ਚੰਡੀਗੜ੍ਹ- ਕੌਮਾਂਤਰੀ ਪ੍ਰੱਸਿਧੀ ਪ੍ਰਾਪਤ ਸ਼ਿਲਪਕਾਰ ਅਵਤਾਰਜੀਤ ਸਿੰਘ ਧੰਜਲ ਦੀ ਕਰਮ, ਕਿਰਤ ਅਤੇ ਕਲਾ ਨਾਮਕ ਆਡਿਉ-ਵਿਜ਼ੂਅਲ ਪੇਸ਼ਕਾਰੀ 31 ਅਕਤੂਬਰ ਨੂੰ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਪੰਜਾਬ ਲਲਿਤ ਕਲਾ ਅਕਾਮਦੀ ਵੱਲੋਂ ਸੋਭਾ ਸਿੰਘ ਮੈਮੋਰੀਅਲ ਚਿਤਰਕਾਰ ਸੋਸਾਇਟੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਸ਼ਾਮ 5 ਵਜੇ ਆਯੋਜਿਤ ਹੋਣ ਵਾਲੀ ਇਸ ਪੇਸ਼ਕਾਰੀ ਵਿਚ ਇੰਗਲੈਂਡ ਤੋਂ ਆਏ ਸ਼ਿਲਪਕਾਰ ਅਵਤਾਰਜੀਤ ਸਿੰਘ ਧੰਜਲ ਪੰਜਾਬ ਦੇ ਇਕ ਪਿੰਡ ਤੋਂ ਤਰਖਾਣੀ ਕੰਮ ਕਰਦੇ ਹੋਏ ਅਤੇ ਫੇਰ ਸੜਕਾਂ ਉਤੇ ਲੱਗੇ ਬੋਰਡਾਂ ਉਤੇ ਲਿਖਣ ਤੋਂ ਲੈ ਕੇ ਕੌਮਾਂਤਰੀ ਪ੍ਰੱਸਿਧੀ ਪ੍ਰਾਪਤ ਕਰਨ ਵਾਲੇ ਸ਼ਿਲਪਕਾਰ ਬਣਨ ਤੱਕ ਦੇ ਆਪਣੇ ਸਫ਼ਰ ਦਾ ਬਿਆਨ ਆਪਣੀਆਂ ਕਲਾਕ੍ਰਿਤਾਂ ਦੀ ਪੇਸ਼ਕਾਰੀ ਰਾਹੀਂ ਕਰਨਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ ਨੇ ਦੱਸਿਆ ਕਿ ਅਵਤਾਰਜੀਤ ਧੰਜਲ ਲੁਧਿਆਣਾ ਦੇ ਪਿੰਡ ਡੱਲਾ ਵਿਚ ਜਨਮੇ ਅਤੇ ਸ਼ੁਰੂਆਤ ਵਿਚ ਉਨ੍ਹਾਂ ਨੇ ਪਿੰਡ ਵਿਚ ਹੀ ਬਤੌਰ ਤਰਖਾਣ ਅਤੇ ਸੜਕਾਂ ਉਤੇ ਬੋਰਡ ਲਿਖਣ ਦਾ ਕੰਮ ਕੀਤਾ। ਉਨ੍ਹਾਂ ਦੇ ਅੰਦਰਲੀ ਕਲਾ ਉਨ੍ਹਾਂ ਨੂੰ ਚੰਡੀਗੜ੍ਹ ਦੇ ਸਕੂਲ ਆਫ਼ ਆਰਟ ਲੈ ਗਈ, ਜਿੱਥੋਂ ਉਨ੍ਹਾਂ ਕਲਾ ਦੀਆਂ ਬਾਰੀਕੀਆਂ ਸਿੱਖੀਆਂ ਅਤੇ ਆਪਣੀ ਕਲਾ ਦਾ ਲੋਹਾ ਮਨਵਾਉਣ ਲਈ ਈਸਟ ਅਫ਼ਰੀਕਾ ਚਲੇ ਗਏ। ਜਿੱਥੇ ਉਨ੍ਹਾਂ ਬਤੌਰ ਅਧਿਆਪਕ ਸੇਵਾਵਾਂ ਨਿਭਾਈਆਂ। ਪਰੰਤੂ ਕਲਾ ਦੀ ਖਿੱਚ ਨੇ ਉਨ੍ਹਾਂ ਨੂੰ ਲੰਡਨ ਦੇ ਸੇਂਟ ਮਾਰਟਿਨ ਸਕੂਲ ਆਫ਼ ਆਰਟ ਤੱਕ ਪਹੁੰਚਾ ਦਿੱਤਾ, ਜਿੱਥੋਂ ਕਲਾ ਵਿਚ ਪੋਸਟ-ਗ੍ਰੇਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਸ਼ਿਲਪਕਾਰੀ ਵਿਚ ਨਵੇਂ ਤਜਰਬੇ ਕਰਨੇ ਆਰੰਭ ਕੀਤੇ। ਇਕ ਅਲਮੀਨੀਅਮ ਕੰਪਨੀ ਵੱਲੋਂ ਸਹਿਯੋਗ ਮਿਲਣ ਤੇ ਇੰਗਲੈਂਡ ਵਿਚ ਉਨ੍ਹਾਂ ਨੂੰ ਸ਼ਿਲਪਕਾਰ ਦੇ ਤੌਰ ਉਤੇ ਆਪਣੇ ਆਪ ਨੂੰ ਸਥਾਪਤ ਕਰਨ ਦਾ ਭਰਪੂਰ ਮੌਕਾ ਮਿਲਿਆ। ਫਿਰ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ। ਅਗਲੇ 25 ਸਾਲਾਂ ਦੌਰਾਨ ਉਨ੍ਹਾਂ ਕਈ ਕੌਮਾਂਤਰੀ ਪੱਧਰ ਦੀਆਂ ਪ੍ਰਦਰਸ਼ਨੀਆਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਿੱਥੇ ਉਨ੍ਹਾਂ ਦੀਆਂ ਕਲਾਕ੍ਰਿਤਾਂ ਹੈਨਰੀ ਮੂਰ, ਬਾਰਬਰਾ ਹੈਪਵਰਥ ਅਤੇ ਗੋਲਡਜ਼ਵਰਦੀ ਵਰਗੇ ਕਲਾਕਾਰਾਂ ਨਾਲ ਪ੍ਰਦਰਸ਼ਿਤ ਕੀਤੀਆਂ ਗਈਆਂ। 1989 ਵਿਚ ਲੰਡਨ ਦੀ ਹੇਅਵਰਡ ਗੈਲਰੀ ਵਿਚ ਉਨ੍ਹਾਂ ਨੂੰ ਕਈ ਵਿਸ਼ਵ ਪ੍ਰੱਸਿਧ ਕਲਾਕਾਰਾਂ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਗਿਆ। ਇਸ ਪੂਰੇ ਅਰਸੇ ਦੌਰਾਨ ਅਵਤਾਰਜੀਤ ਧੰਜਲ ਨੇ ਕਲਾ ਦੇ ਖੇਤਰ ਵਿਚ ਨਾ ਸਿਰਫ਼ ਆਪਣੀ ਇਕ ਵਿਲੱਖਣ ਪਛਾਣ ਬਣਾ ਲਈ ਬਲਕਿ ਭਾਰਤ ਅਤੇ ਖ਼ਾਸ ਕਰ ਪੰਜਾਬ ਦੇ ਕਲਾਕਾਰਾਂ ਨੂੰ ਵਿਸ਼ਵ ਪੱਧਰ ਦੇ ਮੌਕੇ ਦਿਵਾਉਣ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ।
ਪਿਛਲੇ ਕੁਝ ਸਾਲਾਂ ਤੋਂ ਉਹ ਸਿਕਸਥ ਰਿਵਰ ਟਰੱਸਟ ਨਾਮਕ ਸੰਸਥਾ ਬਣਾ ਕੇ ਪੰਜਾਬ ਵਿਚ ਗਿਆਨ, ਸਾਹਿਤ, ਕਲਾ ਅਤੇ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਵੱਲੋਂ ਚਲਾਇਆ ਜਾ ਰਿਹਾ ਪੰਜਾਬੀ ਗਿਆਨ ਦਾ ਸੋਮਾ ਪੰਜਪੀਡੀਆ ਇਕ ਵਿਲੱਖਣ ਉਪਰਾਲਾ ਹੈ, ਜੋ ਪੰਜਾਬ ਦੇ ਗਿਆਨ ਨੂੰ ਇਕ ਗਿਆਨ ਕੋਸ਼ ਦੇ ਰੂਪ ਵਿਚ ਇਕੱਤਰ ਕਰ ਰਿਹਾ ਹੈ। ਧੰਜਲ ਪੰਜਾਬ ਦੇ ਲਈ ਸਦਾ ਫ਼ਿਕਰਮੰਦ ਰਹਿਣ ਵਾਲਾ ਕਲਾਕਾਰ ਹੈ ਅਤੇ ਉਹ ਭਵਿੱਖ ਵਿਚ ਪੰਜਾਬ ਦੇ ਵਾਤਾਵਰਣ ਅਤੇ ਜਵਾਨੀ ਦੀ ਸੰਭਾਲ ਲਈ ਕਈ ਵੱਡੇ ਉਪਰਾਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ। 31 ਅਕਤੂਬਰ ਨੂੰ ਬਠਿੰਡਾਂ ਵਿਚ ਹੋਣ ਵਾਲਾ ਰੂਬਰੂ ਉਨ੍ਹਾਂ ਦੇ ਜ਼ਿੰਦਗੀ ਦੇ ਸੰਘਰਸ਼ ਦੇ ਨਾਲ-ਨਾਲ ਪੰਜਾਬ ਦੇ ਭਵਿੱਖ ਦੇ ਫ਼ਿਕਰ ਦੀ ਵਿਲੱਖਣ ਪੇਸ਼ਕਾਰੀ ਕਰੇਗਾ।
ਸ਼੍ਰੀ ਮਾਨਾ ਨੇ ਦੱਸਿਆ ਕਿ ਬਠਿੰਡੇ ਵਿਚ ਹੋ ਰਹੇ ਇਸ ਸਮਾਗਮ ਦਾ ਮਕਸਦ ਪੰਜਾਬ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੱਕ ਕੌਮਾਂਤਰੀ ਪੱਧਰ ਦੇ ਕਲਾਕਾਰਾਂ ਨੂੰ ਲੈ ਕੇ ਜਾਣਾ ਹੈ ਤਾਂ ਜੋ ਸਥਾਨਕ ਕਲਾਕਾਰ ਸੰਸਾਰ ਪੱਧਰ ਉਤੇ ਕਲਾ ਦੇ ਖੇਤਰ ਵਿਚ ਹੋ ਰਹੇ ਨਵੇਂ ਤਜਰਬਿਆਂ, ਪੈਦਾ ਹੋ ਰਹੇ ਨਵੇਂ ਗਿਆਨ ਅਤੇ ਸਿਰਜਣਾ ਦੇ ਨਵੇਂ ਪਹਿਲੂਆਂ ਤੋਂ ਜਾਣੂ ਹੋ ਸਕਣ। ਇਹ ਗਿਆਨ ਹਾਸਲ ਕਰਕੇ ਪੰਜਾਬ ਦੇ ਜੜਾਂ ਨਾਲ ਜੁੜੇ ਹੋਏ ਕਲਾਕਾਰਾਂ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਵਿਗਸਣ ਦਾ ਮੌਕਾ ਮਿਲੇਗਾ। ਪੰਜਾਬ ਲਲਿਤ ਕਲਾ ਆਕਦਮੀ ਦਾ ਮੁੱਖ ਮਕਸਦ ਹੀ ਸਥਾਨਕ ਕਲਾਕਾਰਾਂ ਅਤੇ ਵਿਸ਼ਵ ਪੱਧਰ ਦੇ ਕਲਾ ਖੇਤਰ ਵਿਚ ਪੁਲ ਦੇ ਵੱਜੋਂ ਕੰਮ ਕਰਨਾ ਹੈ ਤਾਂ ਜੋ ਪੰਜਾਬ ਦੇ ਕਲਾਕਾਰ ਦੁਨੀਆਂ ਭਰ ਵਿਚ ਆਪਣੀ ਵਿਲੱਖਣ ਕਲਾ ਪ੍ਰਤਿਭਾ ਦਾ ਲੋਹਾ ਮਨਵਾ ਸਕਣ। ਉਨ੍ਹਾਂ ਬਠਿੰਡਾ ਵਿਚ ਹੋ ਰਹੇ ਸਮਾਗਮ ਵਿਚ ਪੰਜਾਬ ਭਰ ਦੇ ਕਲਾਕਾਰਾਂ ਨੂੰ ਹੁੰਮਹੁਮਾਂ ਕੇ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ।
– ਪੰਜਾਬ ਟਾਇਮਜ਼ ਬਿਊਰੋ
ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਕੌਮਾਂਤਰੀ ਸ਼ਿਲਪਕਾਰ ਅਵਤਾਰਜੀਤ ਧੰਜਲ ਦੀ ਕਰਮ, ਕਿਰਤ ਅਤੇ ਕਲਾ ਦੀ ਪੇਸ਼ਕਾਰੀ ਬਠਿੰਡਾ ਵਿਖੇ ਅੱਜ



