ਕਾਂਗਰਸ ਦੇ ਰਾਜਕੁਮਾਰ ਸ਼੍ਰੀ ਰਾਹੁਲ ਗਾਂਧੀ ਜਲਦ ਹੀ ਪਾਰਟੀ ਦੀ ਕਮਾਨ ਸੰਭਾਲਣਗੇ। ਇਸ ਸਬੰਧ ਵਿੱਚ ਪਾਰਟੀ ਦੀ ਉਚ ਤਾਕਤੀ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਸੋਮਵਾਰ ਨੂੰ ਬਕਾਇਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ ਹੈ। ਨੌਜਵਾਨ ਆਗੂ ਆਪਣੀ ਮਾਤਾ ਸ਼੍ਰੀਮਤੀ ਸੋਨੀਆ ਗਾਂਧੀ ਦਾ ਸਥਾਨ ਲੈਣਗੇ। ਸਿਹਤ ਦੇ ਕਾਰਨ ਸ਼੍ਰੀਮਤੀ ਸੋਨੀਆ ਗਾਂਧੀ ਪ੍ਰਧਾਨਗੀ ਤੋਂ ਸਵੈ ਮੁਕਤ ਹੋਣਾ ਚਾਹੁੰਦੇ ਹਨ। ਇਸ ਹਾਲਤ ਵਿੱਚ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਅਤੇ ਗਾਂਧੀ ਪਰਿਵਾਰ ਦੇ ਚਿਰਾਗ ਸ਼੍ਰੀ ਰਾਹੁਲ ਗਾਂਧੀ ਨੂੰ ਪ੍ਰਧਾਨ ਬਣਾਏ ਜਾਣ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਸੀ। ਕਾਂਗਰਸ ਵਰਕਿੰਗ ਕਮੇਟੀ ਨੇ ਇਸ ਪ੍ਰਸਤਾਵ ’ਤੇ ਮੋਹਰ ਲਗਾ ਦਿੱਤੀ ਹੈ। ਹੁਣ ਲੱਗਭਗ ਸ਼੍ਰੀ ਰਾਹੁਲ ਗਾਂਧੀ ਦਾ ਪ੍ਰਧਾਨ ਬਣਨਾ ਪੂਰੀ ਤਰ੍ਹਾਂ ਤਹਿ ਹੈ। ਬੇਸ਼ਕ ਇਸ ਲਈ ਜਥੇਬੰਦਕ ਚੋਣਾਂ ਦਾ ਰਸਤਾ ਚੁਣਿਆ ਗਿਆ ਹੈ। ਪ੍ਰਧਾਨ ਦੀ ਚੋਣ ਲਈ ਪ੍ਰਕਿਰਿਆ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।।ਕਾਂਗਰਸ ਪ੍ਰਧਾਨ ਦੀ ਚੋਣ ਲਈ ਇਕ ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ। ਇਸ ਦੇ ਲਈ 4 ਦਸੰਬਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਹੋਣਗੇ, 5 ਦਸੰਬਰ ਤਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਜੇਕਰ ਲੋੜ ਹੋਈ ਤਾਂ 16 ਦਸੰਬਰ ਨੂੰ ਵੋਟਿੰਗ ਹੋਵੇਗੀ, 19 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਸ ਤਰ੍ਹਾਂ ਆਉਣ ਵਾਲਾ ਦਸੰਬਰ ਦਾ ਮਹੀਨਾ ਕਾਂਗਰਸ ਲਈ ਕਾਫੀ ਅਹਿਮ ਹੋਵੇਗਾ। ਪਾਰਟੀ ਅੰਦਰੋਂ ਸ਼੍ਰੀ ਰਾਹੁਲ ਗਾਂਧੀ ਦੇ ਮੁਕਾਬਲੇ ’ਤੇ ਕਿਸੇ ਨੇਤਾ ਦੇ ਨਿਤਰਨ ਦੀ ਉਮੀਦ ਨਹੀਂ ਹੈ। ਅਜਿਹੇ ਹਾਲਾਤਾਂ ਵਿੱਚ ਉਹ 5 ਦਸੰਬਰ ਨੂੰ ਪਾਰਟੀ ਦੇ ਬਕਾਇਦਾ ਪ੍ਰਧਾਨ ਬਣ ਜਾਣਗੇ। ਕਾਂਗਰਸ ਪਾਰਟੀ ਲਈ ਇਹ ਇਕ ਨਵੇਂ ਰਾਜਸੀ ਯੁੱਗ ਦੀ ਸ਼ੁਰੂਆਤ ਹੋਵੇਗੀ। ਕਾਂਗਰਸੀ ਆਗੂ ਅਤੇ ਵਰਕਰ ਸ਼੍ਰੀ ਰਾਹੁਲ ਗਾਂਧੀ ਤੋਂ ਵੱਡੀਆਂ ਉਮੀਦਾਂ ਲਾਈ ਬੈਠੇ ਹਨ। ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ’ਤੇ ਦਾਅ ਖੇਡਣ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਸ਼੍ਰੀ ਰਾਹੁਲ ਗਾਂਧੀ ਦੀ ਸਿਆਸੀ ਯੋਗਤਾ ਪਰਖੀ ਜਾਣੀ ਹੈ। ਬੇਸ਼ਕ ਸ਼੍ਰੀ ਰਾਹੁਲ ਗਾਂਧੀ ਪਿਛਲੇ ਕੁਝ ਸਾਲਾਂ ਤੋਂ ਆਪਣੀ ਮਾਤਾ ਸ਼੍ਰੀਮਤੀ ਸੋਨੀਆ ਗਾਂਧੀ ਦੇ ਬਿਮਾਰ ਹੋਣ ਕਾਰਨ ਕਾਂਗਰਸ ਦਾ ਸਮੁੱਚਾ ਕੰਮਕਾਜ ਦੇਖ ਰਹੇ ਹਨ ਪ੍ਰੰਤੂ ਵਿਵਹਾਰਕ ਤੌਰ ’ਤੇ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਹਾਲਾਤ ਵਿੱਚ ਇਕ ਨਵਾਂ ਮੌੜ ਆਉਣਾ ਸੁਭਾਵਿਕ ਹੈ। ਬੀਤੇ ਤਿੰਨ ਮਹੀਨਿਆਂ ਦੌਰਾਨ ਰਾਹੁਲ ਗਾਂਧੀ ਨੇ ਪਾਰਟੀ ਦੀ ਕਮਾਨ ਸੰਭਾਲਣ ਦੇ ਆਪਣੇ ਇਰਾਦੇ ਸਾਫ਼ ਕਰ ਦਿੱਤੇ ਸਨ। ਉਹ ਪਿਛਲੇ ਕੁਝ ਸਾਲਾਂ ਤੋਂ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਲਗੇ ਹੋਏ ਹਨ।।2004 ਵਿਚ ਅਮੇਠੀ ਤੋਂ ਲੋਕ ਸਭਾ ਚੋਣ ਜਿਤ ਕੇ ਰਾਜਸੀ ਸਫਰ ਸ਼ੁਰੂ ਕਰਨ ਵਾਲੇ ਸ਼੍ਰੀ ਰਾਹੁਲ ਗਾਂਧੀ ਨੇ 2007 ਵਿਚ ਬਤੌਰ ਕਾਂਗਰਸ ਜਨਰਲ ਸਕਤਰ ਸੰਗਠਨ ਵਿਚ ਜ਼ਿੰਮੇਵਾਰੀ ਸੰਭਾਲੀ ਸੀ। ਹੁਣ ਜਦੋਂ ਸ਼੍ਰੀ ਰਾਹੁਲ ਗਾਂਧੀ ਬਕਾਇਦਾ ਪਾਰਟੀ ਦੀ ਪ੍ਰਧਾਨਗੀ ਸੰਭਾਲਣ ਜਾ ਰਹੇ ਹਨ ਤਾਂ ਉਨ੍ਹਾਂ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਪਾਰਟੀ ਦਾ ਖੁਸਿਆ ਸਿਆਸੀ ਵਕਾਰ ਮੁੜ ਬਹਾਲ ਕਰਨਗੇ। ਇਸ ਦੇ ਨਾਲ ਹੀ ਧੜਿਆਂ ਵਿੱਚ ਵੰਡੀ ਹੋਈ ਕਾਂਗਰਸ ਨੂੰ ਮੁੜ ਇਕਮੁੱਠ ਕਰਨਾ ਉਨ੍ਹਾਂ ਲਈ ਵੱਡੀ ਚੁਣੌਤੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਪਾਰਟੀ ਦੇ ਵੱਖ-ਵੱਖ ਧੜਿਆਂ ਨੂੰ ਇਕਜੁੱਟ ਕਰਨ ਲਈ ਕਿਸ ਤਰ੍ਹਾਂ ਦੀ ਰਣਨੀਤੀ ਅਪਨਾਉਂਦੇ ਹਨ। ਇਹ ਗੱਲ ਪੱਕੀ ਹੈ ਕਿ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਦੇਸ਼ ਦਾ ਨੌਜਵਾਨ ਵਰਗ ਮੁੜ ਕਾਂਗਰਸ ਨਾਲ ਜੁੜ ਸਕਦਾ ਹੈ। ਇਹ ਗੱਲ ਹੁਕਮਰਾਨ ਭਾਰਤੀ ਜਨਤਾ ਪਾਰਟੀ ਲਈ ਕਾਫੀ ਚੁਣੌਤੀਪੂਰਨ ਹੋਵੇਗੀ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਸ਼੍ਰੀ ਰਾਹੁਲ ਗਾਂਧੀ ਦੇਸ਼ ਦੀ ਸਿਆਸਤ ਨੂੰ ਨਵੀਂ ਦਿਸ਼ਾ ਵੱਲ ਤੋਰਨਗੇ ਅਤੇ ਕਾਂਗਰਸ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਉਹ ਨੀਵੇਂ ਦਰਜੇ ਦੀ ਰਾਜਨੀਤੀ ਨਹੀਂ ਕਰਨਗੇ।
– ਬਲਜੀਤ ਸਿੰਘ ਬਰਾੜ



