Skip to content
Independent perspectives. Global stories.
BREAKING

ਚੰਗਾ ਲੱਗਣ ਦੀ ਤਾਂਘ-1

Share this story

ਮੇਰੀ ਧਰਮ ਪਤਨੀ ਇਕ ਪਰਿਵਾਰਕ ਸਮਾਗਮ ਤੋਂ ਵਾਪਸ ਆਈ ਅਤੇ ਖੁਸ਼ੀ-ਖੁਸ਼ੀ ਦੱਸਣਾ ਲੱਗੀ, ‘‘ਮੈਂ ਅੱਜ ਸਭ ਤੋਂ ਸੁੰਦਰ ਅਤੇ ਚੰਗੀ ਲੱਗ ਰਹੀ ਸੀ।’’ ਮੈਂ ਮੁਸਕਰਾ ਪਿਆ ਅਤੇ ਸੋਚਣ ਲੱਗਾ ਹਰ ਔਰਤ ਆਪਣੇ ਬਾਰੇ ਇੰਜ ਹੀ ਸੋਚਦੀ ਹੈ ਪਰ ਫਿਰ ਉਸ ਦਾ ਦਿਲ ਰੱਖਣ ਲਈ ਪੁੱਛ ਲਿਆ ‘‘ਤੈਨੂੰ ਕਿਵੇਂ ਪਤਾ ਕਿ ਤੂੰ ਸਭ ਤੋਂ ਸੁੰਦਰ ਦਿਸ ਰਹੀ ਸੀ?’’
‘‘ਹੋਇਆ ਇੰਜ ਕਿ ਅਸੀਂ ਸਾਰੀਆਂ ਲੇਡੀਜ਼ ਬੈਠੀਆਂ ਸਾਂ। ਤਕਰੀਬਨ 8-10 ਹੋਵਾਂਗੀਆਂ। ਇਕ 4 ਕੁ ਸਾਲ ਦੀ ਬੱਚੀ ਆਈ ਆਪਣੀ ਮੱਮਾ ਨੂੰ ਲੱਭਦੀ ਹੋਈ। ਉਸ ਨੂੰ ਹਸਦੇ-ਹਸਦੇ ਕਿਹਾ ਕਿ ਅਸੀਂ ਤੇਰੀ ਮੱਮੀ ਲੱਭ ਦੇਵਾਂਗੀਆਂ ਪਰ ਪਹਿਲਾਂ ਤੂੰ ਦੱਸ ਕਿ ਤੈਨੂੰ ਸਭ ਤੋਂ ਸੋਹਣੀ ਅਤੇ ਚੰਗੀ ਆਂਟੀ ਕਿਹੜੀ ਲੱਗੀ ਐ?’’ ਉਸ ਨੇ ਸਾਰਿਆਂ ਵੱਲ ਬਹੁਤ ਚੰਗੀ ਤਰ੍ਹਾਂ ਵੇਖਿਆ ਅਤੇ ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗੀ ‘ਆਹ ਆਂਟੀ ਸਭ ਤੋਂ ਸੋਹਣੇ ਅਤੇ ਚੰਗੇ ਲੱਗਦੇ।’’ ਹਾਸੇ ਮਜ਼ਾਕ ਵਿੱਚ ਇਕ ਚਾਰ ਸਾਲ ਦੀ ਬੱਚੀ ਵੱਲੋਂ ਚੰਗਾ ਆਖੇ ਜਾਣ ’ਤੇ ਮੇਰੀ ਬੀਵੀ ਇੰਨੀ ਖੁਸ਼ ਸੀ ਕਿ ਪਰਿਵਾਰ ਦੇ ਹਰ ਮੈਂਬਰ ਨੂੰ ਇਹ ਗੱਲ ਸੁਣਾ ਕੇ ਅੰਦਰੂਨੀ ਪ੍ਰਸੰਸਾ ਹਾਸਲ ਕਰ ਰਹੀ ਸੀ।
ਅਸਲ ਵਿੱਚ ਸੁੰਦਰਤਾ ਦੀ ਤਾਂਘ ਵਾਂਗ ਚੰਗੇ ਲੱਗਣ ਦੀ ਤਾਂਘ ਵੀ ਹਰੇਕ ਦਿਲ ਵਿੱਚ ਪਈ ਹੁੰਦੀ ਹੈ। ਆਪਣੇ ਪਿਆਰੇ ਦੀ ਨਿਗਾਹ ਵਿੱਚ ਚੰਗੇ ਲੱਗਣਾ, ਆਪਣੇ ਸਾਥੀਆਂ ਦੀਆਂ ਨਜ਼ਰਾਂ ਵਿੱਚ ਚੰਗੇ ਹੋਣਾ ਅਤੇ ਆਪਣੇ ਸੱਕੇ ਸਬੰਧੀਆਂ ਦੀਆਂ ਨਜ਼ਰਾਂ ਵਿੱਚ ਪਿਆਰਾ ਅਤੇ ਚੰਗਾ ਲੱਗਣਾ ਹਰੇਕ ਮਨੁੱਖ ਚਾਹੁੰਦਾ ਹੈ। ਚੰਗੇ ਲੱਗਣ ਦੀ ਅਜਿਹਾ ਚਾਹਤ, ਪ੍ਰਸੰਨਤਾ ਖੱਟਣ ਦੀ ਖੁਸ਼ੀ ਦੀ ਭਾਵਨਾ ਸਾਡੇ ਸਮਾਜ ਨੂੰ ਸੁੰਦਰ ਬਣਾਉਣ ਵਿੱਚ ਸਹਾਈ ਹੁੰਦੀ ਹੈ। ਸੋਹਣਾ ਦਿੱਸਣ ਲਈ ਮਨੁੱਖ ਸੋਹਣਾ ਪਹਿਨੇਗਾ, ਦੂਜਿਆਂ ਦੀਆਂ ਨਜ਼ਰਾਂ ਵਿੱਚ ਜਚਣ ਲਈ ਆਪਣਾ ਵਤੀਰਾ ਸੋਹਣਾ ਰੱਖੇਗਾ, ਚੰਗੇ ਵਿਵਹਾਰ ਦਾ ਮਾਲਕ ਬਣਨ ਦੀ ਕੋਸ਼ਿਸ਼ ਕਰੇਗਾ। ਚੰਗਾ ਬਣਨ ਲਈ ਚੰਗੇ ਕੰਮ ਕਰੇਗਾ। ਇਉਂ ਇਹ ਤਾਂਘ ਤਾਂ ਸਮਾਜ ਨੂੰ ਚੰਗਾ ਬਣਾਉਣ ਵਾਲੀ ਮਨੁੱਖੀ ਤਾਂਘ ਹੈ। ਕਮਾਲ ਇਹ ਹੈ ਕਿ ਹੁਨਰ ਨਿੱਜੀ ਹੈ ਪਰ ਇਸ ਦਾ ਸਬੰਧ ਸਮਾਜ ਦੀ ਸੁੰਦਰਤਾ ਨਾਲ ਹੈ। ਜੇ ਤੁਸੀਂ ਸਜੋਗੇ ਤਾਂ ਖੂਬਸੂਰਤ ਲੱਗੋਗੇ, ਜੇ ਤੁਸੀਂ ਸੋਹਣੇ ਲੱਗੋਗੇ ਤਾਂ ਸਮਾਜ ਵੀ ਸੁੰਦਰ ਲੱਗੇਗਾ। ਇਉਂ ਚੰਗੇ ਲੱਗਣ ਦੀ ਇਹ ਤਾਂਘ ਸਮਾਜ ਲਈ ਇਕ ਚੰਗੀ ਤਾਂਘ ਹੁੰਦੀ ਹੈ ਜੋ ਹਰ ਦਿਲ ਵਿੱਚ ਤੀਬਰਤਾ ਨਾਲ ਮਚਲਣੀ ਚਾਹੀਦੀ ਹੈ। ਇਹ ਵੀ ਕੌੜਾ ਸੱਚ ਹੈ ਕਿ ਸਾਡੇ ਸਮਾਜ ਵਿੱਚ ਅਨੇਕਾਂ ਲੋਕ ਚੰਗਾ ਹੋਣ ਦਾ ਪ੍ਰਭਾਵ ਦੇਣ ਤੋਂ ਖੁਸ ਜਾਂਦੇ ਹਨ
ਅਜਿਹੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਜੋ ਲੋਕ ਪਿਆਰ ਦੀ ਤਾਂਘ ਦਿਲ ਵਿੱਚ ਪਾਲ ਕੇ ਸਾਰੀ ਉਮਰ, ਉਮਰ ਭਰ ਦੇ ਪਿਆਰ ਨੂੰ ਤਲਾਸ਼ਦੇ ਰਹਿੰਦੇ ਹਨ। ਜਿਨ੍ਹਾਂ ਕੋਲ ਪੈਸਾ ਵੀ ਹੁੰਦਾ ਹੈ ਅਤੇ ਤਾਕਤ ਵੀ, ਅਹੁਦਾ ਵੀ ਹੁੰਦਾ ਹੈ ਅਤੇ ਨਾਮ ਵੀ ਪਰ ਉਹ ਕਿਸੇ ਵੀ ਦਿਲ ਦੇ ਮਾਹੀ ਨਹੀਂ ਬਣਦੇ। ਕੋਈ ਉਨ੍ਹਾਂ ਦੇ ਇੰਤਜ਼ਾਰ ਵਿੱਚ ਔਸੀਆਂ ਨਹੀਂ ਪਾਉਂਦਾ। ਬਨੇਰੇ ’ਤੇ ਬੱਤੀ ਬਾਲਕੇ ਕੋਈ ਸੁੰਦਰ ਮੁਟਿਆਰ ਉਡੀਕ ਨਹੀਂ ਕਰਦੀ। ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਵੇਖਕੇ ਕਿਸੇ ਵੀ ਦਿਲ ਵਿੱਚ ਗੁਦਗੱਦੀ ਨਹੀਂ ਹੁੰਦੀ। ਜਿਨਾਂ ਨੂੰ ਵੇਖਕੇ ਗਲਵਕੜੀ ਲਈ ਬਾਹਵਾਂ ਆਪਣੇ ਆਪ ਨਹੀਂ ਖੁਲ੍ਹਦੀਆਂ। ਅਜਿਹੇ ਲੋਕ ਤਮਾਮ ਉਮਰ ਪਿਆਰੀ ਜਿਹੀ ਹੱਥਘੁੱਟਨੀ ਨੂੰ ਵੀ ਤਰਸਦੇ ਰਹਿੰਦੇ ਹਨ। ਉਨ੍ਹਾਂ ਦੀ ਯਾਦ ਵਿੱਚ ਕਿਸੇ ਦੀਆਂ ਅੱਖਾਂ ਵਿੱਚ ਹੰਝੂਆਂ ਦੀ ਬਰਸਾਤ ਨਹੀਂ ਹੁੰਦੀ ਹੈ। ਪਿਆਰ ਦੀ ਖਾਹਿਸ਼ ਦੇ ਬਾਵਜੂਦ, ਮੋਹ ਦੀ ਚਾਹਤ ਦੇ ਬਾਵਜੂਦ ਉਹ ਖਾਲੀ ਰਹਿੰਦੇ ਹਨ। ਤਿਜ਼ੋਰੀਆਂ ਤਾਂ ਨੋਟਾਂ ਨਾਲ ਭਰ ਲੈਂਦੇ ਹਨ ਪਰ ਪਿਆਰ ਦੀ ਝੋਲੀ ਖਾਲੀ ਰਹਿੰਦੀ ਹੈ। ਅਜਿਹੇ ਲੋਕਾਂ ਨੂੰ ਸਮਝ ਲੈਣਾ ਜ਼ਰੂਰੀ ਹੁੰਦਾ ਹੈ ਕਿ ਪਿਆਰ ਲੈਣ ਦੇ ਹੁਨਰ ਅਤੇ ਚੰਗਾ ਲੱਗਣ ਦੀ ਕਲਾ ਦਾ ਅਮੀਰੀ, ਗਰੀਬੀ, ਤਾਕਤ, ਕਾਮਯਾਬੀ ਕਾਮਯਾਬੀ ਅਤੇ ਮਸ਼ਹੂਰੀ ਨਾਲ ਕੋਈ ਸਬੰਧ ਨਹੀਂ ਹੁੰਦਾ। ਕੋਈ ਵਾਸਤਾ ਨਹੀਂ ਹੁੰਦਾ। ਇਸ ਦਾ ਸਬੰਧ ਤੁਹਾਡੇ ਵਿਵਹਾਰ ਨਾਲ ਹੁੰਦਾ ਹੈ, ਦੂਜਿਆਂ ਪ੍ਰਤੀ ਤੁਹਾਡੇ ਵਤੀਰੇ ਨਾਲ ਹੁੰਦਾ ਹੈ। ਲੋੜ ਪੈਣ ’ਤੇ ਦੂਜਿਆਂ ਦੇ ਕੰਮ ਆਉਣ ਦੀ ਭਾਵਨਾ ਨਾਲ ਹੁੰਦਾ ਹੈ। ਵਿਵਹਾਰ ਵਿੱਚੋਂ ਅਭਿਮਾਨ ਅਤੇ ਹਊਮੈ ਨੂੰ ਮਨਫੀ ਕਰਕੇ ਜੀਉਣ ਨਾਲ ਹੁੰਦਾ ਹੈ। ਤੁਹਾਡੇ ਚਿਹਰੇ ਦੀ ਮੁਸਕਰਾਹਟ ਨਾਲ ਹੁੰਦਾ ਹੈ। ਨਿਰਸਵਾਰਥ ਕੰਮ ਆਉਣ ਦੀ ਭਾਵਨਾ ਨਾਲ ਹੁੰਦਾ ਹੈ।
ਸੜਕ ਉਤੇ ਹਾਦਸਾ ਹੋ ਗਿਆ। ਇਕ ਟਰੱਕ ਇਕ ਸਕੂਟਰ ਸਵਾਰ ਨੂੰ ਟੱਕਰ ਮਾਰਕੇ ਚਲਾ ਗਿਆ। ਬੰਦਾ ਜ਼ਖਮੀ ਹਾਲਤ ਵਿੱਚ ਸੜਕ ’ਤੇ ਪਿਆ ਹੈ। ਤਮਾਸ਼ਬੀਨ ਜ਼ਿਆਦਾ ਹਨ। ਮੱਦਦ ਲਈ ਕੋਈ ਨਹੀਂ ਅੱਗੇ ਆ ਰਿਹਾ। ਇਕ ਕਾਰ ਰੁੱਕੀ, ਨੌਜਵਾਨ ਉਤਰਿਆ ਬਿਨਾਂ ਆਪਣੇ ਕੱਪੜਿਆਂ ਦੀ ਪ੍ਰਵਾਹ ਕੀਤੇ ਜ਼ਖਮੀ ਨੂੰ ਆਪਣੀ ਗੱਡੀ ਵਿੱਚ ਬੈਠਾ ਕੇ ਹਸਪਤਾਲ ਲੈ ਗਿਆ। ਜ਼ਖਮੀ ਸਕੂਟਰ ਸਵਾਰ ਦੇ ਘਰ ਵਾਲਿਆਂ ਨੂੰ ਫੋਨ ਕੀਤਾ। ਇਥੇ ਹੀ ਬੱਸ ਨਹੀਂ, ਡਾਕਟਰਾਂ ਦੇ ਕਹਿਣ ’ਤੇ ਆਪਣਾ ਖੂਨ ਵੀ ਦਿੱਤਾ। ਹੁਣ ਇਸ ਸ਼ਖਸ ਨੇ ਨਾ ਸਿਰਫ ਜ਼ਖਮੀ ਸਕੂਟਰ ਸਵਾਰ ਦਾ ਦਿਲ ਜਿਤਿਆ ਸਗੋਂ ਉਸ ਦੇ ਪਰਿਵਾਰ ਅਤੇ ਹੋਰ ਅਨੇਕਾਂ ਲੋਕਾਂ ਦੇ ਮਨਾਂ ਉਤੇ ਚੰਗਾ ਅਸਰ ਪਾਇਆ। ਇਸ ਨੌਜਵਾਨ ਨੇ ਜੋ ਨਿਰਸਵਾਰਥ ਭਾਵਨਾ ਨਾਲ ਕੰਮ ਕੀਤਾ ਉਸ ਦੇ ਬਦਲੇ ਜਿੱਥੇ ਉਸ ਨੂੰ ਹੋਰਾਂ ਦੀ ਪ੍ਰਸੰਸਾ ਮਿਲੀ ਉਥੇ ਉਸ ਨੂੰ ਅੰਦਰੂਨੀ ਪ੍ਰਸੰਨਤਾ ਦਾ ਅਹਿਸਾਸ ਵੀ ਹੋਇਆ। ਇਹ ਅਹਿਸਾਸ ਦੁਨੀਆਂ ਵਿੱਚ ਵੱਡੇ-ਵੱਡੇ ਕੰਮ ਕਰਨ ਦਿੰਦਾ ਹੈ। ਸੋ ਜੇ ਤੁਸੀਂ ਦੂਜੇ ਦੀਆਂ ਨਜ਼ਰਾਂ ਵਿੱਚ ਚੰਗਾ ਲੱਗਣਾ ਚਾਹੁੰਦੋ ਹੋ ਤਾਂ ਥੋੜ੍ਹੀ ਬਹੁਤੀ ਕੀਮਤ ਦੇਣ ਲਈ ਹਮੇਸ਼ਾਂ ਤਿਆਰ ਰਹਿਣਾ ਪਵੇਗਾ। ਉਂਜ ਵੀ ਕੁਦਰਤ ਦਾ ਨਿਯਮ ਹੈ ਕਿ ਇਥੇ ਬਿਨਾਂ ਦਿੱਤੇ ਕੁਝ ਨਹੀਂ ਮਿਲਦਾ। ਜਿਸ ਤਰ੍ਹਾਂ ਦਾ ਬੀਜੇਗੋ ਉਸ ਤਰ੍ਹਾਂ ਦਾ ਵੱਢੋਗੇ।
– ਬਾਕੀ ਕੱਲ੍ਹ ਦੇ ਕਾਲਮ ’ਚ

WRITTEN BY