ਚੌਕ ਮਹਿਤਾ- ਪੰਜਾਬ ਅੰਦਰ ਬੀਤੇ ਸਮੇਂ ਤੋਂ ਅੱਜ ਤੱਕ ਬਹੁਤੇ ਲੋਕ ਧੀਆਂ ਪੁਤਰਾਂ ਦੇ ਵਿਆਹ ਕਰਨ ਸਮੇਂ ਕਦਰਾਂ ਕੀਮਤਾਂ ਦੀ ਥਾਂ ਵਿਖਾਵੇਬਾਜੀ ਨੂੰ ਪਹਿਲ ਦੇ ਰਹੇ ਨਜ਼ਰ ਆ ਰਹੇ,ਜਿਸ ਕਾਰਣ ਅਕਸਰ ਨਿੱਕੀ ਜਿਹੀ ਗੱਲ ਤੇ ਲੜਾਈ ਝਗੜੇ,ਤੂੰ ਤੂੰ ਮੈਂ ਮੈਂ,ਕਤਲ ਤੱਕ ਦੀ ਨੌਬਤ ਆ ਰਹੀ ਹੈ,ਕਿਉਂਕਿ ਅੱਜ ਦੇ ਬਹੁਤੇ ਮਾਪੇ ਧੀਆਂ ਪੁੱਤਰਾਂ ਦੇ ਵਿਆਹ ਕਰਨ ਸਮੇਂ ਗੁਣ ਅਗੁਣ ਦੀ ਥਾਂ ਪੈਸੇ ਨੂੰ ਦੇ ਰਹੇ ਨੇ,ਇਸੇ ਲਈ ਲੜਕੀ ਵਾਲੇ ਮਹਿੰਗੇ ਫਾਰਮ,ਦਹੇਜ਼ ਤੇ ਹੋਰ ਵਿਖਾਵੇ ਕਰਨ ਵਿੱਚ ਮਾਣ ਮਹਿਸ਼ੂਸ ਕਰਦੇ ਹਨ ਤੇ ਲੜਕੇ ਵਾਲੇ ਵੱਧ ਤੋਂ ਵੱਧ ਬਰਾਤ,ਕੰਨ ਪਾੜਵੇਂ ਡੀ ਜੇ ਏ,ਪਿਸਤੌਲਾਂ,ਰਫਲਾਂ ਨਾਲ ਲੈਂਸ ਹੋ ਕੇ ਆਉਂਦੇ ਹਨ ਜਿਵੇਂ ਕੋਈ ਜੰਗ ਜਿੱਤਣ ਜਾਣਾ ਹੋਵੇ, ਇਹ ਸਭ ਇੱਕ ਵਿਖਾਵੇ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੁੰਦਾ ਹੈ ਜਦੋਂ ਕਿ ਦੋਵਾਂ ਪਰਿਵਾਰਾਂ ਦੀ ਅਸਲ ਵਿੱਚ ਇੰਨੀ ਹੈਸੀਅਤ ਨਹੀਂ ਹੁੰਦੀ ਕਿ ਉਹ ਲੱਖਾਂ ਰੁਪਏ ਪਾਣੀ ਵਾਂਗ ਰੋੜ ਸਕਣ, ਵਿਆਹ ਦੀ ਰਸਮ ਅੱਜ ਖਾਣ ਪੀਣ ਦੀ ਰਸਮ ਬਣਕੇ ਰਹਿ ਰਹੀ ਹੈ, ਇਸ ਵਿੱਚੋਂ ਪਿਆਰ, ਸਤਿਕਾਰ ਤੇ ਹੋਰ ਕਦਰਾਂ ਕੀਮਤਾਂ ਆਲੋਪ ਹੋਣ ਕੰਢੇ ਹੁੰਦੀਆਂ ਹਨ, ਅਜਿਹੇ ਵਿਆਹਾਂ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਕਿਉਂਕਿ ਇਸ ਦੀ ਤਸਦੀਕ ਅੱਜ ਪੰਚਾਇਤਾਂ, ਮਹਿਲਾਂ ਮੰਡਲ, ਥਾਣੇ, ਕਚਹਿਰੀਆਂ ਆਪ ਕਰਦੀਆਂ ਨਜ਼ਰ ਆ ਰਹੀਆਂ ਹਨ, ਇਸ ਸਬੰਧੀ ਸਮਾਜ ਸੇਵੀ ਆਗੂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਅਯੋਕੇ ਬਹੁਤੇ ਵਿਆਹ ਵਾਲੇ ਦਿਨ ਲੜਕੀ ਪਰਿਵਾਰ ਵੱਲੋਂ ਜੋ ਰਸਮਾਂ ਵਿਖਾਵੇਬਾਜੀ ਵਿੱਚ ਕੀਤੀਆਂ ਜਾ ਰਹੀਆਂ ਹੁੰਦੀ ਤੇ ਵਿਖਾਵੇ ਦਾ ਅਸਲ ਜੀਵਨ ਨਾਲ ਕੋਈ ਸਬੰਧ ਨਹੀਂ ਹੁੰਦਾ,ਕਿਉਂਕਿ ਉਹ ਦਿਲੋਂ ਘੱਟ ਤੇ ਹਾਊਮੇ ਜ਼ਿਆਦਾ ਹੁੰਦੀ ਹੈ,ਵਿਆਹ ਇੱਕ ਪਵਿੱਤਰ ਰਸਮ ਦੀ ਥਾਂ ਦੋ ਪਰਿਵਾਰਾਂ ਦੀ ਹਾਊੇਮੇਂ ਵਿੱਚ ਛਿੜੀ ਜੰਗ ਦਾ ਰੂਪ ਵਿੱਚ ਹੋ ਰਹੀ ਹੁੰਦੀ,ਕਿਉਕਿ ਵਿਆਹ ਵਾਲੇ ਦਿਨ ਇੰਨੇ ਜਿਆਦਾ ਭੋਜਨ ਦੇ ਸਟਾਲ ਲਗਾਏ ਜਾਂਦੇ ਹਨ ਜਿਵੇਂ ਸਾਡਾ ਰੋਜ਼ ਦਾ ਖਾਣਪੀਣ ਇੰਝ ਦਾ ਹੋਵੇ,ਲੜਕੀ ਲੜਕੇ ਦੇ ਲਾਂਵਾਂ ਸਮੇਂ ਸੀਮਤ ਲੋਕ ਹੀ ਹੁੰਦੇ ਹਨ ਤੇ ਉਹ ਵੀ ਕਾਹਲੇ ਛੇਤੀ ਛੇਤੀ ਲਾਂਵਾਂ ਕਰੋ ਤੇ ਸਮਾਗਮ ਵਿੱਚ ਪਹੁੰਚੋ ਵਾਲੀ ਸਥਿਤੀ ਵਿੱਚ,ਜਿਹੜੇ ਦੋਵਾਂ ਪਰਿਵਾਰਾਂ ਦੇ ਰਿਸਤੇਦਾਰਾਂ ਨੇ ਇਸ ਸਮੇਂ ਸ਼ੁਭਕਾਨਾਵਾਂ ਕਰਨੀ ਹੁੰਦੀਆਂ,ਉਹ ਸਾਰੇ ਕੁੱਕੜ,ਬੱਕਰੇ,ਮੱਛਲੀ ਤੇ ਹੋਰ ਮੀਣ ਖਾਣ ਤੇ ਸ਼ਰਾਬ ਦੇ ਪਿਆਲੇ ਖ਼ਤਮ ਕਰਨ ਵਿੱਚ ਰੁੱਝੇ ਹੁੰਦੇ ਨੇ,ਤੇ ਬੀਬੀਆਂ ਵੀ ਵੱਖ ਵੱਖ ਤਰ੍ਹਾਂ ਦੇ ਬਣੇ ਪਕਵਾਨ ਦੇ ਲੁੱਥ ਲੈ ਕੇ ਮਸਤ ਤੇ ਛੋਟੀ ਉਮਰ ਦੇ ਮੁੰਡੇ ਮਾਂਪਿਆਂ ਤੋਂ ਅੱਖ ਚੁਰਾਕੇ ਗਲਾਸਾਂ ਵਿੱਚ ਸ਼ਰਾਬ ਦੇ ਜਾਮ ਭਰਕੇ ਅਸ਼ਲੀਲ ਗੀਤਾਂ ਦੀਆਂ ਕੰਨ ਪਾੜਵੀਆਂ ਧੁੰਨਾਂ ਤੇ ਨੱਚਣ ਦੀ ਕੋਸ਼ਿਸ ਕਰ ਰਹੇ ਹੁੰਦੇ ਤੇ ਫਿਰ ਘਰ ਦੀ ਗਰੀਬੀ ਤੇ ਬੇਰੋਜ਼ਗਾਰੀ ਦੇ ਹਾਲਤਾਂ ਨੂੰ ਭੁੱਲਕੇ ਆਪਣੀਆਂ ਹੀ ਧੀਆਂ ਭੈਣਾਂ (ਡਾਂਸਰਾਂ) ਨਾਲ ਪੈਸੇ ਦੀ ਗੰਦਲੀ ਖੇਡ ਖੇਡਦੇ ਹਨ ਤੇ ਕੁਝ ਸਮੇਂ ਬਾਅਦ ਨਸ਼ੇ ਦੀ ਲਪੇਟ ਵਿੱਚ ਆਏ ਕਈ ਰਿਸਤੇ ਦਾਰ ਆਪਣੀਆਂ ਘਰਦੀਆਂ,ਧੀਆਂ, ਭੈਣਾਂ, ਮਾਂਵਾਂ ਨਾਲ ਘਟੀਆਂ ਗੀਤਾਂ ਤੇ ਇੰਝ ਨੱਚਦੇ ਜਿਵੇਂ ਸਿਰਫ ਉਨ੍ਹਾਂ ਨੂੰ ਹੀ ਵਿਆਹ ਦਾ ਚਾਅ ਹੋਵੇ ਪਰ ਅਸਲ ਵਿੱਚ ਇੰਝ ਕਰਕੇ ਉਹ ਆਉਣ ਵਾਲੀ ਪੀੜ੍ਹੀ ਵਿੱਚੋਂ ਕਦਰਾਂ ਕੀਮਤਾਂ ਦਾ ਕਤਲ ਕਰ ਰਹੇ ਹੁੰਦੇ ਤੇ ਵਿਆਹ ਵਾਲੀ ਜੋੜੀ ਸਟੇਜ਼ ਤੇ ਨੱਚ ਰਹੀ ਹੁੰਦੀ। ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਉਹ ਲੋਕ ਕਿੰਨੇ ਚੰਗੇ ਨੇ ਜੋ ਸਾਧਾਰਣ ਤੇ ਵਿਖਾਵੇ ਬਾਜੀ ਤੋਂ ਦੂਰ ਤੇ ਕਦਰਾਂ ਕੀਮਤਾਂ ਵਿੱਚ ਮਸਤ ਹੋਕੇ ਰਿਸਤਿਆਂ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆ ਇਸ ਪਵਿੱਤਰ ਰਿਸਤੇ ਦੀਆਂ ਗੰਢਾਂ ਮਾਰਦੇ ਹਨ ਤੇ ਸਾਰੀ ਉਮਰ ਉਨ੍ਹਾਂ ਗੰਢਾਂ ਦੀ ਰਾਖੀ ਲਈ ਪਹਿਰੇਦਾਰ ਬਣੇ ਰਹਿੰਦੇ ਨੇ ਤੇ ਖੁਸ਼ੀ ਭਰੀ ਜ਼ਿੰਦਗੀ ਦਾ ਅਨੰਦ ਮਾਣਦੇ ਹੋਏ ਸਾਜ ਵਿੱਚ ਮਹਿਕਾਂ ਵੰਡਦੇ ਹਨ,ਆਉ ਸਾਰੇ ਵਿਖਾਵੇ ਬਾਜੀ ਦੀ ਥਾਂ ਅਸਲ ਜੀਵਨ ਨੂੰ ਦੇਣ ਦੀ ਆਦਤ ਪਾਈਏ ਤੇ ਨਿਰੋਇਆ ਸਮਾਜ ਸਿਰਜਣ ਵਿੱਚ ਸਹਿਯੋਗ ਪਾਈਏ।
– ਰਿਪੋਰਟ : ਕੁਲਦੀਪ ਧਰਦਿਓ
ਬਹੁਤੇ ਲੋਕ ਧੀਆਂ-ਪੁਤਰਾਂ ਦੇ ਵਿਆਹ ਸਮੇਂ ਕਦਰਾਂ ਕੀਮਤਾਂ ਦੀ ਥਾਂ ਵਿਖਾਵੇਬਾਜ਼ੀ ਨੂੰ ਦੇ ਰਹੇ ਨੇ ਪਹਿਲ



