Skip to content
Independent perspectives. Global stories.
BREAKING

ਫੋਟੋ ਪੱਤਰਕਾਰੀ ਇਕ ਕਲਾ ਵੀ ਹੁੰਦੀ ਹੈ

Share this story

ਪੱਤਰਕਾਰ ਅਤੇ ਫੋਟੋ ਪੱਤਰਕਾਰ ਵਿੱਚ ਬੁਨਿਆਦੀ ਅੰਤਰ ਸਿਰਫ ਇਨ੍ਹਾਂ ਹੀ ਹੈ ਕਿ ਪੱਤਰਕਾਰ ਆਪਣੀ ਕਲਮ ਨਾਲ ਜੋ ਕੰਮ ਕਿਸੇ ਅਖਬਾਰ ਜਾਂ ਰਸਾਲੇ ਲਈ ਕਰਦਾ ਹੈ, ਉਹ ਕੰਮ ਫੋਟੋ ਪੱਤਰਕਾਰ ਆਪਣੇ ਕੈਮਰੇ ਨਾਲ ਕਰਦਾ ਹੈ। ਇਕ ਗੱਲ ਸਪੱਸ਼ਟ ਅਤੇ ਸੱਚ ਹੈ ਕਿ ਪੱਤਰਕਾਰ ਹੋਵੇ ਜਾਂ ਫੋਟੋ ਪੱਤਰਕਾਰ ਦੋਵੇਂ ਪੱਤਰਕਾਰ ਹੋਣ ਦੇ ਨਾਲ-ਨਾਲ ਥੋੜ੍ਹੇ ਸਿਰਜਨਾਤਮਕ ਵੀ ਹੁੰਦੇ ਹਨ ਅਤੇ ਕਲਾਕਾਰ ਵੀ। ਫੋਟੋ ਪੱਤਰਕਾਰ ਨੂੰ ਆਪਣੀ ਕਲਾ ਨੂੰ ਨਿਖਾਰਨ ਅਤੇ ਪੇਸ਼ ਕਰਨ ਦੇ ਜ਼ਿਆਦਾ ਮੌਕੇ ਮਿਲਦੇ ਹਨ। ਫੋਟੋ ਪੱਤਰਕਾਰੀ ਦੇ ਪੇਸ਼ੇ ਵਿੱਚ ਸਚਾਈ, ਇਮਾਨਦਾਰੀ, ਦ੍ਰਿੜ ਨਿਸ਼ਚੇ, ਮਿਹਨਤ ਅਤੇ ਲਗਨ ਆਦਿ ਦੇ ਗੁਣਾਂ ਦੀ ਜ਼ਰੂਰਤ ਹੁੰਦੀ ਹੈ। ਅੱਜ ਦੀ ਪੱਤਰਕਾਰੀ ਵਿੱਚ ਬਹੁਤ ਸਾਰੇ ਅਖਬਾਰਾਂ ਅਤੇ ਪੱਤਰਕਾਰਾਂ ਦੀ ਵਿਸ਼ਵਾਸਯੋਗਤਾ ਨੂੰ ਖੌਰਾ ਲੱਗ ਚੁੱਕਾ ਹੈ। ਕਈ ਅਖਬਾਰ ਅਜਿਹੇ ਹਨ ਜਿਨ੍ਹਾਂ ਦੀਆਂ ਖਬਰਾਂ ਉਤੇ ਪਾਠਕ ਭਰੋਸਾ ਨਹੀਂ ਕਰਦੇ ਅਤੇ ਅਜਿਹੇ ਅਖਬਾਰਾਂ ਲਈ ਫੋਟੋ ਪੱਤਰਕਾਰਾਂ ਦੀਆਂ ਫੋਟੋਆਂ ਬਹੁਤ ਮੱਦਦਗਾਰ ਸਾਬਿਤ ਹੁੰਦੀਆਂ ਹਨ। ਲੋਕ ਅਖਬਾਰਾਂ ਵਿੱਚ ਛਪੀਆਂ ਫੋਟੋਆਂ ਕਾਰਨ ਖਬਰਾਂ ਉਤੇ ਵਿਸ਼ਵਾਸ ਕਰ ਲੈਂਦੇ ਹਨ। ਇਉਂ ਫੋਟੋ ਪੱਤਰਕਾਰੀ ਪੱਤਰਕਾਰਾਂ ਅਤੇ ਅਖਬਾਰਾਂ ਦੀ ਵਿਸ਼ਵਾਸਯੋਗਤਾ ਵਧਾਉਣ ਦਾ ਅਹਿਮ ਸਾਧਨ ਹੁੰਦੀ ਹੈ। ਉਂਜ ਵੀ ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਪਾਠਕ ਅਖ਼ਬਾਰ ਵਿੱਚ ਫੋਟੋਆਂ ਨੂੰ ਬਹੁਤ ਮਹੱਤਵ ਦਿੰਦੇ ਹਨ। ਰੰਗੀਨ ਅਤੇ ਚੰਗੀਆਂ ਤਸਵੀਰਾਂ ਪ੍ਰਕਾਸ਼ਿਤ ਕਰਨ ਵਾਲੇ ਸਮਾਚਾਰ ਪੱਤਰਾਂ ਦੀ ਵਿੱਕਰੀ ਬਾਕੀ ਅਖ਼ਬਾਰਾਂ ਨਾਲੋਂ ਵੱਧ ਹੁੰਦੀ ਹੈ।
ਫੋਟੋਗਰਾਫੀ ਨੇ ਪੱਤਰਕਾਰੀ ਨੂੰ ਸੱਚ ਉਜਾਗਰ ਕਰਨ ਦਾ ਸਧਾਨ ਦਿੱਤਾ ਜਿਸ ਨੇ ਪੱਤਰਕਾਰੀ ਦਾ ਵਿਸ਼ਵਾਸ ਪਾਠਕਾਂ ਦੇ ਮਨਾਂ ਵਿੱਚ ਪੱਕਾ ਕਰਨ ਲਈ ਰਾਹ ਪੱਧਰਾ ਕੀਤਾ। ਫੋਟੋ ਪੱਤਰਕਾਰੀ ਅੱਜ ਸੰਚਾਰ ਦਾ ਅਜਿਹਾ ਮਾਧਿਅਮ ਬਣ ਗਈ ਹੈ ਜੋ ਭੂਗੋਲਿਕ ਹੱਦਾਂ ਪਾਰ ਕਰਕੇ ਸਮਾਜ ਦੇ ਸਾਰੇ ਵਰਗਾਂ ਤੱਕ ਪਹੁੰਚ ਗਈ ਹੈ। ਇਸ ਦੀ ਹਰਮਨ ਪਿਆਰਤਾ ਦਾ ਇਕ ਹੋਰ ਕਾਰਨ ਇਸ ਦਾ ਭਾਸ਼ਾਵਾਂ ਅਤੇ ਸਾਖਰਤਾ ਦੀਆਂ ਸੀਮਾਵਾਂ ਤੋ ਉਪਰ ਹੋਣਾ ਵੀ ਹੈ। ਖ਼ਬਰਾਂ ਅਤੇ ਆਰਟੀਕਲਾਂ ਦੇ ਨਾਲ ਫੋਟੋਆਂ ਪ੍ਰਕਾਸ਼ਿਤ ਕਰਨ ਦਾ ਮੁੱਖ ਮੰਤਵ ਪਾਠਕਾਂ ਨੂੰ ਸੂਚਨਾ ਦੇਣਾ, ਪਾਠਕਾਂ ਦਾ ਮਾਰਗਦਰਸ਼ਨ ਅਤੇ ਮਨੋਰੰਜਨ ਕਰਨ ਤੋਂ ਇਲਾਵਾ ਅਖ਼ਬਾਰਾਂ ਨੂੰ ਆਕਰਸ਼ਿਕ ਅਤੇ ਦਿਲ ਖਿੱਚਵੇਂ ਬਣਾਉਣਾ ਹੁੰਦਾ ਹੈ। ਫੋਟੋ ਪੱਤਰਕਾਰੀ ਨੇ ਪੱਤਰਕਾਰੀ ਦੇ ਖੇਤਰ ਵਿੱਚ ਅਜਿਹੀ ਕ੍ਰਾਂਤੀ ਲਿਆ ਦਿੱਤੀ ਹੈ, ਜਿਸ ਵਿੱਚ ਅਖ਼ਬਾਰ ਖ਼ਬਰਾਂ ਅਤੇ ਲੋਕਾਂ ਨੂੰ ਨਾ ਕੇਵਲ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲੱਗੇ ਹਨ ਸਗੋਂ ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਵੀ ਅਖ਼ਬਾਰਾਂ ਦੇ ਪਾਠਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਪੱਤਰਕਾਰੀ ਵਿੱਚ ਤਸਵੀਰਾਂ ਦੀ ਮਹੱਤਤਾ ਨੂੰ ਪ੍ਰਗਟ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਇਕ ਫੋਟੋ ਹਜ਼ਾਰਾਂ ਸ਼ਬਦਾਂ ਦੇ ਬਰਾਬਰ ਹੁੰਦੀ ਹੈ। ਉਂਜ ਤਾਂ ਫੋਟੋਗ੍ਰਾਫੀ ਵਿੱਚ ਤਕਨੀਕੀ ਤੌਰ ’ਤੇ ਲਗਾਤਾਰ ਖੋਜਾਂ ਵੀ ਹੁੰਦੀਆਂ ਰਹੀਆਂ ਅਤੇ ਫੋਟੋਗ੍ਰਾਫੀ ਹਮੇਸ਼ਾਂ ਸਮੇਂ ਦੇ ਹਾਣ ਦੀ ਹੁੰਦੀ ਰਹੀ ਪਰ ਮੋਬਾਇਲ ਪੱਤਰਕਾਰੀ ਦੇ ਆਉਣ ਨਾਲ ਫੋਟੋ ਪੱਤਰਕਾਰੀ ਨੂੰ ਵੱਡਾ ਹੁਲਾਰਾ ਮਿਲਿਆ ਹੈ।
ਆਧੁਨਿਕ ਪੱਤਰਕਾਰੀ ਵਿੱਚ ਤਸਵੀਰਾਂ ਤੋਂ ਬਿਨਾਂ ਪੱਤਰਕਾਰੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਖ਼ਬਾਰ ਰੰਗਦਾਰ ਤਸਵੀਰਾਂ ਨਾਲ ਭਰੇ ਮਿਲਦੇ ਹਨ। ਲੋਕ ਖ਼ਬਰਾਂ ਨਾਲ ਫੋਟੋਆਂ ਵੇਖਣੀਆਂ ਪਸੰਦ ਕਰਦੇ ਹਨ। ਉਂਜ ਵੀ ਸ਼ਬਦਾਂ ਨਾਲੋਂ ਤਸਵੀਰ ਦਾ ਪ੍ਰਭਾਵ ਨਾ ਸਿਰਫ ਜ਼ਿਆਦਾ ਹੁੰਦਾ ਹੈ ਸਗੋਂ ਲੰਬੇ ਸਮੇਂ ਤਕ ਮਨ ਮਸਤਿਕ ’ਤੇ ਰਹਿੰਦਾ ਹੈ। ਕੋਈ ਵਕਤ ਸੀ ਸਿਆਸੀ ਲੋਕ ਬਹੁਤ ਸਾਰੀਆਂ ਖ਼ਬਰਾਂ ਨੂੰ ਝੁਠਲਾ ਦਿੰਦੇ ਸਨ ਅਤੇ ਫੋਟੋ ਪੱਤਰਕਾਰੀ ਦੇ ਜ਼ਮਾਨੇ ਵਿੱਚ ਤੱਥਾਂ ਨੂੰ ਝੂਠਲਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ। ਸਬੂਤ ਵਜੋਂ ਰਾਹੁਲ ਗਾਂਧੀ ਨਾਲ ਹਾਰਦਿਕ ਪਟੇਲ ਦੀ ਮੁਲਾਕਾਤ ਨੂੰ ਹਾਰਦਿਕ ਪਟੇਲ ਦੇ ਹਮਾਇਤੀ ਨਕਾਰਦੇ ਰਹੇ ਪਰ ਜਦੋਂ ਉਨ੍ਹਾਂ ਦੀ ਫੋਟੋ ਅਖਬਾਰ ਵਿੱਚ ਛਪ ਜਾਂਦੀ ਹੈ ਤਾਂ ਭਲਾ ਉਹ ਕਿਵੇਂ ਝੂਠਲਾ ਸਕਦੇ ਹਨ। ਸੋ, ਇਸ ਤਰ੍ਹਾਂ ਨਾ ਸਿਰਫ ਫੋਟੋਆਂ ਸੱਚ ਪੇਸ਼ ਕਰਦੀਆਂ ਸਗੋਂ ਪੱਤਰਕਾਰੀ ਦੀ ਵਿਸ਼ਵਾਸਯੋਗਤਾ ਵਿੱਚ ਵੀ ਵਾਧਾ ਕਰਦੀਆਂ ਹਨ।
ਪੱਤਰਕਾਰੀ ਦੇ ਮੁਕਾਬਲੇ ਫੋਟੋ ਪੱਤਰਕਾਰੀ ਮੁਸ਼ਕਿਲ ਧੰਦਾ ਹੈ। ਕਈ ਵਾਰ ਰਿਪੋਰਟ ਵੱਖ-ਵੱਖ ਸਰੋਤਾਂ ਤੋਂ ਖਬਰਾਂ ਲੈ ਕੇ ਡੰਗ ਟਪਾ ਲੈਂਦੇ ਹਨ ਪਰ ਫੋਟੋ ਪੱਤਰਕਾਰ ਨੂੰ ਤਾਂ ਹਰ ਹਾਲਤ ਵਿੱਚ ਮੌਕੇ ’ਤੇ ਹਾਜ਼ਰ ਹੋਣਾ ਪੈਂਦਾ ਹੈ। ਫੋਟੋ ਪੱਤਰਕਾਰ ਹਮੇਸ਼ਾਂ ਸਤਰਕ ਰਹਿੰਦਾ ਹੈ ਅਤੇ ਖ਼ਬਰ ਤੱਤ ਨਾਲ ਭਰਪੂਰ ਜਾਣਕਾਰੀ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਮੌਕਾ ਹੱਥੋਂ ਨਹੀਂ ਜਾਣ ਦਿੰਦਾ। ਇਹ ਇਕ ਅਜਿਹੀ ਪੱਤਰਕਾਰੀ ਹੈ ਜਿਸ ਵਿੱਚ ਮੌਕਾ ਖੁੰਝਾਉਣ ਦਾ ਮੌਕਾ ਨਹੀਂ ਹੁੰਦਾ। ਇਸੇ ਕਾਰਨ ਤਾਂ ਫੋਟੋ ਪੱਤਰਕਾਰੀ ਨੂੰ ਕਰਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਸਿਆਣਾ ਫੋਟੋ ਪੱਤਰਕਾਰ ਹਮੇਸ਼ਾਂ ਅਜਿਹੇ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ, ਜਿਸ ਨਾਲ ਉਹ ਖ਼ਬਰ ਦੇ ਨਜ਼ਰੀਏ ਤੋਂ ਚੰਗੀ ਫੋਟੋ ਖਿੱਚ ਸਕੇ। ਮੁੱਖ ਮੰਤਰੀ ਦੇ ਸਮਾਗਮ ਵਿੱਚ ਇਕ ਮੰਤਰੀ ਸੌਂ ਰਿਹਾ ਹੈ ਅਤੇ ਫੋਟੋ ਪੱਤਰਕਾਰ ਉਸ ਮੰਤਰੀ ਨੂੰ ਕੈਮਰੇ ਵਿੱਚ ਕੈਦ ਕਰ ਲੈਂਦਾ ਹੈ। ਦੂਜੇ ਦਿਨ ਜਦੋਂ ਅਖ਼ਬਾਰ ਵਿੱਚ ਉਸ ਦੀ ਫੋਟੋ ਨਾਲ ਖ਼ਬਰ ਛਪਦੀ ਹੈ ਤਾਂ ਉਸ ਖ਼ਬਰ ਦੀ ਤਰਦੀਦ ਕਰਨ ਦਾ ਕੋਈ ਮੌਕਾ ਨਹੀਂ ਹੁੰਦਾ। ਇਸੇ ਤਰ੍ਹਾਂ ਇਕ ਮੰਤਰੀ ਵੱਲੋਂ ਮੁਜ਼ਾਹਰਾ ਕਰ ਰਹੀ ਇਕ ਅਧਿਆਪਕਾ ਉਤੇ ਥੱਪੜ ਮਾਰਨ ਦੀ ਫੋਟੋ ਦਾ ਪ੍ਰਭਾਵ ਚੋਣਾਂ ਵਿੱਚ ਪੈਂਦਾ ਨਜ਼ਰ ਆਉਂਦਾ ਹੈ। ਇਕ ਸਿਆਸੀ ਬੰਦਾ ਕਿਸੇ ਗੈਰ ਔਰਤ ਨਾਲ ਸ਼ਿਮਲੇ ਦੇ ਰਿਜ ’ਤੇ ਆਨੰਦ ਮਾਣ ਰਿਹਾ ਹੈ ਅਤੇ ਦੂਜੇ ਦਿਨ ਅਖ਼ਬਾਰ ਵਿੱਚ ਛਪੀ ਉਸ ਦੀ ਤਸਵੀਰ ਉਸ ਦਾ ਸਿਆਸੀ ਭਵਿੱਖ ਧੁੰਦਲਾ ਕਰ ਸਕਦੀ ਹੈ। ਸਪੱਸ਼ਟ ਹੈ ਕਿ ਫੋਟੋ ਪੱਤਰਕਾਰੀ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਫੋਟੋ ਪੱਤਰਕਾਰੀ ਵਿੱਚ ਦਿਲਚਸਪੀ ਰੱਖਣ ਵਾਲੇ ਪੱਤਰਕਾਰਾਂ ਨੂੰ ਆਪਣੀ ਇਸ ਕਲਾ ਨੂੰ ਲਗਾਤਾਰ ਨਿਖਾਰਦੇ ਰਹਿਣਾ ਚਾਹੀਦਾ ਹੈ।

WRITTEN BY