ਜਿਥੇ ਸਰਕਾਰਾਂ ਫ਼ੇਲ ਹੋ ਜਾਂਦੀਆਂ ਹਨ ਓਥੇ ਅਖੌਤੀ ਸਾਧਾਂ ਦੇ ਟੋਲੇ ਸਰਗਰਮ ਹੋ ਜਾਂਦੇ ਹਨ।ਇਹੀ ਕਾਰਨ ਹੈ ਕਿ ਸਿਆਸਤ, ਸਰਕਾਰਾਂ ,ਧਾਰਮਿਕ ਸੰਸਥਾਵਾਂ , ਸਮਾਜ ਅਤੇ ਲੋਕਾਂ ਵਲੋਂ ਸਿਰ ’ਤੇ ਚੜ੍ਹਾਏ ਸੰਤ/ ਸਾਧ/ ਬਾਬੇ/ ਮਹਾਰਾਜ ਅਜ ਪੂਰੇ ਦੇਸ਼ ਲਈ ਚੁਣੋਤੀ ਬਣ ਗਏ ਹਨ। ਸਮਾਜਿਕ ਅਤੇ ਪਰਿਵਾਰਕ ਜ਼ਿਮੇਂਵਾਰੀਆਂ ਤੋਂ ਭਜੇ ਹੋਏ ਇਹ ਇਹ ‘ਸ਼ਰਧਾਲੂਆਂ’ ਨੂੰ ਸਬਜ਼ਬਾਗ ਦਿਖਾਉਂਦੇ ਹਨ ਅਤੇ ਲੋਕਾਂ ਦੇ ਚੜ੍ਹਾਵੇ ’ਤੇ ਆਪ ਅਯਾਸ਼ੀ ਕਰਦੇ ਹਨ। ਕਾਰੋਬਾਰ, ਬਾਜ਼ਾਰ ਸ਼ੇਅਰ ਬਾਜ਼ਾਰ, ਉਦੋਯੋਗ, ਖੇਤੀ ਅਦਿ ਵਿਚ ਜਦੋਂ ਮੰਦੇ ਦੀ ਮਾਰ ਪੈਂਦੀ ਹੈ ਡੇਰਿਆਂ ਦਾ ਧੰਦਾ ਸਗੋਂ ਜ਼ਿਆਦਾ ਖਟੀ ਕਰਦਾ ਹੈ।ਪੰਜਾਬ ਵਿਚ ਤਕਰੀਬਨ ਨਿਕੇ-ਵਡੇ ਨੌ ਹਜ਼ਾਰ ਹਨ ।ਇਹਨਾਂ ਡੇਰਿਆਂ ਦੇ ਖਲਾਰ ਪਿਛੇ ਅਸਲ ਵਿਚ ਸਿਆਸੀ, ਸਮਾਜਿਕ, ਪਰਿਵਾਰਕ, ਧਾਰਮਿਕ ਆਦਿ ਪਹਿਲੂ ਹਨ।ਪੰਜਾਬ ਦੇ ਹਰ ਪਿੰਡ,ਕਸਬੇ ਅਤੇ ਸ਼ਹਿਰ ਦੇ ਬਾਹਰ ਸਾਧਾਂ ਦੇ ਡੇਰੇ ਵੇਖਣ ਨੂੰ ਮਿਲ਼ ਜਾਂਦੇ ਹਨ ।ਇਹ ਡੇਰੇ ਆਬਾਦੀ ਤੋਂ ਦੂਰ ਹੁੰਦੇ ਹਨ।ਏਥੇ ਰਹਿਣ ਵਾਲ਼ੇ ਸਾਧ, ਸੰਤ,ਬਾਬੇ, ਗੁਰੂ,ਮਹਾਰਾਜ, ਸਵਾਮੀ ਆਦਿ ਨਾਵਾਂ ਨਾਲ਼ ਜਾਣੇ ਜਾਂਦੇ ਹਨ ਅਤੇ ਇਥੇ ਕੰਮ ਕਰਨ ਵਾਲੇ ਸੇਵਕ,ਚੇਲੇ, ਛਿਛ,ਦਾਸ ਆਦਿ ਨਾਵਾਂ ਨਾਲ਼ ਸੰਬੋਧਿਤ ਕੀਤੇ ਜਾਂਦੇ ਹਨ। ਹਰ ਡੇਰੇ ਵਿਚ ਧੂਣਾ ,ਗੁਫਾ, ਸਮਾਧੀ, ਜੋਤ ਆਦਿ ਜ਼ਰੂਰ ਹੋਣਗੇ ।ਇਹਨਾਂ ਡੇਰਿਆਂ ਬੀਬੀਆਂਤੋਂ ਰਾਤ ਦੀਆਂ ਚੌਂਕੀਆਂ (ਰਾਤ ਡੇਰੇ ’ਚ ਬਿਤਾਉਣੀ) ਭਰਵਾਈਆਂ ਜਾਂਦੀਆਂ ਹਨ ।ਇਨ੍ਹਾਂ ਡੇਰਿਆਂ ਦੇ ਸ਼ਰਧਾਲੂਆਂ ’ਚ ਵਧ ਗਿਣਤੀ ਬੀਬੀਆਂ ਦੀ ਹੁੰਦੀ ਹੈ । ਡੇਰਿਆਂ ਦੇ ਮੁਖੀ ਮਰਦ ਹੀ ਹੁੰਦੇ ਹਨ ਔਰਤਾਂ ਨਹੀਂ।ਦਰਅਸਲ ਇਹਨਾਂ ਡੇਰਿਆਂ ‘ਚੋਂ 99 ਫੀਸਦੀ ਡੇਰੇ ਵਿਹਲੜਾਂ, ਗੁੰਡਿਆਂ, ਜਗੀਰਦਾਰਾਂ, ਮੁਜਰਿਮਾਂ ਅਤੇ ਸਮਗਲਰਾਂ ਦੀ ਸੁਰਖਿਅਤ ਠਾਹਰ ਅਤੇ ਅਯਾਸ਼ੀ ਦੇ ਅਡੇ ਹਨ । ਓਪਰੀ-ਕਸਰ, ਓਪਰੀ- ਹਵਾ , ਭੂਤ-ਪ੍ਰੇਤ, ਬੁਰੀ-ਰੂਹ, ਪ੍ਰੇਤ-ਆਤਮਾ ਆਦਿ ਦੇ ਪਾਖੰਡ ਕਾਰਨ ਸਿਰ ਹਿਲਾ-ਹਿਲਾ ਕੇ ‘ਖੇਡਣ’ ਵਲਿਆਂ ’ਚ 99 ਫੀਸਦੀ ਔਰਤਾਂ ਅਤੇ ਇਕ ਫੀਸਦੀ ਕੁੜੀਆਂ ਹੁੰਦੀਆਂ ਹਨ । ਗਰੀਬ ਅਤੇ ਅਨਪੜ੍ਹ ਤਕਬੇ ’ਚ ਜਾਣਕਾਰੀ ਦੀ ਘਾਟ ਕਾਰਨ ਵਿਆਹਾਂ ਮਗਰੋਂ ਪਤੀ-ਪਤਨੀ ’ਚ ਇਕ ਦੂਜੇ ਦੀਆਂ ਸਰੀਰਕ ਲੋੜਾਂ ਪ੍ਰਤੀ ਅਣਦੇਖੀ ਅਤੇ ਬਚਾ, ਖਾਸ ਕਰ ਲੜਕਾ, ਪੈਦਾ ਨਾ ਹੋਣ ਦੀਆਂ ਸਮਸਿਆਂਵਾਂ ਇਹਨਾਂ ਡੇਰਿਆਂ ਦੀ ਸੰਗਤ ਵਿਚ ਵਾਧਾ ਕਰਦੀਆਂ ਹਨ।ਇਹਨਾਂ ਸਾਧਾਂ ਦੇ ਡੇਰਿਆਂ ’ਤੇ ਰਾਤ ਦੀਆਂ ਚੌਂਕੀਆਂ ਭਰਨ ਦੇ ਅਰਥ ਸਮਝਾਉਣ ਦੀ ਲੋੜ ਨਹੀਂ । ਇਹ ਡੇਰੇ ਸਿਰਫ ਔਰਤਾਂ ਨੂੰ ਹੀ ਚੌਂਕੀਆਂ ਭਰਨ ਲਈ ਕਹਿੰਦੇ ਹਨ।ਇਹਨਾਂ ਡੇਰਿਆਂ ਦੇ ਸ਼ਰਧਾਲੂਆਂ ਵਿਚ ਬਹੁਤੀ ਵਡੀ ਗਿਣਤੀ ਰਬ ਤੋਂ ਡਰਨ ਵਾਲ਼ੇ ਗਰੀਬਾਂ, ਮਰੀਜ਼ਾਂ, ਅਨਪੜ੍ਹਾਂ, ਸਰਕਾਰੇ ਦਰਬਾਰੇ ਅਤੇ ਅਦਾਲਤਾਂ ’ਚ ਹਾਰ ਚੁਕੇ ਲਾਚਾਰਾਂ, ਸ਼ਰੀਕਾਂ ਦੇ ਸਤਾਏ ਨਿਤਾਣਿਆਂ, ਸ਼ਾਹੂਕਾਰਾਂ ਦੇ ਛਿਲੇ ਲੋਕਾਂ, ਬੇ-ਔਲਾਦ ਇਸਤਰੀਆਂ, ਕਾਰੋਬਾਰ ’ਚ ਸ਼ਿਕਸਤ ਖਾਦੇ ਵਪਾਰੀਆਂ, ਘਰਾਂ ’ਚੋ ਧਕੇ ਬਜ਼ੁਰਗਾਂ , ਸ਼ਰਾਬੀ ਅਤੇ ਨਸ਼ੈੜੀ ਪਤੀਆਂ ਹਥੋਂ ਤੰਗ ਪਤਨੀਆਂ ਆਦਿ ਦੀ ਹੁੰਦੀ ਹੈ ।ਦੂਜੇ ਨੰਬਰ ’ਤੇ ਸ਼ਰਧਾਲੂਆਂ ਦੇ ਮਖੌਟੇ ਪਾ ਕੇ ਰਾਜਨੀਤਿਕ ਫਾਇਦੇ ਲੈਣ ਵਾਲ਼ੇ ਰਬ ਦੇ ਡਰ ਤੋਂ ਬੇ-ਖੌਫ ਸਿਆਸਤਦਾਨ ਅਤੇ ਸਰਕਾਰੇ-ਦਰਬਾਰੇ ਮਨਚਾਹੇ ਔਹਦੇ/ ਪੋਸਟਿੰਗ ਲੈਣ ਵਾਲੇ ਅਫਸਰ ਵੀ ਹੁੰਦੇ ਹਨ ।ਤੀਜੀ ਸ਼੍ਰੇਣੀ ਵੇਹਲੜ, ਗੂੰਡੇ, ਸਮਗਲਰ, ਭਗੌੜੇ, ਜੁਆਰੀਏ, ਨਸ਼ੈੜੀਆਂ ਆਦਿ ਦੀ ਹੁੰਦੀ ਹੈ ।ਸੰਗਤ ’ਤੇ ਪ੍ਰਭਾਵ ਜਮਾਉਣ ਲਈ ਇਹਨਾਂ ਡੇਰਿਆਂ ਨੇ ਆਪਣੇ ਤੰਤਰ ਤਿਆਰ ਕੀਤੇ ਹੁੰਦੇ ਹਨ।ਇਨ੍ਹਾਂ ਡੇਰਿਆਂ ‘ਚ ਕੰਮ ਕਰਨ ਵਾਲ਼ੇ ਖਾਸ ਲੋਕ ਜੋ ਡੇਰਾ- ਮੁਖੀ ਦੇ ਵਿਸ਼ਵਾਸ-ਪਾਤਰ ਹੁੰਦੇ ਹਨ, ਲੋਕਾਂ ਵਿਚ ਇਹ ਭਰਮਜਾਲ਼ ਬੁਣਦੇ ਰਹਿੰਦੇ ਹਨ ਕਿ ‘ਬਾਬਾ ਜੀ‘ ਭਵਿਖ ਬਾਰੇ ਸਭ ਕੁਝ ਦਸ ਦਿੰਦੇ ਹਨ; ਹਸਪਤਾਲ਼ਾਂ ਦੇ ਠੁਕਰਾਏ ਭਿਆਨਕ ਤੋਂ ਭਿਆਨਕ ਬਿਮਾਰੀ ਨੂੰ ਠੀਕ ਕਰ ਦਿੰਦੇ ਹਨ, ਨੌਕਰੀ ਲਗਣ, ਵਿਦੇਸ਼ ਜਾਣ, ਕਾਰੋਬਾਰ ਵਿਚ ਸਫਲਤਾ,ਰਿਸ਼ਤਾ ਕਰਾਉਣ ਆਦਿ ਵਿਚ ਆ ਰਹੀਆਂ ਦਿਕਤਾਂ ਬਾਬਾ ਜੀ ਦੇ ਅਸ਼ੀਰਵਾਦ ਨਾਲ਼ ਖਤਮ ਹੋ ਜਾਂਦੀਆਂ ਹਨ । ਹਜ਼ਾਰਾਂ ਦੀ ਗਿਣਤੀ ਵਿਚ ਦੁਖੀ ਲੋਕ ਏਹਨਾਂ ਬਾਬਿਆਂ ਦੇ ਦਰ ’ਤੇ ਆਣ ਮਥੇ ਰਗੜਦੇ ਹਨ: ਓਨ੍ਹਾਂ ਵਿਚੋ 10/20 ਫੀਸਦੀ ਲੋਕਾਂ ਦੇ ਕੰਮ (ਲੋਕਾਂ ਦੀਆਂ ਆਪਣੀਆਂ ਕੋਸ਼ਿਸ਼ਾਂ ਕਰਕੇ) ਹੋ ਜਾਂਦੇ ਹਨ, ਏਹੀ ਲੋਕ ਬਾਅਦ ਵਿਚ ਬਾਬੇ ਦਾ ਪ੍ਰਚਾਰ ਮੁਫ਼ਤੋ-ਮੁਫ਼ਤੀ ਕਰਦੇ ਹਨ ਜੋ ਬਾਬੇ ਦੇ ਦਰਬਾਰ ਦੀ ਦਿਨ ਦੁਗਣੀ ’ਤੇ ਰਾਤ ਚੌਗਣੀ ਤਰਕੀ ’ਚ ਸਹਾਈ ਹੁੰਦਾ ਹੇ । ਇਹ ਭੂਪਨੇ- ਸਾਧ ਹਰ ਇਕ ਨੂੰ ਪੁਤ ਬਖਸ਼ਦੇ ਹਨ ਕਦੇ ਕਿਸੇ ਨੂੰ ਨਹੀਂ ਕਹਿੰਦੇ ਕਿ ਓਹਦਾ ਕੰਮ ਨਹੀਂ ਬਣੇਗਾ।ਸਮਸਿਆ ਦਾ ਉਪਾਅ ਸ਼ਰਧਾਲੂ ਦੀ ਸਮਰਥਾ ਅਨੁਸਾਰ ਦਸਿਆ ਜਾਂਦਾ ਹੈ।ਪਹਿਲਾਂ ਏਹ ਡੇਰੇ ਸਿਰਫ ਪਿੰਡ ਜਾਂ ਸ਼ਹਿਰ ਦੇ ਬਾਹਰ ਕਿਸੇ ਸਾਂਝੀ/ਸ਼ਾਮਲਾਟ ਥਾਂ ’ਤੇ ਹੁੰਦੇ ਸਨ ਪਰ ਜਿਉਂ-ਜਿਉਂ ਏਹਨਾਂ ਦੇ ਕਾਰਜ-ਖੇਤਰ ਵਿਚ ਵਾਧਾ ਹੁੰਦਾ ਗਿਆ ਤਿਉਂ-ਤਿਉਂ ਏਹਨਾ ਦੇ ਮਠਾ ਦਾ ਅਕਾਰ ਵੀ ਵਧਣ ਲਗਾ ਅਤੇ ਹੁਣ ‘ਤੇ ਏਹਨਾਂ ਦੀਆਂ ਦੂਜੇ ਸ਼ਹਿਰਾਂ, ਪ੍ਰਦੇਸ਼ਾਂ ਅਤੇ ਵਿਦੇਸ਼ਾਂ ਵਿਚ ਬ੍ਰਾਂਚਾਂ ਵੀ ਖੁਲਣ ਲਗ ਪਈਆਂ ਹਨ।ਅੰਨ੍ਹੀ ਸ਼ਰਧਾ ’ਚ ਫਸੇ ਲੋਕ ਆਪਣੀਆਂ ਜ਼ਮੀਨਾਂ,ਘਰ,ਗਹਿਣੇ ਅਤੇ ਕੁੜੀਆਂ ਵੀ ਏਹਨਾਂ ਬਾਬਿਆਂ ਦੇ ‘ਚਰਨਾਂ‘ ’ਚ ਦਾਨ ਕਰ ਦਿੰਦੇ ਹਨ । ਪੰਜਾਬ ਵਿਚ ਅਜਿਹੇ ਕਈ ਡੇਰੇ ਹਨ ਜਿਥੇ ਕਈ ਲੋਕ ਆਪਣੀਆਂ ਧੀਆਂ ਦਾ ਪ੍ਰਸ਼ਾਦ ਚੜ੍ਹਾਂ ਦਿੰਦੇ ਹਨ।ਲੋਕਾਂ ਦੀਆਂ ਮਜਬੂਰੀਆਂ ਦਾ ਨਾਜਇਜ਼ ਫਾਇਦਾ ਉਠਾਉਣ ਲਈ ਅਤੇ ਲੋਕਾਂ ਦੀਆਂ ਅਖਾਂ ’ਚ ਘਟਾ ਪਾਉਣ ਲਈ ਏਹ ਠਗ-ਸਾਧ ਸਕੂਲ, ਹਸਪਤਾਲ਼, ਆਸ਼ਰਮ, ਲੰਗਰ, ਗਰੀਬਾਂ ਲਈ ਇਕਾ-ਦੁਕਾ ਮਕਾਨ ,ਗਰੀਬਾਂ ਦੀਆਂ ਕੁੜੀਆਂ ਲਈ ਵਰ ਅਤੇ ਦਹੇਜ ਦਾ ਪ੍ਰਬੰਧ, ਗਰੀਬ ਮਰੀਜ਼ਾਂ ਲਈ ਮੁਫ਼ਤ ਇਲਾਜ ਆਦਿ ਵਰਗੀਆਂ ਸਹੂਲ਼ਤਾਂ ਪ੍ਰਦਾਨ ਕਰਦੇ ਹਨ ਜੋ ਲੋਕਾਂ ਦੇ ਦਾਨ ਨਾਲ਼ ਹੀ ਚਲੀ ਜਾਂਦੀਆਂ ਹਨ ਅਤੇ ਬਲੇ-ਬਲੇ ਬਾਬਿਆਂ ਦੀ ਹੋਈ ਜਾਂਦੀ ਹੈ।ਕੁਝ ਸ਼ਰਧਾਲੂ ਬਾਬਿਆਂ ਦੇ ਬਹੁਤ ਨੇੜੇ ਹੋ ਜਾਂਦੇ ਹਨ ਅਤੇ ਜਦੋਂ ਓਹਨਾਂ ਨੂੰ ਬਾਬਿਆਂ ਦੀ ਅਸਲੀਅਤ ਦਾ ਪਤਾ ਲਗਦਾ ਹੈ ਤਾਂ ਫਿਰ ਬਾਬੇ ਅਜਿਹੇ ਲੋਕਾਂ ਨੂੰ ਜਾਂ ਤਾਂ ਪਹਿਲਾਂ ‘ਪਿਆਰ ‘ ਨਾਲ਼ ਵਰਜਦੇ ਹਨ ਪਰ ਜੇ ਕੋਈ ਵਰਜਿਆ ਨਾ ਰਹੇ ਤਾਂ ਫਿਰ ਉਹਦੀ ਚੌਰਾਸੀ ਜੂਨਾਂ ਦੀ ਭਟਕਣ ਵੀ ਖਤਮ ਕਰ ਦਿੰਦੇ ਹਨ। ਜਿਹੜੇ ਲੋਕ ਬਾਬਿਆਂ ਤੋਂ ਖਹਿੜਾ ਛੁਡਵਾਉਣਾ ਚਾਂਹੁੰਦੇ ਹਨ ਫਿਰ ਉਨ੍ਹਾਂ ਦਾ ਹਾਲ ਨਰਕ ਤੋਂ ਵੀ ਬਦਤਰ ਹੋ ਜਾਂਦਾ ਹੈ ਕਿਉਂ ਕਿ ਏਹਨਾਂ ਡੇਰਿਆਂ ਦੇ ‘ਸੇਵਕ’ ਅਜਿਹੇ ਘਰਾਂ ਦਾ ਜਿਊਣਾ ਹਰਾਮ ਕਰ ਦਿੰਦੇ ਹਨ । ਧਕੇ ਨਾਲ਼ ਸ਼ਰਧਾਲੂਆਂ ਦੇ ਘਰਾਂ ’ਚ ਭੰਡਾਰੇ ,ਕੀਰਤਨ, ਹਵਨ, ਜਗਰਾਤੇ ਆਦਿ ਕਰਵਾਏ ਜਾਂਦੇ ਹਨ।ਇਹ ਸੇਵਕ ਧਕੇ ਨਾਲ਼ ਸ਼ਰਧਾਲੂਆਂ ਦੇ ਘਰਾਂ ’ਚ ਰਾਤਾਂ ਰੰਗੀਨ ਕਰਦੇ ਹਨ।ਜਿਹੜੇ ਲੋਕ ਆਪਣੀਆਂ ਧੀਆਂ ਨੂੰ ਅਜਿਹੇ ਡੇਰਿਆਂ ’ਤੇ ਚੜ੍ਹਾ ਦਿਂਦੇ ਹਨ ਬਾਦ ਵਿਚ ਉਨ੍ਹਾਂ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਇਕਲਿਆਂ ਮਿਲਣ ਵੀ ਨਹੀਂ ਦਿਤਾ ਜਾਂਦਾ ।ਕੀਰਤਨ ਦਰਬਾਰ, ਸਤਸੰਗ, ਜਗਰਾਤੇ, ਭੰਡਾਰੇ ਆਦਿ ਸਮੇਂ ਡੇਰਿਆਂ ਦਾ ਖੂਫੀਆ ਤੰਤਰ ਬਹੁਤ ਸਰਗਰਮ ਰਹਿੰਦਾ ਹੈ, ਸ਼ਰਧਾਲੂਆਂ ਨਾਲ਼ ਆਏ ਰਿਸ਼ਤੇਦਾਰਾਂ, ਨਵੇਂ ਸ਼ਰਧਾਲੂਆਂ ,ਓਪਰੇ ਅਤੇ ਸ਼ਕੀ ਲੋਕਾਂ ਉਪਰ ਕਰੜੀ ਨਜ਼ਰ ਰਖੀ ਜਾਂਦੀ ਹੈ ।ਡੇਰਿਆਂ ਦੇ ਜਾਸੂਸ (ਨਰ ਅਤੇ ਨਾਰੀ) ਸੰਗਤ ਵਿਚ ਹੀ ਸੰਗਤ ਦਾ ਹਿਸਾ ਬਣ ਕੇ ਜਾਸੂਸੀ ਕਰਦੇ ਰਹਿੰਦੇ ਹਨ।ਡੇਰਿਆਂ ਦੇ ਨਾਂ ‘ਤੇ ਅਨਾਜ, ਦਾਲ਼ਾਂ, ਸਬਜ਼ੀਆਂ, ਫ਼ਲ਼ ਅਤੇ ਨਕਦੀ ਦਾਨ ਇਕਠਾ ਕਰਨ ਦੇ ਬਹਾਨੇ ਇਨ੍ਹਾਂ ਮਠਾਂ ਦੇ ਡੀਲਰ/ਸੇਵਕ/ ਗੁੰਡੇ/ ਜਾਸੂਸ ਲੋਕਾਂ ਦੇ ਘਰਾਂ ‘ਚੋਂ ਸੂਹ ਲੈਂਦੇ ਫਿਰਦੇ ਹਨ ਕਿ ਉਸ ਡੇਰੇ ਦੇ ਇਲਾਕੇ ਵਿਚ ਕੋਈ ਦੂਜਾ ਸਾਧ ਆਪਣੇ ਡੇਰੇ ਦੇ ਪੈਰ ’ਤੇ ਨਹੀ ਪਸਾਰ ਰਿਹਾ ।ਇਹ ਦਾਨ ਇਕਠਾ ਕਰਨ ਵਾਲ਼ੇ, ‘ਸੇਵਕ’ ਕਈ ਵਾਰ ’ਤੇ ਲੋਕਾਂ ਨਾਲ਼ ਜ਼ਬਰਦਸਤੀ ਵੀ ਕਰ ਜਾਂਦੇ ਹਨ । ਅਜਿਹੇ ਡੇਰਿਆਂ ਦੀਆਂ ਉਦੋਂ ਪੰਜੇ ਉਂਗਲ਼ਾਂ ਘਿਓ ਵਿਚ ਹੋ ਜਾਂਦੀਆਂ ਹਨ ਜਦੋਂ ਕੋਈ ਸਿਆਸੀ ਪਾਰਟੀਆਂ ਦੇ ਸਿਰ-ਕਢ ਲੀਡਰ, ਸਰਕਾਰੀ ਅਫਸਰ ਜਾਂ ਪੁਲਿਸ ਅਫ਼ਸਰ ਇਨ੍ਹਾਂ ਡੇਰਿਆਂ ਦੀ ਦਹਿਲੀਜ਼ ਪਾਰ ਕਰਕੇ ਡੇਰਾ-ਮੁਖੀ ਅਗੇ ਸਿਰ ਨਿਵਾ ਦਿੰਦਾ ਹੈ : ਅਜਿਹੇ ਸਮਾਗਮਾਂ ਦੀਆਂ ਤਸਵੀਰਾਂ ਮੀਡੀਆ ਮਸਾਲੇ ਲਾਕੇ ਵੇਚਦਾ ਹੈ ਅਤੇ ਭੋਲ਼ੇ-ਭਾਲ਼ੇ ਵਿਚਾਰੇ ਲੋਕ ਏਨ੍ਹਾਂ ਡੇਰਿਆਂ ਦੀਆਂ ਕੋਝੀਆਂ ਚਾਲਾਂ ਦੇ ਸ਼ਿਕਾਰ ਹੋ ਜਾਂਦੇ ਹਨ।ਅਜਿਹੀਆਂ ਤਸਵੀਰਾਂ ਲੋਕਾਂ ਵਿਚ ਵੰਡੀਆਂ ਜਾਂਦੀਆਂ ਹਨ ਅਤੇ ਡੇਰਿਆਂ ਦੀਆਂ ਦੀਵਾਰਾਂ ਉਪਰ ਵਡੀਆਂ ਕਰਕੇ ਸਜਾਈਆਂ ਜਾਂਦੀਆਂ ਹਨ ਤਾਂਕਿ ਸ਼ਰਧਾਲੂ ਪ੍ਰਭਾਵਿਤ ਹੋ ਸਕਣ । ਪਿਛਲੇ ਸਮਿਆਂ ‘ਚ ਇਹ ਤਾਂ ਸਪਸ਼ਟ ਹੋ ਹੀ ਗਿਆ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਵਖ-ਵਖ ਚੋਣਾਂ ਸਮੇਂ ਏਨ੍ਹਾਂ ਡੇਰਿਆਂ ਦੀ ਸ਼ਰਨ ਲੈਂਦੀਆਂ ਰਹੀਆਂ ਹਨ ਅਤੇ ਭਵਿਖ ਵਿਚ ਵੀ ਏਹ ਵਰਤਾਰਾ ਜਾਰੀ ਰਹੇਗਾ।
‘ਡੇਰਾ ਸਚਾ ਸੌਦਾ’ ਦੇ ਸਾਧ ਮੁਖੀ ਨੂੰ ਹੋਈ ਸਜ਼ਾ ਦੇ ਸਿਟੇ ਵਜੋਂ ਭੜਕੀ ਹਿੰਸਾ ਵਿਚ ਮਾਰੇ ਗਏ ਲੋਕਾਂ ਵਾਲ਼ੀ ਘਟਨਾ ’ਤੇ ਰਾਜਸੀ ਪਾਰਟੀਆਂ ਦੇ ਨਾਪੇ-ਤੋਲੇ ਬਿਆਨ ਇਸ ਤਥ ਦੀ ਤਸਦੀਕ ਕਰਦੇ ਹਨ ਕਿ ਨੇਤਾਵਾਂ ਅਤੇ ਏਨ੍ਹਾਂ ਡੇਰਿਆਂ ਵਿਚ ਕਿਨਾ ਗਹਿਰਾ ‘ਰਿਸ਼ਤਾ’ ਬਣ ਚੁਕਿਆ ਹੈ । ਗੁਰਮੀਤ ਸਿੰਘ-ਸਚਾ-ਸੌਦਾ ਵਲੋਂ 2007 ਵਿਚ ਸਲਾਬਤਪੁਰ ਨਾਮਚਰਚਾ ਘਰ ਵਿਚ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨ ਦੇ ਡਰਾਮੇ ਮਗਰੋਂ ਜਿਹੜੇ ਘਾਗ ਲੀਡਰ ਸੰਘ ਪਾੜ-ਪਾੜ ਕੇ ਡੇਰੇ ਦੀ ਨਿੰਦਿਆ ਕਰ ਰਹੇ ਸੀ ਓਨ੍ਹਾਂ ਪੰਥ-ਹਤੈਸ਼ੀ ਲੀਡਰਾਂ ਦੇ ਗਲ਼ੇ ਅਜ ਸੁਕੇ ਪਏ ਹਨ।ਪੰਜਾਬ ਦੇ ‘ਹਤੈਸ਼ੀ ‘ਸਿਆਸਤਦਾਨਾਂ ਦੀ ਗਹਿਰੀ ਚੁਪ ਕਈ ਸਵਾਲ ਖੜੇ ਕਰਦੀ ਹੈ, ਕੀ ਏਹਨਾਂ ਨੂੰ ਲੋਕਾਂ ਦਾ ਡਰ ਹੈ ਜਾਂ ਡੇਰਿਆਂ ਦਾ? ਕੀ ਏਹ ਰਵਾਇਤੀ ਲੀਡਰਸ਼ਿਪ ਮੌਜੂਦਾ ਸਥਿਤੀ ‘ਚੋ ਭਵਿਖ ਵਿਚ ‘ਨਫ਼ਾ’ ਕਮਾਉਣ ਦੀਆਂ ਨੀਤੀਆਂ ਘੜਨ ‘ਚ ਮਸਰੂਫ਼ ਤਾਂ ਨਹੀਂ? ਕੀ ਏਨ੍ਹਾਂ ਦੀ ਮੁਰਦਾ-ਚੁਪ ਦੂਸਰੇ ਪਾਖੰਡੀਆਂ ਨੂੰ ਸ਼ਹਿ ਨਹੀਂ ਦਏਗੀ ? ਧਰਮ ਜ਼ਿੰਦਗੀ ਨੂੰ ਜਿਊਣ ਦਾ ਸਲੀਕਾ ਦਸਦੇ ਹਨ,ਪਾਪ, ਅਨਿਆਂ, ਜ਼ੁਲਮ, ਝੂਠ ਤੋਂ ਰੋਕਦੇ ਹਨ, ਮਿਹਨਤ, ਸਚਾਈ, ਭਲਾਈ ਅਤੇ ਨਿਆਂ ਲਈ ਪ੍ਰੇਰਦੇ ਹਨ ਪਰ ਅਜ ਦੇ ਪਾਖੰਡੀ ਸਾਧ ਧਰਮ ਦੇ ਨਾਂ ’ਤੇ ਕੁਕਰਮ ਕਰਦੇ ਹਨ ਅਤੇ ਕੁਰਸੀ ਦੀ ਭੁਖ ’ਚ ਬੇਹਬਲ ਅਪਾਹਜ ਮਾਨਸਿਕਤਾ ਦੇ ਸ਼ਿਕਾਰ ਸਾਡੇ ਲੀਡਰ ਇਨ੍ਹਾਂ ਬਾਬਿਆਂ ਦੀ ਸੰਗਤ ਨੂੰ ਵੋਟਾਂ ਵਿਚ ਬਦਲਣ ਦੇ ਚਕਰ ਵਿਚ ਦੇਸ਼ ਦੀ ਇਜ਼ਤ ,ਸੁਰਖਿਆ ਅਤੇ ਧਰਮ-ਨਿਰਪੇਖਤਾ ਨੂੰ ਵੀ ਵੇਚਣ ਲਈ ਤਿਆਰ ਰਹਿੰਦੇ ਹਨ । ਧਰਮ ਦੇ ਨਾਂ ’ਤੇ ਹੋਏ ਫਸਾਦਾਂ ਵਿਚ ਹੁਣ ਤਕ ਲਖਾਂ ਨਿਰਦੋਸ਼ ਭਾਰਤੀ ਫਿਰਕੂ –ਸੋਚ ਦੀ ਬਲੀ ਚੜ੍ਹਾ ਦਿਤੇ ਗਏ ਹਨ ; ਇਕਲੇ 1947 ਦੀ ਵੰਡ ਸਮੇਂ ਹੀ 10 ਲਖ ਤੋਂ ਵਧ ਹਿੰਦੂ, ਮੁਸਲਮਾਨ ਅਤੇ ਸਿਖ ਮੌਤ ਦੇ ਮੂੰਹ ਵਿਚ ਧਕ ਦਿਤੇ ਗਏ ।
ਭਾਰਤ ਵਿਚ ਸਭ ਤੋਂ ਵਧ ਫ਼ਸਾਦ ਧਰਮ ਅਤੇ ਜ਼ਾਤ-ਪਾਤ ਦੇ ਨਾਮ ‘ਤੇ ਹੀ ਹੋਏ ਹਨ: ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸੰਨ 2011 ਤੋਂ ਅਕਤੂਬਰ 2015 ਤਕ ਦੇ ਤਕਰੀਬਨ ਪੰਜ ਸਾਲਾਂ ਵਿਚ 3365 ਫਿਰਕੂ ਫ਼ਸਾਦ ਹੋਏ ਭਾਵ ਹਰ ਮਹੀਨੇ 58 ਦੰਗੇ-ਫ਼ਸਾਦ, ਇਨ੍ਹਾਂ ਇਚ ਸਤ ਸੌ ਦੇ ਕਰੀਬ ਜਾਨਾਂ ਗਈਆਂ ਅਤੇ ਤਿੰਨ ਹਜ਼ਾਰ ਤੋ. ਵਧ ਲੋਕ ਜ਼ਖਮੀ ਹੋਏ । ਇਹ ਦੰਗੇ ਸਿਰਫ ਅਠ ਰਾਜਾਂ : ਉਤਰ ਪ੍ਰਦੇਸ਼, ਰਾਜਿਸਥਾਨ, ਮਧ ਪ੍ਰਦੇਸ਼, ਮਹਾਂਰਾਸ਼ਟਰ, ਬਿਹਾਰ, ਗੁਜਰਾਤ, ਕਰਨਾਟਕਾ ਅਤੇ ਕੇਰਲਾ ਵਿਚ ਹੀ ਹੋਏ ਹਨ । ਅਜ ਤਕ ਸਾਡੇ ਮੁਲਕ ਵਿਚ ਜਿੰਨੇ ਵੀ ਦੰਗੇ ਫ਼ਸਾਦ ਹੋਏ ਹਨ ਉਂਨ੍ਹਾਂ ਵਿਚ ਹਮੇਸ਼ਾਂ ਹੀ ਆਮ ਲੋਕਾਂ ਦੀਆਂ ਜਾਨਾਂ ਗਈਆਂ ਹਨ ਕਦੇ ਕਿਸੇ ਦੰਗੇ ਵਿਚ ਕੋਈ ਲੀਡਰ ਨਹੀ ਮਰਿਆ ; ਕੀ ਸਾਡੇ ਭੋਲ਼ੇ-ਭਾਲ਼ੇ ਲੋਕ ਹਾਲੇ ਵੀ ਨਹੀਂ ਸਮਝਣਗੇ ਕਿ ਲੀਡਰ ਲੋਕ ਆਪਣੀਆਂ ਕੁਰਸੀਆਂ ਲਈ ਲੋਕਾਂ ਨੂੰ ਕਦੇ ਵੋਟਾਂ ਬਣਾ ਲੈਂਦੇ ਨੈ ਅਤੇ ਲੋੜ ਪੈਂਣ ‘ਤੇ ਬਲ਼ਦੀ ਅਗ ‘ਚ ਝੋਖਣ ਤੋਂ ਵੀ ਗੁਰੇਜ਼ ਨਹੀਂ ਕਰਦੇ । ਹੁਣ ਅਖੌਤੀ ਡੇਰਿਆਂ ਦੇ ਪਾਖੰਡੀਆਂ ਨੇ ਵੀ ਲੀਡਰਾਂ ਕੋਲ਼ੋਂ ਵਲ ਸਿਖ ਲਿਆ ਹੈ ਕਿ ਸ਼ਰਧਾਲੂਆਂ ਦੀਆਂ ਅਖਾਂ ਵਿਚ ਕਿਵੇ ਘਟਾ ਪਾਕੇ ਆਪਣੀਆਂ ਗਦੀਆਂ ਅਤੇ ਡੇਰੇ ਕਿਵੇਂ ਕਾਇਮ ਰਖਣੇ ਹਨ ; ‘ ਅਗਸਤ 25-ਪੰਚਕੂਲਾ ‘ ਰਾਜਸੀ ਬਦਨੀਤੀ ਅਤੇ ਅਖੌਤੀ ਡੇਰਿਆਂ ਦੀ ਮਿਲ਼ੀ-ਭੁਗਤ ਦੀ ਤਾਜ਼ਾ ਅਤੇ ਤਕੜੀ ਮਿਸਾਲ ਹੈ ।
‘ ਸਚਾ ਸੌਦਾ-ਕਾਂਡ ‘ਆਜ਼ਾਦੀ ਮਗਰੋਂ ਭਾਰਤ ਵਿਚ ਇਕੋ ਇਕ ਦੁਰਘਟਨਾ ਹੈ ਜਿਸ ਨੇ ਮੀਡੀਆ ਦੀ ਟੀ. ਆਰ. ਪੀ. ’ਚ ਤਾਂ ਵਾਧਾ ਕੀਤਾ ਹੀ ਹੈ ਨਾਲ਼ ਦੀ ਨਾਲ਼ ਮੀਡੀਆ, ਖਾਸ ਕਰ ਨਿਜੀ ਟੀ.ਵੀ. ਚੈਨਲਾਂ ਦੀ ਦੋਗਲ਼ੀ ਨੀਤੀ ਨੂੰ ਵੀ ਜਗ-ਜਾਹਰ ਕੀਤਾ ਹੈ। ਇਨ੍ਹਾਂ ਦਿਨਾਂ ਵਿਚ ਸਾਰੇ ਨਿਜੀ ਟੀਵੀ ਚੈਨਲਾਂ ‘ਤੇਰਾ ਕਿ ਦਿਨ ਮਸਾਲੇ ਲਾ ਕੇ ਰਾਮ ਰਹੀਮ ਦੀਆਂ ਕਹਾਣੀਆਂ ਚਲ ਰਹੀਆਂ ਸਨ : ਕੀ ਮੀਢੀਆ ਨੂੰ ਇਹ ਸਭ ਕੁਝ ਪਹਿਲਾਂ ਪਤਾ ਨਹੀਂ ਸੀ ? ਇਕ ਸਮੇਂ ਜਿਹੜੇ ਚੈਨਲ ਨਿਰਮਲ ਬਾਬਾ ਦੇ ਮਗਰ ਹਥ ਧੋ ਕੇ ਪੈ ਗਏ ਸਨ ਅਜ ਓਹੀ ਚੈਨਲ ‘ਨਿਰਮਲ ਦਰਬਾਰ’ ਦੇ ਹਰ ਰੋਜ਼ ਦੁਪਿਹਰੇ ਸਪੌਂਸਰਡ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹੁੰਦੇ ਨੇ ।
ਸੰਵਿਧਾਨਕ ਤੌਰ ‘ਤੇ ਭਾਰਤ ਇਕ ਬਹੁ-ਧਰਮੀ, ਧਰਮ-ਨਿਰਪਖ ਦੇਸ਼ ਹੈ: ਭਾਵ ਹਰ ਭਾਰਤੀ ਨੂੰ ਆਪਣੀ ਮਰਜ਼ੀ ਦਾ ਧਰਮ ਮੰਨਣ ਦੀ ਖੁਲ੍ਹ ਹੈ ਪਰ ਆਜ਼ਾਦੀ ਮਗਰੋਂ ਭਾਰਤ ਵਿਚ ਹੋਏ ਫਿਰਕੂ ਦੰਗਿਆਂ ਨੇ ਭਾਰਤ ਨੂੰ ਪੂਰੇ ਵਿਸ਼ਵ ਸਾਹਮਣੇ ਸ਼ਰਮਸਾਰ ਕੀਤਾ ਹੈ ਜਿਸ ਦਾ ਸਾਰਾ ਦੋਸ਼ ਸਿਧੇ ਰੂਪ ਵਿਚ ਭਾਰਤ ਦੀ ਫਿਰਕੂ ਸੋਚ ਵਾਲ਼ੀ ਲੀਡਰਸ਼ਿਪ ਦੇ ਮਥੇ ਲਗਦਾ ਹੈ। ਹੈਰਾਨੀ ਤਾਂ ਇਸ ਗਲ ਦੀ ਹੈ ਕਿ ਏਨ੍ਹਾਂ 70 ਸਾਲਾਂ ਦੌਰਾਨ ਨਾਂ ਤਾਂ ਲੀਡਰਾਂ ਨੇ ਹੀ ਸੋਚ ਬਦਲੀ ਹੈ ਅਤੇ ਨਾ ਹੀ ਜਨਤਾ- ਜਨਾਰਧਨ ਨੇ ਕੋਈ ਸਬਕ ਸਿਖਿਆ ਹੈ । ਅਸੀਂ ਹੁਣ ਵੀ ਲੀਡਰਾਂ ਦੇ ਕਹਿਣ ‘ਤੇ ਕਿਰਪਾਨਾਂ, ਤਰਸ਼ੂਲ, ਖੰਡੇ, ਨੇਜੇ ਆਦਿ ਕਢ ਕੇ ਇਕ-ਦੂਜੇ ਦੇ ਖੂਨ ਦੇ ਪਿਆਸੇ ਬਣ ਜਾਂਦੇ ਹਾਂ ।ਧਰਮ ਤਾਂ ਸ਼ਾਂਤੀ,ਪਿਆਰ,ਸਤਿਕਾਰ ਅਤੇ ਸਹਿ-ਹੋਂਦ ਦਾ ਸਬਕ ਸਿਖਾਉਂਦੇ ਹਨ: ਇਸ ਦਾ ਅਰਥ ਇਹ ਹੈ ਕਿ ਜਿਨੇ ਵਧ ਧਰਮ ਓਨੀ ਵਧ ਸ਼ਾਂਤੀ ਅਤੇ ਪਿਆਰ, ਭਾਰਤ ਵਿਚ 2011 ਦੇ ਅੰਕੜਿਆਂ ਅਨੁਸਾਰ ਹਿੰਦੂ -79.33, ਮੁਸਲਮਾਨ-14.23 ,ਈਸਾਈ-2.30,ਸਿਖ-1.72, ਬੁਧ-0.70, ਜੈਨੀ-0.37, ਹੋਰ ਧਰਮ- 0.66 ਅਤੇ ਬਿਨਾ ਧਰਮ-0.24 ਫ਼ੀਸਦੀ ਹਨ । ਵਿਸ਼ਵ ਵਿਚ 4200 ਤੋਂ ਵਧ ਧਰਮ ਹਨ, ਇਨ੍ਹਾਂ ਵਿਚ ਈਸਾਈ-31.50, ਮੁਸਲਮਾਨ-22.32, ਹਿੰਦੂ-14, ਬੁਧ-5.20, ਅਤੇ ਸਿਖ-0.32 ਫ਼ੀਸਦੀ ਹਨ ।ਏਨੇ ਧਰਮਾਂ ਦੇ ਬਾਵਜੂਦ ਫਿਰਕੂ ਫਸਾਦਾਂ ਦਾ ਡਰ ਹਰ ਵਕਤ ਬਣਿਆਂ ਰਹਿੰਦਾ ਹੈ । ਸਾਰੇ ਧਰਮਾਂ ਵਿਚ ਅਖੌਤੀ ਮਠਾਂ ਅਤੇ ਡੇਰਿਆਂ ਰਾਹੀਂ ਸੰਵੇਦਨਹੀਣ,ਅਤੇ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦੀ ਘੁਸਪੈਠ ਹੋ ਚੁਕੀ ਹੈ ਜਿਨ੍ਹਾਂ ਨੂੰ ਰਾਜਨੀਤਕ ਪਾਰਟੀਆਂ ਦੀ ਸ਼ਹਿ ਰਹਿੰਦੀ ਹੈ । ਅਪਰਾਧਿਕ ਬਿਰਤੀ ਵਾਲ਼ਾ ਵਿਅਕਤੀ ਕਦੇ ਵੀ ਅਪਰਾਧ ਛਡ ਸਕਦਾ ਹੈ ਅਤੇ ਫਿਰ ਕਦੇ ਵੀ ਉਹਦੀ ਜੰਗਲ਼ੀ-ਅਪਰਾਧਿਕ ਬਿਰਤੀ ਜਾਗ ਸਕਦੀ ਹੈ । ਮੁਖ ਧਾਰਾ ਦੇ ਧਰਮਾਂ ਦੀ ਆੜ ਹੇਠ ਅਗੇ ਖੁਲ੍ਹ ਰਹੇ ਡੇਰੇ, ਆਸ਼ਰਮ,ਧਾਮ, ਮਠ, ਪੀਠ ਆਦਿ ਭਵਿਖ ਵਿਚ ਕਿਸੇ ਵਡੀ ਅਣਹੋਣੀ ਦਾ ਹੀ ਸੰਕੇਤ ਹਨ । ਇਹ ਡੇਰ ਭਵਿਖ ਵਿਚ ਨਿਕੇ ਡੇਰਿਆਂ ‘ਤੇ ਕਬਜ਼ੇ ਕਰਨਗੇ , ਦੂਜੇ ਡੇਰਿਆਂ ਦੇ ਮੁਖੀਆਂ ਦੇ ਕਤਲ ਕਰਨਗੇ ਅਤੇ ਸਮਾਜ ਵਿਚ ਅਫਰਾ-ਤਫਰੀ ਪੈਦਾ ਕਰਨਗੇ; ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਹੀ ਪੰਜਾਬ ਵਿਚ ਤਾਂ ਵਾਪਰਨ ਵੀ ਲਗ ਪਈਆਂ ਹਨ ।
ਬਹੁਤੇ ਡੇਰੇ ਅੰਦਰ ਖਾਤੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ। ਕੀ ਸਰਕਾਰਾਂ ਲੋਕਾਂ ਨੂੰ ਏਨ੍ਹਾਂ ਪਾਖੰਡੀਆਂ ਸਾਧਾਂ ਦੇ ਚੁੰਗਲ਼ ਚੋਂ ਬਚਾਉਣ ਲਈ ਕੋਈ ਕਾਰਵਾਈ ਕਰਨਗੀਆਂ ਜਾਂ ਹਾਲੇ ਸਰਕਾਰਾਂ ਹੋਰ ‘ 25 ਅਗਸਤ –ਪੰਚਕੂਲ਼ਾ ‘ ਵਰਗੀਆਂ ਘਟਨਾਵਾਂ ਦਾ ਇੰਤਜ਼ਾਰ ਕਰਨਗੀਆਂ ? ਜੇ ਸਰਕਾਰਾਂ ਹੁਣ ਚੁਪ ਕਰ ਗਈਆਂ ਤਾਂ ਭਵਿਖ ਵਿਚ ਇਹ ਅਖੌਤੀ ਸਾਧ ਲੋਕਾਂ ਅਤੇ ਸਰਕਾਰਾਂ ਦੇ ਗਲ਼ਾਂ ਦੇ ਸਪ ਬਣ ਜਾਣਗੇ । ਅਜ ਸਭ ਤੋਂ ਵਡੀ ਲੋੜ ਇਹ ਹੈ ਕਿ ਧਰਮ-ਨਿਰਪਖਤਾ ਦੇ ਸਿਧਾਂਤ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਮੁਖਧਾਰਾ ਦੇ ਧਰਮਾਂ ਦੀ ਆੜ ਹੇਠ ‘ਵਧ-ਫੁਲ‘ ਰਹੇ ਡੇਰਾਵਾਦ ਦੀ ਪ੍ਰਵਿਰਤੀ ਨੂੰ ਸਮੁਚੇ ਰੂਪ ਵਿਚ ਧਾਰਮਿਕ, ਸਮਾਜਿਕ ਅਤੇ ਸੰਵਿਧਾਨਿਕ ਨਕੇਲ ਪਾ ਕੇ ਇਸ ਵਧ ਰਹੇ ਕੈਂਸਰ ਨੂੰ ਜੜੋਂ ਹੀ ਖਤਮ ਕਰ ਦਿਤਾ ਜਾਵੇ ।
ਸਿਆਸਤ,ਸਮਾਜ ਅਤੇ ਸਰਕਾਰਾਂਦੇ ਖਲਨਾਇਕ : ਅਖੌਤੀ ਸਾਧ



