲੀ ਬਿਜਲੀ ਵੀ ਖਪਤਕਾਰਾਂ ਨੂੰ ਮਹਿੰਗੀ ਮਿਲਦੀ ਹੈ। ਪੰਜਾਬ ਵਿੱਚ ਲੱਗੇ ਤਾਪ ਬਿਜਲੀ ਘਰ ਤਾਂ ਤਕਨੀਕੀ ਪੱਖੋਂ ਵੀ ਬਹੁਤ ਪੱਛੜੇ ਹੋਏ ਹਨ। ਕੋਇਲੇ ਦੀ ਖਪਤ ਪੱਖੋਂ ਇਹ ਬਿਜਲੀ ਘਰ ਬੋਝ ਬਣੇ ਹੋਏ ਹਨ। ਪੰਜਾਬ ਕੋਲ ਆਪਣਾ ਕੋਈ ਕੋਇਲਾ ਨਹੀਂ ਹੈ। ਇਹ ਦੂਸਰੇ ਰਾਜਾਂ ਤੋਂ ਮਹਿੰਗੇ ਮੁੱਲ ਵਿੱਚ ਖਰੀਦਕੇ ਟਰਾਂਸਪੋਰਟ ਦੇ ਭਾਰੀ ਖਰਚੇ ਨਾਲ ਪੰਜਾਬ ਵਿੱਚ ਲਿਆਂਦਾ ਜਾਂਦਾ ਹੈ। ਜੇਕਰ ਕੋਇਲਾ ਪੰਜਾਬ ਕੋਲ ਹੋਵੇ ਤਦ ਗੱਲ ਵੱਖਰੀ ਸੀ। ਮੌਜੂਦਾ ਹਾਲਾਤਾਂ ਵਿੱਚ ਬਿਜਲੀ ਉਤਪਾਦਨ ਦੀ ਕੀਮਤ ਵੱਧ ਜਾਂਦੀ ਹੈ। ਇਸ ਕਾਰਨ ਹੀ ਪੰਜਾਬ ਵਿੱਚ ਖਪਤਕਾਰਾਂ ਨੂੰ ਬਿਜਲੀ ਮਹਿੰਗੀ ਮਿਲ ਰਹੀ ਹੈ। ਡੈਮਾਂ ਤੋਂ ਮਿਲ ਰਹੀ ਬਿਜਲੀ ਇਸ ਦੇ ਮੁਕਾਬਲੇ ਬਹੁਤ ਸਸਤੀ ਹੈ। ਸੂਰਜੀ ਊਰਜਾ ਇਸ ਤੋਂ ਵੀ ਵੱਧ ਸਸਦੀ ਹੈ। ਇਹ ਦੁੱਖ ਦੀ ਗੱਲ ਹੈ ਕਿ ਦੋਵੇਂ ਤਰ੍ਹਾਂ ਦੀ ਬਿਜਲੀ ਦੀ ਪੰਜਾਬ ਵਿੱਚ ਹਾਲੇ ਵੀ ਭਾਰੀ ਕਮੀ ਹੈ। ਹੋਰ ਵੱਡੇ ਡੈਮਾਂ ਦੀ ਉਸਾਰੀ ਸੰਭਵ ਨਹੀਂ ਹੈ। ਛੋਟੇ ਡੈਮਾਂ ਦਾ ਤਜ਼ਰਬਾ ਸਫਲ ਨਹੀਂ ਹੋ ਸਕਿਆ। ਅਜਿਹੇ ਹਾਲਾਤਾਂ ਵਿੱਚ ਸੂਰਜੀ ਉਰਜਾ ਹੀ ਇਕ ਬੇਹਤਰ ਬਦਲ ਹੈ। ਇਸ ਸਬੰਧ ਵਿੱਚ ਵੱਡੇ ਯਤਨਾਂ ਦੀ ਜ਼ਰੂਰਤ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਇਸ ਸਬੰਧੀ ਕਾਫੀ ਯਤਨ ਹੋਏ ਹਨ ਪਰ ਸੂਰਜੀ ਪੈਨਲ ਮਹਿੰਗੇ ਹੋਣ ਕਾਰਨ ਸੂਰਜੀ ਊਰਜਾ ਆਮ ਲੋਕਾਂ ਦੀ ਪਹੁੰਚ ਵਿੱਚ ਨਹੀਂ ਆ ਸਕੀ। ਹੁਣ ਕੇਂਦਰ ਸਰਕਾਰ ਨੇ ਸੂਰਜੀ ਪੈਨਲਾਂ ਦੀ ਮੰਡੀ ਨੂੰ ਰਫਤਾਰ ਦੇਣ ਦਾ ਫੈਸਲਾ ਲਿਆ ਹੈ ਇਸ ਤਹਿਤ ਸਰਕਾਰ ਨੇ ਚੈਨਲ ਪਾਰਟਨਰ ਸਕੀਮ ਬੰਦ ਕਰ ਦਿਤੀ ਹੈ। ਸਰਕਾਰ ਦੇ ਇਸ ਕਦਮ ਨਾਲ ਸੋਲਰ ਪੈਨਲ ਦੀ ਲਾਗਤ ਘਟ ਹੋਵੇਗੀ। ਆਉਣ ਵਾਲੇ ਦਿਨਾਂ ‘ਚ ਸੋਲਰ ਪੈਨਲ ਸਸਤੇ ਹੋਣ ਦੀ ਸੰਭਾਵਨਾ ਹੈ। ਊਰਜਾ ਮੰਤਰਾਲੇ ਨਾਲ 2800 ਤੋਂ ਵਧ ਸੋਲਰ ਚੈਨਲ ਪਾਰਟਨਰ ਦਾ ਕਰਾਰ ਖਤਮ ਕਰ ਦਿਤਾ ਗਿਆ ਹੈ। ਹੁਣ ਸਰਕਾਰੀ ਸੋਲਰ ਪ੍ਰਾਜੈਕਟਾਂ ਲਈ ਕੋਈ ਵੀ ਕੰਪਨੀ ਬੋਲੀ ਲਗਾ ਸਕੇਗੀ। ਹੁਣ ਕਿਸੇ ਖਾਸ ਕੰਪਨੀ ਨੂੰ ਸਰਕਾਰੀ ਸੋਲਰ ਪਾਵਰ ਪ੍ਰਾਜੈਕਟ ’ਚ ਤਰਜੀਹ ਨਹੀਂ ਮਿਲੇਗੀ। ਇਸ ਨਾਲ ਖੁਲ੍ਹੇ ਬਾਜ਼ਾਰ ’ਚ ਵਾਧਾ ਹੋਵੇਗਾ ਤੇ ਲੋਕਾਂ ਨੂੰ ਸਸਤੀ ਕੀਮਤ ’ਤੇ ਸੋਲਰ ਮਿਲ ਸਕਣਗੇ। ਇਹ ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਛਤ ਵਾਲੇ ਸੋਲਰ ਸਿਸਟਮ ਜ਼ਰੀਏ 2022 ਤਕ 40 ਗੀਗਾ ਵਾਟ ਬਿਜਲੀ ਪੈਦਾ ਕਰਨ ਦਾ ਟੀਚਾ ਰਖਿਆ ਹੈ। ਪੰਜਾਬ ਸਰਕਾਰ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਸੂਰਜੀ ਊਰਜਾ ਦੀ ਪੈਦਾਵਾਰ ਨਾਲ ਸਬੰਧਤ ਨਵੀਆਂ ਯੋਜਨਾਵਾਂ ਤਿਆਰ ਕਰਨੀਆਂ ਚਾਹੀਦੀਆਂ ਹਨ। ਅਮਰੀਕਾ ਵਰਗੇ ਕਈ ਦੇਸ਼ਾਂ ਵਿੱਚ ਸੂਰਜੀ ਬਿਜਲੀ ਦਾ ਬਦਲ ਬਹੁਤ ਸਫਲਤਾ ਨਾਲ ਚੱਲ ਰਿਹਾ ਹੈ। ਇਸ ਨਾਲ ਵਾਤਾਵਰਣ ਨੂੰ ਵੀ ਸਵੱਛ ਰੱਖਣ ਵਿੱਚ ਮਦਦ ਮਿਲੇਗੀ।
– ਬਲਜੀਤ ਸਿੰਘ ਬਰਾੜ

WRITTEN BY