ਗ਼ਦਰ ਪਾਰਟੀ ਦੇ ਲਾਸਾਨੀ ਯੋਧਿਆਂ ਦੀ ਯਾਦ ’ਚ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ 1992 ਵਿੱਚ ਸ਼ੁਰੂ ਕੀਤਾ ‘ਮੇਲਾ ਗ਼ਦਰੀ ਬਾਬਿਆਂ ਦਾ’ ਅੱਜ ਆਪਣੇ 26ਵੇਂ ਪੜਾਅ ’ਤੇ ਹੈ। ਏਸ ਵਾਰ ਮੇਲਾ ਮਹਾਨ ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰ੍ਹੇ ਗੰਢ ਨੂੰ ਸਮਰਪਤ ਹੈ। ਹਰ ਸਾਲ ਮੇਲਾ ਗ਼ਦਰ ਲਹਿਰ ਦੇ ਸ਼ਹੀਦਾਂ ਨੂੰ ਸਮਰਪਤ ਅਤੇ ਫੇਰ ਗ਼ਦਰ ਪਾਰਟੀ ਅਤੇ ਇਸ ਅਗੇ ਚੱਲੀਆਂ ਲਹਿਰਾਂ: ਕਿਰਤੀ ਪਾਰਟੀ, ਨੌਜਵਾਨ ਭਾਰਤ ਸਭਾ, ਬੱਬਰ ਅਕਾਲੀ ਲਹਿਰ ਅਤੇ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਨੂੰ ਸਮਰਪਤ ਰਿਹਾ। ਫੇਰ ਦੌਰ ਸ਼ੁਰੂ ਹੋਇਆ ਏਸ ਲਹਿਰ ਦੀਆਂ ਸ਼ਤਾਬਦੀਆਂ ਦਾ 2013 ਦਾ ਮੇਲਾ ਗ਼ਦਰ ਪਾਰਟੀ ਦੀ ਸ਼ਤਾਬਦੀ ਨੂੰ ਅਗਲੇ ਸਾਲ ਕਾਮਾਗਾਟਾ ਮਾਰੂ ਸ਼ਤਾਬਦੀ ਅਤੇ ਫੇਰ ਗ਼ਦਰ ਲਹਿਰ ਦੀਆਂ ਸ਼ਹਾਦਤਾਂ ਨੂੰ ਸਮਰਪਤ ਰਿਹਾ। ਇਨ੍ਹਾਂ ਪੰਝੀ ਸਾਲਾਂ ਦੌਰਾਨ ਮੇਲਾ ਜਿਥੇ ਦੇਸ਼ ਭਗਤ ਯਾਦਗਾਰ ਹਾਲ ਅੰਦਰ ਗ਼ਦਰ ਪਾਰਟੀ ਦੇ ਸੁਨੇਹੇ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦਾ ਸਬੱਬ ਬਣਿਆ ਹੈ, ਉਥੇ ਪੰਜਾਬ ਭਰ ਦੇ ਸਾਰੇ ਗ਼ਦਰੀ ਸ਼ਹੀਦਾਂ ਦੇ ਪਿੰਡਾਂ ਵਿਚ ਵੀ ਉਨ੍ਹਾਂ ਦੀ ਯਾਦ ਵਿਚ ‘‘ਮੇਲਾ ਗ਼ਦਰੀ ਬਾਬਿਆਂ ਦਾ’’ ਦੇ ਨਾਂਅ ’ਤੇ ਆਮ ਲੋਕਾਂ ਦੇ ਮੇਲਿਆਂ ਦੀ ਪੰ੍ਰਪਰਾਂ ਸ਼ੁਰੂ ਹੋਈ ਹੈ ਤੇ ਇਹ ਸਿਲਸਿਲਾ ਕਨੇਡਾ, ਅਮਰੀਕਾ ਵਿਚ ਜਾਰੀ ਹੈ, ਜਿਥੋਂ ਗ਼ਦਰ ਪਾਰਟੀ ਦਾ ਮੁੱਢ ਬੱਝਿਆ ਸੀ।
‘‘ਮੇਲਾ ਗ਼ਦਰੀ ਬਾਬਿਆਂ ਦਾ’’ ਅਤੀਤ ਦੀ ਬੁੱਕਲ ’ਚ ਸੁਲਘਦੇ, ਧੁਖ਼ਦੇ ਇਤਿਹਾਸ ਦੀ ਦਹਿਕਦੀ ਗਾਥਾ ਹੈ ਓਥੇ ਇਹ ਸਥਾਪਤੀ ਵਲੋਂ ਸੋਚ ਸਮਝ ਕੇ ਭੁਲਾਏ ਗਏ ਇਨਕਲਾਬੀ ਕੌਮੀ ਪਰਵਾਨਿਆਂ ਨੂੰ ਯਾਦ ਕਰਨ ਅਤੇ ਉਨ੍ਹਾਂ ਦੀ ਅਥਾਹ ਦੇਣ ਨੂੰ ਬੁ¦ਦ ਕਰਨ ਦਾ ਮੇਲਾ ਹੈ। ਇਹ ਮੇਲਾ ਵਰਤਮਾਨ ਅਤੇ ਭਵਿੱਖ ਦੀਆਂ ਮੂੰਹ ਅੱਡੀ ਖੜ੍ਹੀਆਂ ਅਨੇਕਾਂ ਹੀ ਚੁਣੌਤੀਆਂ ਨਾਲ ਅੱਖ ਮੇਲਣ ਦੀ ਜਾਂਚ ਸਿਖਾਉਣ ਦਾ, ਚੁਫ਼ੇਰੇ ਫੈਲੀ ਧੁੰਦ ਨੂੰ ¦ਗਾਰ ਕਰਨ ਵਾਲੀਆਂ ਰਿਸ਼ਮਾਂ ਦੀ ਲੱਪ ਸੁੱਟਣ ਦਾ ਮੇਲਾ ਹੈ। ਇਹ ਐਸਾ ਹੈ ਮੇਲਾ, ਜਿਥੇ ਨਾ ਲੱਗੇ ਪੈਸਾ, ਨਾ ਲੱਗੇ ਧੇਲਾ। ਜਦੋਂ ਤੁਸੀਂ ਇਸ ਦਾ ਆਨੰਦ ਮਾਣਦੋ ਹੋ, ਤਾਜ਼ਗੀ ਮਹਿਸੂਸ ਕਰਦੇ ਹੋ। ਸਮਾਜ ਵਾਸਤੇ ਕੁਝ ਕਰਨ ਲਈ ਨਵੀਆਂ ਨਰੋਈਆਂ ਉਤਸ਼ਾਹੀ ਤਰੰਗਾਂ ਦਾ ਅਹਿਸਾਸ ਕਰਦੇ ਹੋ। ਆਪਣੇ ਪੁਰਖ਼ਿਆਂ ਦੀਆਂ ਪਾਈਆਂ ਪੈੜਾਂ ਉਪਰ ਗੌਰਵ ਵੀ ਮਹਿਸੂਸ ਕਰਦੇ ਹੋ ਅਤੇ ਇਨ੍ਹਾਂ ਉਪਰ ਚੱਲਦਿਆਂ ਅੱਗੇ ਵਧਣ ਦੀ ਚੇਸ਼ਟਾ ਵੀ ਜਾਗਦੀ ਹੈ। ਇਹ ਮੇਲਾ ਕੋਈ ਰਸਮੀ ਪੂਜਾ ਦਾ ਤਿਉਹਾਰ ਨਹੀਂ। ਨਾ ਹੀ ਕਿਸੇ ਵੱਡੇ ਇਕੱਠ ਕਰਨ ਦੀ ਐਵੇਂ ਸ਼ੇਖੀ ਮਾਰਨ ਦੀ ਦੌੜ ਦਾ ਇਜ਼ਹਾਰ ਹੈ। ਮੇਲਾ, ਸਥਾਪਤੀ ਦੀ ਛਤਰ-ਛਾਇਆ, ਦਖ਼ਲ-ਅੰਦਾਜ਼ੀ ਤੋਂ ਪੂਰੀ ਤਰ੍ਹਾਂ ਮੁਕਤ ਹੈ। ਮੇਲਾ ਹਰ ਵੰਨਗੀ ਦੇ ਮੂਲਵਾਦੀ, ਫ਼ਿਰਕੂ, ਲੋਕ-ਦੋਖੀ ਹਾਕਮ ਧੜਿਆਂ ਦੇ ਪ੍ਰੇਤ-ਛਾਏ ਤੋਂ ਵੀ ਲੋਕਾਂ ਨੂੰ ਸੁਚੇਤ ਕਰਦਾ ਹੈ। ਹਰ ਵੰਨਗੀ ਦਾ ਦੇਸੀ-ਵਿਦੇਸ਼ੀ, ਲੁੱਟ-ਦਾਬੇ, ਜਾਤਪ੍ਰਸਤੀ, ਅਨਿਆਂ, ਵਿਤਕਰੇਬਾਜ਼ੀ, ਔਰਤਾਂ ਨਾਲ ਵਿਤਕਰੇਬਾਜ਼ੀ, ਧੱਕੇਸ਼ਾਹੀ, ਜ਼ਬਰ ਸਿਤਮ ਤੋਂ ਪੀੜਤ ਲੋਕਾਂ ਦੀ ਆਵਾਜ਼ ਬਣਦਾ ਹੈ। ਸਮਾਜ ਅੰਦਰ ਫੈਲੇ ਨਸ਼ਿਆਂ ਦੇ ਕੋਹੜ ਦਾ ਸ਼ਿਕਾਰ ਹੋਈ, ਕੰਧੀਂ ਕੌਲੀਂ ਟੱਕਰਾਂ ਮਾਰਦੀ ਭਟਕੀ ਜੁਆਨੀ ਨੂੰ ਰੋਸ਼ਨੀ ਦਿੰਦਾ ਹੈ, ਇਹ ਮੇਲਾ। ਇਹ ਮੇਲਾ ਵੰਗਾਰਮਈ ਹੋਕਾ ਹੈ, ਗ਼ਦਰੀ ਲਹਿਰ ਦੇ ਵਾਰਸਾਂ ਨੂੰ ਜਾਗਣ ਦਾ। ਵੇਲੇ ਦੀ ਨਜ਼ਾਕਤ ਨੂੰ ਸਮਝਦਿਆਂ ਸਮਾਜ ਉਪਰ ਬੋਲੇ ਚੌਤਰਫ਼ੇ ਆਰਥਕ, ਰਾਜਨੀਤਕ, ਸਮਾਜਕ, ਸੱਭਿਆਚਾਰਕ ਅਤੇ ਜ਼ਿਹਨੀ ਗੁਲਾਮੀ ਦੇ ਖਿਲਾਫ਼ ਇਨਕਲਾਬੀ ਚੇਤਨਾ ਦੀ ਆਵਾਜ਼ ਬੁ¦ਦ ਕਰਨ ਦਾ। ਮੇਲੇ ’ਚ ਹੁੰਦੀਆਂ ਤਕਰੀਰਾਂ, ਬਹੁ-ਵੰਨਗੀ ਕਲਾ ਕਿਰਤਾਂ ਦੀਆਂ ਪੇਸ਼ਕਾਰੀਆਂ, ਝੰਡੇ, ਮਾਟੋ, ਬੈਨਰ, ਜਾਗੋ, ਕਵੀ ਦਰਬਾਰ, ਸੰਗੀਤ, ਨਾਟਕ ਆਦਿ ਜੋ ਕੁਝ ਵੀ ਲੋਕ ਦੇਖਦੇ, ਸੁਣਦੇ, ਮਹਿਸੂਸ ਕਰਦੇ ਹਨ, ਸਮੁੱਚਾ ਮਾਹੌਲ ਹੀ ਅਜੇਹਾ ਸਿਰਜਿਆ ਜਾਂਦਾ ਹੈ ਜਿਹੜਾ ਸਰੂਰ ਦਿੰਦਾ ਹੈ। ਸਾਨੂੰ ਹਾਕਾਂ ਮਾਰਕੇ ਇਹ ਮੋੜਦਾ ਹੈ, ਔਝੜੇ ਰਾਹਾਂ ਤੋਂ। ਸਾਨੂੰ ਆਪਣੇ ਵਿਰਸੇ ਦੀ ਸਾਂਭ ਸੰਭਾਲ ਕਰਨ ਅਤੇ ਇਸ ਤੋਂ ਮਰ ਮਿਟਣ ਦੀ ਪ੍ਰੇਰਨਾ ਮਿਲਦੀ ਹੈ।
ਮੇਲਾ ਗ਼ਦਰੀ ਇਤਿਹਾਸ ਦੇ ਅਨੇਕਾਂ ਅਣਫੋਲੇ ਵਰਕੇ ਸਾਡੀਆਂ ਰੂਹਾਂ, ਸਾਡੀਆਂ ਪਲਕਾਂ ਅੱਗੇ ਲੈ ਕੇ ਆਇਆ ਹੈ। ਮੇਲੇ ਨੇ ਗ਼ਦਰ ਲਹਿਰ ਦੇ ਉਦੇਸ਼ਾਂ ਨੂੰ ਉਘਾੜਨ, ਉਚਿਆਉਣ, ਇਹਨਾਂ ’ਤੇ ਪਹਿਰੇਦਾਰੀ ਕਰਨ ਦਾ ਸੱਦਾ ਦਿੱਤਾ ਹੈ। ਮੇਲੇ ਨੇ ਗ਼ਦਰ ਲਹਿਰ ਦੇ ਅਨੇਕਾਂ ਪੱਖਾਂ ਦੀ ਅਜੋਕੇ ਸਮੇਂ ’ਚ ਪ੍ਰਸੰਗਕਤਾ ਨੂੰ ਉਭਾਰਿਆ ਹੈ। ਮੇਲੇ ਨੇ ਸਾਫ਼ ਅਤੇ ਸਪੱਸ਼ਟ ਤੌਰ ’ਤੇ ਗ਼ਦਰੀ ਸ਼ਹੀਦਾਂ ਅਤੇ ਕੌਮੀ ਮੁਕਤੀ ਲਹਿਰ ਦੇ ਅਮੁੱਲੇ ਅਧਿਆਇ ਨੂੰ ਇਤਿਹਾਸ ਦੇ ਸੁਨਹਿਰੇ ਪੰਨੇ ਸਾਬਤ ਕਰਨ ਦੀ ਭੂਮਿਕਾ ਅਦਾ ਕੀਤੀ ਹੈ ਜਿਸ ਨੂੰ ਕਿ ਸੋਚੇ ਸਮਝੇ ਤੌਰ ’ਤੇ ਅਜੋਕੇ ਪ੍ਰਬੰਧ-ਮੁਖੀ ਤਾਕਤਾਂ ਅੱਖੋਂ-ਪਰੋਖੇ ਕਰਦੀਆਂ ਆ ਰਹੀਆਂ ਹਨ।
ਮੇਲਾ ਇੱਕ ਉਦਮ ਹੈ, ਅਜਿਹੀ ਜੜ੍ਹਤ ’ਚ ਫਸੇ ਵਿਚਾਰਾਂ/ਸੰਕਲਪਾਂ ਨੂੰ ਸਹੀ ਮਾਰਗ ਦੇਣ ਦਾ। ਹਾਲਾਤ ਕਦਮ ਕਦਮ ਬਦਲ ਭਾਲਦੇ ਹਨ। ਗੱਲੀਂ ਬਾਤੀਂ ਨਹੀਂ, ਠੋਸ ਅਮਲ ਅਤੇ ਨਮੂਨੇਦਾਰ ਅਗਵਾਈ ਦੀ ਲੋੜ ਆਵਾਜ਼ਾਂ ਮਾਰ ਰਹੀ ਹੈ। ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ: –
‘‘ਜਦੋਂ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਿਕੰਜੇ ਵਿੱਚ ਜਕੜ ਲੈਂਦੀ ਹੈ, ਕਿਸੇ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਚਾਉਂਦੇ ਹਨ, ਬਸ ਇਸ ਜਮੂਦ ਅਤੇ ਬੇਹਰਕਤੀ ਨੂੰ ਤੋੜਨ ਦੀ ਖਾਤਰ ਇੱਕ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇੱਕ ਗਿਰਾਵਟ, ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ। ਗੁੰਮਰਾਹ ਕਰਨ ਵਾਲੀਆਂ, ਗੈਰ ਤਰੱਕੀ ਪਸੰਦ ਤਾਕਤਾਂ ਲੋਕਾਂ ਨੂੰ ਗਲਤ ਰਾਹ ’ਤੇ ਲੈ ਜਾਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ, ਜਿਸ ਨਾਲ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਅਤੇ ਉਸ ਵਿੱਚ ਖੜੋਤ ਆ ਜਾਂਦੀ ਹੈ। ਇਸ ਹਾਲਤ ਨੂੰ ਬਦਲਣ ਲਈ ਜ਼ਰੂਰੀ ਹੈ ਕਿ ਇਨਕਲਾਬੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿੱਚ ਇਕ ਹਰਕਤ ਪੈਦਾ ਹੋ ਜਾਵੇ।’’
ਦੇਸ਼ ਭਗਤ ਯਾਦਗਾਰ ਕਮੇਟੀ ਕਿਉਂਕਿ ਕੋਈ ਸਿਆਸੀ ਪਾਰਟੀ ਨਹੀਂ। ਇਸ ਕਰਕੇ ਇਸਨੂੰ ਆਪਣੇ ਰੋਲ ਅਤੇ ਕਾਰਜ਼ ਖੇਤਰ ਬਾਰੇ ਕੋਈ ਭੁਲੇਖਾ ਨਹੀਂ ਕਿ ਸਾਡਾ ਰੋਲ ਪਾਰਟੀਆਂ ਦੇ ਮੁਕਾਬਲੇ ਸੀਮਤ ਹੱਦ ਤੱਕ ਹੀ ਹੋ ਸਕਦਾ ਹੈ। ਇਸਦਾ ਸੋਚ-ਆਧਾਰ ਅਤੇ ਮਾਰਗ-ਦਰਸ਼ਕ ਗ਼ਦਰ ਪਾਰਟੀ ਅਤੇ ਕਮੇਟੀ ਦਾ ਐਲਾਨਨਾਮਾ/ਵਿਧਾਨ ਹੈ। ਮੇਲਾ ਸਾਡਾ ਕੁੱਲ ਵਰ੍ਹੇ ਦੇ ਕੰਮਾਂ ਦੀ ਸਿਖਰ ਦੀ ਸਰਗਰਮੀ ਹੈ। ਸਾਲ ਦੇ ਅਰਸੇ ਦੌਰਾਨ ਵੀ ਕੁੱਝ ਨਾ ਕੁੱਝ ਕਰਨ ਲਈ ਯਤਨਸ਼ੀਲ ਰਹਿੰਦੇ ਹਾਂ।
ਇਸ ਮੇਲੇ ਨੇ ਇਕ ਹੋਰ ਸੁਲੱਖਣੇ ਵਰਤਾਰੇ ਨੂੰ ਨਵੀਂ ਤਾਕਤ ਅਤੇ ਵੇਗ ਦੇਣ ਦਾ ਕੰਮ ਕੀਤਾ ਹੈ। ਗ਼ਦਰੀਆਂ/ਦੇਸ਼ ਭਗਤਾਂ ਦੇ ਪਿੰਡਾਂ ’ਚ ਮੇਲੇ ਲੱਗਣ ਲੱਗੇ ਹਨ। ਇਹਨਾਂ ਮੇਲਿਆਂ ਨੇ ਇਕ ਦੂਜੇ ਦਾ ਸਹਿਯੋਗ ਕਰਨ ਲਈ ਹੱਥ ਵਧਾਇਆ ਹੈ। ਇਹ ਸਿਹਤਮੰਦ, ਅਗਾਂਹ-ਵਧੂ, ਲੋਕ-ਪੱਖੀ ਸਭਿਆਚਾਰਕ ਲਹਿਰ ਵੱਲ ਪੁਲਾਂਘਾਂ ਦਾ ਸੰਕੇਤ ਹੈ। ਇਹ ਨਵੇਂ ਯੁੱਗ ਦਾ ਮਸ਼ਾਲਚੀ ਹੈ। ਇਹ ਰਵਾਇਤੀ ਅਤੇ ਸਥਾਪਤੀ ਦੀ ਛਤਰ ਛਾਇਆ ਵਾਲੇ ਸਮਾਗਮਾਂ ਨਾਲੋਂ ਨਿਖੇੜੇ ਦੀ ਲਕੀਰ ਖਿੱਚਦਾ ਆਪਣੀ ਕਿਸਮ ਦਾ ਸਭਿਆਚਾਰਕ ਉਤਸਵ ਹੈ ਜਿਸ ਦੀਆਂ ਕਲਾ/ਕਿਰਤਾਂ ’ਚ ਗ਼ਦਰੀਆਂ ਦੇ ਸੁਪਨੇ ਧੜਕਦੇ ਹਨ। ਮੇਲੇ ਦੀ ਸਫ਼ਲਤਾ ਦਾ ਪ੍ਰਮਾਣ ਇਹ ਵੀ ਹੈ ਕਿ ਜਿਹੜੇ ਕਈ ਪ੍ਰਦੇਸ਼ ਵਸਦੇ ਪਰਿਵਾਰ ਭਾਵੇਂ ਸਾਕ-ਸਬੰਧੀਆਂ ਪਰਿਵਾਰ ਮੈਂਬਰਾਂ ਦੇ ਵਿਆਹ ਜਾਂ ਹੋਰ ਮੌਕਿਆਂ ਤੇ ਨਹੀਂ ਵੀ ਆ ਸਕਦੇ ਪਰ ਉਹ ਮੇਲੇ ਦੀਆਂ ਤਾਰੀਖਾਂ ਆਪਣੇ ਮਨ ਦੀ ਡਾਇਰੀ ਤੇ ਰਾਖਵੀਆਂ ਰੱਖਦੇ ਹਨ। ਜ਼ਿਕਰਯੋਗ ਹੈ ਕਿ 26ਵਾਂ ਮੇਲਾ, ਸਾਡੇ ਸੂਬੇ, ਮੁਲਕ ਅਤੇ ਕੌਮਾਂਤਰੀ ਮੰਚ ਤੇ ਉਭਰੇ ਸੁਆਲਾਂ ਨੂੰ ਵੱਖ-ਵੱਖ ਮੁਕਾਬਲਾ-ਵੰਨਗੀਆਂ, ਵਿਚਾਰ-ਚਰਚਾ, ਤਕਰੀਰਾਂ ਅਤੇ ਪੇਸ਼ ਕਲਾ ਕਿਰਤਾਂ ਦਾ ਉਭਰਵਾਂ ਹਿੱਸਾ ਬਣਾ ਰਿਹਾ ਹੈ। ¦ਗਰ ਦੀ ਇਸ ਵਾਰ ਜਨਤਕ ਹਿੱਸੇਦਾਰੀ ਦੀ ਪਰੰਪਰਾ ਆਪਣੇ ਆਪ ’ਚ ਮੇਲੇ ਦਾ ਹਾਸਲ ਹੈ।
ਆਜ਼ਾਦੀ ਸੰਗਰਾਮੀਆਂ ਅਤੇ ਲੋਕ ਮੁਕਤੀ ਲਈ ਆਪਾ ਵਾਰਨ ਵਾਲਿਆਂ ਦੇ ਸੁਪਨੇ ਸਾਕਾਰ ਕਰਨ ਲਈ ਇਹ ਮੇਲਾ ਗੱਜ ਵੱਜ ਕੇ ਐਲਾਨ ਕਰਦਾ ਹੈ ਕਿ:
ਅਮਰ ਸ਼ਹੀਦਾਂ ਦਾ ਪੈਗ਼ਾਮ
ਜਾਰੀ ਰੱਖਣਾ ਲੋਕ-ਸੰਗਰਾਮ।
ਅਮਰ ਸ਼ਹੀਦਾਂ ਦਾ ਪੈਗ਼ਾਮ, ਜਾਰੀ ਰੱਖਣਾ ਲੋਕ-ਸੰਗਰਾਮ



