ਭਾਈ ਮਰਦਾਨਾ ਜੀ ਦਾ ਜਨਮ ਪਿਤਾ ਭਾਈ ਬਦਰੇ ਜੀ ਤੇ ਮਾਤਾ ਮਾਈ ਲੱਖੋ ਜੀ ਦੇ ਗ੍ਰਹਿ ਤਲਵੰਡੀ ਸੰਨ 1459 ਈ: ਵਿੱਚ ਹੋਇਆ। ਉਹਨਾਂ ਦਾ ਨਾਂ ‘ਦਾਨਾ’ ਸੀ। ‘ਮਰਦਾਨਾ’ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਮਿਲਿਆ ਖਿਤਾਬ ਸੀ।ਭਾਈ ਮਰਦਾਨਾ ਜੀ ਉਮਰ ਵਿੱਚ ਗੁਰੁ ਨਾਨਕ ਦੇਵ ਜੀ ਤੋਂ 10 ਸਾਲ ਵੱਡੇ ਸਨ। ਭਾਈ ਮਨੀ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦਾ ਮੇਲ ਤਲਵੰਡੀ ਵਿਖੇ ਹੀ ਹੋਇਆ ਦੱਸਿਆ ਹੈ।ਪਹਿਲਾ ਮੇਲ ਸੰਨ 1480 ਈ: ਵਿੱਚ ਹੋਇਆ ਤੇ ਅੰਤ ਤੱਕ 1534 ਈ: ਤੱਕ ਰਿਹਾ। ਇਸ ਹਿਸਾਬ ਨਾਲ ਭਾਈ ਮਰਦਾਨਾ ਜੀ ਨੇ ਗੁਰੂ ਜੀ ਨਾਲ ਲਗਭਗ ਕੋਈ 54 ਸਾਲ ਦਾ ਸਮਾਂ ਬਤੀਤ ਕੀਤਾ। ਤਲਵੰਡੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਇੱਕ ਬ੍ਰਿਛ ਹੇਠ ਅਰਾਮ ਕਰ ਰਹੇ ਸਨ। ਦੂਸਰੇ ਪਾਸਿਉਂ ਰਬਾਬ ਵਜਾਉਣ ਦੀ ਅਵਾਜ਼ ਕੰਨੀ ਪਈ।ਗੁਰੂ ਜੀ ਉਸ ਪਾਸੇ ਨੂੰ ਹੋ ਤੁਰੇ। ਕੋਲ ਜਾ ਕੇ ਪੁੱਛਿਆ, ‘ਭਾਈ, ਤੇਰਾ ਨਾਉਂ ਕਿਆ ਹੈ?’ ਤਾਂ ਅੱਗੋਂ ਰਬਾਬ ਵਜਾਉਣ ਵਾਲੇ ਨੇ ਜਵਾਬ ਦਿੱਤਾ ਕਿ , ‘ਜੀ ਮੇਰਾ ਨਾਉ ‘ਦਾਨਾ’, ਲੋਕ ਮਰਾਸੀ ਕਹਿੰਦੇ ਹਨ।’ ਗੁਰੂ ਜੀ ਨੇ ਕਿਹਾ : ‘ਤੂੰ ਰਬਾਬ ਭਲਾ ਵਜਾਇੰਦਾ ਹੈਂ, ਤੇ ਤੈਨੂੰ ਰਾਗਾਂ ਦੀ ਭਲੀ ਸੋਝੀ ਹੈ, ਪਰ ਜੇ ਤੂੰਂ ਅਸਾਡੀ ਸੰਗਤ ਕਰੇ ਤੇ ਇਹ ਰਾਗ ਸ਼ਬਦ ਪਾਇਕੈ ਗਾਵੈਂ ਤਾਂ ਤੇਰਾ ਦੀਨ ਦੁਨੀ ਵਿੱਚ ਉਧਾਰ ਕਰੀਏ’, ਤਾਂ ਦਾਨਾ ਜੀ ਨੇ ਕਿਹਾ , ‘ਅਸੀਂ ਤਾਂ ਧਨੀ ਲੋਕਾਂ ਨੂੰ ਰਾਗ ਸੁਣਾਇਕੈ ਚਾਰ ਪੈਸੇ ਕਮਾਉਂਦੇ ਹਾਂ, ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਾਂ। ਤੇਰੇ ਨਾਲ ਜਾ ਕੇ ਬਾਬਾ ਬੱਚੇ ਭੁੱਖੇ ਮਰ ਜਾਣਗੇ।ਬਾਬਾ ਨਾਨਕ ਜੀ ਨੇ ਮਰਦਾਨੇ ਨੂੰ ਸਮਝਾਇਆ ਕਿ ‘ਸਭ ਦਾ ਪਾਲਣਹਾਰ ਮਰਦਾਨਿਆਂ ਈਸ਼ਵਰ ਹੈ। ਜਦ ਤੇਰਾ ਦਰਗਾਹ ਵਿੱਚ ਲੇਖਾ ਹੋਵੇਗਾ ਤਾਂ ਕਿਸੇ ਨੇ ਤੇਰੀ ਹਾਮੀ ਨਹੀ ਭਰਨੀ। ਜੇ ਸਾਡੇ ਨਾਲ ਚੱਲੇਗਾ ਤਾਂ ਤੇਰੇ ਦੋਵੇਂ ਲੋਕਾਂ ਦਾ ਕਾਰਜ ਹੋਵੇਗਾ।ਇੰਨੀ ਗੱਲ ਸੁਣ ਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਤੁਰ ਪਏ।ਸਤਿਬੀਰ ਸਿੰਘ ਲਿੱਖਦੇ ਹਨ ਕਿ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੰਸਾਰ ਪ੍ਰਸਿੱਧ ਗਾਇਕ ਤਾਨਸੇਨ ਦੇ ਗੁਰੂ ਹਰਿਦਾਸ ਮਰਦਾਨਾ ਜੀ ਦੇ ਹੀ ਸ਼ਗਿਰਦ ਸਨ॥ ਭਾਈ ਗੁਰਦਾਸ ਜੀ ਵੀ ਲਿੱਖਦੇ ਹਨ ਕਿ:
‘ਭਲਾ ਰਬਾਬ ਵਜਾਇੰਦਾ, ਮਜਲਸ ਮਰਦਾਨਾ ਮੀਰਾਸੀ’ (ਵਾਰ 11ਵੀਂ, ਪਉੜੀ 13ਵੀਂ)
ਭਾਵ ਕਿ ਮਜਲਸ ਵਿੱਚ ਕੋਈ ਭਾਈ ਮਰਦਾਨਾ ਜੀ ਵਰਗਾ ਰਬਾਬ ਨਹੀਂ ਸੀ ਵਜਾ ਸਕਦਾ।ਇੱਕ ਥਾਂ ਹੋਰ ਭਾਈ ਗੁਰਦਾਸ ਜੀ ਲਿੱਖਦੇ ਹਨ ਕਿ:
‘ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ’ (ਵਾਰ ਪਹਿਲੀ, ਪਉੜੀ 35ਵੀਂ)
ਇਹ ਉਸ ਵੇਲੇ ਦਾ ਜ਼ਿਕਰ ਹੈ ਜਦ ਗੁਰੂ ਨਾਨਕ ਦੇਵ ਜੀ ਨੇ ਬਗਦਾਦ ਜਾ ਕੇ ਬਾਹਰ ਡੇਰਾ ਲਾਇਆ ਸੀ। ਇੱਕ ਬਾਬਾ ਅਕਾਲ ਦਾ ਰੂਪ ਤੇ ਦੂਜਾ ਰਬਾਬੀ ਮਰਦਾਨਾ ਉਹਨਾਂ ਦੇ ਨਾਲ ਸੀ।ਗੁਰੂ ਨਾਨਕ ਦੇਵ ਜੀ ਕੀਰਤਨ ਦੀ ਮਹੱਤਤਾ ਤਲਵੰਡੀ ਵਿੱਚ ਹੀ ਦ੍ਰਿੜਾਉਣ ਲੱਗ ਪਏ ਸਨ।ਗੁਰੂ ਨਾਨਕ ਜੀ ਜਦ ਵੀ ਬਾਣੀ ਉਚਾਰਦੇ ਤਾਂ ਮੁੱਖੋਂ ਫੁਰਮਾਉਂਦੇ ਸਨ ਕਿ ਛੇੜ ਮਰਦਾਨਿਆਂ ਰਬਾਬ, ਕਾਈ ਸਿਫ਼ਤ ਖ਼ੁਦਾ ਦੇ ਦੀਦਾਰ ਦੀ ਕਰੀਏ।
ਸਾਥ ਕਰੈ ਮਰਦਾਨੈ ਪਰਚਾਵਾ।
ਲੈਣ ਦੇਣ ਕੁਛ ਰਖੈ ਨਾ ਦਾਵਾ। (ਪ੍ਰਾਚੀਨ ਪੰਥ ਪ੍ਰਕਾਸ਼)
ਤਾਰੀਖ਼ਿ- ਪੰਜਾਬ ਦਾ ਲੇਖਕ ਲਿੱਖਦਾ ਹੈ ਕਿ ਮਰਦਾਨੇ ਦੀ ਰਬਾਬ ਦੀ ਹਰ ਤਾਰ ਵਿੱਚੋਂ ‘ਨਿਰੰਕਾਰ ਨਾਨਕ ਬੰਦਾ ਤੇਰਾ ਹੈ’ ਦੀ ਧੁਨੀ ਨਿਕਲਦੀ ਰਹਿੰਦੀ ਸੀ ਅਤੇ ਬਾਬਾ ਨਾਨਕ ਜੀ ‘ਕਰਤਾਰ-ਕਰਤਾਰ’ ਬੋਲਦੇ ਰਹਿੰਦੇ ਸਨ। ਜਿਸ ਦਾਨਾਂ ਨੂੰ ਪਹਿਲਾਂ ਆਪਣੇ ਬੱਚਿਆਂ ਦੇ ਦਾਣੇ ਫੱਕੇ ਦਾ ਫ਼ਿਕਰ ਰਹਿੰਦਾ ਸੀ, ਉਹ ਹੁਣ ਮਰਦਾਨਾ ਬਣ ਸਿਰਫ਼ ਸ਼ਬਦ, ਕੀਰਤੀ ਤੇ ਨਾਮ ਦਾ ਹੀ ਢੁੰਡਾਉ ਹੋ ਗਿਆ।ਜਨਮ ਸਾਖੀ ਵਿੱਚ ਭਾਈ ਮਨੀ ਸਿੰਘ ਜੀ ਲਿੱਖਦੇ ਹਨ ਕਿ ਜਦ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨਾਲ ਉਦਾਸੀ ਲਈ ਤੁਰਿਆ ਤਾਂ ਕਹਿਣ ਲੱਗਾ ਕਿ ਐਸਾ ਉਪਦੇਸ਼ ਦਿਉ ਕਿ ਨਿਭ ਆਵੈ ਤਾਂ ਬਾਬੇ ਨੇ ਕਿਹਾ ਕਿ,
ਇੱਕ ਕੇਸ ਨਾ ਕਟਾਈ। ਦੂਏ, ਪਿਛਲ ਰਾਤ ਜਾਗ ਸਤਿਨਾਮ ਦਾ ਜਾਪ ਕਰੀਂ। ਤ੍ਰਿਤੀਏ, ਆਏ ਗਏ ਸਾਧ ਸੰਤ ਲੋੜਵੰਦ ਦੀ ਸੇਵਾ ਕਰੀਂ।(ਜਨਮ ਸਾਖੀ ਭਾਈ ਮਨੀ ਸਿੰਘ ਜੀ) ਭਾਈ ਮਰਦਾਨਾ ਜੀ ਨੇ ਬਾਬੇ ਨਾਨਕ ਜੀ ਦੀ ਹਰ ਗੱਲ ਮੰਨੀਂ। ਸੱਚ ਤੇ ਪਹਿਰਾ ਦਿੱਤਾ। ਬਾਬਾ ਨਾਨਕ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣਾ ਹੀ ਰੂਪ ਬਣਾ ਦਿੱਤਾ।ਦੋਵਾਂ ਵਿੱਚ ਕੋਈ ਅੰਤਰ ਨਹੀ ਰਹਿ ਗਿਆ ਸੀ।ਇੱਕ ਵਾਰੀ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਕੁੱਝ ਸ਼ਬਦ ਆਖੇ ਸਨ ਕਿ ‘ਬਾਬਾ ਤੇਰਾ ਮੇਰਾ ਬਹੁਤਾ ਅੰਤਰ ਨਹੀਂ, ਤੂੰ ਰੱਬ ਦਾ ਡੂੰਮ ਹੈਂ, ਮੈਂ ਤੇਰਾ ਡੂੰਮ।’ ਮਰਦਾਨਾ ਜੀ ਆਖਣ ਲੱਗੇ ਕਿ , ‘ਤੈਂ ਖ਼ੁਦਾਇ ਪਾਇਆ ਹੈ, ਤੈਂ ਖ਼ੁਦਾਇ ਦੇਖਿਆ ਹੈ, ਤੇਰਾ ਕਹਿਆ ਖ਼ੁਦਾਇ ਕਰਦਾ ਹੈ। ਮੇਰੀ ਬੇਨਤੀ ਹੈ ਕਿ ਮੈਨੂੰ ਵਿਛੋੜਨਾ ਨਹੀਂ ਆਪ ਨਾਲਹੁ, ਨਾ ਐਥੇ ਨਾ ਉ¤ਥੇ।’ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਬਖਸ਼ਿਸ਼ ਕਰਦੇ ਫ਼ੁਰਮਾਇਆ ਸੀ ਕਿ , ‘ਮਰਦਾਨਿਆ! ਤੁਧ ਉ¤ਪਰ ਮੇਰੀ ਖੁਸ਼ੀ ਹੈ, ਜਿੱਥੇ ਤੇਰਾ ਵਾਸਾ, ਉ¤ਥੇ ਮੇਰਾ ਵਾਸਾ।’ ਜਦ ਭਾਈ ਮਰਦਾਨਾ ਜੀ ਦਾ ਅੰਤ ਸਮਾਂ ਨੇੜੇ ਆਇਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ‘ਮਰਦਾਨਿਆ! ਮੇਰਾ ਚਿੱਤ ਕਰਦਾ ਹੈ ਕਿ ਤੇਰੀ ਸਮਾਧ ਬਣਾ ਕੇ ਤੈਨੂੰ ਜਗਤ ਵਿੱਚ ਪ੍ਰਸਿੱਧ ਕਰੀਏ।’ ਇੰਨ੍ਹਾਂ ਸੁਣ ਕੇ ਭਾਈ ਮਰਦਾਨਾ ਜੀ ਗੰਭੀਰ ਹੋ ਕੇ ਬੋਲੇ ਕਿ ‘ ਬਾਬਾ ਬੜੀ ਮੁਸ਼ਕਿਲ ਨਾਲ ਤਾਂ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗਾ ਹਾਂ ਇਸ ਨੂੰ ਫਿਰ ਪੱਥਰ ਦੀ ਸਮਾਧ ਵਿੱਚ ਕਿਉਂ ਪਾਂਵਦੇ ਹੋ।’ ਬਾਬੇ ਨੇ ਮਰਦਾਨੇ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਤੇ ਕਿਹਾ ‘ਤੂੰ ਬ੍ਰਹਮ ਨੂੰ ਪਛਾਣ ਲਿਆ ਹੈ।’
ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਰ ਬਿਹਾਗੜਾ ਵਿੱਚ ਭਾਈ ਮਰਦਾਨਾ ਜੀ ਦੇ ਤਿੰਨ ਸਲੋਕਾਂ ਬਾਰੇ ਵੇਰਵਾ ਦਿੱਤਾ ਹੈ।
ਇਕੋ ਨਾਂਉ ਤਕੜਾ ਕੀਉਨ, ਹੋਰ ਨਾਂਵ ਸਭ ਕੀਅਨ ਖਰਾਬਾ।
ਨੇੜੈ ਨਜੀਕ ਖੁਦਾਇ ਦੇ ਬਾਬਾ।
ਸਲੋਕ ਮਰਦਾਨਾ 1
ਕਲਿ ਕਲਵਾਲੀ ਕਾਮੁ ਮਦੁ
ਮਨੂਆ ਪੀਵਣਹਾਰੁ॥
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ
ਅਹੰਕਾਰ॥
ਮਜਲਸ ਕੂੜੈ ਲਬ ਕੀ ਪੀ ਪੀ ਹੋਇ
ਖੁਆਰੁ॥
ਕਰਣੀ ਲਾਹਣਿ ਸਤੁ ਗੁੜੁ ਸਚੁ
ਸਰਾ ਕਰਿ ਸਾਰੁ॥
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ
ਮਾਸੁ ਅਹਾਰੁ॥
ਗੁਰਮੁਖਿ ਪਾਈਐ ਨਾਨਕਾ ਖਾਧੈ
ਜਾਹਿ ਬਿਕਾਰੁ॥ ਮਰਦਾਨਾ 1
ਕਾਇਆ ਲਾਹਣਿ ਆਪੁ ਮਦੁ
ਮਜਲਸ ਤ੍ਰਿਸਨਾ ਧਾਤੁ॥
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ॥
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰੁ॥
ਗਿਆਨੁ ਗੁੜੁ ਸਲਾਹ ਮੰਡੇ ਭਉ ਮਾਸੁ ਅਹਾਰੁ॥
ਨਾਨਕ ਇਹ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ॥
ਕਾਂਯਾ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ॥
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰੁ॥
ਪ੍ਰਿੰ: ਸਤਿਬੀਰ ਸਿੰਘ ਜੀ ਲਿੱਖਦੇ ਹਨ ਕਿ ਭਾਈ ਮਰਦਾਨਾ ਜੀ ਦਾ ਦੇਹਾਂਤ 18 ਨਵੰਬਰ 1534 ਈ: ਨੂੰ ਕਰਤਾਰਪੁਰ ਵਿੱਚ ਹੋਇਆ। ਜਗਤ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਭਾਈ ਮਰਦਾਨਾ ਜੀ ਦੀ ਦੇਹ ਦਾ ਸਸਕਾਰ ਕੀਤਾ।ਭਾਈ ਮਰਦਾਨਾ ਜੀ ਦੇ ਦੋ ਪੁੱਤਰਾਂ ਰਜਾਦਾ ਤੇ ਸਜਾਦਾ ਦਾ ਇਤਿਹਾਸ ਵਿੱਚ ਨਾਂਅ ਆਉਂਦਾ ਹੈ। ਸਜਾਦਾ ਤਲਵੰਡੀ ਵਿੱਚ ਹੀ ਰਹੇ ਤੇ ਰਜਾਦਾ ਕਰਤਾਰਪੁਰ ਆ ਕੇ ਵੱਸ ਗਏ।ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਪੰਜ ਸਾਲ ਬਾਦ ਯਾਨੀ 1539 ਈ: ਦਾ ਹੈ। ਜਦ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਇੱਕ ਐਸੇ ਰਬਾਬੀ ਦੀ ਦੱਸ ਪਾਉਣ ਲਈ ਬੇਨਤੀ ਕੀਤੀ ਸੀ ਜੋ ਬਾਣੀ ਗਾ ਸੁਣਾ ਸਕੇ ਤਾਂ ਗੁਰੂ ਨਾਨਕ ਦੇਵ ਜੀ ਨੇ ਜਿਸ ਮਾਣ ਨਾਲ ਭਾਈ ਮਰਦਾਨਾ ਜੀ ਦਾ ਨਾਂਅ ਲਿਆ ਸੀ, ਉਸ ਸਾਖ ਦੀ ਮਹਿਮਾ ਪ੍ਰਕਾਸ਼ ਵਾਰਤਕ ਵਿੱਚ ਇਉਂ ਲਿਖੀ ਹੈ।
ਇੱਕ ਮਰਦਾਨਾ ਮੇਰਾ ਹੈ ਸੀ ਪੁਰਾਤਨ।
ਹੁਣ ਸੁਣੀਂਦਾ ਹੈ ਬਲਵੰਡ।
ਸਦਾਇ ਦੇਂਦਾ ਹਾਂ, ਪਰ ਇੰਝ ਰੱਖਣਾ ਜਿਵੇਂ ਬੱਤੀ ਦੰਦਾਂ ਵਿੱਚ ਜੀਭ ਹੁੰਦੀ ਹੈ।
ਭਾਈ ਮਰਦਾਨਾ ਜੀ: ਇੱਕ ਮਰਦਾਨਾ ਮੇਰਾ ਹੈ ਸੀ ਪੁਰਾਤਨ



