ਪੰਜਾਬ ਦੇ ਸਰਕਾਰੀ ਦਫਤਰਾਂ ਦੀ ਤਰ੍ਹਾਂ ਸੂਬੇ ਦੇ ਵਿੱਦਿਅਕ ਸੰਸਥਾਵਾਂ ਵਿੱਚ ਵੀ ਪੰਜਾਬੀ ਨੂੰ ਪ੍ਰਮੁੱਖਤਾ ਨਹੀਂ ਦਿੱਤੀ ਜਾ ਰਹੀ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਨੂੰ ਬੇਲੋੜਾ ਵਿਸ਼ਾ ਸਮਝਣ ਦੀ ਮਾਨਸਿਕਤਾ ਨੇ ਪੰਜਾਬੀ ਮਾਂ ਬੋਲੀ ਦਾ ਬਹੁਤ ਨੁਕਸਾਨ ਕੀਤਾ ਹੈ। ਇਸ ਕਾਰਨ ਵਿਦਿਆਰਥੀਆਂ ਅੰਦਰ ਪੰਜਾਬੀ ਪੜ੍ਹਣ ਦੀ ਰੂਚੀ ਵਿਕਸਿਤ ਨਹੀਂ ਹੁੰਦੀ। ਹੁਣ ਹਾਲਤ ਇਹ ਬਣਦੀ ਜਾ ਰਹੀ ਹੈ ਕਿ ਪੰਜਾਬੀ ਭਾਸ਼ਾ ਵਿਚ ਗਰੈਜੂਏਸ਼ਨ ਅਤੇ ਪੋਸਟ ਗੈਰਜੂਏਸ਼ਨ ਤੱਕ ਦੀ ਪੜ੍ਹਾਈ ’ਚ ਪੰਜਾਬੀ ਸਾਹਿਤ ਪੜ੍ਹਣ ਵਾਲਿਆਂ ਦੀ ਗਿਣਤੀ ਘੱਟ ਕੇ ਅੱਧੀ ਰਹਿ ਗਈ ਹੈ। ਸਰਕਾਰ ਵੀ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਈ ਬਹੁਤੀ ਗੰਭੀਰ ਨਹੀਂ ਹੈ। ਦੂਸਰੇ ਵਿਸ਼ਿਆਂ ਦੇ ਮੁਕਾਬਲੇ ਪੰਜਾਬੀ ਅਧਿਆਪਕਾਂ ਅਤੇ ਪ੍ਰੋਫੈਸਰਾਂ ਦੀ ਭਰਤੀ ਨਾ ਮਾਤਰ ਹੋ ਰਹੀ ਹੈ। ਪਿਛਲੇ ਡੇਢ ਦਹਾਕੇ ਵਿੱਚ ਪੰਜਾਬੀ ਦਾ ਕੋਈ ਨਵਾਂ ਅਧਿਆਪਕ ਭਰਤੀ ਨਹੀਂ ਕੀਤਾ ਗਿਆ। 1987-88 ‘ਚ ਪੰਜਾਬੀ ਦੇ ਅਧਿਆਪਕਾਂ 229 ਦੀ ਪ¤ਕੀ ਭਰਤੀ ਕੀਤੀ ਗਈ ਸੀ।।ਸੂਬੇ ਦੇ ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਇਸ ਸਮੇਂ ਮਨਜ਼ੂਰਸ਼ੁਦਾ 5000 ਅਧਿਆਪਕਾਂ ਦੀਆਂ ਅਸਾਮੀਆਂ ਮੁਕਾਬਲੇ ਸਿਰਫ਼ 1200 ਪ¤ਕੇ ਅਧਿਆਪਕ ਹਨ। ਪੰਜਾਬੀ ਭਾਸ਼ਾ ਦੇ ਨਾਂਅ ’ਤੇ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੀ ਪੰਜਾਬੀ ਨਾਲ ਜੁੜੇ ਵਿਭਾਗਾਂ ਵਿੱਚ ਵਿਦਿਆਰਥੀ ਲਗਾਤਾਰ ਘੱਟ ਰਹੇ ਹਨ। ਪੰਜਾਬੀ ਭਾਸ਼ਾ ਦੀ ਪੜ੍ਹਾਈ ਦਾ ਮਿਆਰ ਵੀ ਲਗਾਤਾਰ ਡਿੱਗ ਰਿਹਾ ਹੈ। ਗੁਰੂਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਵਿੱਚ ਵੀ ਹਾਲ ਬੇਹਤਰ ਨਹੀਂ ਹਨ। ਇਹੋ ਹਾਲ ਯੂਨੀਵਰਸਿਟੀਆਂ ਨਾਲ ਜੁੜੇ ਸਾਰੇ ਕਾਲਜਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸਕੂਲ ਪੱਧਰ ’ਤੇ ਵੀ ਪੰਜਾਬੀ ਦੀ ਪੜ੍ਹਾਈ ਮਿਆਰੀ ਨਹੀਂ ਹੈ। ਵਿਦਿਆਰਥੀ ਪੰਜਾਬੀ ਦੀ ਥਾਂ ਦੂਜੇ ਵਿਸ਼ਿਆਂ ਵੱਲ ਵਧੇਰੇ ਧਿਆਨ ਦਿੰਦੇ ਹਨ। ਇੱਥੋਂ ਤੱਕ ਵੀ ਪੇਂਡੂ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਪੰਜਾਬੀ ਠੀਕ ਤਰ੍ਹਾਂ ਲਿਖਣੀ ਪੜ੍ਹਣੀ ਨਹੀਂ ਆਉਂਦੀ। ਪੰਜਾਬੀ ਦੇ ਅਧਿਆਪਕਾਂ ਨੂੰ ਪੰਜਾਬੀ ਦੇ ਨਾਲ-ਨਾਲ ਦੂਸਰੇ ਵਿਸ਼ੇ ਵੀ ਪੜ੍ਹਾਉਣੇ ਪੈਂਦੇ ਹਨ, ਇਸ ਕਾਰਨ ਉਹ ਆਪਣੇ ਵਿਸ਼ੇ ਵੱਲ ਧਿਆਨ ਨਹੀਂ ਦੇ ਸਕਦੇ। ਹੋਰ ਚਿੰਤਾ ਵਾਲੀ ਗੱਲ ਇਹ ਹੈ ਕਿ ਯੂਨੀਵਰਸਿਟੀਆਂ ਵਿੱਚ ਪੰਜਾਬੀ ਸਾਹਿਤ ਨੂੰ ਚੋਣਵੇਂ ਵਿਸ਼ੇ ਵਜੋਂ ਪੜ੍ਹਣ ਦਾ ਰੁਝਾਨ ਵੀ ਘੱਟ ਰਿਹਾ ਹੈ। ਇੱਕ ਅੰਕੜੇ ਮੁਤਾਬਿਕ ਪੰਜਾਬੀ ਯੂਨੀਵਰਸਿਟੀ ‘ਚ ਸਾਲ 2007 ’ਚ 13,725 ਵਿਦਿਆਰਥੀ ਪੰਜਾਬੀ ਨੂੰ ਚੋਣਵੇਂ ਵਿਸ਼ੇ ਵਜੋਂ ਪੜ੍ਹ ਰਹੇ ਸਨ, ਪਰ ਹੁਣ ਇਹ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਘੱਟ ਕੇ 12,500 ’ਤੇ ਆ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਇਹ ਅੰਕੜਾ 12,425 ਤੋਂ ਘੱਟ ਕੇ 12,000 ਵਿਦਿਆਰਥੀ ਜਦੋਂ ਕਿ ਖੇਤੀ ਯੂਨੀਵਰਸਿਟੀ ਲੁਧਿਆਣਾ ’ਚ 14000 ਤੋਂ 13,035 ਵਿਦਿਆਰਥੀ ਰਹਿ ਗਿਆ ਹੈ। ਖੇਤੀ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਕਾਲਜਾਂ ਵਿੱਚ ਵੀ ਪੰਜਾਬੀ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ। ਅਜਿਹਾ ਇਸ ਕਰਕੇ ਵਾਪਰ ਰਿਹਾ ਹੈ ਕਿਉਂਕਿ ਪੰਜਾਬੀ ਨੂੰ ਲੋੜੀਂਦਾ ਮਾਣ-ਸਤਿਕਾਰ ਨਹੀਂ ਮਿਲ ਰਿਹਾ। ਅੰਗਰੇਜ਼ੀ ਜਾਂ ਹਿੰਦੀ ਦੇ ਮੁਕਾਬਲੇ ਪੰਜਾਬੀ ਵਿੱਚ ਮੁਹਾਰਤ ਹਾਸਲ ਨੌਜਵਾਨਾਂ ਨੂੰ ਨੌਕਰੀਆਂ ਵੀ ਘੱਟ ਮਿਲਦੀਆਂ ਹਨ। ਕਹਿਣ ਦਾ ਭਾਵ ਇਹ ਹੈ ਕਿ ਪੰਜਾਬੀ ਪੰਜਾਬ ਵਿੱਚ ਹੀ ਹੁਣ ਰੁਜ਼ਗਾਰ ਦੀ ਪ੍ਰਮੁੱਖ ਭਾਸ਼ਾ ਨਹੀਂ ਰਹੀ। ਅਜਿਹੇ ਹਾਲਤ ਵਿੱਚ ਨੌਜਵਾਨਾਂ ਦੀ ਪੰਜਾਬੀ ਪ੍ਰਤੀ ਉਦਾਸੀਨਤਾ ਸੁਭਾਵਿਕ ਹੈ। ਪੰਜਾਬੀ ਭਾਸ਼ਾ ਦੀ ਇਸ ਸਥਿਤੀ ਲਈ ਸਭ ਨੂੰ ਫਿਕਰਮੰਦ ਹੋਣ ਦੀ ਜ਼ਰੂਰਤ ਹੈ।
-ਬਲਜੀਤ ਸਿੰਘ ਬਰਾੜ



