ਚੋਣ ਕਮਿਸ਼ਨ ਵੱਲੋਂ ਦਾਗੀ ਨੇਤਾਵਾਂ ਦੇ ਚੋਣ ਲੜਣ ’ਤੇ ਪਾਬੰਦੀ ਦੀ ਮੰਗ
ਨਵੀਂ ਦਿੱਲੀ, 1 ਨਵੰਬਰ- ਦਾਗੀ ਨੇਤਾਵਾਂ ਦੇ ਚੋਣ ਲੜਣ ’ਤੇ ਰੋਕ ਲਾਉਣ ਸਬੰਧੀ ਇੱਕ ਅਰਜ਼ੀ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਦਾਗੀ ਨੇਤਾਵਾਂ ਅਤੇ ਅਧਿਕਾਰੀਆਂ ਖਿਲਾਫ ਪੈਂਡਿੰਗ ਕੇਸ ਦੇ ਜਲਦ ਨਿਪਟਾਰੇ ਲਈ ਕੇਂਦਰ ਸਰਕਾਰ ਨੂੰ ਵਿਸ਼ੇਸ਼ ਅਦਾਲਤਾਂ ਕਾਇਮ ਕਰਨ ਦੇ ਹੁਕਮ ਦਿੱਤੇ ਹਨ। ਇਹ ਅਦਾਲਤਾਂ ਫਾਸਟ ਟ੍ਰੈਕ ਕੋਰਟ ਦੀ ਤਰਜ਼ ’ਤੇ ਕੰਮ ਕਰਨਗੀਆਂ। ਇਸ ਅਰਜ਼ੀ ਦੀ ਸੁਣਵਾਈ ਦੌਰਾਨ ਚੋਣ ਕਮਿਸ਼ਨ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਅਪਰਾਧਕ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਵਾਲੇ ਸੰਸਦ ਮੈਂਬਰ ਅਤੇ ਵਿਧਾਇਕਾਂ ਦੇ ਉਮਰ ਭਰ ਲਈ ਚੋਣ ਲੜਣ ’ਤੇ ਰੋਕ ਲਗਾਈ ਜਾਣੀ ਚਾਹੀਦੀ ਹੈ। ਅਦਾਲਤ ਵਿੱਚ ਇਹ ਬਟੀਸ਼ਨ ਭਾਜਪਾ ਨੇਤਾ ਅਸ਼ਵਨੀ ਉਪਾਧਿਆ ਨੇ ਪਾਈ ਸੀ। ਇਸ ਕੇਸ ਦੀ ਬੁੱਧਵਾਰ ਨੂੰ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਵਕੀਲ ਨੇ ਇਹ ਪੱਖ ਰੱਖਿਆ ਹੈ ਕਿ ਦੋਸ਼ੀ ਨੇਤਾਵਾਂ ਦੇ ਚੋਣ ਲੜਣ ’ਤੇ ਰੋਕ ਸਬੰਧੀ ਚੋਣ ਕਮਿਸ਼ਨ ਅਤੇ ਲਾਅ ਕਮਿਸ਼ਨ ਦੇ ਸੁਝਾਅ ਉਪਰ ਸਰਕਾਰ ਵਿਚਾਰ ਕਰ ਰਹੀ ਹੈ। ਅਦਾਲਤ ਨੇ ਸਰਕਾਰ ਤੋਂ ਪੁੱਛਿਆ ਕਿ 2014 ਦੇ ਅੰਕੜਿਆਂ ਮੁਤਾਬਿਕ 1581 ਵਿਧਾਇਕਾਂ ਅਤੇ ਸੰਸਦ ਮੈਂਬਰਾਂ ’ਤੇ ਅਪਰਾਧਕ ਕੇਸ ਚੱਲ ਰਹੇ ਹਨ। ਹੁਣ ਤੱਕ ਕਿੰਨੇ ਕੇਸਾਂ ਵਿੱਚ ਸਜ਼ਾ ਹੋਈ ਹੈ ਅਦਾਲਤ ਨੇ 2014 ਤੋਂ 2017 ਦੇ ਵਿਚਕਾਰ ਨੇਤਾਵਾਂ ਖਿਲਾਫ ਦਰਜ ਕੇਸਾਂ ਦੀ ਜਾਣਕਾਰੀ ਵੀ ਮੰਗੀ ਹੈ।



