ਅੱਜ ਮੈਂ ਤੁਹਾਨੂੰ ਅਜਿਹੇ ਇੱਕ ਖ਼ੁਦਦਾਰ, ਮਿਹਨਤੀ, ਸਿਰੜ੍ਹੀ ਅਤੇ ਇਮਾਨਦਾਰ ਬਿਜਲੀ ਬੋਰਡ ਦੇ ਸਾਬਕਾ ਇੰਜਿਨੀਅਰ ਇਨ ਚੀਫ਼ ਅਧਿਕਾਰੀ ਬਾਰੇ ਜਾਣਕਾਰੀ ਦੇਵਾਂਗਾ ਜਿਹੜਾ ਸਿਰਫ ਆਪਣੇ ਫਰਜਾਂ ਦੀ ਪੂਰਤੀ ਲਈ ਰੁਝਿਆ ਰਹਿੰਦਾ ਸੀ। ਇਹ ਭਾਵਨਾ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਚੋਂ ਗਾਇਬ ਹੁੰਦੀ ਜਾ ਰਹੀ ਹੈ। ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਚ ਫਰਜਾਂ ਨਾਲੋਂ ਹੱਕਾਂ ਦੀ ਪ੍ਰਾਪਤੀ ਲਈ ਪਰਵਿਰਤੀ ਭਾਰੂ ਰਹਿੰਦੀ ਹੈ। ਸਰਕਾਰੀ ਕੰਮ ਨੂੰ ਕਰਦਿਆਂ ਸਰਕਾਰ ਉਪਰ ਅਹਿਸਾਨ ਸਮਝਿਆ ਜਾਂਦਾ ਹੈ। ਸਰਕਾਰ ਤੋਂ ਕੰਮ ਬਦਲੇ ਤਨਖ਼ਾਹ ਵੀ ਲੈਂਦੇ ਹਨ ਪ੍ਰੰਤੂ ਸਰਕਾਰੀ ਜਾਇਦਾਦ ਨੂੰ ਆਪਣੀ ਜਾਇਦਾਦ ਨਹੀਂ ਸਮਝਿਆ ਜਾਂਦਾ। ਸਰਕਾਰੀ ਮੁਲਾਜ਼ਮ ਆਪਣਾ ਕੋਈ ਨੁਕਸਾਨ ਹੋਣ ਉਪਰ ਦੁਖੀ ਹੁੰਦੇ ਹਨ ਪ੍ਰੰਤੂ ਸਰਕਾਰ ਦਾ ਨੁਕਸਾਨ ਹੋਣ ਉਪਰ ਦੁਖੀ ਨਹੀਂ ਹੁੰਦੇ ਸਗੋਂ ਇਹ ਕਹਿ ਦਿੰਦੇ ਹਨ, ਚਲੋ ਸਰਕਾਰ ਨੂੰ ਕੀ ਫਰਕ ਪੈਂਦਾ ਹੈ। ਅਸਲ ਵਿਚ ਸਰਕਾਰ ਵੀ ਲੋਕਾਂ ਦੇ ਪੈਸੇ ਨਾਲ ਹੀ ਚਲਦੀ ਹੈ, ਜਿਹੜਾ ਟੈਕਸ ਲੋਕ ਦਿੰਦੇ ਹਨ ਉਸੇ ਵਿਚੋਂ ਹੀ ਸਰਕਾਰ ਤਨਖ਼ਾਹ ਦਿੰਦੀ ਹੈ। ਅਜਿਹੇ ਹਾਲਾਤ ਹੋਣ ਦੇ ਬਾਵਜੂਦ ਪ੍ਰੰਤੂ ਇਕ ਪੰਜਾਬ ਰਾਜ ਬਿਜਲੀ ਬੋਰਡ ਦਾਸਾਬਕਾ ਅਧਿਕਾਰੀ ਅਜਿਹਾ ਵੀ ਹੋਇਆ ਹੈ, ਜਿਹੜਾ ਸਰਕਾਰ ਦੇ ਹਰ ਨੁਕਸਾਨ ਨੂੰ ਆਪਣਾ ਨਿੱਜੀ ਨੁਕਸਾਨ ਸਮਝਦਾ ਸੀ। ਉੋਸਨੂੰ ਇਨਸਾਨ ਨਹੀਂ ਸਗੋਂ ਜੇਕਰ ਫਰਿਸ਼ਤਾ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ, ਉਹ ਹੈ ਇੰਜਿਨੀਅਰ ਪਦਮਜੀਤ ਸਿੰਘ, ਜਿਹੜਾ ਪੰਜਾਬ ਰਾਜ ਬਿਜਲੀ ਬੋਰਡ ਵਿਚ ਭਰਿਸ਼ਟਾਚਾਰ ਰੋਕਣ ਲਈ ਪੂਰੀ ਵਾਹ ਲਾ ਦਿੰਦਾ ਸੀ। ਮੰਤਰੀਆਂ ਅਤੇ ਉਚ ਅਧਿਕਾਰੀਆਂ ਨਾਲ ਵੀ ਆਹਡਾ ਲਾ ਲੈ ਲੈਂਦਾ ਸੀ, ਜੇਕਰ ਉਸਨੂੰ ਮਹਿਸੂਸ ਹੁੰਦਾ ਸੀ ਤਾਂ ਉਹ ਹਰ ਭਰਿਸ਼ਟ ਵਿਅਕਤੀ ਜਾਂ ਸੰਸਥਾ ਦੇ ਖ਼ਿਲਾਫ ਕਚਹਿਰੀ ਦਾ ਦਰਵਾਜਾ ਖੜਕਾ ਦਿੰਦਾ ਸੀ ਪ੍ਰੰਤੂ ਆਪਣੇ ਵਿਭਾਗ ਦਾ ਆਰਥਿਕ ਨੁਕਸਾਨ ਨਹੀਂ ਹੋਣ ਦਿੰਦਾ ਸੀ। ਬਿਜਲੀ ਬੋਰਡ ਨੂੰ ਉਸਨੇ ਕਰੋੜਾਂ ਰੁਪਏ ਦਾ ਲਾਭ ਪਹੁੰਚਾਇਆ। ਕਈ ਵਾਰ ਉਸਦੇ ਆਪਣੇ ਇੰਜਿਨੀਅਰ ਸਾਥੀ ਵੀ ਉਸ ਨਾਲ ਵਿਗੜ ਜਾਂਦੇ ਸਨ ਕਿਉਂਕਿ ਉਹ ਰਿਸ਼ਵਤ ਲੈਣ ਅਤੇ ਦੇਣ ਦੇ ਵਿਰੁਧ ਹੁੰਦਾ ਸੀ। ਦਿੱਲੀ ਵਿਚ ਜੰਮਿਆਂ ਅਤੇ ਪਲਿਆ ਪਦਮਜੀਤ ਸਿੰਘ ਪੰਜਾਬੀਆਂ ਦੇ ਹਿੱਤਾਂ ਦਾ ਪਹਿਰੇਦਾਰ ਬਣਕੇ ਨਿਤਰਦਾ ਰਿਹਾ। ਆਪਣੀ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਬਿਜਲੀ ਬੋਰਡ ਵਿਚੋਂ ਭਰਿਸ਼ਟਾਚਾਰ ਖ਼ਤਮ ਕਰਨ ਲਈ ਤੱਤਪਰ ਰਹਿੰਦਾ ਹੈ। ਉਸਨੇ ਵਿਆਹ ਨਹੀਂ ਕਰਵਾਇਆ , ਨਾਹੀ ਉਸਨੇ ਆਪਣਾ ਕੋਈ ਘਰ ਬਣਾਇਆ ਹੈ ਅਤੇ ਨਾ ਹੀ ਉਸ ਕੋਲ ਇਕ ਸਾਈਕਲ ਤੋਂ ਬਿਨਾ ਹੋਰ ਕੋਈ ਸਵਾਰੀ ਹੈ। ਪਿਤਾ ਪੁਰਖੀ ਜਾਇਦਾਦ ਤੋਂ ਬਿਨਾ ਉਸ ਕੋਲ ਹੋਰ ਕੋਈ ਜਾਇਦਾਦ ਨਹੀਂ ਹੈ। ਸਾਰੀ ਉਮਰ ਬਿਨਾ ਪ੍ਰੈਸ ਕਰਵਾਏ ਹੀ ਕਪੜੇ ਪਹਿਨਦਾ ਰਿਹਾ। ਪਦਮਜੀਤ ਸਿੰਘ ਵਰਗੇ ਇਨਸਾਨ ਅਜਿਹੇ ਹੁੰਦੇ ਹਨ ਜਿਹੜੇ ਇਨਸਾਨੀਅਤ ਦੇ ਹਿੱਤਾਂ ਉਪਰ ਪਹਿਰਾ ਦੇਣ ਨੂੰ ਆਪਣਾ ਫ਼ਰਜ ਸਮਝਦੇ ਹਨ। ਜਿਸ ਇਨਸਾਨ ਦੀ ਸੋਚ ਉਸਾਰੂ ਅਤੇ ਇਮਾਨਦਾਰੀ ਦੀ ਹੋਵੇਗੀ, ਉਹ ਹਮੇਸ਼ਾ ਲੋਕਾਈ ਦੀ ਭਲਾਈ ਵਿਚ ਲੱਗਿਆ ਰਹੇਗਾ। ਕਈ ਲੋਕ ਸੋਨੇ ਦੇ ਚਮਚੇ ਵਿਚ ਗੁੜ੍ਹਤੀ ਲੈ ਕੇ ਪੈਦਾ ਹੁੰਦੇ ਹਨ। ਕਈਆਂ ਨੂੰ ਗੁੜ੍ਹਤੀ ਮਿਲਦੀ ਹੀ ਨਹੀਂ ਪ੍ਰੰਤੂ ਕਈ ਇਨਸਾਨਾ ਨੂੰ ਪਿਆਰ, ਨਮਰਤਾ, ਸਹਿਜਤਾ, ਦਿਆਲਤਾ ਅਤੇ ਇਮਾਨਦਾਰੀ ਦੀ ਗੁੜ੍ਹਤੀ ਮਿਲਦੀ ਹੈ, ਜਿਹੜੀ ਸੋਨੇ ਦੇ ਚਮਚੇ ਨਾਲੋਂ ਬਿਹਤਰ ਹੁੰਦੀ ਹੈ। ਪਦਮਜੀਤ ਸਿੰਘ ਨੇ ਆਪਣਾ ਸਾਰਾ ਜੀਵਨ ਇਮਾਨਦਾਰੀ ਤੇ ਪਹਿਰਾ ਦੇਣ ਲਈ ਲਾ ਦਿੱਤਾ ਹੈ, ਉਨ੍ਹਾਂ ਸਰਕਾਰਾਂ ਨੂੰ ਅਨੇਕਾਂ ਘਪਲਿਆਂ ਬਾਰੇ ਜਾਣਕਾਰੀ ਦੇ ਕੇ ਸਰਕਾਰੀ ਖ਼ਜਾਨੇ ਨੂੰ ਚੂਨਾਂ ਲਾਉਣ ਵਾਲੇ ਲੋਕਾਂ ਦਾ ਪਰਦਾਫਾਸ਼ ਕੀਤਾ ਹੈ। ਇੰਜਿਨੀਅਰ ਪਦਮਜੀਤ ਸਿੰਘ ਇਕ ਖਾਂਦੇ ਪੀਂਦੇ ਅਮੀਰ ਪਰਿਵਾਰ ਵਿਚ ਪੈਦਾ ਹੋਇਆ ਪ੍ਰੰਤੂ ਸਾਦਗੀ, ਇਮਾਨਦਾਰੀ ਅਤੇ ਨਮਰਤਾ ਨੂੰ ਅਪਣਾ ਕੇ ਆਪਣੀ ਨੌਕਰੀ ਦੌਰਾਨ ਲੋਕ ਹਿੱਤਾਂ ਉਪਰ ਪਹਿਰਾ ਦਿੰਦਾ ਰਿਹਾ ਹੈ। ਸਰਦੀਆਂ ਲਈ ਦੋ ਸਵੈਟਰ ਅਤੇ ਦੋ ਕੋਟ ਹੁੰਦੇ ਸਨ। ਉਸ ਕੋਲ ਸਿਰਫ ਦੋ ਪੈਂਟਾਂ, ਦੋ ਕਮੀਜ ਅਤੇ ਦੋ ਪੱਗੜੀਆਂ ਹੀ ਰਹੀਆਂ ਹਨ। ਵੱਡੇ ਅਹੁਦਿਆਂ ਉਪਰ ਰਹਿੰਦਾ ਹੋਇਆ ਆਪਣੇ ਦਫਤਰ ਸਾਈਕਲ ਉਪਰ ਹੀ ਆਉਂਦਾ ਜਾਂਦਾ ਰਿਹਾ। ਸਰਕਾਰੀ ਕਾਰ ਦੀ ਵਰਤੋਂ ਸਿਰਫ ਸਰਕਾਰੀ ਕੰਮਾ ਲਈ ਹੀ ਕੀਤੀ ਹੈ। ਬਹੁਤੇ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਸਹੂਲਤਾਂ ਨੂੰ ਆਪਣੀ ਜਾਗੀਰ ਦੀ ਤਰ੍ਹਾਂ ਵਰਤਦੇ ਹਨ। ਆਪਣੀ ਡਿਊਟੀ ਪ੍ਰਤੀ ਲਗਨ ਇਤਨੀ ਸੀ ਕਿ ਜੇਕਰ ਬਿਜਲੀ ਦੀ ਲਾਈਨ ਵਿਚ ਨੁਕਸ ਹੇਠਲੇ ਕਰਮਚਾਰੀ ਠੀਕ ਨਾ ਕਰ ਸਕਦੇ ਤਾਂ ਖ਼ੁਦ ਖੰਭੇ ਉਪਰ ਚੜ੍ਹਕੇ ਆਪ ਠੀਕ ਕਰ ਦਿੰਦਾ ਸੀ। ਆਪਣੇ ਅਹੁਦੇ ਦਾ ਕੋਈ ਮਾਣ ਨਹੀਂ ਕੀਤਾ, ਸਗੋਂ ਸੁਬਾਰਡੀਨੇਟ ਸਟਾਫ ਲਈ ਮਾਡਲ ਬਣਕੇ ਆਪਣੇ ਫਰਜ ਨਿਭਾਏ। ਪਦਮਜੀਤ ਸਿੰਘ ਦਾ ਜਨਮ ਦਿੱਲੀ ਵਿਚ 5 ਨਵੰਬਰ 1945 ਵਿਚ ਪਿਤਾ ਕਰਨਲ ਆਸਾ ਸਿੰਘ ਜੋ ਕਿ ਆਰਮੀ ਦੀ ਮੈਡੀਕਲ ਕੋਰ ਵਿਚ ਸਨ ਅਤੇ ਮਾਤਾ ਦਵਿੰਦਰ ਕੌਰ ਜਿਨ੍ਹਾਂ ਨੇ ਲੰਡਨ ਯੂਨੀਵਰਸਿਟੀ ਤੋਂ ਮਨੋਵਿਗਿਆਨ ਦੇ ਵਿਸ਼ੇ ਵਿਚ ਪੀ.ਐਚ.ਡੀ.ਕੀਤੀ ਸੀ ਦੇ ਘਰ ਹੋਇਆ। ਉਨ੍ਹਾਂ ਮੁੱਢਲੀ ਪੜ੍ਹਾਈ ਦਿੱਲੀ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਚ ਪੜ੍ਹਾਈ ਦੂਨ ਸਕੂਲ ਵਿਚ 1957-61 ਵਿਚ ਕੀਤੀ। ਉਸ ਤੋਂ ਬਾਅਦ ਬੀ.ਟੈਕ.ਇਲੈਕਟਰੀਕਲ ਦੀ ਡਿਗਰੀ ਆਈ.ਆਈ.ਟੀ ਦਿੱਲੀ ਤੋਂ 1967 ਵਿਚ ਪਾਸ ਕੀਤੀ। ਜਨਵਰੀ 1968 ਵਿਚ ਪੰਜਾਬ ਰਾਜ ਬਿਜਲੀ ਬੋਰਡ ਵਿਚ ਅਪ੍ਰੈਂਟਿਸ ਇੰਜਿਨੀਅਰ ਦੋ ਤੌਰ ਤੇ ਭਰਤੀ ਹੋ ਗਏ। ਨੌਕਰੀ ਦੌਰਾਨ ਆਪਨੂੰ ਹਮੇਸ਼ਾ ਚੈ¦ਜ ਵਾਲੇ ਕੰਮ ਉਪਰ ਨਿਯੁਕਤ ਕੀਤਾ ਜਾਂਦਾ ਰਿਹਾ। ਆਪ ਹਮੇਸ਼ਾ ਹਰ ਪ੍ਰਾਜੈਕਟ ਉਪਰ ਸਫਲਤਾ ਪ੍ਰਾਪਤ ਕਰਦੇ ਰਹੇ ਕਿਉਂਕਿ ਆਪ ਵਿਚ ਲਗਨ, ਦ੍ਰਿੜ੍ਹਤਾ ਅਤੇ ਕੰਮ ਕਰਨ ਦੀ ਪ੍ਰਵਿਰਤੀ ਭਾਰੂ ਸੀ। ਫਿਰ ਭਾਖੜਾ ਡੈਮ ਵਿਚ ਰਾਈਟ ਬੈਂਕ ਪਾਵਰ ਹਾਊਸ ਦੇ ਕੰਟਰੋਲ ਰੂਮ ਇੰਜਿਨੀਅਰ ਦਾ ਕੰਮ ਮਿਲਿਆ। ਇਹ ਰਸੀਅਨ ਔਜਾਰਾਂ ਅਤੇ ਟੈਕਨਾਲੋਜੀ ਨਾਲ ਬਣਿਆਂ ਹੋਇਆ ਸੀ। ਇਸਨੂੰ ਚਲਾਉਣ ਅਤੇ ਸਮਝਣ ਲਈ ਲਿਟਰੇਚਰ ਵੀ ਰਸੀਅਨ ਭਾਸ਼ਾ ਵਿਚ ਸੀ। ਆਪਨੇ ਰਸੀਅਨ ਭਾਸ਼ਾ ਸਿੱਖੀ ਤਾਂ ਜੋ ਆਪਣੇ ਫਰਜ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹ ਸਕੇ। ਇਸ ਕੰਟਰੋਲ ਰੂਮ ਦਾ ਕੰਮ ਆਪ ਨੇ 1973 ਤੱਕ ਕੀਤਾ। ਫਿਰ ਆਪਨੂੰ ਭਾਖੜਾ ਦੇ ਪਬਲਿਸਿਟੀ ਸੈਲ ਵਿਚ ਨਿਯੁਕਤ ਕਰ ਦਿੱਤਾ ਗਿਆ ਜਿਥੇ ਆਪ 1975 ਤੱਕ ਰਹੇ। 1975-76 ਵਿਚ ਆਪ ਫਿਰ ਵਾਪਸ ਬਿਜਲੀ ਬੋਰਡ ਵਿਚ ਆ ਗਏ, ਜਿਥੋਂ ਆਪਦੇ ਇਮਤਿਹਾਨ ਦਾ ਸਮਾਂ ਸ਼ੁਰੂ ਹੁੰਦਾ ਹੈ। ਬਿਜਲੀ ਬੋਰਡ ਦਾ ਪ੍ਰੋਟੈਕਸ਼ਨ ਸੈਲ ਬਹੁਤ ਮਹੱਤਵਪੂਰਨ ਹੈ ਜਿਸ ਵਿਚ ਜਿਹੜਾ ਸਾਮਾਨ ਪਾਵਰ ਯੂਨਿਟਾਂ ਵਿਚ ਲੱਗਿਆ ਹੋਇਆ ਹੈ, ਉਸਦੀ ਵੇਖ ਭਾਲ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ। 6 ਸਾਲ ਇਸ ਸੈਲ ਵਿਚ ਬਾਕਮਾਲ ਕੰਮ ਕਰਦੇ ਰਹੇ। ਇਸ ਤੋਂ ਬਾਅਦ ਇਕ ਹੋਰ ਮਹੱਤਵਪੂਰਨ ਵਿੰਗ ਹੈ ਅੰਤਰਰਾਜੀ ਬਿ¦ਿਗ ਯੂਨਿਟ ਜਿਸ ਵਿਚ ਬਿਜਲੀ ਦੇ ਕਿਰਾਏ, ਬਿਜਲੀ ਦੀ ਖ਼ਰੀਦ ਅਤੇ ਵਪਾਰਕ ਪੱਖ ਵੇਖਣਾ ਹੁੰਦਾ ਹੈ, ਪਦਮਜੀਤ ਸਿੰਘ ਇਸ ਯੂਨਿਟ ਵਿਚ ਨਿਯੁਕਤ ਕਰ ਦਿੱਤੇ ਗਏ। ਭਰਿਸ਼ਟ ਕੰਪਨੀਆਂ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਸਿਆਸਤਦਾਨਾ ਨਾਲ ਰਲਕੇ ਘਪਲੇ ਕਰਦੀਆਂ ਸਨ ਪ੍ਰੰਤੂ ਉਨ੍ਹਾਂ ਨੂੰ ਹਰ ਵਕਤ ਪਦਮਜੀਤ ਸਿੰਘ ਦਾ ਡਰ ਖਾਈ ਜਾਂਦਾ ਸੀ ਕਿਉਂਕਿ ਉਹ ਭਾਵੇਂ ਕਿਸੇ ਵੀ ਉਚ ਅਹੁਦੇ ਉਪਰ ਤਾਇਨਾਤ ਹੁੰਦਾ ਸੀ ਪ੍ਰੰਤੂ ਭਰਿਸ਼ਟਾਚਾਰ ਜਿਸ ਵੀ ਵਿੰਗ ਵਿਚ ਹੁੰਦਾ ਸੀ, ਉਸਦਾ ਪਰਦਾਫਾਸ਼ ਕਰਨ ਵਿਚ ਮੋਹਰੀ ਰਹਿੰਦਾ ਸੀ। ਕਹਿਣ ਤੋਂ ਭਾਵ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿਜਲੀ ਬੋਰਡ ਨੂੰ ਚੂਨਾ ਲਾਉਂਦੀਆਂ ਸਨ ਉਨ੍ਹਾਂ ਲਈ ਪਦਮਜੀਤ ਸਿੰਘ ਹਮੇਸ਼ਾ ਖ਼ਤਰਕਨਾਕ ਬਣਿਆਂ ਰਹਿੰਦਾ ਸੀ। ਦੱਸਣ ਤੋਂ ਭਾਵ ਹੈ ਕਿ ਉਸਨੂੰ ਜਿਹੜਾ ਵੀ ਕੰਮ ਮਿਲਦਾ ਸੀ ਉਸਨੂੰ ਬਾਖ਼ੂਬੀ ਨਿਭਾਉਂਦਾ ਸੀ। ਬਿਜਲੀ ਬੋਰਡ ਵਿਚ ਥਰਮਲ ਪਲਾਂਟਾਂ ਨੂੰ ਚਲਾਉਣ ਲਈ ਕੋਇਲੇ ਦੀ ਖ਼੍ਰੀਦ ਵੱਡੇ ਪੱਧਰ ਉਪਰ ਕੀਤੀ ਜਾਂਦੀ ਹੈ ਕਿਉਂਕਿ ਪੰਜਾਬ ਵਿਚ ਲਗਪਗ ਸਾਰੇ ਪਾਵਰ ਪਲਾਂਟ ਥਰਮਲ ਹੀ ਹਨ। ਕੋਇਲੇ ਦੀ ਖ਼੍ਰੀਦ ਵਿਚ ਘਪਲੇ ਆਮ ਹੁੰਦੇ ਰਹਿੰਦੇ ਸਨ। ਇੰਜਿਨੀਅਰ ਪਦਮਜੀਤ ਸਿੰਘ ਉਨ੍ਹਾਂ ਦੀ ਖ਼੍ਰੀਦ ਉਪਰ ਬਾਜ ਅੱਖ ਰੱਖਦੇ ਸਨ। ਜੇਕਰ ਵੱਧ ਕੀਮਤ ਤੇ ਖ਼੍ਰੀਦ ਕੀਤੀ ਜਾਂਦੀ ਤਾਂ ਉਹ ਫਟਾਫਟ ਐਕਸ਼ਨ ਕਰਨ ਲਈ ਸਰਕਾਰ ਨੂੰ ਮਜ਼ਬੂਰ ਕਰ ਦਿੰਦੇ ਸਨ। ਉਚ ਅਧਿਕਾਰੀਆਂ ਨੂੰ ਪਤਾ ਹੁੰਦਾ ਸੀ ਕਿ ਪਦਮਜੀਤ ਸਿੰਘ ਨੇ ਛੱਜ ਵਿਚ ਪਾਕੇ ਛੱਟ ਦੇਣਾ ਹੈ। ਭਰਿਸ਼ਟ ਅਧਿਕਾਰੀ ਆਪਣੇ ਕੰਮ ਤੋਂ ਬਾਜ ਨਹੀਂ ਆਉਂਦੇ ਸਨ, ਉਹ ਹੋਰ ਰਸਤੇ ਲੱਭ ਲੈਂਦੇ ਸਨ , ਉਹ ਆਰਡਰ ਵਧੀਆ ਕੋਇਲੇ ਦਾ ਦੇ ਕੇ ਘਟੀਆ ਕੋਇਲਾ ਮੰਗਵਾ ਲੈਂਦੇ ਸਨ ਜਾਂ ਸਪਲਾਈ ਘੱਟ ਲੈ ਲੈਂਦੇ ਸਨ ਪ੍ਰੰਤੂ ਪਦਮਜੀਤ ਸਿੰਘ ਇਸ ਤਰ੍ਹਾਂ ਵੀ ਕਰਨ ਨਹੀਂ ਦਿੰਦੇ ਸਨ। ਪਦਮਜੀਤ ਸਿੰਘ ਨੇ ਸ਼ਿਕਾਇਤਾਂ ਕਰਕੇ ਉਨ੍ਹਾਂ ਫਰਮਾਂ ਦੀ ਅਦਾਇਗੀ ਕੱਟਵਾ ਦਿੰਦੇ ਸਨ। ਕਹਿਣ ਤੋਂ ਭਾਵ ਜਿਤਨੀ ਦੇਰ ਉਹ ਬਿਜਲੀ ਬੋਰਡ ਵਿਚ ਰਹੇ ਤਾਂ ਹਜ਼ਾਰਾਂ ਕਰੋੜਾਂ ਰੁਪਏ ਦਾ ਬਿਜਲੀ ਬੋਰਡ ਨੂੰ ਲਾਭ ਪਹੁੰਚਾਇਆ। ਪਦਮਜੀਤ ਸਿੰਘ ਪੰਜਾਬ ਰਾਜ ਬਿਜਲੀ ਬੋਰਡ ਵਿਚੋਂ ਇੰਜਿਨੀਅਰ-ਇਨ- ਚੀਫ ਦੇ ਅਹੁਦੇ ਤੋਂ 30 ਸਤੰਬਰ 2003 ਵਿਚ ਸੇਵਾ ਮੁਕਤ ਹੋਏ ਹਨ। ਉਹ ਸਾਰੀ ਉਮਰ ਬਿਜਲੀ ਬੋਰਡ ਦੀ ਇੰਜਿਨੀਅਰਜ਼ ਐਸੋਸੀਏਸ਼ਨ ਦੇ ਪਹਿਲਾਂ ਜਨਰਲ ਸਕੱਤਰ ਅਤੇ ਫਿਰ ਪ੍ਰਧਾਨ ਰਹੇ। ਇਸ ਤੋਂ ਇਲਾਵਾ ਉਹ ਆਲ ਇੰਡੀਆ ਪਾਵਰ ਇੰਜਿਨੀਅਰਜ਼ ਫੈਡਰੇਸ਼ਨ ਦੇ ਵੀ ਜਨਰਲ ਸਕੱਤਰ ਅਤੇ ਪ੍ਰਧਾਨ ਰਹੇ ਹਨ। ਇਸ ਸਮੇਂ ਉਹ ਇਸਦੇ ਚੀਫ ਪੈਟਰਨ ਹਨ। ਇਮਾਨਦਾਰ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪਦਮਜੀਤ ਸਿੰਘ ਨੂੰ ਰੋਲ ਮਾਡਲ ਬਣਾਉਣਾ ਚਾਹੀਦਾ ਹੈ।
ਇਮਾਨਦਾਰੀ, ਸਾਦਗੀ ਅਤੇ ਨਿਮਰਤਾ ਦਾ ਪ੍ਰਤੀਕ : ਇੰਜ. ਪਦਮਜੀਤ ਸਿੰਘ



