ਵਾਤਾਵਰਣ ਦੀ ਮਲੀਨਤਾ ਦਾ ਮਸਲਾ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਬਿਨਾਂ ਸ਼ੱਕ ਵਾਤਾਵਰਣ ਨੂੰ ਮਲੀਨ ਕਰਨ ਵਿੱਚ ਬਹੁਤ ਸਾਰੀਆਂ ਧਿਰਾਂ ਸ਼ਾਮਿਲ ਹਨ। ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਜਨਜੀਵਨ ਲਈ ਵੱਡਾ ਖਤਰਾ ਬਣ ਗਿਆ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਵਾਤਾਵਰਣ ਦੀ ਮਲੀਨਤਾ ਦੇ ਮੁੱਦੇ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਵਾਤਾਵਰਣ ਨੂੰ ਗੰਧਲਾ ਕਰਨ ਵਿੱਚ ਸਿਰਫ ਕਿਸਾਨਾਂ ਦਾ ਹੀ ਹੱਥ ਹੋਵੇ। ਵਾਤਾਵਰਣ ਦੀ ਸੰਭਾਲ ਦੇ ਪੱਖ ਤੋਂ ਝੋਨੇ ਦੀ ਪਰਾਲੀ ਜਾਂ ਹੋਰ ਫਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਗਾਉਣਾ ਬੇਸ਼ਕ ਬਹੁਤ ਖਤਰਨਾਕ ਹੈ। ਪ੍ਰੰਤੂ ਵਾਤਾਵਰਣ ਨੂੰ ਮਲੀਨ ਕਰਨ ਵਿੱਚ ਇਸ ਦਾ ਹਿੱਸਾ ਏਨਾ ਵੱਡਾ ਨਹੀਂ ਹੈ ਜਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਦਾ ਸਾਰਾ ਜ਼ੋਰ ਇਸ ਗੱਲ ਉਤੇ ਲੱਗਾ ਹੋਇਆ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਣ ਤੋਂ ਰੋਕਿਆ ਜਾਵੇ ਪ੍ਰੰਤੂ ਕਾਰਖਾਨਿਆਂ ਅਤੇ ਫੈਕਟਰੀਆਂ ਵੱਲੋਂ ਕੀਤੇ ਜਾ ਰਹੇ ਪ੍ਰਦੂਸ਼ਣ ਖਿਲਾਫ ਕੋਈ ਕਾਰਵਾਈ ਤੱਕ ਨਹੀਂ ਹੋ ਰਹੀ। ਜੇਕਰ ਕਿਸਾਨਾਂ ਦੇ ਮੁਕਾਬਲੇ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖਾਨਿਆਂ ਖਿਲਾਫ਼ ਅੱਧੀ ਤਾਕਤ ਨਾਲ ਵੀ ਆਵਾਜ਼ ਉਠਾਈ ਜਾਵੇ ਤਾਂ ਇਸ ਦੇ ਬਹੁਤ ਸਾਫ-ਸੁਥਰੇ ਨਤੀਜੇ ਨਿਕਲ ਸਕਦੇ ਹਨ। ਕਾਰਖਾਨਿਆਂ ਦਾ ਜ਼ਹਿਰੀਲਾ ਧੂੰਆਂ ਅਤੇ ਮਾਰੂ ਰਸਾਇਣਾਂ ਨਾਲ ਹਵਾ ਅਤੇ ਪਾਣੀ ਜਾਨਲੇਵਾ ਹੁੰਦੇ ਜਾ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪਰਾਲੀ ਨੂੰ ਅਗ ਲਾਉਣ ’ਤੇ ਕਿਸਾਨਾਂ ਨੂੰ ਜੁਰਮਾਨੇ ਲਗਾਏ ਜਾ ਰਹੇ ਹਨ ਪ੍ਰੰਤੂ ਕਾਰਖਾਨੇ ਵਾਲਿਆਂ ਨੂੰ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਹੋਈਆਂ ਹਨ। ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਹੁਣ ਬਕਾਇਦਾ ਕਾਨੂੰਨ ਬਣਾ ਦਿੱਤਾ ਗਿਆ ਹੈ। ਸਰਕਾਰੀ ਅਧਿਕਾਰੀ ਇਸ ਉਤੇ ਅਮਲ ਕਰਵਾਉਣ ਲਈ ਵੀ ਕਾਹਲੇ ਹਨ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕਿਸਾਨ ਸ਼ੌਂਕ ਵਜੋਂ ਪਰਾਲੀ ਨੂੰ ਅੱਗ ਲਗਾਉਂਦੇ ਹਨ। ਖੇਤਾਂ ਵਿੱਚ ਦੁਬਾਰਾ ਫਸਲ ਬੀਜਣ ਲਈ ਪਰਾਲੀ ਦਾ ਨਿਪਟਾਰਾ ਕਿਸਾਨਾਂ ਲਈ ਇਕ ਵੱਡਾ ਮਸਲਾ ਬਣਿਆ ਹੋਇਆ ਹੈ। ਕਿਸਾਨ ਕੋਲ ਅੱਗ ਲਗਾਉਣ ਤੋਂ ਇਲਾਵਾ ਹੋਰ ਕੋਈ ਸਸਤਾ ਚਾਰਾ ਨਹੀਂ ਹੈ। ਜੇਕਰ ਪਰਾਲੀ ਨੂੰ ਇਸ ਤਰੀਕੇ ਨਾਲ ਨਿਪਟਾਇਆ ਨਹੀਂ ਜਾਂਦਾ ਤਦ ਖੇਤਾਂ ਵਿੱਚ ਨਵੀਂ ਫਸਲ ਬੀਜਣਾ ਸਫਲ ਨਹੀਂ ਹੈ। ਛੋਟੇ ਕਿਸਾਨਾਂ ਲਈ ਤਾਂ ਇਹ ਹੋਰ ਵੀ ਵੱਡਾ ਮਸਲਾ ਹੈ। ਸਥਿਤੀ ਇਹ ਹੈ ਕਿ ਸਰਕਾਰ ਇਸ ਸਬੰਧੀ ਕਿਸਾਨਾਂ ਨੂੰ ਕੋਈ ਸਹਿਯੋਗ ਦੇਣ ਲਈ ਤਿਆਰ ਨਹੀਂ। ਕਿਸਾਨ ਪਹਿਲਾਂ ਹੀ ਔਖੇ ਆਰਥਿਕ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਕਰਜ਼ੇ ਹੇਠ ਦੱਬੇ ਕਿਸਾਨਾਂ ਨੂੰ ਖੁਦਕੁਸ਼ੀ ਕਰਨੀ ਪੈ ਰਹੀ ਹੈ। ਕਿਸਾਨਾਂ ਨੂੰ ਫਸਲਾਂ ਦੇ ਯੋਗ ਭਾਅ ਵੀ ਨਹੀਂ ਮਿਲ ਰਹੇ। ਮੰਡੀਆਂ ਵਿੱਚ ਹੋ ਰਹੀ ਲੁੱਟ ਕਾਰਨ ਹੀ ਕਿਸਾਨ ਕੱਖੋਂ ਹੌਲੇ ਹੋ ਗਏ ਹਨ। ਇਸ ਹਾਲਤ ਵਿੱਚ ਪਰਾਲੀ ਸਾੜਨ ਦੇ ਮੁੱਦੇ ਉਪਰ ਕਿਸਾਨਾਂ ਨੂੰ ਘੇਰਨਾ ਕੋਈ ਚੰਗੀ ਗੱਲ ਨਹੀਂ ਹੈ। ਸਰਕਾਰਾਂ ਨੂੰ ਇਸ ਮਸਲੇ ਕੋਈ ਤਰਕਪੂਰਨ ਹੱਲ ਕੱਢਣਾ ਚਾਹੀਦਾ ਹੈ। ਵਾਤਾਵਰਣ ਦੀ ਸੰਭਾਲ ਬਹੁਤ ਅਹਿਮ ਮੁੱਦਾ ਹੈ। ਵਾਤਾਵਰਣ ਦੀ ਸੰਭਾਲ ਲਈ ਪਹਿਲਾਂ ਉਨ੍ਹਾਂ ਤਾਕਤਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੀਆਂ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਹਨ। ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਉਨ੍ਹਾਂ ਨੂੰ ਇਸ ਲਈ ਪ੍ਰਤੀ ਖੇਤ ਮੱਦਦ ਦਿੱਤੀ ਜਾਵੇ। ਸਰਕਾਰ ਨੂੰ ਵਾਤਾਵਰਣ ਦੀ ਮਲੀਨਤਾ ਸਬੰਧੀ ਸਾਰੇ ਅੰਕੜੇ ਵੀ ਜਨਤਕ ਕਰਨੇ ਚਾਹੀਦੇ ਹਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਵਾਤਾਵਰਣ ਨੂੰ ਮਲੀਨ ਕਰਨ ਲਈ ਸਭ ਤੋਂ ਵੱਡੇ ਜ਼ਿੰਮੇਵਾਰ ਕੌਣ ਹਨ।
– ਬਲਜੀਤ ਸਿੰਘ ਬਰਾੜ



