ਨੇਕੀ ਤੇ ਬਦੀ ਦੀ ਲੜਾਈ ਵਿੱਚ ਬਦੀ ਦੀ ਹਾਰ ਅਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਹਰ ਸਾਲ ਦੁਸਹਿਰੇ ਦਾ ਤਿਉਹਾਰ ਪੂਰੇ ਭਾਰਤ ਅੰਦਰ ਬੜੀ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ।ਹਰ ਸਾਲ ਅੰਬਰ ਨੂੰ ਸੁਹਦੇਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਵਿੱਚ ਲੱਖਾਂ ਰੁਪੈ ਦੇ ਪਟਾਕੇ ਪਾਕੇ ਪਲਾਂ ਵਿੱਚ ਹੀ ਫੂਕ ਦਿੱਤੇ ਜਾਂਦੇ ਹਨ।ਦੁਸਹਿਰਾ ਦੇਖਣ ਆਏ ਲੋਕ ਰਾਵਣ ਦੇ ਮਰਨ ਦੀ ਖੁਸੀ ਵਿੱਚ ਤਾੜੀਆਂ ਵਜਾਉਦੇ ਘਰਾਂ ਨੂੰ ਪਰਤ ਜਾਂਦੇ ਹਨ।ਪਰ ਕੀ ਅਸੀਂ ਕਦੇ ਆਪਣੇ ਮਨ ਨਾਲ਼ ਇਹ ਵਿਚਾਰ ਕੀਤੀ ਹੈ ਕਿ ਏਨੇ ਤਾਮਝਾਮ ਨਾਲ਼ ਅਤੇ ਏਨੇ ਲੋਕਾਂ ਦੇ ਸਾਹਮਣੇ ਹਰ ਸਾਲ ਅੱਗ ਲਾਕੇ ਫੂਕਣ ਦੇ ਬਾਵਜੂਦ ਵੀ ਰਾਵਣ ਅਜੇ ਮਰਿਆ ਨੀਂ? ਜੀ ਹਾਂ… ਰਾਵਣ ਅਜੇ ਮਰਿਆ ਨਹੀਂ ਜਿਉਂਦਾ ਹੈ ਸਾਡੇ ਜ਼ਹਿਨ ਅੰਦਰ! ਕਿੳਂਕਿ ਜੇਕਰ ਰਾਵਣ ਨੂੰ ਅਸੀਂ ਬਦੀ ਯਾਨੀ ਬੁਰਾਈ ਦਾ ਰੂਪ ਮੰਨਦੇ ਹਾਂ ਤਾਂ ਬੁਰਾਈ ਮਰੀ ਥੋੜਾ ਅਜੇ ਸਾਡੇ ਮਨਾਂ ’ਚੋਂ? ਅਸੀਂ ਅੱਜ ਵੀ ਹਰ ਇੱਕ ਦੀ ਤਰੱਕੀ ਦੇਖਕੇ ਅੰਦਰੋਂ ਕੁੜ੍ਹਦੇ ਰਹਿੰਦੇ ਹਨ, ਪਿੱਠ ਪਿੱਛੇ ਕਿਸੇ ਦੀ ਬੁਰਾਈ ਕਰਨ ਦਾ ਅਸੀਂ ਕੋਈ ਵੀ ਮੌਕਾ ਹੱਥੋਂ ਖੁੰਝਣ ਨਹੀਂ ਦਿੰਦੇ, ਹਰ ਵਕਤ ਆਪਣੇ ਹੰਕਾਰ ਵਿੱਚ ਹੀ ਉ¤ਡਦੇ ਰਹਿੰਦੇ ਹਾਂ ਅਤੇ ਮੋਹ-ਮਾਇਆ ਦੇ ਜਾਲ਼ ਵਿੱਚ ਉਲਝੇ ਅਟੱਲ ਸਚਾਈ ਮੌਤ ਨੂੰ ਮਨੋ ਵਿਸਾਰਕੇ ਮਨ ਆਈਆਂ ਕਰਦੇ ਹਾਂ।ਫਿਰ ਅਜਿਹੇ ਹਲਾਤਾਂ ਵਿੱਚ ਬੁਰਾ ਕਰਨ ਵਾਲਿਆਂ ਦੀ ਸੰਖਿਆ ਵੱਧ ਹੈ ਅੱਛਾਈਆਂ ਅਤੇ ਚੰਗਾ ਕਰਨ ਵਾਲੇ ਬਹੁਤ ਘੱਟ ਲੋਕ ਬਚੇ ਹਨ।ਕਿਸੇ ਦਾ ਰੋਡ ਤੇ ਐਕਸੀਡੈਟ ਹੋ ਜਾਵੇ ਸਭ ਆਪੋ-ਆਪਣੇ ਮੋਬਾਇਲ ਕੱਢਕੇ ਵੀਡੀਓ ਬਣਾਉਣ ਲੱਗ ਜਾਦੇ ਹਨ ਪਰ ਜਖ਼ਮੀ ਨੂੰ ਚੁੱਕ ਕੇ ਹਸਪਤਾਲ ਪਹੁੰਚਣ ਦਾ ਤਰੱਰਦ ਕੋਈ ਵਿਰਲਾ ਹੀ ਕਰਦਾ ਹੈ।ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਰਾਵਣ ਮਰ ਗਿਆ ਹੈ? ਛੋਟੀਆਂ-ਛੋਟੀਆਂ ਬੱਚੀਆਂ ਅੱਜ ਵਹਿਸ਼ੀ ਲੋਕਾਂ ਦੀ ਹਵਸ਼ ਦਾ ਸ਼ਿਕਾਰ ਹੋ ਰਹੀਆਂ ਹਨ, ਧੀਆਂ ਨੂੰ ਕੁੱਖਾਂ ਵਿੱਚ ਕਤਲ ਕਰਾਉਣ ਵਾਲੇ ਪੂਜਣ ਲਈ ਕੰਜ਼ਕਾਂ ਲੱਭਦੇ ਹਨ, ਗ਼ਰੀਬ ਇਨਸਾਨ ਰੋਟੀ ਬਿਨ੍ਹਾਂ ਭੁੱਖਾ ਮਰ ਰਿਹਾ ਹੈ ਤੇ ਮੰਦਰਾਂ ’ਚ ਦੁੱਧ ਚੜ੍ਹਾਏ ਜਾਂਦੇ ਹਨ, ਗੁਰੂਘਰਾਂ ’ਚ ਲੋੜ ਤੋਂ ਜਿਆਦਾ ਵੱਡੀ ਗਿਣਤੀ ’ਚ ਕੀਮਤੀ ਰੁਮਾਲੇ ਭੇਂਟ ਕੀਤੇ ਜਾ ਰਹੇ ਹਨ ਅਤੇ ਇਨਸਾਨ ਜਿਸ ਵਿੱਚ ਰੱਬ ਵਸਦਾ ਹੈ ਉਹ ਨੰਗਾ ਫਿਰ ਰਿਹਾ ਹੈ, ਵਧ ਰਹੀ ਆਪੋ-ਧਾਪੀ ਕਾਰਨ ਇਨਸਾਨ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੈ, ਵਾਤਾਵਰਨ ਵਿੱਚ ਵਧ ਰਹੇ ਪ੍ਰਦੂਸ਼ਣ ਕਾਰਨ ਫੈਲੀਆਂ ਭਿਆਨਕ ਬਿਮਾਰੀਆਂ ਨਾਲ਼ ਘਰਾਂ ਦੇ ਘਰ ਖਾਲੀ ਹੋ ਰਹੇ ਹਨ ਪਰ ਅਸੀਂ ਪਰਾਲੀ ਨੂੰ ਅੱਗ ਲਾਉਣ ਦੀ ਜਿੱਦ ਅਤੇ ਦੁਸਹਿਰੇ ਤੇ ਪਰਾਲੀ ਅਤੇ ਘਾਹ-ਫੂਸ ਦੇ ਪੁਤਲੇ ਸਮੇਤ ਜਹਿਰੀਲੇ ਪਟਾਕਿਆਂ ਨੂੰ ਫੂਕਕੇ ਰਾਵਣ ਫੂਕਣ ਦਾ ਭਰਮ ਪਾਲੀਂ ਬੈਠੇ ਹਾਂ।ਮਿੱਤਰੋ ਅੱਜ ਲੋੜ ਹੈ ਇਨਸਾਨ ਅੰਦਰ ਬੈਠੇ ਬੁਰਾਈਆਂ ਰੂਪੀ ਰਾਵਣ ਨੂੰ ਮਾਰਨ ਦੀ ਅਤੇ ਮਰ ਰਹੀ ਇਨਸਾਨੀਅਤ ਨੂੰ ਜੀਵਤ ਰੱਖਣ ਦੀ, ਨਹੀਂ ਤਾਂ ਜੇਕਰ ਅਸੀਂ ਇਨਸਾਨ ਬਣਕੇ ਇਨਸਾਨਾਂ ਵਾਲੇ ਕੰਮ ਹੀ ਨਹੀਂ ਕਰਨੇ ਅਤੇ ਸਮੁੱਚੀ ਇਨਸਾਨੀਅਤ ਦੇ ਭਲੇ ਲਈ ਨਹੀਂ ਸੋਚਣਾ ਤਾਂ ਸਾਨੂੰ ਇਨਸਾਨ ਕਹਾਉਣ ਦਾ ਕੋਈ ਹੱਕ ਨਹੀਂ ਹੈ।ਹਰ ਸਾਲ ਘਾਹ-ਫੂਸ ਦਾ ਰਾਵਣ ਫੂਕ ਕੇ ਆਪਣੇ ਮਨ ਨੂੰ ਝੂਠੀ ਤਸ਼ੱਲੀ ਦੇਣ ਦਾ ਵੀ ਕੋਈ ਫ਼ਾਇਦਾ ਨਹੀਂ।
ਰਾਵਣ ਅਜੇ ਮਰਿਆ ਨਹੀਂ!



