Skip to content
Independent perspectives. Global stories.
BREAKING

ਜਦੋਂ ਮੈਂ ਰੋਜ਼ਾਨਾ ਅਖਬਾਰ ਦਾ ਸੰਪਾਦਕ ਬਣਿਆ

Share this story

‘‘ਸਰ, ਮੈਨੂੰ ਅਖ਼ਬਾਰ ਵਿੱਚ ਨੌਕਰੀ ਮਿਲੀ ਹੈ, ਜੇ ਆਗਿਆ ਹੋਵੇ ਤਾਂ ਜੁਆਇਨ ਕਰ ਲਵਾਂ’’, ਮੇਰਾ ਇਕ ਵਿਦਿਆਰਥੀ ਮੈਨੂੰ ਪੁੱਛ ਰਿਹਾ ਹੈ। ‘‘ਕਿਹੜਾ ਅਖ਼ਬਾਰ ਹੈ?’’ ਮੇਰਾ ਸਵਾਲ ਸੀ। ‘‘ਅਖ਼ਬਾਰ ਤਾਂ ਜੀ, ਛੋਟਾ ਹੀ ਹੈ ਪਰ ਮੈਂ ਸੋਚਿਆ ਨਾਲੇ ਤਜ਼ਰਬਾ ਹੋਜੂ ਅਤੇ ਨਾਲੇ ਚਾਰ ਪੈਸੇ ਵੀ ਮਿਲ ਜਾਇਆ ਕਰਨਗੇ।’’ ਅੱਗੋਂ ਉਸ ਦਾ ਜਵਾਬ ਸੀ।
ਉਸ ਨਾਲ ਗੱਲ ਕਰਦੇ-ਕਰਦੇ ਮੇਰੇ ਯਾਦਾਂ ਦੇ ਚਿੱਤਰਪਟ ’ਤੇ ਉਸੇ ਤਰ੍ਹਾਂ ਦਾ ਇਕ ਚਿੱਤਰ ਘੁੰਮਣ ਲੱਗਾ। ਇਹ ਗੱਲ 1980 ਦੀ ਹੈ। ਮੈਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੱਤਰਕਾਰੀ ਦਾ ਵਿਦਿਆਰਥੀ ਸਾਂ। ਉਸੇ ਵਿਭਾਗ ਵਿੱਚ ਡਾ. ਸੁਰਿੰਦਰ ਸਿੰਘ ਦੁਸਾਂਝ, ਡਾ. ਐਨ.ਐਸ. ਸੇਵਕ, ਡਾ. ਸਾਧੂ ਸਿੰਘ, ਸੁਰਜੀਤ ਪਾਤਰ, ਹਰਚਰਨ ਬੈਂਸ, ਡਾ. ਦਲੀਪ ਸਿੰਘ ਦੀਪ ਅਤੇ ਪ੍ਰੋ. ਜਗਦੇਵ ਸਿੰਘ ਆਦਿ ਸਾਡੇ ਅਧਿਆਪਕ ਸਨ। ਡਾ. ਐਸ.ਐਸ ਦੁਸਾਂਝ ‘ਲੋਕ ਹੱਕ’ ਨਾਮ ਦੇ ਪਰਚੇ ਦੀ ਸੰਪਾਦਨਾ ਕਰਦੇ ਸਨ ਅਤੇ ਮੈਂ ਇਕ ਮਾਸਿਕ ਪੱਤਰ ‘ਮੰਚ’ ਮੰਡੀ ਅਹਿਮਦਗੜ੍ਹ ਤੋਂ ਪ੍ਰਕਾਸ਼ਿਤ ਕਰ ਰਿਹਾ ਸੀ। ਵਿਭਾਗ ਦਾ ਮਾਹੌਲ ਬਹੁਤ ਸਾਹਿਤਕ ਸੀ ਅਤੇ ਸਾਹਿਤਕਾਰਾਂ ਅਤੇ ਪੱਤਰਕਾਰਾਂ ਦਾ ਆਉਣ-ਜਾਣ ਲੱਗਿਆ ਰਹਿੰਦਾ ਸੀ। ਇਹ ਵਿਭਾਗ ਪੰਜਾਬ ਦੇ ਮਹਾਨ ਸਪੂਤ ਡਾ. ਐਮ.ਐਸ. ਰੰਧਾਵਾ ਦੀ ਦੇਣ ਹੈ ਅਤੇ ਉਨ੍ਹਾਂ ਇਸ ਯੂਨੀਵਰਸਿਟੀ ਦੇ ਉਪਕੁੱਲਪਤੀ ਹੁੰਦਿਆਂ ਇਹ ਵਿਭਾਗ ਸ਼ੁਰੂ ਕਰਵਾਇਆ ਸੀ।
ਇਕ ਦਿਨ ਲੁਧਿਆਣਾ ਤੋਂ ਨਿਕਲਦੇ ਇਕ ਰੋਜ਼ਾਨਾ ਅਖਬਾਰ ਦਾ ਮਾਲਕ ਆਇਆ ਅਤੇ ਉਸ ਨੇ ‘ਸੰਪਾਦਕ ਦੀ ਲੋੜ ਹੈ’ ਦਾ ਇਸ਼ਤਿਹਾਰ ਨੋਟਿਸ ਬੋਰਡ ’ਤੇ ਲਗਾ ਦਿੱਤਾ। ਹੋਰਨਾਂ ਵਿਦਿਆਰਥੀਆਂ ਵਾਂਗ ਮੈਂ ਵੀ ਆਪਣਾ ਬੇਨਤੀ ਪੱਤਰ ਭੇਜ ਦਿੱਤਾ। ਕੁੱਝ ਦਿਨਾਂ ਬਾਅਦ ਇੰਟਰਵਿਊ ਹੋਈ ਅਤੇ ਮੈਂ ਚੁਣਿਆ ਗਿਆ ਸਾਂ। ਮੈਂ ਇਕ ਰੋਜ਼ਾਨਾ ਅਖ਼ਬਾਰ ਦਾ ਸੰਪਾਦਕ ਬਣਕੇ ਖੁਸ਼ ਸਾਂ। ਮੈਂ ਇਹ ਖੁਸ਼ਖਬਰੀ ਲੈ ਕੇ ਆਪਣੇ ਪੁਰਾਣੇ ਅਧਿਆਪਕ ਪ੍ਰੋ. ਮਹਿੰਦਰ ਸਿੰਘ ਚੀਮਾ ਕੋਲ ਸਰਕਾਰੀ ਕਾਲਜ ਲੁਧਿਆਣਾ ਵਿਖੇ ਗਿਆ। ਜਦੋਂ ਮੈਂ ਐਮ.ਏ. ਪੰਜਾਬੀ ਕਰਦਾ ਹੁੰਦਾ ਸੀ ਉਹ ਮੇਰੇ ਅਧਿਆਪਕ ਸਨ। ‘‘ਸਰ ਇਕ ਖੁਸ਼ਖਬਰੀ ਸੁਣਾਉਣੀ ਹੈ, ਮੈਂ ਰੋਜ਼ਾਨਾ ਅਖ਼ਬਾਰ ਦਾ ਸੰਪਾਦਕ ਬਣ ਗਿਆ ਹਾਂ’’ ਮੈਂ ਉਨ੍ਹਾਂ ਨੂੰ ਦੱਸਿਆ।
‘‘ਵਾਹ, ਬਈ ਵਾਹ, ਇਹ ਤਾਂ ਸੱਚਮੁੱਚ ਖੁਸ਼ੀ ਦੀ ਗੱਲ ਹੈ’’ ਉਨ੍ਹਾਂ ਕਿਹਾ। ‘‘ਕਿਹੜਾ ਅਖ਼ਬਾਰ ਹੈ ਅਤੇ ਕਿੰਨੇ ਪੈਸੇ ਦੇਣਗੇ?’’ ਉਨ੍ਹਾਂ ਫਿਰ ਪੁਛਿਆ। ਮੈਂ ਅਖ਼ਬਾਰ ਦਾ ਨਾਮ ਤੇ ਤਨਖਾਹ ਦੱਸੀ ਤੇ ਇਹ ਵੀ ਕਿਹਾ ਕਿ ਉਹ ਮੇਰਾ ਨਾਂ ਅਖ਼ਬਾਰ ਦੇ ਮੁੱਖ ਪੰਨੇ ’ਤੇ ਛਾਪਿਆ ਕਰਨਗੇ। ‘‘ਅੱਛਾ’’, ਪਰ ਅਖ਼ਬਾਰ ਦਾ ਨਾਮ ਸੁਣਕੇ ਚੀਮਾ ਸਾਹਿਬ ਦੇ ਚਿਹਰੇ ਤੋਂ ਪਹਿਲਾਂ ਵਾਲੀ ਖੁਸ਼ੀ ਅਤੇ ਉਤਸ਼ਾਹ ਗਾਇਬ ਸੀ। ਸ਼ਾਇਦ ਉਹ ਅਖ਼ਬਾਰ ਤੇ ਅਖ਼ਬਾਰ ਦੇ ਮਾਲਕ ਦੀਆਂ ਸਰਗਰਮੀਆਂ ਤੋਂ ਚੰਗੀ ਤਰ੍ਹਾਂ ਜਾਣੂ ਸਨ।
‘‘ਚਲ ਚਾਹ ਪੀਂਦੇ ਆਂ, ਨਾਲੇ ਮੈਂ ਤੈਨੂੰ ਇਕ ਗੱਲ ਵੀ ਸੁਣਾਉਣੀ ਐ।’’ ਉਹ ਮੈਨੂੰ ਕਾਲਜ ਦੀ ਕੰਟੀਨ ਵੱਲ ਲਿਜਾਂਦੇ ਹੋਏ ਕਹਿਣ ਲੱਗੇ। ‘‘ਮੇਰਾ ਇਕ ਵਿਦਿਆਰਥੀ ਸੀ ਤੇਰੇ ਵਰਗਾ। ਪੜ੍ਹਣ ਵਿੱਚ ਵੀ ਚੰਗਾ ਸੀ ਅਤੇ ਖੇਡਾਂ ਵਿੱਚ ਵੀ। ਨਾਲੇ ਨਾਟਕ ਵਿੱਚ ਵੱਡੇ ਰੋਲ ਕਰ ਲੈਂਦਾ ਸੀ। ਅਚਾਨਕ ਉਸ ਉਤੇ ਫਿਲਮੀ ਐਕਟਰ ਬਣਨ ਦਾ ਭੂਤ ਸਵਾਰ ਹੋ ਗਿਆ। ਪੜ੍ਹਾਈ ਵਿਚੇ ਛੱਡਕੇ ਬੰਬਈ ਚਲਿਆ ਗਿਆ। ਚੇਤਨ ਅਨੰਦ ਅਤੇ ਦੇਵਾ ਅਨੰਦ ਉਸਦੇ ਦੂਰੋਂ ਨੇੜਿਉਂ ਰਿਸ਼ਤੇਦਾਰ ਸਨ। ਉਸ ਨੇ ਜਾ ਕੇ ਚੇਤਨਾ ਅਨੰਦ ਦੇ ਘਰ ਡੇਰੇ ਲਾ ਲਏ। ਚੇਤਨਾ ਅਨੰਦ ਨੇ ਸੋਚਿਆ ਕਿ ਮੁੰਡਾ ਬੰਬਈ ਵੇਖਣ ਆਇਐ। ਉਸ ਨੇ ਉਸ ਮੁੰਡੇ ਦੀ ਖੂਬ ਸੇਵਾ ਕੀਤੀ ਅਤੇ ਬੰਬਈ ਦੀ ਸੈਰ ਕਰਵਾਈ। ਫਿਲਮ ਨਗਰੀ ਵਿੱਚ ਕਈ ਵੱਡੇ-ਵੱਡੇ ਐਕਟਰਾਂ ਨੂੰ ਮਿਲਾਇਆ ਵੀ। ‘‘ਮੈਂ ਵੀ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ ਹਾਂ’’ ਇਕ ਦਿਨ ਉਸ ਨੇ ਚੇਤਨਾ ਆਨੰਦ ਅੱਗੇ ਆਪਣਾ ਮਨ ਫਰੋਲ ਦਿੱਤਾ। ਉਸ ਨੂੰ ਆਪਣੀ ਜਿੱਦ ’ਤੇ ਅੜੇ ਦੇਖਕੇ ਇਕ ਦਿਨ ਚੇਤਨਾ ਅਨੰਦ ਉਸ ਨੂੰ ਕਹਿਣ ਲੱਗੇ ਅਗਲੇ ਹਫਤੇ ਤੈਨੂੰ ਇਕ ਫਿਲਮ ਵਿੱਚ ਕੰਮ ਦਿਆਂਗੇ।
ਮੁੰਡਾ ਬਹੁਤ ਖੁਸ਼ ਸੀ। ਚੇਤਨਾ ਆਨੰਦ ਮੁੰਡੇ ਨੂੰ ਕਹਿਣ ਲੱਗਾ, ‘‘ਕੰਮ ਤੈਨੂੰ ਦੇ ਰਹੇ ਹਾਂ ਪਰ ਇਕ ਗੱਲ ਯਾਦ ਰੱਖੀਂ, ਇਹ ਫਿਲਮ ਨਗਰੀ ਹੈ। ਇਥੇ ਜੇ ਤੂੰ ਇਕ ਵਾਰ ਨੇਜ਼ਾ ਫੜਕੇ ਦਰਬਾਰੀ ਬਣ ਗਿਆ ਤਾਂ ਸਾਰੀ ਉਮਰ ਦਰਬਾਰੀ ਹੀ ਰਹੇਂਗਾ। ਜੇ ਜ਼ਿੰਦਗੀ ਵਿੱਚ ਕੋਈ ਵੱਡਾ ਕੰਮ ਕਰਨਾ ਹੈ ਤਾਂ ਵੱਡਾ ਸੋਚਣਾ ਜ਼ਰੂਰੀ ਹੈ। ਜੇ ਸਾਰੀ ਉਮਰ ਦਰਬਾਰੀ ਹੀ ਬਣਕੇ ਰਹਿਣਾ ਹੈ ਤਾਂ ਤੇਰੀ ਮਰਜ਼ੀ ਹੈ।’’ ਚੇਤਨਾ ਅਨੰਦ ਨੇ ਮੁੰਡੇ ਨੂੰ ਸੁਚੇਤ ਕਰ ਦਿੱਤਾ ਸੀ। ‘‘ਸਰ, ਮੈਂ ਤੁਹਾਡੀ ਗੱਲ ਸਮਝ ਗਿਆ ਹਾਂ, ਮੈਂ ਨਹੀਂ ਕਰਦਾ ਹੁਣ ਇਸ ਅਖ਼ਬਾਰ ਵਿੱਚ ਨੌਕਰੀ। ਵੇਲੇ ਸਿਰ ਸੁਚੇਤ ਕਰਨ ਲਈ ਧੰਨਵਾਦ’’ ਮੈਂ ਪ੍ਰੋ. ਚੀਮਾ ਦਾ ਧੰਨਵਾਦ ਕੀਤਾ ਅਤੇ ਆਪਣੀ ਜ਼ਿੰਦਗੀ ਦੀ ਪਹਿਲੀ ਨੌਕਰੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਲਵਿਦਾ ਕਹਿ ਦਿੱਤਾ।
ਅੱਜ ਜਦੋਂ ਮੇਰੇ ਵਿਦਿਆਰਥੀ ਨੇ ਮੈਨੂੰ ਆਪਣੀ ਅਖ਼ਬਾਰ ਨੌਕਰੀ ਬਾਰੇ ਦੱਸਿਆ ਤਾਂ ਉਸ ਨੂੰ ਮੈਂ ਪ੍ਰੋ. ਚੀਮਾ ਵੱਲੋਂ ਸੁਣਾਈ ਗਈ ਕਹਾਣੀ ਦੁਹਰਾ ਦਿੱਤੀ ਅਤੇ ਨਾਲ ਹੀ ਪੰਜਾਬੀ ਸ਼ਾਇਰ ਨਵਤੇਜ ਭਾਰਤੀ ਦੀ ਕਵਿਤਾ ਦੀਆਂ ਆਹ ਤੁਕਾਂ ਵੀ ਸੁਣਾ ਦਿੱਤੀਆਂ:
‘‘ਅਸੀਂ ਤਾਂ ਚੁਰਸਤੇ ’ਚ
ਦੀਵਾ ਜਗ੍ਹਾ ਦਿੱਤਾ ਹੈ
ਦੀਵੇ ਦਾ ਕੰਮ ਹੈ ਰੌਸ਼ਨੀ ਦੇਣਾ
ਰਾਹ ਦੱਸਣਾ ਨਹੀਂ।

WRITTEN BY