Skip to content
Independent perspectives. Global stories.
BREAKING

ਮੁੱਢਲੀ ਵਿਚਾਰ ਅਤੇ ਗਿਆਨ

Share this story

ਇਕ ਮੁਹਾਵਰਾ ਆਮ ਹੀ ਬੋਲਿਆ ਜਾਂਦਾ ਹੈ ਕਿ “ਅਬ ਪਛਤਾਏ ਕਿਆ ਹਨੀ ਜਬ ਚਿੜੀਆਂ ਚੁਗ ਗਈ ਖੇਤ। ਕਹਿੰਦੇ ਨੇ ਇਕ ਕਿਰਸਾਨ ਨੇ ਆਪਣੇ ਖੇਤ ਵਿਚ ਚੰਗੀ ਤਰ੍ਹਾਂ ਹਲ਼ ਵਾਹ ਕਿ ਜ਼ਮੀਨ ਤਿਆਰ ਕੀਤੀ। ਉਸ ਵਿਚ ਮਹਿੰਗੇ ਭਾਅ ਦਾ ਬੀਜ ਤੇ ਖਾਦ ਪਾਈ। ਅਚਾਨਕ ਕਿਸਾਨ ਨੂੰ ਕੰਮ ਪੈ ਗਿਆ ਤੇ ਆਪਣੇ ਵਡੇ ਲੜਕੇ ਨੂੰ ਕਹਿ ਆਇਆ ਕਿ ਪੁਤਰਾ ਆ ਖੇਤ ਵਿਚ ਸੁਹਾਗਾ ਮਾਰ ਦੇਵੀਂ ਤਾਂ ਕਿ ਬੀਜ ਢਕਿਆ ਜਾਏ। ਵਡੇ ਲੜਕੇ ਨੇ ਬੀਜੇ ਹੋਏ ਖੇਤ ਵਿਚ ਦੋ ਦਿਨ ਤਕ ਸੁਹਾਗਾ ਨਾ ਫੇਰਿਆ। ਭਾਵ ਬੀਜ ਨੂੰ ਨਾ ਢਕਿਆ। ਨਤੀਜਾ ਇਹ ਨਿਕਲਿਆ ਕਿ ਬੀਜੇ ਹੋਏ ਬੀਜ ਨੂੰ ਚਿੜੀਆਂ ਨੇ ਚੁਗ ਲਿਆ। ਖਾਦ ਪਾਈ ਹਲ਼ ਵਾਹਿਆ ਵਿਆਰਥ ਵਿਚ ਚਲਾ ਗਿਆ। ਵਡੇ ਕਾਕੇ ਨੇ ਸਮੇਂ ਦੀ ਸੰਭਾਲ ਨਾ ਕੀਤੀ ਸੀ। ਆਰਥਿਕ ਨੁਕਸਾਨ ਹੋ ਗਿਆ। ਹੁਣ ਸਾਰੇ ਪਰਵਾਰ ਕੋਲ ਕੇਵਲ ਪਛਤਾਵਾ ਹੀ ਰਹਿ ਗਿਆ। ਸਮਾਂ ਲੰਘ ਜਾਣ ’ਤੇ ਪਲੇ ਪਛਤਾਵਾ ਹੀ ਰਹਿ ਜਾਂਦਾ ਹੈ। ਬਹੁਤ ਵਾਰੀ ਸਕੂਲ ਕਾਲਜ ਵਿਚ ਪੜ੍ਹ ਰਹੇ ਵਿਦਿਆਰਥੀ ਇਹ ਸੋਚਦੇ ਹਨ ਕਿ ਅਜੇ ਸਾਰਾ ਸਾਲ ਪਿਆ ਹੋਇਆ ਹੈ ਜਦੋਂ ਪ੍ਰੀਖਿਆ ਨੇੜੇ ਆਏਗੀ ਆਪਾਂ ਰਾਤ ਦਿਨ ਇਕ ਕਰਕੇ ਪੜ੍ਹ ਲਵਾਂਗੇ। ਇਮਤਿਹਾਨ ਨੇੜੇ ਆਇਆਂ ਕਦੇ ਵੀ ਨਹੀਂ ਪੜ੍ਹਿਆ ਜਾ ਸਕਦਾ ਕਿਉਂ ਕਿ ਕੰਮ ਦਾ ਬੋਝ ਬਹੁਤ ਜ਼ਿਆਦਾ ਹੋ ਜਾਂਦਾ ਹੈ। ਵਿਦਿਆਰਥੀ ਇਸ ਸੋਚ ਵਿਚ ਹੀ ਸਮਾਂ ਲਗਾ ਦੇਂਦਾ ਹੈ ਕਿ ਪਹਿਲਾਂ ਕਿਹੜਾ ਵਿਸ਼ਾ ਪੜ੍ਹਾਂ। ਤਰਕੀ ਦੀਆਂ ਮੰਜ਼ਿਲਾਂ ਉਹ ਹੀ ਤਹਿ ਕਰਦਾ ਹੈ ਜਿਸ ਨੇ ਸਮੇਂ ਦੀ ਸੰਭਾਲ਼ ਕੀਤੀ ਹੈ। ਹਿਟਲਰ ਦਾ ਜਰਨੈਲ ਪੰਜ ਮਿੰਟ ਲੇਟ ਹੋਣ ਨਾਲ ਜਰਮਨੀ ਜਿਤੀ ਹੋਈ ਬਾਜ਼ੀ ਹਾਰ ਗਿਆ ਸੀ। ਘਰ ਵਿਚ ਸਿਆਣੀ ਪਤਨੀ ਸਾਰੇ ਪਰਵਾਰ ਤੋਂ ਪਹਿਲਾਂ ਉਠਦੀ ਹੈ ਤੇ ਸਾਰੇ ਪਰਵਾਰ ਨਾਲੋਂ ਪਿਛੋਂ ਸੌਂਦੀ ਹੈ। ਏਸੇ ਲਈ ਸਿਖੀ ਸਵੇਰ ਵੇਲੇ ਦਾ ਵਕਤ ਸੰਭਾਲਣ ’ਤੇ ਜ਼ੋਰ ਦੇਂਦੀ ਹੈ। ਅੰਮ੍ਰਿਤ ਵੇਲੇ ਉਠਣ ਦਾ ਅਰਥ ਹੀ ਸਮੇਂ ਦੀ ਸੰਭਾਲ਼ ਕਰਨਾ ਹੈ। ਸਮੇਂ ਅਨੁਸਾਰ ਤੁਰਿਆ ਹੋਇਆ ਮਨੁਖ ਸਮੇਂ ਅਨੁਸਾਰ ਹੀ ਮੰਜ਼ਿਲ ’ਤੇ ਪਹੁੰਚ ਜਾਂਦਾ ਹੈ। ਅਸਾੜ ਦੇ ਮਹੀਨੇ ਰਾਂਹੀ ਗੁਰਦੇਵ ਪਿਤਾ ਜੀ ਨੇ ਇਕ ਖ਼ਿਆਲ ਦਿਤਾ ਹੈ ਜੋ ਸਾਰੀ ਦੁਨੀਆਂ ਨੂੰ ਤਰਕੀ ਦਾ ਰਾਹ ਦਸਦਾ ਹੈ ਤੇ ਮੁਲਕ ਵਿਕਾਸ ਕਰਦੇ ਹਨ।
ਗੁਰਬਾਣੀ ਤ੍ਰੈ-ਕਾਲ ਸਚ ਹੈ। ਭਾਵ ਜੋ ਸਚਾਈਆਂ ਗੁਰਬਾਣੀ ਦਸਦੀ ਹੈ ਉਹ ਸਾਰੀ ਦੁਨੀਆਂ ’ਤੇ ਲਾਗੂ ਹੁੰਦੀਆਂ ਹਨ। ਬਾਰਹ ਮਾਹ ਵਿਚ ਮਹੀਨਿਆਂ ਦਾ ਨਾਂ ਲੈ ਕੇ ਆਤਮਿਕ ਉਪਦੇਸ਼ ਦਿਤਾ ਹੈ। ਜੇ ਹਾੜ ਦੇ ਮਹੀਨੇ ਦੀ ਹੀ ਕੇਵਲ ਮਹਾਨਤਾ ਹੋਵੇ ਤਾਂ ਅਸਾੜ ਦਾ ਮਹੀਨਾ ਸਾਰਿਆਂ ਮੁਲਕਾਂ ਵਿਚ ਇਕਸਾਰ ਨਹੀਂ ਹੁੰਦਾ।
ਪੰਜਾਬ ਦੀ ਧਰਤੀ ’ਤੇ ਹਾੜ ਦੇ ਮਹੀਨੇ ਵਿਚ ਧਰਤੀ ਤਤੀ ਤਵੀ ਵਾਂਗ ਤਪੀ ਹੁੰਦੀ ਹੈ, ਜਦ ਕਿ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਠੰਡ ਹੁੰਦੀ ਹੈ। ਇਹਨਾਂ ਮੁਲਕਾਂ ਵਿਚ ਕੁਝ ਥਾਵਾਂ ’ਤੇ ਹਾੜ ਦੇ ਮਹੀਨੇ ਵਿਚ ਬਰਫ ਵੀ ਪੈਂਦੀ ਹੈ। ਇਸ ਦਾ ਉਤਰ ਹੈ ਕਿ ਹਾੜ ਦੇ ਮਹੀਨੇ ਰਾਂਹੀ ਗੁਰੂ ਸਾਹਿਬ ਜੀ ਸਚ ਦਾ ਉਪਦੇਸ਼ ਦੇ ਰਹੇ ਹਨ ਨਾ ਕੇ ਮਹੀਨੇ ਜਾਂ ਦਿਨਾਂ ਦੀ ਕੋਈ ਮਹਾਨਤਾ ਦਸ ਰਹੇ ਹਨ। ਮੰਨ ਲਓ ਕਿ ਹਾੜ ਦੇ ਮਹੀਨੇ ਵਿਚ ਬੰਦੇ ਨੂੰ ਗਰਮੀ ਲਗਦੀ ਹੈ ਤਾਂ ਉਹ ਆਪਣੇ ਸੁਖ ਲਈ ਏ. ਸੀ. ਜਾਂ ਕੂਲਰ ਲਗਾ ਲਏਗਾ।
ਜੇ ਕੁਝ ਵੀ ਨਹੀਂ ਸਰਦਾ ਤਾਂ ਪਖੇ ਦਾ ਪ੍ਰਬੰਧ ਕਰ ਲਏਗਾ। ਸਰੀਰ ਨੂੰ ਲਗ ਰਹੀ ਗਰਮੀ ਤਾਂ ਦੂਰ ਹੋ ਜਾਏਗੀ ਪਰ ਜੋ ਮਨ ਤਪਿਆ ਪਿਆ ਹੈ ਉਸ ਨੂੰ ਏ. ਸੀ. ਆਦਿ ਨਾਲ ਵੀ ਠੰਡ ਨਹੀਂ ਆ ਸਕਦੀ। ਹਾੜ ਦੇ ਮਹੀਨੇ ਦੀ ਗਰਮੀ ਦੀ ਗਲ ਨਹੀਂ ਸਗੋਂ ਮਨੁਖ ਦੇ ਗਰਮ ਸੁਭਾਅ ਦੀ ਵਿਚਾਰ ਦਿਤੀ ਜਾ ਰਹੀ ਹੈ। ਗੁਰਬਾਣੀ ਦੀਆਂ ਉਦਾਹਰਣਾਂ ਬਹੁਤ ਕੀਮਤੀ ਹਨ ਜਿੰਨ੍ਹਾਂ ਰਾਂਹੀ ਬਹੁਤ ਹੀ ਸੌਖੇ ਢੰਗ ਨਾਲ ਮਨੁਖ ਨੂੰ ਸਚ ਦਾ ਉਪਦੇਸ਼ ਮਿਲਦਾ ਹੈ। ਨਦੀ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਪਾਣੀ ਚਲਦਾ ਹੋਵੇ।

WRITTEN BY