ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਖੁੰਭਾਂ ਦੀ ਕਾਸ਼ਤ ਤੇ ਦੋ ਰੋਜਾ ਸਿਖਲਾਈ ਕੋਰਸ ਦੀ ਸਮਾਪਤੀ ਮੌਕੇ ਡਾ. ਸ਼ਮੀ ਕਪੂਰ, ਮੁਖੀ ਮਾਈਕ੍ਰੋਬਾਇਓਲੋਜੀ ਵਿਭਾਗ ਨੇ ਕਿਹਾ ਕਿ ਖੁੰਭਾਂ ਦੀ ਕਾਸ਼ਤ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਨਾਲ ਕਿਸਾਨਾਂ ਦੀ ਖੇਤੀ ਆਮਦਨ ਵਿਚ ਵਾਧਾ ਹੋਵੇਗਾ । ਖੁੰਭਾਂ ਦੀ ਕਾਸ਼ਤ ਨੂੰ ਲਾਹੇਵੰਦ ਸਹਾਇਕ ਧੰਦਾ ਦਸਦਿਆਂ ਉਹਨਾਂ ਨੇ ਜਿਥੇ ਸਿਖਿਆਰਥੀਆਂ ਨੂੰ ਪੰਜਾਬ ਵਿਚ ਵਿਚ ਖੁੰਭਾਂ ਦੇ ਉਤਪਾਦਨ ਬਾਰੇ ਭਰਪੂਰ ਚਾਣਨਾ ਪਾਇਆ ਉਥੇ ਵਧ ਤੋਂ ਵਧ ਕਿਸਾਨਾਂ ਨੂੰ ਅਜਿਹੇ ਸਹਾਇਕ ਧੰਦੇ ਅਪਨਾਉਣ ਦੀ ਅਪੀਲ ਵੀ ਕੀਤੀ ਤਾਂ ਜੋ ਪੰਜਾਬ ਨੂੰ ਖੁੰਭ ਉਤਪਾਦਨ ਪਖੋਂ ਮੋਹਰੀ ਸੂਬਾ ਬਣਾ ਕੇ ਆਰਥਿਕ ਪਖੋਂ ਇਸਦੀ ਖੁਸ਼ਹਾਲੀ ਨੂੰ ਬਰਕਰਾਰ ਰਖਿਆ ਜਾ ਸਕੇ । ਪਸਾਰ ਸਿਖਿਆ ਡਾਇਰੈਕਟੋਰੇਟ ਦੇ ਨਿਰਦੇਸ਼ਕ ਡਾ. ਅਸ਼ੋਕ ਕੁਮਾਰ ਦੀ ਅਗਵਾਈ ਹੇਠ ਲਗਾਏ ਇਸ ਕੋਰਸ ਵਿਚ ਬਾਗਬਾਨੀ ਵਿਕਾਸ ਅਫ਼ਸਰਾਂ ਜ਼ਿਲ•ਾ ਪਸਾਰ ਮਾਹਿਰਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਨੇ ਵਧ ਚੜ• ਕੇ ਭਾਗ ਲਿਆ। ਇਸ ਮੌਕੇ ਕੋਰਸ ਦੇ ਸੰਚਾਲਕ ਡਾ. ਟੀ ਐਸ ਰਿਆੜ ਨੇ ਸਿਖਿਆਰਥੀਆਂ ਨੂੰ ਖੁੰਭ ਉਤਪਾਦਨ ਇਸਦੇ ਪ੍ਰਬੰਧਨ ਅਤੇ ਮੰਡੀਕਰਨ ਬਾਰੇ ਜਾਣਕਾਰੀ ਦਿਤੀ । ਕੋਰਸ ਦੇ ਤਕਨੀਕੀ ਸੰਚਾਲਕ ਡਾ. ਐਚ ਐਸ ਸੋਢੀ ਨੇ ਝੋਨੇ ਦੀ ਪਰਾਲੀ ਤੇ ਢੀਂਗਰੀ ਖੁੰਭ ਦੀ ਕਾਸ਼ਤ ਬਾਰੇ ਦਸਿਆ । ਡਾ. ਕੁਲਵੀਰ ਕੌਰ, ਸਹਾਇਕ ਪ੍ਰੋਫੈਸਰ ਪਸਾਰ ਸਿਖਿਆ ਨੇ ਸਿਖਿਆਰਥੀਆਂ ਨੂੰ ਪੀਏਯੂ ਦੇ ਵਖੋ ਵਖ ਵਿਭਾਗਾਂ ਦਾ ਦੌਰਾ ਕਰਵਾਇਆ।
– ਪੰਜਾਬ ਟਾਇਮਜ਼ ਬਿਊਰੋ
ਪੀਏਯੂ ਵਿਖੇ ਖੁੰਭ ਉਤਪਾਦਨ ਦਾ ਦੋ ਰੋਜ਼ਾ ਸਿਖਲਾਈ ਕੋਰਸ ਸਮਾਪਤ



