ਖੱਬੇ ਪੱਖੀ ਸੋਚ ਰੱਖਣ ਵਾਲੇ ਇਕ ਸੀਨੀਅਰ ਪ੍ਰੋਫੈਸਰ ਅਤੇ ਕਈ ਕਿਤਾਬਾਂ ਦੇ ਲੇਖਕ ਦੇ ਬੇਟੇ ਦਾ ਵਿਆਹ ਬੜੀ ਸ਼ਾਨੋ-ਸ਼ੌਕਤ ਨਾਲ ਹੋ ਰਿਹਾ ਸੀ। ਦੋ ਤਿੰਨ ਵਾਇਸ ਚਾਂਸਲਰਾਂ ਸਮੇਤ ਅਨੇਕਾਂ ਪ੍ਰੋਫੈਸਰ ਰਿਸੈਪਸ਼ਨ ਦਾ ਅਨੰਦ ਮਾਣ ਰਹੇ ਸਨ। ਮਹਿੰਗੀ ਦਾਰੂ ਅਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੀ ਭਰਮਾਰ ਸੀ। ਡਾਂਸ ਫਲੋਰ ’ਤੇ ਗੀਤ ਵਜ ਰਿਹਾ ਸੀ, ‘‘ਮੁੱਕਗੀ ਫੀਮ ਡੱਬੀ ਚੋਂ ਯਾਰੋ, ਕੋਈ ਅਮਲੀ ਦਾ ਡੰਗ ਸਾਰੋ, ਸਾਡੀ ਰੁੱਸੀ ਫਿਰੇ ਕਰਤਾਰੋ।’’ ਖੂਬਸੂਰਤ ਲਿਬਾਸਾਂ ’ਚ ਨੱਚਦੇ ਨੌਜਵਾਨ ਅਤੇ ਮੁਟਿਆਰਾਂ ਖੂਬ ਰੰਗ ਬੰਨ੍ਹ ਰਹੀਆਂ ਸਨ। ਇਸ ਮਹਿਫਲ ਵਿੱਚ ਬਹੁਤ ਸਾਰੇ ਸਾਹਿਤਕਾਰ ਵੀ ਸ਼ਾਮਲ ਸਨ। ਮੈਂ ਸਾਹਿਤਕਾਰ ਮਿੱਤਰਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ‘‘ਕੀ ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’ ਦਾ ਨਾਹਰਾ ਸਿਰਫ ਕਿਸਾਨਾਂ ਲਈ ਅਤੇ ਇਕ ਵਰਗ ਵਿਸ਼ੇਸ਼ ਲਈ ਹੀ ਹੈ? ’’
‘‘ਹੀਂ ਹੀਂ ਤੂੰ ਸਾਡਾ ਸਵਾਦ ਕਾਹਨੂੰ ਕਿਰਕਿਰਾ ਕਰਦੈਂ’’ ਇਕ ਲੇਖਕ ਨੇ ਪੈਗ ਖਿੱਚਦੇ ਹੋਏ ਮੈਨੂੰ ਕਿਹਾ। ਮੈਂ ਸੋਚ ਰਿਹਾ ਸੀ ਕਿ ਇਸ ਪੱਖੋਂ ਸਾਨੂੰ ਹੋਰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। 8-10 ਸਾਲ ਪਹਿਲਾਂ ਜਦੋਂ ਮੈਂ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਲੜੀ ਸੀ ਤਾਂ ਉਸ ਵੇਲੇ ਸ਼ਾਇਦ 1800 ਤੋਂ ਵੱਧ ਅਕਾਦਮੀ ਦੇ ਮੈਂਬਰ ਸਨ। ਹੁਣ ਮੈਨੂੰ ਪੱਕਾ ਪਤਾ ਨਹੀਂ ਕਿ ਕਿੰਨੇ ਸਾਹਿਤਕਾਰ ਅਕਾਦਮੀ ਦੇ ਮੈਂਬਰ ਹਨ ਪਰ ਇਕ ਗੱਲ ਸਪੱਸ਼ਟ ਹੈ ਕਿ ਅਕਾਦਮੀ ਦੇ ਮੈਂਬਰ ਬਣਨ ਲਈ ਮੈਂਬਰ ਦਾ ਲੇਖਕ ਹੋਣਾ ਜ਼ਰੂਰੀ ਹੈ। ਉਸ ਦੀ ਕੋਈ ਕਿਤਾਬ ਛੱਪੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਪੰਜਾਬ ਵਿੱਚ ਲੇਖਕਾਂ ਦੀ ਗਿਣਤੀ ਵੱਧ ਰਹੀ ਹੈ ਉਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਜਿਹੀਆਂ ਸੰਸਥਾਵਾਂ ਦੇ ਮੈਂਬਰਾਂ ਦੀ ਗਿਣਤੀ ਵਿੱਚ ਚੌਖਾ ਵਾਧਾ ਹੋਇਆ ਹੋਵੇਗਾ। ਇਸ ਬਾਰੇ ਇਕ ਹੋਰ ਵੀ ਮਾਪਦੰਡ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਪ੍ਰਕਾਸ਼ਕ ਵੀ ਤੇਜ਼ੀ ਨਾਲ ਵਧੇ ਹਨ ਅਤੇ ਪ੍ਰਕਾਸ਼ਕਾਂ ਵੱਲੋਂ ਹਰ ਵਰ੍ਹੇ ਸੈਂਕੜੇ ਪੁਸਤਕਾਂ ਵੀ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ। ਸਬੂਤ ਵਜੋਂ ਅਖ਼ਬਾਰਾਂ ਵਿੱਚ ਹਰ ਹਫਤੇ ਛਪਦੇ ਰਿਵਿਊ ਵੇਖੇ ਜਾ ਸਕਦੇ ਹਨ। ਪੁਸਤਕ ਰਿਲੀਜ਼ ਸਮਾਰੋਹ ਵਾਲੀਆਂ ਖ਼ਬਰਾਂ ਵੀ ਇਸ ਦਾ ਵੱਡਾ ਸਬੂਤ ਹਨ।
ਇਸ ਤੋਂ ਇਲਾਵਾ ਅੱਜ ਕੱਲ੍ਹ ਵਿਸ਼ਵ ਕਾਨਫਰੰਸਾਂ ਦਾ ਰੁਝਾਨ ਵੀ ਜ਼ੋਰਾਂ ’ਤੇ ਹੈ। ਕਦੇ ਕੈਨੇਡਾ ਵਿੱਚ, ਕਦੇ ਇੰਗਲੈਂਡ, ਕਦੇ ਆਸਟ੍ਰੇਲੀਆ, ਕਦੇ ਅਮਰੀਕਾ ਵਿੱਚ ਕਦੇ ਪੰਜਾਬ ਵਿੱਚ ਸਾਹਿਤਕ ਕਾਨਫਰੰਸਾਂ ਆਯੋਜਿਤ ਹੋ ਰਹੀਆਂ ਹਨ। ਇਉਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਲੇਖਕ ਵੀ ਵੱਧ ਰਹੇ ਹਨ, ਪਾਠਕ ਵੀ ਅਤੇ ਸਰੋਤੇ ਵੀ। ਇਹ ਵੀ ਸੱਚ ਹੈ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਸਾਹਿਤਕਾਰ ਹਮੇਸ਼ਾ ਸਮਾਜਕ ਸਰੋਕਾਰਾਂ ਦੀ ਗੱਲ ਕਰਦਾ ਹੈ। ਸਾਹਿਤ ਦੀ ਪ੍ਰੀਭਾਸ਼ਾ ‘ਸਤਿਅਮ, ਸ਼ਿਵਮ, ਸੁੰਦਰਮ’ ਮੰਨੀ ਜਾਂਦੀ ਹੈ। ਚੰਗੇ ਸਾਹਿਤਕਾਰ ਦੀ ਪ੍ਰਤੀਬੱਧਤਾ ਸਮਾਜ ਨਾਲ ਹੁੰਦੀ ਹੈ। ਸਾਹਿਤਕਾਰ ਸਮਾਜ ਨੂੰ ਸੁੰਦਰ ਬਣਾਉਣ ਲਈ ਲਿਖਦਾ ਹੈ। ਸੋਹਜ ਅਤੇ ਸੱਚ ਸਾਹਿਤਕਾਰ ਦਾ ਮੰਤਵ ਹੁੰਦਾ ਹੈ। ਜੋ ਵੀ ਸਮਾਜ ’ਚ ਗਲਤ ਹੁੰਦਾ ਹੈ, ਇਕ ਸੱਚਾ ਸਾਹਿਤਕਾਰ ਉਸ ਨੂੰ ਬਦਲਣ ਹਿੱਤ ਕਲਮ ਚੁੱਕਦਾ ਹੈ। ਚੰਗੇ ਸਾਹਿਤਕਾਰ ਦੀ ਕਲਮ ਨਾ ਵਿਕਦੀ ਹੈ, ਨਾ ਝੁਕਦੀ ਹੈ ਅਤੇ ਨਾ ਰੁਕਦੀ ਹੈ। ਇਹ ਵੀ ਸੱਚ ਹੈ ਕਿ ਸਾਹਿਤਕਾਰ ਨੂੰ ਆਪਣੇ ਕਲਮ ਦੇ ਹਾਣ ਦਾ ਹੋਣਾ ਜ਼ਰੂਰੀ ਹੈ ਜੋ ਉਹ ਲਿਖਦਾ ਹੈ ਉਸ ਉਤੇ ਉਸ ਨੂੰ ਪਹਿਰਾ ਦੇਣਾ ਚਾਹੀਦਾ ਹੈ। ਉਹ ਜੋ ਕਹਿੰਦਾ ਹੈ ਉਹੀ ਕਰਦਾ ਹੋਵੇਗਾ।
ਉਕਤ ਚਰਚਾ ਮੈਂ ਇਸ ਲਈ ਕੀਤੀ ਹੈ ਕਿ ਅੱਜ ਸਾਡੇ ਸਮਾਜ ਵਿੱਚ ਵੱਧ ਰਹੀਆਂ ਕੁੱਝ ਕੁਰੀਤੀਆਂ ’ਤੇ ਤੁਰੰਤ ਠੱਲ੍ਹ ਪਾਉਣ ਦੀ ਲੋੜ ਹੈ। ਇਨ੍ਹਾਂ ਕੁਰੀਤੀਆਂ ਵਿੱਚ ਇਕ ਹੈ ਵਿਖਮੇ ਦੀ ਕੁਰੀਤੀ, ਖਾਸ ਤੌਰ ’ਤੇ ਵਿਆਹਾਂ ਸ਼ਾਦੀਆਂ ਵਿੱਚ ਵਿਖਾਵੇ ਕਾਰਨ ਖਰਚ ਬਹੁਤ ਵੱਧ ਰਹੇ ਹਨ। ਗਲੋਬਲ ਪੰਜਾਬ ਫਾਊਂਡੇਸ਼ਨ ਨੇ ਸਾਲ ਕੁ ਪਹਿਲਾਂ ਨਾਹਰਾ ਦਿੱਤਾ ਸੀ। ‘ਸਾਦੇ ਵਿਆਹ-ਸਾਦੇ ਭੋਗ, ਨਾ ਕਰਜ਼ਾ-ਨਾ ਚਿੰਤਾ ਰੋਗ।’ ਇਸ ਪੱਖੋਂ ਮੈਂ ਹਰ ਮੰਚ ’ਤੇ ਜਾ ਕੇ ਬੋਲ ਰਿਹਾ ਹਾਂ ਅਤੇ ਲੋਕਾਂ ਤੋਂ ਵਾਅਦਾ ਲੈ ਰਿਹਾ ਹਾਂ ਕਿ ਉਹ ਸਾਦੇ ਵਿਆਹ ਅਤੇ ਸਾਦੇ ਭੋਗ ਦੇ ਟੀਚੇ ਵੱਲ ਅਮਲ ਕਰਨਗੇ। ਮੇਰੀ ਸਮੂਹ ਸਾਹਿਤਕ ਮਿੱਤਰਾਂ ਨੂੰ ਬੇਨਤੀ ਹੈ ਕਿ ਉਹ ਵੀ ਇਸ ਪਾਸੇ ਧਿਆਨ ਦੇਣ। ਆਪਣੀਆਂ ਲਿਖਤਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਵਿੱਚ ਇਸ ਨਾਹਰੇ ਨੂੰ ਅਪਣਾਉਣ। ਹਰ ਸਾਹਿਤਕ ਸਮਾਰੋਹ ਵਿੱਚ ਇਸ ਨਾਹਰੇ ਵੱਲ ਲੋਕਾਂ ਦਾ ਧਿਆਨ ਦਿਵਾਕੇ ਸਾਦੇ ਵਿਆਹ ਕਰਨ ਲਈ ਪ੍ਰੇਰਤ ਕਰਨ। ਵੱਡੀਆਂ ਅਤੇ ਛੋਟੀਆਂ ਸਾਹਿਤਕ ਕਾਨਫਰੰਸਾਂ ਦੇ ਮੁੱਖ ਥੀਮ ਨੂੰ ਚੁਣਨ ਸਮੇਂ ਇਸ ਨਾਹਰੇ ਨੂੰ ਧਿਆਨ ਵਿੱਚ ਰੱਖਿਆ ਜਾਵੇ। ਜੇਕਰ ਪੰਜਾਬ ਦੇ ਸਾਰੇ ਲੇਖਕ ਅਤੇ ਪਾਠਕ ਸੱਚੇ ਦਿਲੋਂ ਇਸ ਪਾਸੇ ਧਿਆਨ ਦੇਣਗੇ ਤਾਂ ਪੰਜਾਬੀ ਸਮਾਜ ਵਿੱਚ ਇਹ ਸਕਾਰਤਮਕ ਤਬਦੀਲੀ ਆਉਣ ਵਿੱਚ ਦੇਰ ਨਹੀਂ ਲੱਗੇਗੀ।
ਸਾਹਿਤਕਾਰ ਵੀ ਸਾਦੇ ਵਿਆਹਾਂ ਦੇ ਹੱਕ ਵਿੱਚ ਨਿਤਰਣ



