Skip to content
Independent perspectives. Global stories.
BREAKING

ਗੱਲ ਤਾਂ ਸਿਰਫ਼ ਪਹਿਲ ਕਰਨ ਦੀ ਹੁੰਦੀ ਏ

Share this story

ਜ਼ਿੰਦਗੀ ਵਿੱਚ ਜੋ ਧਾਰਨਾਵਾਂ ਅਸੀਂ ਬਣਾ ਲੈਂਦੇ ਹਾਂ ਜ਼ਰੂਰੀ ਨਹੀਂ ਉਹ ਠੀਕ ਹੋਣ। ਹਜ਼ਾਰਾਂ ਸਾਲ ਅਸੀਂ ਧਰਤੀ ਨੂੰ ਗੋਲ ਹੋਣ ਤੋਂ ਵੀ ਮੁਨੱਕਰ ਰਹੇ ਸਾਂ। ਇਸੇ ਤਰ੍ਹਾਂ ਮਨੁੱਖੀ ਸਰੀਰ ਦੀ ਸਮਰੱਥਾਵਾਂ ਬਾਰੇ ਵੀ ਸਾਡੀਆਂ ਬਹੁਤ ਸਾਰੀਆਂ ਧਾਰਨਾਵਾਂ ਗਲਤ ਹਨ। ਇਸ ਧਰਤੀ ਨੇ ਅਜਿਹੇ ਮਨੁੱਖ ਵੀ ਪੈਦਾ ਕੀਤੇ ਹਨ ਜੋ ਅਸੰਭਵ ਸਮਝੀਆਂ ਜਾਣ ਵਾਲੀਆਂ ਗੱਲਾਂ ਨੂੰ ਸੰਭਵ ਬਣਾਕੇ ਦਿਖਾ ਗਏ ਅਤੇ ਹੋਰਨਾਂ ਲਈ ਮਾਰਗ ਦਰਸ਼ਕ ਬਣ ਗਏ। ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਪਾਠਕ ਜਾਣਦੇ ਹਨ ਕਿ 6 ਮਈ 1954 ਤੱਕ ਲੋਕ ਇਹ ਮੰਨਦੇ ਸਨ ਕਿ 4 ਮਿੰਟ ਤੋਂ ਘੱਟ ਸਮੇਂ ਵਿੱਚ 1 ਮੀਲ ਦੌੜਨਾ ਮਨੁੱਖੀ ਸਰੀਰ ਲਈ ਸੰਭਵ ਨਹੀਂ। ਮੈਡੀਕਲ ਸਾਇੰਸ ਦੇ ਮਾਹਿਰ ਇਹ ਸਮਝਦੇ ਸਨ ਕਿ ਇਨਸਾਨ ਦੇ ਫੇਫੜਿਆਂ ਵਿੱਚ ਇੰਨੀ ਤੇਜ਼ੀ ਨਾਲ ਦੌੜਨ ਦੀ ਸ਼ਕਤੀ ਨਹੀਂ ਹੁੰਦੀ। ਮੈਡੀਕਲ ਸਾਇੰਸ ਦੀ ਇਸ ਧਾਰਨਾ ਨੂੰ ਸਾਰੇ ਦੌੜਾਕ ਸੱਚ ਮੰਨਦੇ ਸਨ ਕਿ ਕੋਈ ਦੌੜਾਕ 4 ਮਿੰਟ ਤੋਂ ਘੱਟ ਸਮੇਂ ਵਿੱਚ ਇਕ ਮੀਲ ਨਹੀਂ ਦੌੜ ਸਕਦਾ। ਬਰਤਾਨੀਆਂ ਦੇ ਡਾਕਟਰ ਸਰ ਰੌਜਰ ਬੈਨਿਸਟਰ ਨੇ ਇਹ ਧਾਰਨਾ ਤੋੜੀ ਅਤੇ ਹੋਰਨਾਂ ਅਥਲੀਟਾਂ ਲਈ ਇਕ ਮਾਰਗ ਦਰਸ਼ਕ ਬਣਿਆ। ਰੋਜਰ ਗਿਲਬਰਿਟ ਬੈਨਿਸਟਰ 23 ਮਾਰਚ 1929 ਨੂੰ ਬਰਤਾਨੀਆਂ ਵਿੱਚ ਪੈਦਾ ਹੋਏ। ਪੇਸ਼ੇ ਵਜੋਂ ਉਹ ਡਾਕਟਰ ਸਨ। 6 ਫੁੱਟ 2 ਇੰਚ ਲੰਬੇ ਕੱਦ ਦੇ ਰੌਜਰ 800 ਅਤੇ 1500 ਮੀਟਰ ਦੀ ਦੌੜ ਲਾਉਣ ਵਾਲੇ ਦੌੜਾਕ ਵੀ ਸਨ। 1952 ਦੀਆਂ ਉਲੰਪਿਕ ਖੇਡਾਂ ਤੱਕ ਇਕ ਮੀਲ ਦੀ ਦੌੜ ਨੂੰ 4 ਮਿੰਟ ਤੋਂ ਘੱਟ ਸਮੇਂ ਵਿੱਚ ਖਤਮ ਕਰਨਾ ਅਸੰਭਵ ਮੰਨਿਆ ਜਾਂਦਾ ਸੀ ਪਰ ਰੌਜਰ ਲੋਕਾਂ ਦੀ ਸਦੀਆਂ ਤੋਂ ਆਉਂਦੀ ਇਸ ਧਾਰਨਾ ਨੂੰ ਤੋੜਨਾ ਚਾਹੁੰਦਾ ਸੀ। ਇਸ ਲਈ ਉਹ ਵਾਰ-ਵਾਰ ਯਤਨ ਕਰ ਰਿਹਾ ਸੀ। ਜਦੋਂ ਤੁਸੀਂ ਕੋਈ ਟੀਚਾ ਮਿੱਥਕੇ ਯਤਨ ਕਰਦੇ ਰਹਿੰਦੇ ਹੋ ਅਤੇ ਲਗਾਤਾਰ ਯਤਨ ਕਰਦੇ ਹੋ। ਅਸਫਲਤਾਵਾਂ ਦੇ ਬਾਵਜੂਦ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦੇ ਹੋ। ਅਭਿਆਸ ਜਾਰੀ ਰੱਖਦੇ ਹੋ ਤਾਂ ਤੁਹਾਡੀ ਮਿਹਨਤ ਨੂੰ ਬੂਰ ਪੈਣਾ ਲਾਜ਼ਮੀ ਹੁੰਦਾ ਹੈ। ਆਖਿਰ ਰੌਜਰ ਦੀ ਮਿਹਨਤ ਨੂੰ ਵੀ ਬੂਰ ਪਿਆ ਅਤੇ ਇਕ ਡਾਕਟਰ ਦੌੜਾਕ ਦੇ ਰੂਪ ਵਿੱਚ ਅਮਰ ਹੋ ਗਿਆ। 6 ਮਈ 1954 ਨੂੰ ਉਸ ਨੇ ਇਕ ਮੀਲ ਦੀ ਦੌੜ 3 ਮਿੰਟ 53.4 ਸੈਕਿੰਡ ਵਿੱਚ ਪੂਰੀ ਕਰਕੇ ਇਤਿਹਾਸ ਰਚਿਆ। ਰੋਜਰ ਬੈਨਿਸਟਰ ਦੀ ਇਸ ਉਪਲੱਬਧੀ ਨੂੰ ਮਹਾਨ ਸਮਝਕੇ ਬਰਤਾਨੀਆਂ ਸਰਕਾਰ ਵੱਲੋਂ ਉਸ ਨੂੰ ‘ਸਰ’ ਦੀ ਉਪਾਧੀ ਦਿੱਤੀ ਗਈ। ਆਖ਼ਿਰ ਰੌਜਰ ਨੇ ਇਹ ਰਿਕਾਰਡ ਬਣਾ ਕੇ ਇਹ ਸਿੱਧ ਕਰ ਦਿੱਤਾ ਸੀ ਕਿ ਮਨੁੱਖੀ ਸਰੀਰ ਵਿੱਚ ਬਹੁਤ ਸਾਰੀਆਂ ਸ਼ਕਤੀਆਂ ਲੁਕੀਆਂ ਪਈਆਂ ਹਨ। ਜਿਸ ਕੰਮ ਨੂੰ ਸਦੀਆਂ ਤੋਂ ਲੋਕ ਅਸੰਭਵ ਸਮਝਦੇ ਸਨ, ਉਹ ਥੋੜ੍ਹੀ ਮਿਹਨਤ ਨਾਲ ਸੰਭਵ ਹੋ ਗਿਆ। ਦੁਨੀਆਂ ਵਿੱਚ ਇੰਜ ਹੀ ਵਾਪਰਦਾ ਹੈ ਜਦੋਂ ਕੋਈ ਰੋਜਰ ਵਰਗਾ ਰਾਹ ਵਿਖਾ ਦਿੰਦਾ ਹੈ ਤਾਂ ਹੋਰ ਅਨੇਕਾਂ ਲੋਕ ਵੀ ਉਸ ਰਾਹ ’ਤੇ ਤੁਰ ਪੈਂਦੇ ਹਨ। ਡਾ. ਰੌਜਰ ਬੈਨਸਿਟਰ ਨਾਲ ਵੀ ਇਵੇਂ ਹੀ ਹੋਇਆ। ਉਸ ਦਾ ਰਿਕਾਰਡ ਸਿਰਫ 46 ਦਿਨ ਹੀ ਚਲਿਆ। 46 ਦਿਨਾਂ ਬਾਅਦ ਹੀ ਇਕ ਹੋਰ ਦੌੜਾਕ ਨੇ ਇਕ ਮੀਲ ਉਸ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਕਰਕੇ ਵਿਖਾ ਦਿੱਤਾ ਅਤੇ 1955 ਤੱਕ 37 ਦੌੜਾਕਾਂ ਨੇ ਇਕ ਮੀਲ ਨੂੰ 4 ਮਿੰਟ ਤੋਂ ਘੱਟ ਸਮੇਂ ਵਿੱਚ ਦੌੜ ਕੇ ਵਿਖਾਇਆ। ਗੱਲ ਸਿਰਫ ਰਿਕਾਰਡ ਬਣਾਉਣ ਜਾਂ ਰਿਕਾਰਡ ਤੋੜਨ ਦੀ ਨਹੀਂ, ਗੱਲ ਤਾਂ ਬੈਨਿਸਟਰ ਵੱਲੋਂ ਸਦੀਆਂ ਦੇ ਅਵਰੋਧ ਨੂੰ ਤੋੜਨ ਦੀ ਹੈ। ਉਸ ਦੀ ਮਹਾਨਤਾ ਤਾਂ ਸਦੀਆਂ ਤੋਂ ਚਲੇ ਆ ਰਹੇ ਮਾਨਸਿਕ ਅਵਰੋਧ ਨੂੰ ਤੋੜਨ ਵਿੱਚ ਹੈ। ਸਰ ਰੌਜ਼ਰ ਬੈਨਿਸਟਰ ਦੀ ਇਸ ਕਹਾਣੀ ਤੋਂ ਇਹ ਸਾਬਤ ਹੁੰਦਾ ਹੈ ਕਿ ਜਦੋਂ ਤਕ ਅਸੀਂ ਕਿਸੇ ਕੰਮ ਨੂੰ ਅਸੰਭਵ ਮੰਨੀ ਜਾਂਦੇ ਹਾਂ ਤਦ ਤੱਕ ਉਹ ਅਸੰਭਵ ਹੀ ਰਹਿੰਦਾ ਹੈ। ਉਹ ਕੰਮ ਸਾਡੇ ਸਾਰਿਆਂ ਲਈ ਸੰਭਵ ਹੋ ਜਾਂਦਾ ਹੈ ਜਦੋਂ ਅਸੀਂ ਉਸ ਨੂੰ ਸੰਭਵ ਮੰਨ ਲੈਂਦੇ ਹਾਂ। ਗੱਲ ਤਾਂ ਸਿਰਫ ਪਹਿਲ ਕਰਨ ਦੀ ਹੁੰਦੀ ਹੈ ਲੋਕ ਫਿਰ ਆਪ ਹੀ ਰਾਹ ਬਣਾ ਲੈਂਦੇ ਹਨ।

WRITTEN BY