Skip to content
Independent perspectives. Global stories.
BREAKING

ਸਿਆਸੀ ਦਲਾਂ ਨੂੰ ਦਾਨ-ਪਾਰਦਰਸ਼ਤਾ ਦੀ ਕਮੀ

Share this story

ਚੋਣ ਫੰਡ ਦੇ ਨਾਮ ’ਤੇ ਪੈਸਾ ਇਕੱਠਾ ਕਰਨ ਲਈ ਸਾਰੀਆਂ ਪਾਰਟੀਆਂ ਇਸ ਹਮਾਮ ਵਿੱਚ ਨੰਗੀਆਂ ਹਨ। ਚੋਣਾਂ ਨੂੰ ਪਾਰਦਰਸ਼ੀ ਬਣਾਉਣ ਲਈ ਲਗਾਤਾਰ ਹੋ ਰਹੇ ਯਤਨਾਂ ਦੇ ਬਾਵਜੂਦ ਅਜੇ ਦਿੱਲੀ ਬਹੁਤ ਦੂਰ ਹੈ। ਭਾਰਤ ਵਿੱਚ ਕੰਪਨੀ ਕਾਨੂੰਨ ਦੇ ਮੁਤਾਬਿਕ ਕੋਈ ਕੰਪਨੀ ਆਪਣੇ ਤਿੰਨ ਵਰ੍ਹਿਆਂ ਦੇ ਮੁਨਾਫੇ ਦੇ ਔਸਤ ਦਾ ਸਾਢੇ ਸੱਤ ਫੀਸਦੀ ਸਿਆਸੀ ਪਾਰਟੀਆਂ ਨੂੰ ਦਾਨ ਵਜੋਂ ਦੇ ਸਕਦੀ ਹੈ। ਇੱਥੇ ਇਕ ਹੋਰ ਗੱਲ ਵੀ ਮਹੱਤਵਪੂਰਨ ਹੈ ਕਿ ਜੋ ਵੱਡੇ-ਵੱਡੇ ਘਰਾਣੇ ਰਾਜਨੀਤਿਕ ਪਾਰਟੀਆਂ ਨੂੰ ਚੰਦਾ ਦਿੰਦੇ ਹਨ, ਉਹ ਵੀ ਪੂਰੀ ਤਰ੍ਹਾਂ ਪਾਰਦਰਸ਼ਤਾ ਨਹੀਂ ਦਰਸਾਉਂਦੇ। ਅਜਿਹੇ ਘਰਾਣੇ ਸਿਰਫ਼ ਚੰਦਾ ਹੀ ਨਹੀਂ ਦਿੰਦੇ, ਉਹ ਸਮੇਂ-ਸਮੇਂ ’ਤੇ ਸਿਆਸੀ ਨੇਤਾਵਾਂ ਨੂੰ ਕਾਰਾਂ ਆਦਿ ਮੁਹੱਈਆ ਕਰਵਾਕੇ ਮੱਦਦ ਕਰਦੇ ਹਨ। ਕਦੇ-ਕਦੇ ਉਹ ਪਾਰਟੀ ਦੇ ਵੱਡੇ ਨੇਤਾਵਾਂ ਨੂੰ ਹਵਾਈ ਜਹਾਜ਼ ਵੀ ਮੁਹੱਈਆ ਕਰਵਾਉਂਦੇ ਹਨ। ਸੋ, ਨਕਦ ਫੰਡ ਦੇਣ ਤੋਂ ਇਲਾਵਾ ਵੀ ਸਿਆਸੀ ਪਾਰਟੀਆਂ ਦੀ ਕਈ ਤਰ੍ਹਾਂ ਨਾਲ ਮੱਦਦ ਕੀਤੀ ਜਾਂਦੀ ਹੈ। ਜਨਪ੍ਰਤੀਨਿਧੀ ਕਾਨੂੰਨ ਦੀ ਧਾਰਾ 29 ਸੀ ਦੇ ਮੁਤਾਬਿਕ ਅਗਰ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਵੱਲੋਂ ਦਿੱਤੀ ਰਾਸ਼ੀ ਉਤੇ ਛੋਟ ਚਾਹੀਦੀ ਹੈ ਤਾਂ ਚੋਣ ਕਮਿਸ਼ਨ ਨੂੰ 20 ਹਜ਼ਾਰ ਰੁਪਏ ਤੋਂ ਵੱਧ ਦਾਨ ਕੀਤੀ ਰਾਸ਼ੀ ਬਾਰੇ ਦੱਸਣਾ ਜ਼ਰੂਰੀ ਹੈ। ਕੌਮੀ ਪਾਰਟੀਆਂ ਵਿੱਚ ਬਹੁਜਨ ਸਮਾਜ ਪਾਰਟੀ ਇਕ ਅਜਿਹੀ ਪਾਰਟੀ ਹੈ, ਜਿਸ ਨੇ ਪਿਛਲੇ ਦਸ ਸਾਲਾਂ ਵਿੱਚ ਮਿਲੇ ਚੰਦੇ ਨੂੰ 20 ਹਜ਼ਾਰ ਤੋਂ ਘੱਟ ਹੀ ਦੱਸਿਆ ਹੈ। ਪਿਛਲੇ ਸਾਲ ਦੇਸ਼ ਦੀਆਂ ਛੇ ਕੌਮੀ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਵੱਖ-ਵੱਖ ਦਾਨੀਆਂ ਵੱਲੋਂ 622 ਕਰੋੜ ਰੁਪਏ ਮਿਲੇ। ਸਭ ਤੋਂ ਜ਼ਿਆਦਾ ਫੰਡ ਸੱਤਾਧਾਰੀ ਭਾਜਪਾ ਜਨਤਾ ਪਾਰਟੀ ਨੂੰ ਪ੍ਰਾਪਤ ਹੋਇਆ ਜੋ 437 ਕਰੋੜ ਰੁਪਏ ਸੀ। ਕਾਂਗਰਸ ਨੂੰ 141 ਕਰੋੜ ਹੀ ਮਿਲੇ। ਤੀਜੇ ਨੰਬਰ ’ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਰਹੀ ਜਿਸ ਨੂੰ 38 ਕਰੋੜ ਚੰਦਾ ਮਿਲਿਆ। ਭਾਰਤੀ ਜਨਤਾ ਪਾਰਟੀ ਨੂੰ 2014 ਵਿੱਚ ਏਅਰਟੈਲ ਦੇ ਸਤਿਅਮ ਇਲੇਕਟੋਰਲ ਟਰੱਸਟ ਤੋਂ ਸਭ ਤੋਂ ਜ਼ਿਆਦਾ ਚੰਦਾ ਮਿਲਿਆ ਸੀ। 2014 ਵਿੱਚ ਸਤਿਅਮ ਟਰੱਸਟ ਨੇ ਭਾਰਤੀ ਜਨਤਾ ਪਾਰਟੀ ਨੂੰ 363 ਕਰੋੜ ਅਤੇ ਕਾਂਗਰਸ ਨੂੰ 59 ਕਰੋੜ ਦਿੱਤੇ। ਪਿਛਲੇ ਵਰ੍ਹੇ ਭਾਰਤੀ ਜਨਤਾ ਪਾਰਟੀ ਨੂੰ 1480 ਲੋਕਾਂ ਨੇ 20 ਹਜ਼ਾਰ ਤੋਂ ਵੱਧ ਰੁਪਏ ਚੰਦੇ ਦੇ ਰੂਪ ਵਿੱਚ ਦਿੱਤੇ। ਜਦੋਂ ਕਿ ਕਾਂਗਰਸ ਨੂੰ 710 ਅਜਿਹੇ ਚੰਦੇ ਮਿਲੇ, ਜਿਨ੍ਹਾਂ ਦੀ ਰਾਸ਼ੀ 20 ਹਜ਼ਾਰ ਤੋਂ ਜ਼ਿਆਦਾ ਸੀ। 33 ਕੰਪਨੀਆਂ ਅਤੇ ਇਕ ਟਰੱਸਟ ਨੇ ਭਾਜਪਾ ਨੂੰ ਇਕ ਕਰੋੜ ਤੋਂ ਜ਼ਿਆਦਾ ਚੰਦਾ ਦਿੱਤਾ। ਇਨ੍ਹਾਂ ਵਿੱਚ ਮਹਿੰਦਰਾ ਲਾਇਫ, ਸਪੇਸ, ਹੀਰੋ ਸਾਇਕਲਜ਼, ਭਾਰਤ ਫੋਨਜ਼, ਕੈਡਿਲਾ ਹੈਲਥਕੇਅਰ, ਬਿਰਲਾ ਕਾਰਪੋਰੇਸ਼ਨ ਅਤੇ ਸ੍ਰੀਰਾਮ ਇੰਡਸਟਰੀਜ਼ ਆਦਿ ਪ੍ਰਮੁੱਖ ਹਨ।
ਸਿਆਸੀ ਪਾਰਟੀਆਂ ਨੂੰ ਚੰਦੇ ਦੇ ਲੈਣ-ਦੇਣ ਦਾ ਇਹ ਹਿਸਾਬ ਕਿਤਾਬ ‘ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਮਾਰਜ਼’ ਨੇ ਜਾਰੀ ਕੀਤਾ ਸੀ। ਇਹ ਸੰਸਥਾ ਚੋਣ ਸੁਧਾਰਾਂ ਲਈ ਕੰਮ ਕਰ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ 2012-13 ਵਿਚ ਮਿਲੇ 83 ਕਰੋੜ ਦੇ ਮੁਕਾਬਲੇ ਭਾਜਪਾ ਨੂੰ 2013-14 ਵਿੱਚੋਂ 120 ਕਰੋੜ ਚੰਦੇ ਦੇ ਰੂਪ ਵਿੱਚ ਮਿਲੇ ਸਨ। ਦਿਲਚਸਪ ਤੱਥ ਇਹ ਹੈ ਕਿ 2014-15 ਵਿੱਚ ਇਹ ਚੰਦਾ ਢਾਈ ਗੁਣਾਂ ਵੱਧ ਕੇ 470 ਕਰੋੜ ਹੋ ਗਿਆ। ਇਕ ਹੋਰ ਵੀ ਦਿਲਚਸਪ ਤੱਥ ਸਾਹਮਣੇ ਆਇਆ ਹੈ ਕਿ ਦੋ ਟਰੱਸਟ ਅਜਿਹੇ ਹਨ ਜੋ ਸਿਰਫ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਲਈ ਹੀ ਬਣਾਏ ਗਏ ਹਨ। ਇਨ੍ਹਾਂ ਟਰੱਸਟਾਂ ਨੇ ਸਾਰੀਆਂ ਕੌਮੀ ਪਾਰਟੀਆਂ ਨੂੰ ਮਿਲੇ ਚੰਦੇ ਦਾ 40ਫੀਸਦੀ ਤਿੰਨ ਕੌਮੀ ਪਾਰਟੀਆਂ ਨੂੰ ਦਾਨ ਦੇ ਰੂਪ ਵਿੱਚ ਦਿੱਤਾ ਹੈ। ਇਹ ਦੋਵੇਂ ਟਰੱਸਟ ਹਨ ਸਤਿਅਮ ਇਲੈਕਟੋਰਲ ਟਰੱਸਟ ਅਤੇ ਜਨਰਲ ਇਲੈਕਟੋਰਲ ਟਰੱਸਟ। ਇਨ੍ਹਾਂ ਦੋਵੇਂ ਟਰੱਸਟਾਂ ਨੇ ਪਿਛਲੇ ਸਾਲ ਤਿੰਨ ਕੌਮੀ ਪਾਰਟੀਆਂ ਨੂੰ 250 ਕਰੋੜ ਚੰਦੇ ਦੇ ਰੂਪ ਵਿੱਚ ਦਿੱਤੇ ਹਨ। ਇਸ ਵਿੱਚੋਂ 170 ਕਰੋੜ ਭਾਜਪਾ ਨੂੰ ਅਤੇ 73 ਕਰੋੜ ਕਾਂਗਰਸ ਨੂੰ ਦਿੱਤੇ ਗਏ। ਇਕੱਲੇ ਸੱਤਿਅਮ ਟਰੱਸਟ ਨੇ 107 ਕਰੋੜ ਭਾਜਪਾ ਨੂੰ ਦਿੱਤੇ ਅਤੇ ਜਨਰਲ ਟਰੱਸਟ ਨੇ 63 ਕਰੋੜ ਰੁਪਏ ਦਿੱਤੇ। ਸਤਿਅਮ ਨੇ ਕਾਂਗਰਸ ਨੂੰ ਸਿਰਫ 19 ਕਰੋੜ ਦਿੱਤੇ ਜਦੋਂ ਕਿ ਜਨਰਲ ਨੇ ਕਾਂਗਰਸ ਦੇ ਮਾੜੇ ਦਿਨਾਂ ਵਿੱਚ ਵੀ ਇਸ ਪਾਰਟੀ ਨੂੰ 54 ਕਰੋੜ ਦਿੱਤੇ। ਇਕ ਹੋਰ ਦਿਲਚਸਪ ਤੱਥ ਇਹ ਵੀ ਹੈ ਕਿ ਦੇਸ਼ ਦੇ ਕਾਰੋਬਾਰੀ ਸਮੂਹ ਇਨ੍ਹਾਂ ਟਰੱਸਟਾਂ ਨੂੰ ਖੁਦ ਤੋਂ ਵੱਖ ਵਿਖਾਉਣਾ ਚਾਹੁੰਦੇ ਹਨ ਅਤੇ ਇਨ੍ਹਾਂ ਰਾਹੀਂ ਚੰਦਾ ਇਸ ਲਈ ਦੇਣਾ ਚਾਹੁੰਦੇ ਹਨ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ ਆਪਣੇ ਖਾਤਿਆਂ ਵਿੱਚ ਸਿਆਸੀ ਪਾਰਟੀਆਂ ਦਾ ਨਾਮ ਨਹੀਂ ਲਿਖਣਾ ਪੈਂਦਾ।
– ਬਾਕੀ ਕੱਲ੍ਹ ਦੇ ਕਾਲਮ ਵਿੱਚ ਪੜ੍ਹੋ

WRITTEN BY