ਗਲ ਬਹੁਤ ਪੁਰਾਣੀ ਹੈ, ਉਨ੍ਹਾਂ ਦਿਨਾਂ ਵਿੱਚ ਇੱਕ ਨਿਜੀ ਟੀਵੀ ਚੈਨਲ ਪੁਰ ਇੱਕ ਪ੍ਰੋਗਰਾਮ ‘ਸੱਚ ਦਾ ਸਾਹਮਣਾ’ ਪ੍ਰਸਾਰਤ ਹੋਇਆ ਕਰਦਾ ਸੀ। ਉਸ ਪ੍ਰੋਗਰਾਮ ਵਿੱਚ ਦੇਸ਼ ਨੂੰ ਜਿਸ ਸੱਚਾਈ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉਸਨੇ ਭਾਰਤੀ ਸਮਾਜ ਦੇ ਕਈ ਪੱਖਾਂ ਨੂੰ ਲੈ ਕੇ ਬਹੁਤ ਹੀ ਗੰਭੀਰ ਸੁਆਲ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਸਨ। ਇੱਕ ਦਿਨ ਇਕ ਨੌਜਵਾਨ ਹਾਟ ਸੀਟ ਪੁਰ ਬੈਠਾ ਹੋਇਆ ਸੀ। ਐਂਕਰ ਵਲੋਂ ਉਸਨੂੰ ਸੁਆਲ ਪੁਛਿਆ ਗਿਆ ਕਿ ਕੀ ਤੂੰ ਆਪਣੇ ਵਿਆਹ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਦਾ ਅਬਾਰਸ਼ਨ ਕਰਵਾਇਆ ਸੀ? ਇਸ ਸੁਆਲ ਦਾ ਜਵਾਬ ਸੁਣਨ ਲਈ ਉਸ ਨੌਜਵਾਨ ਦੀ ਮਾਂ ਵੀ ਸਾਹਨਣੇ ਦਰਸ਼ਕ-ਸ੍ਰੋਤਿਆਂ ਵਿੱਚ ਬੈਠੀ ਸੀ। ਨੌਜਵਾਨ ਨੇ ਜਵਾਬ ਦਿੱਤਾ – ‘ਹਾਂ!’ ਕੈਮਰਾ ਤੁਰੰਤ ਉਸ ਨੌਜਵਾਨ ਦੀ ਮਾਂ ਦੇ ਚੇਹਰੇ ’ਤੇ ਫੋਕਸ ਹੋ ਗਿਆ ਅਤੇ ਐਂਕਰ ਨੇ ਉਸਦੀ ਮਾਂ ਨੂੰ ਪੁਛਿਆ ਕਿ ਉਸਨੂੰ ਆਪਣੇ ਪੁਤਰ ਦਾ ਜਵਾਬ ਸੁਣ, ਕਿਹੋ ਕਿਹਾ ਲਗਿਆ ਹੈ? ਮਾਂ ਨੇ ਬਿਨਾਂ ਕਿਸੇ ਝਿਜਕ ਦੇ ਜਵਾਬ ਦਿੱਤਾ ਕਿ ਅੱਜਕਲ ਤਾਂ ਇਹ ਸਭ ਕੁਝ ਚਲਦਾ ਹੀ ਹੈ! ਕਲਪਨਾ ਕਰੋ ਕਿ ਜੇ ਇਹੀ ਸੁਆਲ ਉਸ ਨੌਜਵਾਨ ਦੀ ਮਾਂ ਦੀ ਬੇਟੀ ਜਾਂ ਨੂੰਹ ਨੂੰ ਪੁਛਿਆ ਗਿਆ ਹੁੰਦਾ ਤਾਂ ਕੀ ਉਨ੍ਹਾਂ ਦਾ ਜਵਾਬ ਵੀ ਇਹੀ ਹੁੰਦਾ? ਸ਼ਾਇਦ ਨਹੀਂ।
ਇਹੀ ਸਾਡੇ ਸਮਾਜ ਦਾ ਅਸਲੀ ਸੱਚ ਹੈ! ਲੜਕੀਆਂ ਲਈ ਸੋਚ ਕੁਝ ਹੋਰ ਤੇ ਲੜਕਿਆਂ ਲਈ ਸੋਚ ਕੁਝ ਹੋਰ ਹੁੰਦੀ ਹੈ! ਅਰਥਾਤ ਲੜਕੀਆਂ ਦਾ ਸੱਚ ਲੜਕਿਆਂ ਦੇ ਸੱਚ ਨਾਲੋਂ ਬਿਲਕੁਲ ਹੀ ਅਲਗ ਹੁੰਦਾ ਹੈ! ਉਂਝ ਵੀ ਸਾਡੇ ਸਮਾਜ ਵਿੱਚ ਨਿਜੀ ਸੱਚ ਦੂਜਿਆਂ ਦੇ ਸੱਚ ਦੇ ਮੁਕਾਬਲੇ ਕੋਈ ਬਹੁਤਾ ਅਹਿਮੀਅਤ ਨਹੀਂ ਰਖਦਾ। ਪਰ ਜਿਸ ਸਮਾਜ ਵਿੱਚ ਰਹਿ ਰਹੇ ਲੋਕਾਂ ਦੇ ਨਿਜੀ ਸੱਚ ਇਸਤਰ੍ਹਾਂ ਦੇ ਹਨ, ਤਾਂ ਜ਼ਰਾ ਸੋਚੋ, ਉਸ ਸਮਾਜ ਦੇ ਆਪਣੇ ਸੱਚ ਤੇ ਸਮੂਹਕ ਸੱਚ ਕਿਸ ਤਰ੍ਹਾਂ ਦੇ ਹੋਣਗੇ?
ਸਾਡੇ ਸਮਾਜ ਦੇ ਕੁਝ ਅਜਿਹੇ ਸੱਚ ਵੀ ਹਨ, ਜੋ ਕਿਸੇ ਵੀ ਸਮਾਜ ਦੀ ਪ੍ਰਗਤੀਸ਼ੀਲਤਾ, ਬਰਾਬਰਤਾ ਅਤੇ ਉਦਾਰਤਾ ਪੁਰ ਬਹੁਤ ਵੱਡਾ ਸੁਆਲੀਆ ਨਿਸ਼ਾਨ ਲਾਉਣ ਦਾ ਕਾਰਣ ਬਣ ਜਾਂਦੇ ਹਨ!
ਕੁਆਰੇਪਨ ਦੀ ਪ੍ਰੀਖਿਆ : ਸੰਸਾਰ ਦੇ ਸਭ ਤੋਂ ਵੱਡੇ ਲੋਕਤਾਂਤ੍ਰਿਕ ਦੇਸ਼, ਭਾਰਤ ਵਿੱਚ ਬੀਤੇ ਦਿਨੀਂ ਇੱਕ ਬਹੁਤ ਹੀ ਸ਼ਰਮਨਾਕ ਕਾਂਡ ਸਾਹਮਣੇ ਆਇਆ। ਮੱਧਪ੍ਰਦੇਸ਼ ਵਿੱਚ ਸਮੂਹਕ ਵਿਆਹ ਦਾ ਆਯੋਜਨ ਕੀਤਾ ਜਾ ਰਿਹਾ ਸੀ। ਜਿਸ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਦਲਿਤ ਤੇ ਆਦਿਵਾਸੀ ਇਸਤ੍ਰੀਆਂ ਆਈਆਂ ਹੋਈਆਂ ਸਨ। ਇਸ ਮੌਕੇ ਵਿਆਹ ਲਈ ਜੋ ਮੁਟਿਆਰਾਂ ਆਈਆਂ ਸਨ, ਸਮੂਹਕ ਪੱਧਰ ਤੇ ਉਨ੍ਹਾਂ ਦੇ ਕੁਆਰੇਪਨ ਦੀ ਜਾਂਚ ਕੀਤੀ ਗਈ, ਅਰਥਾਤ ਉਨ੍ਹਾਂ ਦੇ ਕੁਆਰੇਪਨ ਦੀ ਪ੍ਰੀਖਿਆ ਲਈ ਗਈ। ਜਦੋਂ ਇਹ ਗਲ ਸਾਹਮਣੇ ਆਈ ਤਾਂ ਇਸਦੀ ਬਹੁਤ ਹੀ ਤਿੱਖੀ ਅਲੋਚਨਾ ਹੋਈ। ਸੁਆਲ ਉਠਾਇਆ ਗਿਆ ਕਿ ਕੀ ਅੱਜੇ ਵੀ ਅਸੀਂ ਆਦਮਯੁਗ ਵਿੱਚ ਹੀ ਰਹਿ ਰਹੇ ਹਾਂ? ਕੀ ਕੁਆਰੇਪਨ ਦੀ ਜਾਂਚ ਆਦਮੀਆਂ ਦੀ ਵੀ ਨਹੀਂ ਹੋਣੀ ਚਾਹੀਦੀ? ਇਸ ਕੁਆਰੇਪਨ ਦੀ ਜਾਂਚ ਨੇ ਕੇਵਲ ਭਾਰਤੀ ਸਮਾਜ ਦੀ ਹੀ ਨਹੀਂ, ਸਗੋਂ ਸਮੁਚੇ ਸੰਸਾਰ ਦੀ ਇਸਤ੍ਰੀ ਜਾਤ ਨੂੰ ਅਪਮਾਨਿਤ ਕੀਤਾ। ਇਸ ਜਾਂਚ ਨੇ ਇੱਕ ਹੋਰ ਗਲ ਇਹ ਸਾਬਤ ਕਰ ਦਿੱਤੀ ਕਿ ਜਦੋਂ ਕੁਆਰੇਪਨ ਦੀ ਜਾਂਚ ਸਮੂਹਕ ਪੱਧਰ ਤੇ ਹੋ ਸਕਦੀ ਹੈ ਤਾਂ ਨਿਜੀ ਪੱਧਰ ਤੇ ਆਦਮੀ ਪਤਾ ਨਹੀਂ ਕਿਤਨੀਆਂ ਕੁੜੀਆਂ ਦੇ ਕੁਆਰੇਪਨ ਦੀ ਜਾਂਚ ਕਰਵਾਂਦੇ ਹੋਣਗੇ?
ਕੁੜੀਆਂ ਦੀ ਹਤਿਆ : ਬੀਤੇ ਸਮੇਂ ਵਿੱਚ ਸਾਡੇ ਸਮਾਜ ਵਿੱਚ ਛੋਟੀ ਉਮਰ ਦੀਆਂ ਕੁੜੀਆਂ ਨੂੰ ਮਾਰਨ ਦੇ ਕਈ ਤਰੀਕੇ ਪ੍ਰਚਲਤ ਰਹੇ ਹਨ। ਦਸਿਆ ਜਾਂਦਾ ਹੈ ਕਿ ਤਮਿਲਨਾਡੂ ਵਿੱਚ ਅੱਜ ਵੀ ਕਦੀ-ਕਦੀ ਇਸਤਰ੍ਹਾਂ ਦੀਆਂ ਘਟਨਾਵਾਂ ਵੇਖਣ-ਸੁਣਨ ਨੂੰ ਮਿਲ ਜਾਂਦੀਆਂ ਹਨ, ਜਿਨ੍ਹਾਂ ਵਿੱਚ ਆਪਣੀਆਂ ਹੀ ਧੀਆਂ ਨੂੰ ਮਾਰਨ ਲਈ ਮਾਤਾ-ਪਿਤਾ ਏਰੁਕੱਪਾਲ ਨਾਮਕ ਪੌਦੇ ਦੀ ਵਰਤੋਂ ਕਰਦੇ ਹਨ। ਇਸਦੇ ਲੱਸੇਦਾਰ ਦੁਧ ਦੀਆਂ ਕੁਝ ਹੀ ਬੂੰਦਾਂ ਨਵ-ਜਮੀਂ ਕੁੜੀ ਨੂੰ ਮੌਤ ਦੀ ਨੀਂਦ ਸੁਆ ਦਿੰਦੀਆਂ ਹਨ। ਕੁਝ ਮਾਤਾ-ਪਿਤਾ ਤਾਂ ਆਪਣੀ ਨਵ-ਜਮੀਂ ਦੀ ਧੀ ਹਤਿਆ ਕਰਨ ਲਈ ਗਾਂ ਦੇ ਦੁੱਧ ਵਿੱਚ ਨੀਂਦਰ ਦੀਆਂ ਗੋਲੀਆਂ ਮਿਲਾ ਕੇ ਉਸਨੂੰ ਦੇ ਦਿੰਦੇ ਹਨ। ਇਸਤੋਂ ਬਿਨਾਂ ਗਲਾ ਦਬਾ ਦੇਣਾ, ਪਾਣੀ ਨਾਲ ਭਰੀ ਬਾਲਟੀ ਵਿੱਚ ਸੁਟ ਦੇਣਾ ਅਤੇ ਬੱਚੀ ਦੀ ਛਾਤੀ ਪੁਰ ਪੱਥਰ ਰਖ, ਉਸ ਪੁਰ ਬੈਠ ਜਾਣਾ ਅਦਿ ਅਜਿਹੇ ਡਰਾਉਣੇ ਤਰੀਕੇ ਹਨ, ਜੋ ਸਾਡੇ ਵਿਕਾਸਸ਼ੀਲ ਅਤੇ ਆਧੁਨਿਕ ਹੋਣ ਦੇ ਸਾਰੇ ਦਾਅਵਿਆਂ ਨੂੰ ਝੂਠਿਆਂ ਸਾਬਤ ਕਰਦੇ ਹਨ। ਜੇ ਗਹੁ ਨਾਲ ਵੇਖੀਏ ਤਾਂ ਅੱਜ ਵੀ ਕਈ ਪਿੰਡਾਂ ਦੇ ਆਸ-ਪਾਸ ਅਤੇ ਸ਼ਹਿਰਾਂ ਦੀਆਂ ਗਲੀਆ ਸੜਕਾਂ ਪੁਰ ਲਗੇ ਕੁੜੇ ਦੇ ਡੇਰਾਂ ਅਤੇ ਕੂੜੇਦਾਨਾਂ ਵਿੱਚ ਸੁਟੀਆਂ ਨਵ-ਜੰਮੀਆਂ ਕੁੜੀਆਂ ਦੀਆਂ ਲਾਸ਼ਾਂ ਮਿਲਦੀਆਂ ਰਹਿੰਦੀਆਂ ਹਨ।
ਬਲਾਤਕਾਰ : ਸਾਡੇ ਦੇਸ਼ ਵਿੱਚ ਛੇ-ਛੇ ਮਹੀਨਿਆਂ ਦੀਆਂ ਬੱਚੀਆਂ ਨਾਲ ਬਲਾਤਕਾਰ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਇਹ ਵੀ ਸੱਚ ਹੈ ਕਿ ਬੱਚੀਆਂ ਨਾਲ ਬਲਾਤਕਾਰ ਹੋਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਕਿਹਾ ਜਾਂਦਾ ਹੈ ਕਿ ਇਤਨੀਆਂ ਛੋਟੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਵਾਲਾ ਬੱਚੀਆਂ ਨੂੰ ਹੀ ਆਪਣਾ ਸ਼ਿਕਾਰ ਇਸਲਈ ਬਣਾਂਦਾ ਹੀ ਕਿਉਂਕਿ ਉਹ ਨਾ ਤਾਂ ਵਿਰੋਧ ਕਰ ਸਕਦੀਆਂ ਹਨ, ਨਾ ਚੀਖ ਸਕਦੀਆਂ ਹਨ ਅਤੇ ਨਾ ਹੀ ਬਲਾਤਕਾਰੀ ਵਿਰੁਧ ਕੋਈ ਸ਼ਿਕਾਇਤ ਹੀ ਕਰ ਸਕਦੀਆਂ ਹਨ। ਵਿਡੰਬਨਾ ਇਹ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਜੋ ਬਲਾਤਕਾਰੀ ਪਕੜੇ ਵੀ ਜਾਂਦੇ ਹਨ, ਉਨ੍ਹਾਂ ਵਿਚੋਂ ਬਹੁਤੇ ਬਚ ਜਾਂਦੇ ਹਨ। ਇਸਦਾ ਕਾਰਣ ਇਹ ਹੈ ਕਿ ਬਲਾਤਕਾਰ ਦੇ ਕਾਨੂੰਨ ਵਿੱਚ ਵੀ ਉਨ੍ਹਾਂ ਦੇ ਬਚ ਨਿਕਲਣ ਦੇ ਬਹੁਤ ਸਾਰੇ ਰਸਤੇ ਹਨ।
ਅਸੁਰਖਿਅਤਾ : ਸਾਡੇ ਸਮਾਜ ਵਿੱਚ ਔਰਤਾਂ ਕਿਤਨੀਆਂ ਸੁਰਖਿਅਤ ਹਨ, ਇਹ ਗਲ ਹੁਣ ਕਿਸੇ ਤੋਂ ਲੁਕੀ-ਛੁਪੀ ਨਹੀਂ ਰਹੀ। ਵੱਡੇ-ਵੱਡੇ ਸ਼ਹਿਰਾਂ ਵਿੱਚ ਹੀ ਨਹੀਂ, ਸਗੋਂ ਛੋਟੇ-ਛੋਟੇ ਕਸਬਿਆਂ ਅਤੇ ਪਿੰਡਾਂ ਤਕ ਵਿੱਚ ਵੀ ਔਰਤਾਂ ਦੀ ਸੁਰਖਿਆ ਨੂੰ ਲੈ ਕੇ ਕੋਈ ਸੰਤੁਸ਼ਟ ਨਹੀਂ। ਮੁਸ਼ਕਿਲ ਇਹ ਹੈ ਕਿ ਔਰਤਾਂ ਅਤੇ ਮੁਟਿਆਰਾਂ ਕੇਵਲ ਬਾਹਰ ਹੀ ਨਹੀਂ, ਸਗੋਂ ਆਪਣੇ ਘਰਾਂ ਵਿੱਚ ਵੀ ਸੁਰਖਿਅਤ ਨਹੀਂ। ਜੇ ਅਜਿਹਾ ਨਾ ਹੁੰਦਾ ਤਾਂ ਆਏ ਦਿਨ ਅਰੁਸ਼ੀ ਤਲਵਾਰ ਜਿਹੀਆਂ ਕੁੜੀਆਂ ਨੂੰ ਅਣ-ਆਈ ਮੌਤ ਦਾ ਸ਼ਿਕਾਰ ਨਾ ਹੋਣਾਂ ਪੈਂਦਾ। ਘਰ ਤੋਂ ਬਾਹਰ ਦੀ ਹਾਲਤ ਇਹ ਹੈ ਕਿ ਜਗ੍ਹਾ-ਜਗ੍ਹਾ ਨਿਠਾਰੀ ਵਰਗੇ ਕਾਂਡ ਪਤਾ ਨਹੀਂ ਕਿਤਂੀਆਂ ਮੁਟਿਆਰਾਂ ਦੀਆਂ ਜਾਨਾਂ ਲੈ ਰਹੇ ਹਨ।
ਲਿੰਗ ਜਾਂਚ : ਆਧਨਿਕ ਵਿਗਿਆਨਕ ਪ੍ਰਣਾਲੀਆਂ ਨੇ ਇਨਸਾਨ ਨੂੰ ਲਿੰਗ ਜਾਂਚ ਦੀਆਂ ਅਜਿਹੀਆਂ ਸਹੂਲਤਾਂ ਉਪਲਬੱਧ ਕਰਵਾ ਦਿੱਤੀਆਂ ਹਨ ਕਿ ਜਿਨ੍ਹਾਂ ਦੇ ਸਹਾਰੇ ਉਹ ਜਾਣ ਸਕਦਾ ਹੈ ਕਿ ਔਰਤ ਦੀ ਕੋਖ ਵਿੱਚ ਪਲਣ ਵਾਲਾ ਬੱਚਾ ਲੜਕਾ ਹੈ ਜਾਂ ਲੜਕੀ! ਪ੍ਰੰਤੂ ਇਸ ਸਹੂਲਤ ਦੀ ਜਿਤਨੇ ਵੱਡੇ ਪੈਮਾਨੇ ਤੇ ਦੁਰਵਰਤੋਂ ਹੋ ਰਹੀ ਹੈ, ਉਤਨੀ ਸ਼ਾਇਦ ਹੀ ਕਿਸੇ ਹੋਰ ਤਕਨਾਲੋਜੀਕਲ ਸਹੂਲਤ ਦੀ ਹੋਈ ਹੋਵੇ। ਇਸਨੇ ਬੀਤੇ ਕੁਝ ਵਰ੍ਹਿਆਂ ਵਿੱਚ ਕੰਨਿਆ ਭਰੂਣ-ਹਤਿਆ ਦੇ ਗ੍ਰਾਫ ਨੂੰ ਬਹੁਤ ਤੇਜ਼ੀ ਨਾਲ ਵੱਧਾ ਦਿੱਤਾ ਹੈ। ਇਹੀ ਕਾਰਣ ਹੈ ਕਿ ਕਿ ਲੜਕੀਆਂ ਦਾ ਜਨਮ-ਅਨੁਪਾਤ ਲੜਕਿਆਂ ਦੇ ਮੁਕਾਬਲੇ ਲਗਾਤਾਰ ਘਟਦਾ ਜਾ ਰਿਹਾ ਹੈ। ਲੱਖਾਂ ਲੜਕੀਆਂ ਜਨਮ ਤੋਂ ਪਹਿਲਾਂ ਹੀ ਗਾਇਬ ਹੁੰਦੀਆਂ ਜਾ ਰਹੀਆਂ ਹਨ। ਅਮਰਤਿਆ ਸੇਨ ਦੇ ਅਨੁਸਾਰ ਆਉਣ ਵਾਲੀਆਂ ਪੀੜੀਆਂ ਅੱਜ ਦੀ ਪੀੜੀ ਪਾਸੋਂ ਇਸਦਾ ਹਿਸਾਬ ਜ਼ਰੂਰ ਮੰਗਣਗੀਆਂ।
ਕਿਨਰਾਂ (ਖੁਸਰਿਆਂ) ਦੀ ਆਮਦ : ਭਾਰਤੀ ਸਮਾਜ ਵਿੱਚ ਘਰ ਵਿੱਚ ਬੇਟੇ ਦੇ ਪੈਦਾ ਹੋਣ ਤੇ ਕਿਨਰਾਂ (ਖੁਸਰਿਆਂ) ਦੇ ਆਉਣ ਦਾ ਰਿਵਾਜ ਪਤਾ ਨਹੀਂ ਕਿਤਨਾ ਪੁਰਾਣਾ ਹੈ? ਪਹਿਲਾਂ, ਜਦੋਂ ‘ਹਮ ਦੋ ਹਮਾਰੇ ਦੋ’ ਜਿਹੇ ਪਰਿਵਾਰ ਨਿਯੋਜਨ ਜਿਹੇ ਨਾਹਰੇ ਨਹੀਂ ਸਨ ਹੁੰਦੇ, ਉਸ ਸਮੇਂ ਘਰਾਂ ਵਿੱਚ ਜ਼ਿਆਦਾ ਬੱਚੇ ਪੈਦਾ ਹੋਇਆ ਕਰਦੇ ਸਨ, ਅਤੇ ਕਿਨਰ (ਖੁਸਰੇ) ਲੜਕੀਆਂ ਦੇ ਜਨਮ ਤੇ ਨਚਣ ਨਹੀਂ ਸਨ ਆਉਂਦੇ, ਪਰ ਹੁਣ ਕਿਉਂਕਿ ਘਰ ਵਿੱਚ ਦੋ ਹੀ ਬੱਚੇ ਹੁੰਦੇ ਹਨ, ਤਾਂ ਕਿਨਰ (ਖੁਸਰੇ) ਕਈ ਵਾਰ ਲੜਕੀਆਂ ਦੇ ਜਨਮ ਤੇ ਵੀ ਆ ਜਾਂਦੇ ਹਨ, ਪ੍ਰੰਤੂ ਇਸ ਮੌਕੇ ਉਹ ਲੜਕੀ ਦੇ ਜਨਮ ਤੇ ਮਾਪਿਆਂ ਸਾਹਮਣੇ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਨਹੀਂ, ਸਗੋਂ ਮਾਪਿਆਂ ਨੂੰ ਤਸਲੀ ਦੇਣ ਲਈ ਆਉਂਦੇ ਹਨ, ਜੋ ਕਿ ਭਾਰਤੀ ਸਮਾਜ ਲਈ ਬਹੁਤ ਹੀ ਸ਼ਰਮਨਾਕ ਗਲ ਹੈ!
ਅਤੇ ਅੰਤ ਵਿੱਚ : ਕੁੜੀਆਂ ਦੀ ਭਰੂਣ ਹਤਿਆ ਕਿਵੇਂ ਰੁਕ ਸਕਦੀ ਹੈ? ਇਸ ਸੰਬੰਧ ਵਿੱਚ ਲੋਕਾਂ ਦੀ ਆਪੋ ਆਪਣੀ ਸੋਚ ਹੈ। ਮਾਨਸੀ ਦਾ ਕਹਿਣਾ ਹੈ ਕਿ ਕੁੜੀ ਦੇ ਜਨਮ ਤੇ 50 ਹਜ਼ਾਰ ਰੁਪਏ ਸ਼ਗਨ ਵਜੋਂ ਅਤੇ ਉਸਨੂੰ ਮੁਫਤ ਸਿਖਿਆ ਦੇਣ ਦਾ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਹੈ। ਪ੍ਰੀਤੀ ਗੁਪਤਾ ਦਾ ਮੰਨਣਾ ਹੈ ਕਿ ਸਮਾਜ ਵਿੱਚ ਦਾਜ ਦੀ ਪਰੰਪਰਾ ਨੂੰ ਖਤਮ ਕਰ ਦਿੱਤਾ ਜਾਏ, ਕਿਉਂਕਿ ਕੁੜੀਆਂ ਦੀ ਭਰੂਣ ਹਤਿਆ ਦਾ ਇਹ ਵੀ ਇੱਕ ਮੁਖ ਕਾਰਣ ਹੈ, ਤੋਸ਼ੀ ਪੰਤ ਮੰਨਦੀ ਹੈ ਕਿ ਸਖਤ ਕਾਨੂੰਨ ਅਤੇ ਨਿਯਮ ਬਣਾਏ ਜਾਣੇ ਚਾਹੀਦੇ ਹਨ, ਜੇ ਕੋਈ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸਦੇ ਵਿਰੁਧ ਸਖਤ ਕਾਰਵਾਈ ਕੀਤੀ ਜਾਏ। ਜਦਕਿ ਗੋਵਿੰਦ ਨਾਰੰਗ ਦੀ ਰਾਇ ਹੈ ਕਿ ਇਸਦੇ ਲਈ ਲੋਕਾਂ ਦੀ ਸੋਚ ਨੂੰ ਬਦਲਣਾ ਹੋਵੇਗਾ, ਕਾਨੂੰਨ ਦੇ ਤੋੜ ਤਾਂ ਸਭ ਲਭ ਲੈਂਦੇ ਹਨ। ਐਸ ਵਰਮਾ ਆਖਦੇ ਹਨ ਕਿ ਸਾਰੇ ਦੇਸ਼ ਵਿੱਚ ਸੁਰਖਿਅਤ ਵਾਤਾਵਰਣ ਸਿਰਜਿਆ ਜਾਣਾ ਚਾਹੀਦਾ ਹੈ, ਤਾਂ ਜੋ ਸਾਡੀਆਂ ਬੇਟੀਆਂ ਵਿਸ਼ਵਾਸ ਦੇ ਨਾਲ ਕਿਧਰੇ ਵੀ ਆ-ਜਾ ਸਕਿਆ ਕਰਣ!
ਇੱਕ ਸੁਆਲ : ਦੇਸ਼ ਬਦਲ ਰਿਹੈ ਜਾਂ ਸਮਾਜ?



