ਭਗਤ ਨਾਮਦੇਵ ਜੀ ਦੀ ਬਾਣੀ ਜੀਵਨ ਜਾਂਚ ਸਿਖਾਉਂਦੀ ਹੈ। ਆਪ ਮਹਾਂਰਾਸ਼ਟਰ ਦੇ ਸਰਬ-ਸੰਮਾਨਿਤ ਮਹਾਂਪੁਰਸ਼ ਸਨ। ਭਗਤ ਨਾਮਦੇਵ ਜੀ ਦਾ ਜਨਮ ਅਕਤੂਬਰ ਕੱਤਕਸੁਦੀ ਇਕਾਂਦਸ਼ੀ 1270 ਈ: ਨੂੰ ਪਿਤਾ ਦਾਮਸ਼ੇਟ ਅਤੇ ਮਾਤਾ ਗੋਨਾਬਾਈ ਦੇ ਗ੍ਰਹਿ ਪਿੰਡ ਨਰਸੀ ਬਾਮਨੀ ਜਿਲ੍ਹਾ ਹਿਗੋਲੀ ਮਹਾਂਰਾਸ਼ਟਰ ਵਿੱਚ ਹੋਇਆ। ਆਪ ਜਾਤ ਦੇ ਛੀਂਬੇ ਸਨ। ਆਪ ਦੀ ਇੱਕ ਵੱਡੀ ਭੈਣ ਸੀ, ਜਿਸਦਾ ਨਾਮ ‘ਔਬਾਈ’ ਸੀ। ਆਪ ਆਪਣੇ ਮਾਤਾ ਪਿਤਾ ਦੀ ਵੱਡੀ ਲੜਕੀ ਤੋਂ ਬਾਅਦ ਦੇਰ ਨਾਲ ਹੋਈ ਔਲਾਦ ਸੀ, ਜਿਸਨੂੰ ਆਪ ਦੇ ਮਾਤਾ ਪਿਤਾ ਵਿੱਠਲ ਦੇਵ (ਵਿਸ਼ਨੂੰ) ਦੀ ਅਪਾਰ ਕ੍ਰਿਪਾ ਮੰਨਦੇ ਸਨ। ਆਪ ਨੁੰ ਪ੍ਰੇਮਾ-ਭਗਤੀ ਦੀ ਗੁੜਤੀ ਆਪਣੇ ਪਿਤਾ ਕੋਲੋਂ ਮਿਲੀ। ਆਪ ਨੇ ਵਿਸ਼ੋਭਾ ਖੇਚਰ ਨੂੰ ਗੁਰੂ ਧਾਰਨ ਕੀਤਾ।ਆਪ ਬਚਪਨ ਸਮੇਂ ਤੋਂ ਹੀ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਆਪ ਦੋ ਪੱਥਰ ਖੜਕਾਉਂਦੇ ਤੇ ਉਸ ਪ੍ਰਮਾਤਮਾ ਦੀ ਉਸਤਤ ਇੰਨ੍ਹੀ ਸ਼ਿੱਦਤ ਤੇ ਜੋਸ਼ ਨਾਲ ਗਾਉਂਦੇ ਕਿ ਬੇਹੋਸ਼ ਹੋ ਜਾਂਦੇ ਸਨ।ਆਪ ਵਿੱਠਲ ਦੇਵ (ਵਿਸ਼ਨੂੰ) ਦੇ ਸੱਚੇ ਉਪਾਸ਼ਕ ਸਨ। ਆਪ ਨੂੰ ਜਦ ਪੰਜ ਸਾਲ ਦੀ ਉਮਰ ਵਿੱਚ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ ਤਾਂ ਪਾਂਧੇ ਨੇ ‘ੳਮ ਨਮਹ’ ਲਿੱਖਣ ਲਈ ਸਬਕ ਦਿੱਤਾ ਤਾਂ ਆਪ ਨੇ ‘ਵਿੱਠਲ ਦੇਵ’ ਸ਼ਬਦ ਲਿੱਖ ਦਿੱਤਾ। ਆਪ ਦਾ ਪ੍ਰਮਾਤਮਾ ਪ੍ਰਤੀ ਵਿਸ਼ਵਾਸ ਉਦੋਂ ਹੋਰ ਪਕੇਰਾ ਹੋਣਾ ਸ਼ੁਰੂ ਹੋਇਆ, ਜਦ ਇੱਕ ਵਾਰ ਆਪ ਦੇ ਪਿਤਾ ਕਿਸੇ ਕੰਮ ਲਈ ਪਿੰਡੋਂ ਘਰੋਂ ਬਾਹਰ ਗਏ ਤਾਂ ਠਾਕੁਰਾਂ ਨੂੰ ਭੋਗ ਲਵਾਉਣ ਲਈ ਮੰਦਿਰਾਂ ਵਿੱਚ ਨਾਮਦੇਵ ਨੂੰ ਭੇਜ ਦਿੱਤਾ। ਨਾਮਦੇਵ ਗੜਵਾ ਦੁੱਧ ਦਾ ਲੈ ਕੇ ਮੰਦਿਰ ਵਿੱਚ ਗਏ ਤੇ ਠਾਕੁਰ ਦੀ ਮੂਰਤੀ ਨੂੰ ਦੁੱਧ ਪੇਸ਼ ਕੀਤਾ ਤਾਂ ਉਸ ਮੂਰਤੀ ਨੇ ਦੁੱਧ ਨੂੰ ਭੋਗ ਨਾ ਲਾਇਆ ਤਾਂ ਨਾਮਦੇਵ ਕਾਫੀ ਚਿਰ ਜਿੱਦ ਕਰਦੇ ਰਹੇ ਕਿ ‘ਹੇ ਸਵਾਮੀ, ਦੁੱਧ ਪੀਉ। ਨਹੀ ਤਾਂ ਮੇਰੇ ਪਿਤਾ ਜੀ ਮੈਨੂੰ ਗੁੱਸੇ ਹੋਣਗੇ।’ ਤਾਂ ਭਗਵਾਨ ਨੇ ਆ ਕੇ ਦੁੱਧ ਨੂੰ ਭੋਗ ਲਾਇਆ। ਅੱਠ ਸਾਲ ਦੀ ਉਮਰ ਵਿੱਚ ਆਪ ਦੀ ਸ਼ਾਦੀ ਗੋਬਿੰਦ ਸੇਠ ਦੀ ਪੁੱਤਰੀ ਰਾਜਬਾਈ ਨਾਲ ਹੋਈ। ਆਪ ਦੇ ਘਰ ਚਾਰ ਪੁੱਤਰ ਤੇ ਇੱਕ ਪੁੱਤਰੀ ਨੇ ਜਨਮ ਲਿਆ।ਇੱਕ ਵਾਰ ਜਦ ਬੇਦਰ ਦੇ ਬਾਦਸ਼ਾਹ ਨੇ ਆਪ ਨੂੰ ਮਰੀ ਹੋਈ (ਜਬਹ ਕੀਤੀ ਹੋਈ) ਗਊ ਨੂੰ ਜਿੰਦਾ ਕਰਨ ਲਈ ਕਿਹਾ ਤਾਂ ਆਪ ਨੇ ਨਾਂਹ ਕਰ ਦਿੱਤੀ ਤਾਂ ਬਾਦਸ਼ਾਹ ਨੇ ਸੱਤਾ ਦੇ ਨਸ਼ੇ ਵਿੱਚ ਚੂਰ ਹੋਏ ਨੇ ਹੁਕਮ ਦਿੱਤਾ ਕਿ ਜਾਂ ਤਾਂ ਗਊ ਜਿੰਦਾ ਕਰ ਨਹੀ ਤਾਂ ਮੁਸਲਮਾਨ ਬਣ। ਨਾਮਦੇਵ ਨੇ ਦੋਹਾਂ ਕੰਮਾਂ ਤੋਂ ਨਾਂਹ ਕਰ ਦਿੱਤੀ ਤਾ ਬਾਦਸ਼ਾਹ ਨੇ ਕਿਹਾ ਕਿ ਮਰਨ ਲਈ ਤਿਆਰ ਹੋ ਜਾਂ ਤਾਂ ਨਾਮਦੇਵ ਨੇ ਬਥੇਰਾ ਸਮਝਾਇਆ। ਆਪ ਨੇ ਬਾਦਸ਼ਾਹ ਨੂੰ ਕਿਹਾ ਕਿ :
ਬਾਦਸਾਹ ਐਸੀ ਕਿਉ ਹੋਇ॥
ਬਿਸਮਿਲ ਕੀਆ ਨਾ ਜੀਵੈ ਕੋਇ॥
ਮੇਰਾ ਕੀਆ ਕਛੁ ਨਾ ਹੋਇ॥
ਕਰਿ ਹੈ ਰਾਮੁ ਹੋਇ ਹੈ ਸੋਇ॥
ਹੇ ਬਾਦਸ਼ਾਹ ਮੈਂ ਕੁਝ ਨਹੀ ਕਰ ਸਕਦਾ। ਪਰ ਬਾਦਸ਼ਾਹ ਇਹ ਗੱਲ ਮੰਨਣ ਲਈ ਤਿਆਰ ਨਹੀ ਸੀ ਤੇ ਨਾਮਦੇਵ ਨੂੰ ਮੌਤ ਦਾ ਫੁਰਮਾਣ ਸੁਣਾ ਦਿੱਤਾ। ਆਖਿਰ ਭਗਵਾਨ ਨੇ ਆਪ ਆ ਕੇ ਗਊ ਜਿੰਦਾ ਕੀਤੀ ਤੇ ਆਪਣੇ ਸੱਚੇ ਭਗਤ ਦੀ ਪੈਜ ਰੱਖੀ। ਜਦ ਆਪ ਤੀਰਥ ਯਾਤਰਾ ਤੇ ਨਿਕਲੇ ਤਾਂ ਔਂਧ ਨਾਗਨਾਥ ਮੰਦਿਰ ਵਿੱਚ ਪ੍ਰਭੂ ਦੇ ਦਰਸ਼ਨਾਂ ਨੂੰ ਗਏ ਤਾਂ ਉਥੋਂ ਦੇ ਬ੍ਰਹਮਣਾਂ ਨੇ ਨੀਵੀਂ ਜਾਤ ਦੇ ਜਾਣ ਕੇ ਮੰਦਿਰ ਵਿੱਚੋਂ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਤਾਂ ਆਪ ਮੰਦਿਰ ਦੇ ਪਿਛਵਾੜੇ ਜਾ ਕੇ ਪ੍ਰਭੂ ਰੰਗ ਵਿੱਚ ਰੰਗੇ ਹੋਏ ਕੀਰਤਨ ਕਰਨ ਲੱਗ ਪਏ ਤਾਂ ਭਗਵਾਨ ਨੇ ਮੰਦਿਰ ਨੂੰ ਘੁਮਾ ਕੇ ਦਰਵਾਜਾ ਨਾਮਦੇਵ ਵੱਲ ਕਰ ਦਿੱਤਾ ਤੇ ਹੰਕਾਰੀ ਬ੍ਰਹਮਣਾਂ ਦਾ ਹੰਕਾਰ ਤੋੜਿਆ। ਫਿਰ ਉਹ ਦੇਵਗਿਰੀ ਗਏ। ਉ¤ੱਥੋਂ ਐਲੋਗ, ਘ੍ਰਿੰਸ਼ੇਸ਼ਵਰ, ਪੰਚਵਟੀ ਅਤੇ ਜੂਨਾਗੜ੍ਹ ਵੀ ਗਏ।ਆਪ ਨੇ ਉਸ ਅਕਾਲ ਪੁਰਖ ਦੀ ਉਸਤਤ ਵਿੱਚ ਬਹੁਤ ਸਾਰੇ ਸ਼ਬਦਾਂ ਦੀ ਰਚਨਾ ਕੀਤੀ। ਆਪ ਦੇ 61 ਸ਼ਬਦ 18 ਰਾਗਾਂ ਵਿੱਚ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ। ਆਪ ਤਿਲੰਗ ਰਾਗ ਵਿੱਚ ਫਰਮਾਉਂਦੇ ਹਨ ਕਿ:
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ॥
ਮੈ ਗਰੀਬ ਮੈ ਮਸਕੀਨ ਤੇਰਾ ਨਾਮ ਹੈ ਅਧਾਰਾ॥
ਉਸ ਅਕਾਲ ਪੁਰਖ ਦੀ ਵਡਿਆਈ ਕਰਦੇ ਹੋਏ ਇੱਕ ਹੋਰ ਸ਼ਬਦ ਵਿੱਚ ਫਰਮਾਉਂਦੇ ਹਨ ਕਿ;
ਹਲੇ ਯਾਰਾ ਹਲੇ ਯਾਰਾ ਖੁਸਿਖਬਰੀ॥
ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ॥
ਕੀਨੀ ਤੇਰੀ ਬਿਗਾਰੀ ਆਲੇ ਤੇਰਾ ਨਾਂਉ॥
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥
ਰਾਮ ਬਿਨਾ ਕੋ ਬੋਲੈ ਰੇ॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ॥
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲ॥
ਆਪ ਦੀ ਬਾਣੀ ਮਰਾਠੀ ਤੇ ਸੰਤ ਭਾਸ਼ਾ ਦੋਹਾਂ ਵਿੱਚ ਹੈ, ਦੋ ਤਿੰਨ ਸ਼ਬਦ ਰੇਖਤਾ ਦੀ ਵੰਨਗੀ ਵੀ ਪੇਸ਼ ਕਰਦੇ ਹਨ। ਪ੍ਰਸਿੱਧ ਇਤਹਾਸਕਾਰ ਮੈਕਾਲਿਫ ਇੱਕ ਥਾਂ ਲਿੱਖਦਾ ਹੈ ਕਿ ਜਦ ਭਗਤ ਨਾਮ ਦੇਵ ਦੇ ਸਭ ਸਾਥੀ ਪ੍ਰਲੋਕ ਸਿਧਾਰ ਗਏ ਤਾਂ ਆਪ ਅਖੀਰਲੇ ਸਾਲਾਂ ਵਿੱਚ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਘੁਮਾਣ ਵਿੱਚ ਆ ਵੱਸੇ। ਇੱਥੇ ਹੀ ਆਪ 1350 ਈ: ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਅਭੇਦ ਹੋ ਗਏ। ਜਿੱਥੇ ਆਪ ਦੀ ਸਮਾਧ ਬਣੀ ਹੋਈ ਹੈ ਤੇ ਸਲਾਨਾ ਮੇਲਾ ਲੱਗਦਾ ਹੈ।ਭਗਤ ਨਾਮਦੇਵ ਜੀ ਉਸ ਪ੍ਰਭੂ ਹਰੀ ਦੇ ਸੱਚੇ ਉਪਾਸ਼ਕ ਸਨ ਤੇ ਸਾਨੂੰ ਵੀ ਸਮਝਾਉਂਦੇ ਹਨ ਕਿ ਬਾਹਰ ਕਿਉਂ ਟੱਕਰਾਂ ਮਾਰਦੇ ਫਿਰਦੇ ਹੋ, ਪ੍ਰਭੂ ਦਾ ਵਾਸ ਤਾਂ ਤੁਹਾਡੇ ਅੰਦਰ ਹੈ। ਉਸ ਨੂੰ ਜਾਣੋ ਤੇ ਉਸ ਪ੍ਰਭੂ ਪਤੀ ਦਾ ਦਰਸ਼ਨ ਕਰੋ।
ਜੀਵਨ ਜਾਂਚ ਸਿਖਾਉਂਦੀ ਹੈ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਬਾਣੀ



